ਡਾ.ਬਲਦੇਵ ਸਿੰਘ ਕੰਦੋਲਾ ਦੀ ‘ਵਿਗਿਅਨਕ ਤਰਕ’ ਨਵੇਕਲੀ ਖੋਜੀ ਪੁਸਤਕ - ਉਜਾਗਰ ਸਿੰਘ
ਭਾਰਤ ਦੀ ਪੁਰਾਤਨ ਵਿਗਿਆਨਕ ਅਤੇ ਧਾਰਮਿਕ ਪਰੰਪਰਾ ਬਹੁਤ ਅਮੀਰ ਹੈ। ਇਸ ਪਰੰਪਰਾ ਨੂੰ ਸਥਾਪਤ ਕਰਨ ਵਿੱਚ ਬਹੁਤ ਸਾਰੇ ਧਾਰਮਿਕ ਰਿਸ਼ੀਆਂ, ਮੁਨੀਆਂ, ਗੁਰੂਆਂ ਅਤੇ ਪਾਂਧੇ ਪੰਡਤਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਭਾਰਤੀ ਵਿਦਵਾਨ ਉਸ ਪਰੰਪਰਾ ਨੂੰ ਅਣਗੌਲਿਆਂ ਕਰੀ ਬੈਠੇ ਹਨ। ਉਸ ਸਮੇਂ ਦੀ ਵਿਗਿਆਨਕ ਤਰਕ ਸਥਾਪਤ ਨਿਯਮਾਂ ਅਤੇ ਸਿਧਾਂਤਾਂ ‘ਤੇ ਅਧਾਰਤ ਹੈ ਪ੍ਰੰਤੂ ਭਾਰਤੀ ਵਿਦਵਾਨ ਸੰਜੀਦਗੀ ਨਾਲ ਉਸ ਤੋਂ ਲਾਭ ਨਹੀਂ ਉਠਾ ਰਹੇ। ਡਾ.ਬਲਦੇਵ ਸਿੰਘ ਕੰਦੋਲਾ ਬਰਤਾਨੀਆ ਵਿੱਚ ਵਸਿਆ ਹੋਇਆ ਪੰਜਾਬ ਦੀ ਧਰਤੀ ਦਾ ਵਿਗਿਆਨੀ ਪੁੱਤਰ ਹੈ, ਜਿਹੜਾ ਪਰਵਾਸ ਵਿੱਚ ਬੈਠਾ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਲਗਾਤਰ ਕੋਸ਼ਿਸ਼ਾਂ ਕਰ ਰਿਹਾ ਹੈ। ਉਸ ਦੀ ‘ਭਾਰਤ ਦੀ ਦਾਰਸ਼ਨਿਕ ਪਰੰਪਰਾ ਵਿਚ ਵਿਗਿਆਨਕ ਤਰਕ ਇਕ ਸਰਵੇਖਣ ਅਤੇ ਅਧਿਐਨ’ ਪੁਸਤਕ ਪੰਜਾਬੀਆਂ ਖਾਸ ਤੌਰ ‘ਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾ ਰਹੇ ਪ੍ਰਾ ਅਧਿਆਪਕਾਂ ਲਈ ਗਿਆਨਦਾਇਕ ਸਾਬਤ ਹੋਵੇਗੀ, ਭਾਵੇਂ ਕਥਿਤ ਵਿਦਵਾਨ ਇਸ ਪੁਸਤਕ ਨੂੰ ਆਪਣੇ ਲਈ ਵੰਗਾਰ ਸਮਝਣਗੇ ਕਿਉਂਕਿ ਉਨ੍ਹਾਂ ਪੰਜਾਬੀ ਵਿੱਚ ਸੋਚਣ ਦੀ ਥਾਂ ਅੰਗਰੇਜ਼ੀ ਵਿੱਚ ਸੋਚਕੇ ਪੰਜਾਬੀ ਵਿੱਚ ਲਿਖਿਆ ਹੈ। ਉਹ ਹੁਣ ਤੱਕ ਭਾਰਤ ਦੀ ਭਾਸ਼ਾ ਵਿਗਿਆਨ ਦੀ ਅਮੀਰ ਵਿਰਾਸਤ ‘ਤੇ ਪਹਿਰਾ ਦੇਣ ਦੀ ਥਾਂ ਗਰੀਕ ਦੀ ਦਰਸ਼ਨ ਪਰੰਪਰਾ ਨੂੰ ਹੀ ਪੁਰਾਣੀ ਸਮਝਦੇ ਹਨ। ਖਾਸ ਤੌਰ ‘ਤੇ ਪੰਜਾਬੀ ਭਾਸ਼ਾ ਵਿਗਿਆਨੀਆਂ ਨੂੰ ਆਪਣੀ ਵਿਰਾਸਤ ਤੇ ਮਾਣ ਕਰਨਾ ਚਾਹੀਦਾ ਹੈ। ਬਲਦੇਵ ਸਿੰਘ ਕੰਦੋਲਾ ਨੇ ਭਾਰਤੀ ਦਰਸ਼ਨ ਪਰੰਪਰਾ ਨੂੰ ਗਰੀਕ ਪਰੰਪਰਾ ਜਿਤਨੀ ਹੀ ਪੁਰਾਣੀ ਸਾਬਤ ਕੀਤਾ ਹੈ। ਗੁਰਬਾਣੀ ਦੇ ਦਰਸ਼ਨ (ਫ਼ਲਸਫ਼ੇ) ਦੀਆਂ ਜੜ੍ਹਾਂ ਹਜ਼ਾਰਾਂ ਸਾਲ ਪੁਰਾਣੇ ਭਾਰਤੀ ਦਰਸ਼ਨ (ਫ਼ਲਸਫ਼ੇ) ਵਿਚ ਬਹੁਤ ਡੂੰਘੀਆਂ ਹਨ। ਲੇਖਕ ਨੇ ਗੁਰਬਾਣੀ ਅਤੇ ਹੋਰ ਪੁਰਾਤਨ ਧਾਰਮਿਕ ਪੁਸਤਕਾਂ ਦੇ ਹਵਾਲਿਆਂ ਨਾਲ ਸਾਬਤ ਕੀਤਾ ਹੈ, ਭਾਰਤੀ ਦਰਸ਼ਨ ਪਰੰਪਰਾ ਪੁਰਾਣੀ ਹੈ। ਲੇਖਕ ਦੀ ਖੋਜ ਨੂੰ ਸਲਾਮ ਕਰਨੀ ਬਣਦੀ ਹੈ। ਉਸ ਨੇ ਗੱਲਾਂ ਬਾਤਾਂ ਨਾਲ ਨਹੀਂ ਸਗੋਂ ਇਤਿਹਾਸ ਅਤੇ ਮਿਥਿਹਾਸ ਦੀਆਂ ਪੁਰਾਤਨ ਪਰੰਪਰਾਵਾਂ ਦਾ ਬਾਰੀਕੀ ਨਾਲ ਅਧਿਐਨ ਕਰਨ ਤੋਂ ਬਾਅਦ ਤੱਥਾਂ ‘ਤੇ ਅਧਾਰਤ ਇਹ ਪੁਸਤਕ ਪ੍ਰਕਾਸ਼ਤ ਕਰਵਾਈ ਹੈ। ਇਸ ਪੁਸਤਕ ਨੂੰ ਲੇਖਕ ਨੇ 7 ਕਾਂਡਾਂ ਖਿੱਚ ਵੰਡਿਆ ਹੈ। ਅੱਠਵੇਂ ਕਾਂਡ ਵਿੱਚ ਹਵਾਲੇ ਅਤੇ ਹੋਰ ਸ੍ਰੋਤ ਦਿੱਤੇ ਗਏ ਹਨ। ਇਨ੍ਹਾਂ ਕਾਂਡਾਂ ਵਿੱਚ ਵਿਗਿਆਨਕ ਸਰੋਤ ਦੇ ਵਿਕਾਸ ਦੀ ਤਰਤੀਵ ਦਿੱਤੀ ਗਈ ਹੈ ਕਿਉਂਕਿ ਸਮੇਂ ਦੀ ਤਬਦੀਲੀ ਨਾਲ ਬਹੁਤ ਸਾਰੇ ਬਦਲਾਓ ਆਉਂਦੇ ਰਹਿੰਦੇ ਹਨ। ਵਿਗਿਆਨ ਦੀ ਕੋਈ ਵੀ ਪ੍ਰਮਾਣਿਕ ਖੋਜ ਸਥਾਈ ਨਹੀਂ ਹੁੰਦੀ, ਉਸ ਤੋਂ ਬਾਅਦ ਵੀ ਖੋਜ ਹੁੰਦੀ ਰਹਿੰਦੀ ਹੈ। ਵਿਗਿਆਨ ਲਗਾਤਾਰਤਾ ਦਾ ਵਿਸ਼ਾ ਹੈ। ਬਦਲਾਓ ਹੀ ਵਿਕਾਸ ਦੀ ਨਿਸ਼ਾਨੀ ਹੁੰਦਾ ਹੈ। ਭਾਰਤੀ ਸਮਾਜ ਵਿੱਚ ਅਨੇਕਾਂ ਊਣਤਾਈਆਂ ਹਨ, ਇਸ ਦਾ ਇਹ ਭਾਵ ਨਹੀਂ ਅਸੀਂ ਆਪਣੀ ਵਿਰਾਸਤ ਅਤੇ ਉਸ ਵਿਚਲੀਆਂ ਚੰਗਿਆਈਆਂ ਨੂੰ ਅਣਡਿਠ ਕਰ ਦੇਈਏ। ਬਲਦੇਵ ਸਿੰਘ ਕੰਦੋਲਾ ਨੇ ਇਸ ਪੁਸਤਕ ਵਿੱਚ ਦੱਸਿਆ ਹੈ ਕਿ ਸਾਡੀ ਵਿਰਾਸਤ ਨੂੰ ਖ਼ਤਮ ਕਰਨ ਦੇ ਉਪਰਾਲੇ ਕੀਤੇ ਗਏ। ਅਸੀਂ ਉਸ ਗ਼ਲਤ ਕਾਰਵਾਈਆਂ ਨੂੰ ਦਰੁੱਸਤ ਕਰਨ ਦੀ ਥਾਂ ਉਸ ਗ਼ਲਤ ਨੂੰ ਸੱਚ ਮੰਨੀ ਬੈਠੇ ਹਾਂ। ਕਥਿਤ ਵਿਦਵਾਨ ਆਪਣੀ ਭਾਸ਼ਾ ਅਤੇ ਵਿਰਾਸਤੀ ਵਿਗਿਆਨਕ ਸੋਚ ‘ਤੇ ਪਹਿਰਾ ਨਹੀਂ ਦੇ ਰਹੇ। ਭਾਰਤੀ ਵਿਰਸਾ ਸੰਸਾਰ ਵਿੱਚ ਸਭ ਤੋਂ ਅਮੀਰ ਅਤੇ ਪੁਰਾਣਾ ਹੈ। ਅਧਿਆਪਕਾਂ ਨੂੰ ਆਪਣੀ ਬੋਲੀ ਵਿੱਚ ਵਿਗਿਆਨ ਪੜ੍ਹਾਉਣਾ ਚਾਹੀਦਾ ਹੈ। ਸਾਡੇ ਵਿਗਿਆਨੀਆਂ ਨੂੰ ਪੰਜਾਬੀ ਵਿੱਚ ਸੋਚਣਾ ਚਾਹੀਦਾ ਹੈ। ਸਾਡੇ ਵਿਗਿਆਨੀ ਪੰਜਾਬੀ ਵਿੱਚ ਸੋਚਣਾ ਆਪਣੀ ਹਤਕ ਸਮਝਦੇ ਹਨ। ਉਹ ਆਪਣੇ ਦਿਮਾਗ਼ ਤੋਂ ਕੰਮ ਨਹੀਂ ਲੈ ਰਹੇ। ਭਾਰਤੀ ਵਿਗਿਆਨਕ ਪਰੰਪਰਾ ਸੰਸਕ੍ਰਿਤ, ਪਾਲੀ ਅਤੇ ਉਸ ਸਮੇਂ ਦੀਆਂ ਹੋਰ ਬੋਲੀਆਂ ਵਿੱਚ ਹੈ। ਭਾਰਤੀ ਵਿਦਵਾਨਾ ਖਾਸ ਤੌਰ ‘ਤੇ ਪੰਜਾਬੀ ਦੇ ਵਿਦਵਾਨਾ ਨੂੰ ਕੰਪੈਰੇਟਿਵ ਸਟੱਡੀ ਕਰਕੇ ਉਸ ਸਮੇਂ ਦੀ ਵਿਗਿਆਨਕ ਤਰਕ ਨੂੰ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਨਾ ਚਾਹੀਦਾ ਹੈ, ਜਿਸ ਨਾਲ ਸਾਡੇ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਬਾਰੇ ਵਿਗਿਆਨਕ ਜਾਣਕਾਰੀ ਮਿਲੇਗੀ। ਇਸ ਤਰ੍ਹਾਂ ਕਰਨ ਨਾਲ ਪੰਜਾਬੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਪਣੀ ਅਮੀਰ ਵਿਰਾਸਤ ‘ਤੇ ਮਾਣ ਹੋਵੇਗਾ। ਵਿਗਿਆਨ ਨੂੰ ਪੰਜਾਬੀ ਵਿੱਚ ਪੜ੍ਹਾਉਣ ਵਿੱਚ ਵੀ ਸੌਖਾ ਹੋ ਜਾਵੇਗਾ, ਜਿਸ ਨਾਲ ਪੰਜਾਬੀ ਭਾਸ਼ਾ ਦੀ ਪ੍ਰਫ਼ੁੱਲਤਾ ਹੋਵੇਗੀ।
ਸਾਡੇ ਪੂਰਵਜ਼ ਵਹਿਮਾ ਭਰਮਾ ਵਿੱਚ ਗਲਤਾਨ ਸਨ ਪ੍ਰੰਤੂ ਵਿਗਿਆਨ ਦੀ ਰੌਸ਼ਨੀ ਨੇ ਵਹਿਮਾ ਭਰਮਾ ਤੋਂ ਛੁਟਕਾਰਾ ਦਿਵਾਇਆ ਹੈ। ਪਹਿਲੇ ਕਾਂਡ ਵਿੱਚ ਵਿਗਿਆਨ ਅਤੇ ਤਰਕ ਦੀ ਜਾਣਕਾਰੀ ਦਿੱਤੀ ਗਈ ਹੈ। ਸਮੁੱਚੀ ਵਿਗਿਆਨ ਵਿਧੀ ਵਿੱਚ ਨਿਯਮਾ ਅਧੀਨ ਪ੍ਰਯੋਗ ਕੀਤੇ ਜਾਂਦੇ ਹਨ, ਜੋ ਵਿਗਿਆਨਕ ਸਿਧਾਂਤ ਬਣਦੇ ਹਨ। ਇਹ ਵਿਗਿਆਨਕ ਸਿਧਾਂਤ ਤਰਕ ‘ਤੇ ਅਧਾਰਤ ਹੁੰਦੇ ਹਨ। ਵਿਸ਼ਾ ਇਹ ਹੈ ਕਿ ਅਸੀਂ ਕੁਦਰਤ ਨੂੰ ਮਨੁੱਖਤਾ ਦੇ ਲਾਭ ਲਈ ਕਿਵੇਂ ਵਰਤ ਸਕਦੇ ਹਾਂ? ਸਾਡੇ ਪੂਰਵਜ ਦੇਵੀ ਦੇਵਤਿਆਂ ਨੂੰ ਖ਼ੁਸ਼ ਰੱਖਣ ਲਈ ਪੂਜਾ ਪਾਠ ਕਰਦੇ ਸਨ। ਕੁਦਰਤ ਦੀ ਕਰੋਪੀ ਨੂੰ ਦੇਵੀ ਦੇਵਤਿਆਂ ਦਾ ਸਰਾਪ ਮੰਨਦੇ ਸਨ। ਵਿਗਿਆਨ ਦੀ ਜਾਣਕਾਰੀ ਨਾਲ ਕੁਦਰਤ ਦੀ ਗ਼ੁਲਾਮੀ ਤੋਂ ਖਹਿੜਾ ਛੁੱਟਿਆ। ਦੂਜੇ ‘ਪ੍ਰਾਰੰਭਕ ਭਾਰਤੀ ਤਰਕ’ ਕਾਂਡ ਵਿੱਚ ਦੱਸਿਆ ਗਿਆ ਹੈ, ਤਰਕ ਵਿਧੀ ਦੀ ਸ਼ੁਰੂਆਤ ਚੌਥੀ ਸਦੀ ਈਸਾ ਪੂਰਵ ਵਿੱਚ ਹੋਈ ਤੇ ਅਖ਼ੀਰ ਤਰਕਸ਼ਾਸਤਰ ਬਣੀ। ਸੱਚੇ ਤੇ ਝੂਠੇ ਗਿਆਨ ਦਾ ਅੰਤਰ ਲੱਭਣ ਲਈ ਤਰਕਸ਼ਾਸਤਰ ਦਾ ਨਿਰਮਾਣ ਹੋਇਆ। ਕਿਸੇ ਚੀਜ਼ ਦੀ ਪ੍ਰਮਾਣਿਕਤਾ ਸਥਾਪਿਤ ਹੋਣੀ ਜ਼ਰੂਰੀ ਹੁੰਦੀ ਹੈ। ਗਿਆਨ ਨੂੰ ਸਰਵੋਤਮ ਮੰਨਿਆਂ ਗਿਆ ਹੈ ਪ੍ਰੰਤੂ ਗਿਆਨ ਦੀ ਵਿਉਂਤਬੱਧ ਢੰਗ ਨਾਲ ਪ੍ਰਮਾਣਿਕਤਾ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ। ਤੀਜੇ ਕਾਂਡ ‘ਪ੍ਰਾਚੀਨ ਨਿਆਇਸ਼ਾਸਤਰ ਦਾ ਨਿਰਮਾਣ’ ਵਿੱਚ ਨਿਆਇਸ਼ਾਸਤਰ ਦੀ ਸ਼ੁਰੂਆਤ ਅਤੇ ਪ੍ਰਮਾਣਿਕਤਾ ਸਥਾਪਤ ਕਰਨ ਲਈ ਵਰਤੇ ਗਏ ਸਿਧਾਂਤਾਂ ਬਾਰੇ ਦਰਸਾਇਆ ਗਿਆ ਹੈ। ਨਿਆਇਸ਼ਾਸਤਰ ਦੀ ਪ੍ਰਮੁੱਖ ਰਚਨਾ ‘ਨਿਆਇ-ਸੂਤਰ’ ਗ੍ਰੰਥ ਹੈ। ਨਿਆਇ-ਸੂਤਰ ਦੇ ਲੇਖਕਾਂ ਅਤੇ ਰਚਨਾ ਬਾਰੇ ਭਾਵੇਂ ਵੱਖਰੀਆਂ-ਵੱਖਰੀਆਂ ਰਾਵਾਂ ਹਨ। ਇਹ ਮੰਨਿਆਂ ਗਿਆ ਹੈ, ਗੌਤਮ ਅਤੇ ਅਕਸ਼ਪਦ ਇੱਕ ਹੀ ਰਿਸ਼ੀ ਸਨ ਤੇ ਵਿਦਿਆ ਭੂਸ਼ਣ ‘ਨਿਆਇ-ਸੂਤਰ’ ਦਾ ਰਚਨਾ ਕਾਲ 150 ਈਸਵੀ ਦੇ ਕਰੀਬ ਮੰਨਦੇ ਹਨ। ਲੇਖਕ ਨੇ ਧਾਰਮਿਕ ਗ੍ਰੰਥਾਂ ਖਾਸ ਤੌਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਿਸਤਾਰ ਸਹਿਤ ਤੇ ਅਣਗਿਣਤ ਉਦਾਹਰਣਾ ਦੇ ਕੇ ਚਿਤਰਾਂ ਰਾਹੀਂ ‘ਪ੍ਰਾਚੀਨ ਨਿਆਇਸ਼ਾਸਤਰ ਦੇ ਨਿਰਮਾਣ’ ਬਾਰੇ ਲਿਖਿਆ ਹੈ। ਚੌਥੇ ਕਾਂਡ ‘ਜੈਨ ਤਰਕਸ਼ਾਸਤਰ ਪਰੰਪਰਾ’ ਵਿੱਚ ਤਰਕਸ਼ਾਸਤਰ ਦੇ ਵਿਕਾਸ ਤੇ ਇਤਿਹਾਸ ਨੂੰ ਤਿੰਨ ਕਾਲਾਂ ਪ੍ਰਾਚੀਨ ਕਾਲ (550 ਈ: ਪੂ:-400 ਈ:), ਮੱਧਵਰਤੀ ਕਾਲ (400 ਈ:-1200 ਈ:) ਅਤੇ ਨਵ ਬ੍ਰਾਹਮਣ ਕਾਲ (900 ਈ:-1900 ਈ:) ਵਿੱਚ ਵੰਡਕੇ ਦੱਸਿਆ ਹੈ। ਮਹਾਂਵੀਰ ਨੂੰ ਜੈਨ ਧਰਮ ਦਾ ਬਾਨੀ ਤੇ ਸਭ ਤੋਂ ਸਰਵੋਤਮ ਤੀਰਥੰਕਰ ਕਿਹਾ ਜਾਂਦਾ ਹੈ। ਜੈਨੀਆਂ ਅਨੁਸਾਰ ਇਕ ਕਾਲ ਵਿੱਚ 24 ਤੀਰਥੰਕਰ ਹੋਏ ਹਨ, ਜਿਸ ਦਾ ਭਾਵ ਦੋ ਕਾਲਾਂ ਵਿੱਚ 48 ਤੀਰਥੰਕਰ ਹੋਏ ਹਨ। ਬਲਦੇਵ ਸਿੰਘ ਕੰਦੋਲਾ ਨੇ ਇਨ੍ਹਾਂ ਸਾਰੇ ਤੀਰਥੰਕਰਾਂ ਦੇ ਯੋਗਦਾਨ ਬਾਰੇ ਲਿਖਿਆ ਹੈ। ਲੇਖਕ ਅਨੁਸਾਰ ਜੈਨ ਮਤ ਦਾ ਸਾਹਿਤ 84 ਧਾਰਮਿਕ ਗ੍ਰੰਥਾਂ ਵਿੱਚ ਹੈ। ਵਿਦਿਆ ਭੂਸ਼ਣ ਅਨੁਸਾਰ ਤਰਕਸ਼ਾਸਤਰ ਦਾ ਵਰਣਨ ਜੈਨਮਤ ਦੇ 45 ਗ੍ਰੰਥਾਂ ਵਿੱਚ ਮਿਲਦਾ ਹੈ। ਜੈਨ ਸਾਹਿਤ ਦਾ ਆਰੰਭ 453 ਈ: ਮੰਨਿਆ ਜਾਂਦਾ ਹੈ। ਪੰਜਵਾਂ ਕਾਂਡ ‘ਬੋਧੀ ਤਰਕਸ਼ਾਸਤਰ ਪਰੰਪਰਾ’ ਦਾ ਹੈ। ਬੋਧੀ ਤਰਕਸ਼ਾਸਤਰ ਪਰੰਪਰਾ 570 ਈ:ਪੂ:-1200 ਈ: ਹੈ। ਗੌਤਮ ਬੁੱਧ ਇਸ ਦਾ ਬਾਨੀ ਹੈ। ਬੋਧੀਆਂ ਅਨੁਸਾਰ ਚਾਰ ਬੁੱਧ ਹੋਏ ਹਨ ਅਤੇ ਪੰਜਵੇਂ ਨੇ ਅਜੇ ਜਨਮ ਲੈਣਾ ਹੈ। ਇਸ ਕਾਂਡ ਵਿੱਚ ਬੋਧੀ ਤਰਕਸ਼ਾਸਤਰ ਦੀ ਸ਼ੁਰੂਆਤ ਅਤੇ ਬੋਧੀ ਭਿਕਸ਼ੂਆਂ ਦੇ ਤਿੰਨ ਸਮੇਲਨਾ ਵਿੱਚ ਇਕੱਤਰ ਕੀਤੇ ਉਪਦੇਸ਼ ਹੀ ਪਵਿਤਰ ਗ੍ਰੰਥ ਮੰਨੇ ਜਾਂਦੇ ਹਨ। ਇਹ ਮੁੱਖ ਤੌਰ ‘ਤੇ ਪਾਲੀ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਹਨ। ਭਾਰਤੀ ਤਰਕਸ਼ਾਸਤਰ ਦੇ ਵਿਕਾਸ ਵਿੱਚ ਬੋਧੀ ਭਿਕਸ਼ੂਆਂ ਦਾ ਵੱਡਾ ਯੋਗਦਾਨ ਹੈ, ਉਨ੍ਹਾਂ ਨੇ ਤਰਕਸ਼ਾਸ਼ਤਰ ਨੂੰ ਨਵਾਂ ਮੋੜ ਦੇ ਕੇ ਸ਼ਕਤੀਸ਼ਾਲੀ ਬਣਾਇਆ। ਲੇਖਕ ਨੇ ਬਹੁਤ ਸਾਰੇ ਭਿਕਸ਼ੂਆਂ ਦੇ ਯੋਗਦਾਨ ਬਾਰੇ ਲਿਖਿਆ ਹੈ, ਪ੍ਰੰਤੂ ਇਥੇ ਕੁਝ ਕੁ ਬਾਰੇ ਦੱਸਾਂਗਾ। ਨਾਗਾਰਜੁਨ ਦੀ ‘ਮਾਧਿਆਮਿਕਕਾਰਿਕਾ’ ਮਾਧਿਆਮਿਕ ਦਰਸ਼ਨ ਦੀ ਪਹਿਲੀ ਪੁਸਤਕ ਹੈ, ਆਰੀਆ ਦੇਵ ਅਤੇ ਮੈਤ੍ਰੇਯ ਨਾਥ ਨੇ ਦਰਸ਼ਨ ‘ਤੇ ਅਨੇਕ ਗ੍ਰੰਥ ਲਿਖੇ, ਆਰੀਆ ਅਸੰਗ ਨੇ 12 ਗ੍ਰੰਥ ਲਿਖੇ, ਵਸੁਬੰਧੂ ਨੇ ਵੱਡੀ ਗਿਣਤੀ ਵਿੱਚ ਅਨਮੋਲ ਗ੍ਰੰਥ ਤਰਕਸ਼ਾਸਤਰ ਦੇ ਵਿਸ਼ੇ ਤੇ ਲਿਖੇ, ਅਚਾਰੀਆ ਦਿਗਨਾਗ ਮੱਧਕਾਲੀ ਤਰਕਸ਼ਾਸਤਰ ਦਾ ਪਿਤਾਮਾ, ਪਰਮਾਰਥ ਨੇ ਨਿਆਇ-ਸੂਤਰ ਦਾ ਚੀਨੀ ਵਿੱਚ ਅਨੁਵਾਦ ਕੀਤਾ, ਰਵੀ ਗੁਪਤ ਨੇ ‘ਪ੍ਰਮਾਣਵਾਰਤਿਕ ਵਿ੍ਰੱਤੀ’ ਪੁਸਤਕ ਅਤੇ 12 ਵਿਦਿਆਲੇ ਸਥਾਪਤ ਕੀਤੇ ਅਤੇ ਹੋਰ ਬਹੁਤ ਸਾਰੇ ਭਿਕਸ਼ੂ ਲੇਖਕਾਂ ਬਾਰੇ ਵੀ ਲਿਖਿਆ ਗਿਆ ਹੈ। ਛੇਵਾਂ ਕਾਂਡ ‘ਨਿਆਇ ਪ੍ਰਕਰਣ-ਨਵ-ਬ੍ਰਾਹਮਣ ਯੁਗ, ਭਾਰਤੀ ਤਰਕ ਦਾ ਆਧੁਨਿਕ ਸੰਪ੍ਰਦਾਇ’ ਹੈ। ਨਵ-ਬ੍ਰਾਹਮਣ ਯੁਗ ਲਗਪਗ 900 ਈ:-1920 ਈ: ਤੱਕ ਦਾ ਹੈ। 12ਵੀਂ ਸਦੀ ਈ: ਤੱਕ ਬੁੱਧਮਤ ਦੇ ਪਤਨ ਤੋਂ ਬਾਅਦ ਇਸਲਾਮ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਹਿੰਦੂ ਸਮਾਜ ਨੇ ਇਕਾਂਤਮਈ ਰਵੱਈਆ ਅਪਣਾਇਆ ਅਤੇ ਬਹਿਸਬਾਜ਼ੀ ਦੀ ਥਾਂ ਸ਼ੁੱਧ ਤਰਕ ਵਲ ਧਿਆਨ ਦਿੱਤਾ। ਇਸ ਸਮੇਂ ਜਿਹੜੇ ਗ੍ਰੰਥ ਲਿਖੇ ਗਏ ਉਹ ‘ਪ੍ਰਕਰਣ’ ਦੇ ਨਾਮ ਨਾਲ ਜਾਣੇ ਜਾਂਦੇ ਹਨ। ਪ੍ਰਕਰਣਾਂ ਦੀ ਵਿਲੱਖਣਤਾ ਸ਼ੁੱਧੀ ਅਤੇ ਸਪਸ਼ਟਤਾ ਵਿੱਚ ਜ਼ਿਆਦਾ ਹੈ। ਇਨ੍ਹਾਂ ਪ੍ਰਕਰਣਾਂ ਦਾ ਮੂਲ ਮਕਸਦ ਇਕ ਸੰਪੂਰਣ ਅਤੇ ਸਹੀ ਗਿਆਨ ਦੇ ਸਿਧਾਂਤ ਨੂੰ ਪੇਸ਼ ਕਰਨਾ ਹੈ। ਜਿਹੜੇ ਤਾਰਕਿਕਾਂ ਨੇ ਨਵੇਂ ਗ੍ਰੰਥ ਲਿਖੇ ਉਨ੍ਹਾਂ ਵਿੱਚੋਂ ਕੁਝ ਦੇ ਯੋਗਦਾਨ ਦੀ ਜਾਣਕਾਰੀ ਦੇਣਾ ਜ਼ਰੂਰੀ ਹੈ।
ਭਾਸਰਵੱਗਿਆ (ਲਗਪਗ 950 ਈ:) : ਉਹ ਪਹਿਲੇ ਬ੍ਰਾਹਮਣ ਤਾਰਕਿਕ ਲੇਖਕ ਹਨ, ਜਿਨ੍ਹਾਂ ਨੇ ‘ਨਿਆਇਸਾਰ’ ਗ੍ਰੰਥ ਲਿਖਿਆ। ਇਸ ਗ੍ਰੰਥ ਵਿਚ ਪ੍ਰਮਾਣ ਦੇ ਵਿਸ਼ੇ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ, ਵਰਦਰਾਜ ਦੀ ਮੁੱਖ ਰਚਨਾ ‘ਤਾਰਕਿਕਰਕਸ਼ਾ’, ਵੱਲਭਾਚਾਰੀਆ ਦੀ ਰਚਨਾ ‘ਨਿਆਇਲੀਲਾਵਤੀ’, ਅੰਨਮ ਭੱਟ ਦਾ ਵੈਸ਼ੇਸ਼ਕ ਪ੍ਰਕਰਣ ‘ਤਰਕਸੰਗ੍ਰਹਿ’, ਵਿਸ਼ਵ ਨਿਆਇਪੰਚਾਨਨ ਦੀ ‘ਭਾਸ਼ਾ-ਪਰਿਛੇਦ’, ਜਗਦੀਸ਼ ਤਰਕਲੰਕਾਰ ਦਾ ‘ਤਰਕ ਅੰਮ੍ਰਿਤ’, ਲੌਗਾਕਸ਼ੀ ਭਾਸਕਰ ਦੀ ‘ਤਰਕਕੋਮਦੀ’ ਅਤੇ ਸ਼ਸ਼ਧਰ ਦੀ ਰਚਨਾ ‘ਨਿਆਇ ਸਿਧਾਂਤ ਦੀਪ’ ਹੈ।
ਸਤਵਾਂ ਤੇ ਪੁਸਤਕ ਦਾ ਆਖ਼ਰੀ ਕਾਂਡ ‘ਨਵਾਂ ਨਿਆਇ-ਤਤਵਚਿੰਤਾਮਣੀ’ ਹੈ। ਬਾਰਵੀਂ ਸਦੀ ਦਾ ਇਹ ਮਹਾਨ ਗ੍ਰੰਥ ਇਕ ਬ੍ਰਾਹਮਣ ਤਾਰਕਿਕ ਗੰਗੇਸ਼ ਉਪਾਧਿਆਇ ਦੀ ਲਿਖੀ ਅਮਰ ਰਚਨਾ ਹੈ। ਇਸ ਵਿੱਚ ਗੰਗੇਸ਼ ਉਪਾਧਿਆਇ ਨੇ ਪ੍ਰਮਾਣਵਾਦ-ਗਿਆਨ ਦੀ ਵੈਧਤਾ ਜਾਂ ਪ੍ਰਮਾਣਕਤਾ ਬਾਰੇ ਜਾਣਕਾਰੀ ਦਿੱਤੀ ਹੈ। ਗਿਆਨ ਬਾਰੇ ਕਿਸੇ ਕਿਸਮ ਦਾ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ। ਗਿਆਨ ਦੀ ਲਾਭਦਾਇਕ ਕ੍ਰਿਆ ਦਾ ਹੋਣਾ ਜ਼ਰੂਰੀ ਹੁੰਦਾ ਹੈ। ਉਪਯੋਗਤਾ, ਵਿਗਿਆਨ ਦਾ ਮੁੱਖ ਅਤੇ ਏਕਾਂਤ ਉਦੇਸ਼ ਹੈ। ਪ੍ਰਭਾਕਰ ਮੀਮਾਂਸਵਾਦੀ ਅਨੁਸਾਰ ਸਮੁੱਚਾ ਗਿਆਨ ਸਹੀ ਹੁੰਦਾ ਹੈ ਕਿਉਂਕਿ ਉਹ ਸਾਨੂੰ ਕ੍ਰਿਆ ਲਈ ਪ੍ਰੇਰਦਾ ਹੈ। ਕਿਸੇ ਚੀਜ਼ ਦੇ ਪ੍ਰਤੱਖਣ ਤੋਂ ਗਿਆਨ ਪੈਦਾ ਹੁੰਦਾ ਹੈ। ਇਸ ਨੂੰ ਗਿਆਨ ਲੱਛਣ ਕਿਹਾ ਜਾਂਦਾ ਹੈ। ਗਿਆਨ ਆਪਣੇ ਆਪ ਵਿੱਚ ਉਪਯੋਗੀ ਕਾਰਜ ਨਿਭਾਉਂਦਾ ਹੈ। ਭਾਰਤ ਦੀ ਗਿਆਨਵਾਦ ਪਰੰਪਰਾ ਵਿੱਚ ਸ਼ਬਦ ਨੂੰ ਗਿਆਨ ਦਾ ਸਾਧਨ ਮੰਨਿਆਂ ਜਾਂਦਾ ਹੈ। ਗੰਗੇਸ਼ ਸ਼ਬਦ ਨੂੰ ਪ੍ਰਮਾਣ ਵੀ ਮੰਨਦਾ ਹੈ। ਸ਼ਬਦ ਗਿਆਨ ਦਾ ਪ੍ਰਮੁੱਖ ਕਾਰਣ ਹੈ, ਸ਼ਬਦ ਨਾਲ ਪ੍ਰਾਪਤ ਕੀਤੇ ਗਿਆਨ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ। ਉਦਾਹਰਣ ਉਹ ਸ਼ਬਦ ਹੈ, ਜਿਹੜਾ ਗਿਆਨ ਪੈਦਾ ਕਰਦਾ ਹੈ। ਨਿਰੀਖਣਾਂ ਦੁਆਰਾ ਇਕੱਤਰ ਕੀਤੇ ਤੱਥ ਤੇ ਅੰਕੜੇ ਵਿਗਿਆਨਕ ਗਿਆਨ ਦਾ ਆਧਾਰ ਬਣਦੇ ਹਨ। ਪੇਚੀਦਾ ਦਲੀਲਾਂ ਅਤੇ ਪਰਿਭਾਸ਼ਾਵਾਂ ਉਪਲਭਧ ਸਬੂਤਾਂ ਦੇ ਆਧਾਰ ‘ਤੇ ਨਵੇਂ ਵਿਗਿਆਨਕ ਸਿਧਾਂਤ ਬਣਦੇ ਹਨ। ਭਾਰਤ ਦੀ ਵਿਗਿਆਨਕ ਅਤੇ ਦਾਰਸ਼ਨਿਕ ਪਰੰਪਰਾ ਵਿਚ ਸਮੁੱਚੇ ਗਣਿਤ-ਸ਼ਾਸ਼ਤਰ ਦਾ ਮੁੱਢ ਬੀਜ-ਗਣਿਤ ਨੂੰ ਮੰਨਿਆਂ ਜਾਂਦਾ ਸੀ, ਭਾਵ ਗਣਿਤ ਵਿਗਿਆਨ ਦਾ ‘ਬੀਜ’। ਭਾਰਤੀਆਂ ਤੋਂ ਇਹ ਹੁਨਰ ਪਹਿਲਾਂ ਅਰਬੀਆਂ ਨੇ ਸਿਖਿਆ ਅਤੇ ਯੂਰਪ ਤੱਕ ਪਹੁੰਚਦੇ-ਪਹੁੰਚਦੇ ਇਹ ਅਲਜਬਰਾ ਬਣ ਗਿਆ। ਗੰਗੇਸ਼ ਦੇ ਨਵਾਂ-ਨਿਆਇ ਵਿਚ ਵਾਸਤਵਿਕ ਗੁਣ ਦਾ ਭਾਵ-ਅਧਿਕਰਣ ਖਾਲੀ ਨਹੀਂ ਹੋਣਾ ਚਾਹੀਦਾ। ਇਸ ਸਾਰੀ ਪੜਚੋਲ ਤੋਂ ਸਾਬਤ ਹੁੰਦਾ ਹੈ, ਬਲਦੇਵ ਸਿੰਘ ਕੰਦੋਲਾ ਨੇ ਆਪਣੀ ਪੁਸਤਕ ਵਿੱਚ ਦਲੀਲਾਂ, ਤੱਥਾਂ ਅਤੇ ਉਦਾਹਰਣਾ ਦੇ ਕੇ ਭਾਰਤ ਦੀ ਦਾਰਸ਼ਨਿਕ ਪਰੰਪਰਾ ਵਿੱਚ ਵਿਗਿਅਨਕ ਤਰਕ ਭਾਰਤ ਦੇ ਪੂਰਵਜਾਂ ਦੀ ਦੇਣ ਹੈ। ਸਾਡੇ ਅਖੌਤੀ ਵਿਦਵਾਨ ਆਪਣੇ ਇਤਿਹਾਸ ਨੂੰ ਖੰਘਾਲਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਵਿਦੇਸ਼ (ਯੂਰਪ) ਦੇ ਵਿਦਵਾਨਾ ਦੀਆਂ ਉਦਾਹਰਣਾਂ ਦੇ ਕੇ ਆਪਣੇ ਆਪ ਨੂੰ ਸੰਸਾਰ ਪੱਧਰ ਦੇ ਵਿਦਵਾਨ ਸਾਬਤ ਕਰਦੇ ਹਨ। ਲੇਖਕ ਵਧਾਈ ਦਾ ਪਾਤਰ ਹੈ।
379 ਪੰਨਿਆਂ, 850 ਰੁਪਏ ਕੀਮਤ ਵਾਲੀ ਇਹ ਪੁਸਤਕ ‘ਪੰਜਾਬੀ ਵਿਕਾਸ ਮੰਚ ਯੂ ਕੇ ਨੇ ਪ੍ਰਕਾਸ਼ਤ ਕਰਵਾਈ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com