ਛੋਟੀ ਵੱਡੀ ਅਰਦਾਸ (ਸੱਚੀ ਘਟਨਾ ‘ਤੇ ਆਧਾਰਿਤ) - (ਨਿਰਮਲ ਸਿੰਘ ਕੰਧਾਲਵੀ)
ਸੁਬਾਹ ਸਵੇਰੇ ਮਾਈ ਇਕ,
ਆਈ ਗੁਰੂ ਦੁਆਰੇ।
ਭਾਈ ਜੀ ਅਰਦਾਸ ਕਰੌਣੀ,
ਹੱਥ ਬੰਨ੍ਹ ਅਰਜ਼ ਗੁਜ਼ਾਰੇ।
ਇੰਡੀਆ ਦੀ ਮੈਂ ਕਰੀ ਤਿਆਰੀ,
ਅਰਦਾਸ ਕਰਿਉ ਜ਼ਰਾ ਚੰਗੀ।
ਸਿਹਤ ਵੀ ਰਹਿੰਦੀ ਢਿੱਲੀ ਮੱਠੀ,
ਹੋਵੇ ਨਾ ਰਾਹ ਵਿਚ ਤੰਗੀ।
ਦੋ ਅਰਦਾਸਾਂ ਅਸੀਂ ਕਰਦੇ ਬੀਬੀ,
ਇਕ ਵੱਡੀ ਇਕ ਛੋਟੀ।
ਉਂਜ ਸਭ ਵੱਡੀ ਕਰਵਾਉਂਦੇ,
ਅਸੀਂ ਘੱਟ ਹੀ ਕਰੀਏ ਛੋਟੀ।
ਭਾਈ ਜੀ ਕੀ ਫ਼ਰਕ ਦੋਹਾਂ ਵਿਚ,
ਰਤਾ ਮੈਨੂੰ ਵੀ ਸਮਝਾਉ।
ਅਰਦਾਸ ਹੋਵੇ ਬਸ ਚੰਗੀ ਜੇਹੀ,
ਮਨ ਚਿਤ ਇਕ ਲਗਾਉ।
ਛੋਟੀ ਦੇ ਲਗਦੇ ਗਿਆਰਾਂ ਬੀਬੀ,
ਵੱਡੀ ਦੇ ਲਗਦੇ ਇੱਕੀ।
ਵੱਡੀ ਆਖਰ ਵੱਡੀ ਹੁੰਦੀ,
ਹੁੰਦੀ ਨਿੱਕੀ ਦੀ ਗੱਲ ਨਿੱਕੀ।
ਹੋਰ ਫ਼ਰਕ ਕੀ ਵਿਚ ਦੋਹਾਂ ਦੇ,
ਕਰ ਦਿਉ ਜ਼ਰਾ ਖੁਲਾਸਾ।
ਗੱਲ ਖੋਲ੍ਹ ਕੇ ਦੱਸੋ ਸਾਰੀ,
ਤੁਸੀਂ ਭੇਦ ਨਾ ਰੱਖਿਉ ਮਾਸਾ।
ਵੱਡੀ ਦੇਊ ਫੁੱਲ ਪ੍ਰੋਟੈਕਸ਼ਨ,
ਛੋਟੀ ਐ ਜ਼ਰਾ ਰਿਸਕੀ।
ਵੱਡੀ ਹਰ ਥਾਂ ਪਾਰ ਲੰਘਾਊ,
ਛੋਟੀ ਖਿਸਕੀ ਕਿ ਖਿਸਕੀ।
ਭਾਈ ਜੀ ਤੁਸੀਂ ਕਰ ਦਿਉ ਵੱਡੀ,
ਖਾਸ ਫ਼ਰਕ ਨਹੀਂ ਪੈਣਾ।
ਦਸਾਂ ਪੌਂਡਾਂ ਦੇ ਨੋਟ ਪਿੱਛੇ,
ਮੈਂ ਕੋਈ ਰਿਸਕ ਨਹੀਂ ਲੈਣਾ।
ਨਿਸ਼ਚਿੰਤ ਹੋ ਦੂਜੇ ਦਿਨ ਮਾਈ,
ਚੜ੍ਹ ਗਈ ਫੇਰ ਜਹਾਜ਼ੇ।
ਖ਼ੁਸ਼ੀ ਖ਼ੁਸ਼ੀ ਅੰਮ੍ਰਿਤਸਰ ਪਹੁੰਚੀ,
ਵੱਜਣ ਕੰਨਾਂ ਵਿਚ ਵਾਜੇ।
ਕਮਲ਼ੀ ਹੋਈ ਉਡੀਕ ਉਡੀਕ ਕੇ,
ਅਟੈਚੀਕੇਸ ਨਾ ਆਇਆ।
ਪਟਾ ਜਿਹਾ ਵੀ ਰੁਕ ਗਿਆ ਜਦ,
ਮਾਈ ਨੇ ਰੌਲ਼ਾ ਪਾਇਆ।
ਏਅਰਪੋਰਟ ਦਾ ਬੰਦਾ ਕਹਿੰਦਾ,
ਕਦੇ ਐਸਾ ਵੀ ਹੋ ਜਾਂਦਾ।
ਲੱਦਣ ਵਾਲ਼ੇ ਗ਼ਲਤੀ ਕਰਦੇ,
ਸਾਮਾਨ ਬਦਲ ਹੈ ਜਾਂਦਾ।
ਲਗਦੈ ਮਾਈ ਅਟੈਚੀ ਤੇਰਾ,
ਕਿਸੇ ਚੜ੍ਹ ਗਿਆ ਹੋਰ ਜਹਾਜ਼ੇ।
ਜਦੋਂ ਆ ਗਿਆ ਸਾਡੇ ਕੋਲੇ,
ਅਸੀਂ ਜਲਦ ਹੀ ਪਤਾ ਦਿਆਂਗੇ।
ਸੱਤ ਦਿਨਾਂ ਤੋਂ ਮਾਈ ਆਪਣਾ,
ਹੁਣ ਟੈਚੀ ਕੇਸ ਉਡੀਕੇ।
ਏਅਰਲਾਈਨ ਨਾ ਦੱਸੇ ਕੁਝ ਵੀ,
ਜਿਵੇਂ ਸੌਂ ਗਏ ਭੰਗ ਪੀ ਕੇ।
ਗੁੱਸੇ ਦੇ ਵਿਚ ਮਾਈ ਨੇ ਫਿਰ,
ਫੂਨ ਭਾਈ ਨੂੰ ਕੀਤਾ।
ਖੂਬ ਸੁਣਾਈਆਂ ਤੱਤੀਆਂ ਠੰਢੀਆਂ,
ਹਿਰਦਾ ਠੰਢਾ ਕੀਤਾ।
ਕਿੱਥੇ ਗਈ ਤੇਰੀ ਫੁੱਲ ਪ੍ਰੋਟੈਕਸ਼ਨ,
ਪਾਪੀਆ ਲਾਏ ਝੂਠੇ ਲਾਰੇ।
ਠੱਗੀ ਠੋਰੀ ਗੁਰੂ ਦੇ ਨਾਂ ‘ਤੇ,
ਕਰਦੈਂ ਤੂੰ ਕਾਲ਼ੇ ਕਾਰੇ।
ਕਹਿੰਦੀ ਆਉਣ ਨੇ ਵਾਪਸ ਮੈਨੂੰ,
ਹੁਣ ਤੈਨੂੰ ਨਾ ਮੈਂ ਛੱਡੂੰ।
ਇੱਕੀਆਂ ਦੇ ਮੈਂ ‘ਕੱਤੀ ਭਾਈ,
ਤੇਰਿਆਂ ਹੱਡਾਂ ‘ਚੋਂ ਕੱਢੂੰ।