ਇੱਕ ਰੁੱਖ ਸੌ ਸੁੱਖ - ਬਿੱਟੂ ਅਰਪਿੰਦਰ ਸਿੰਘ ਸੇਖੋਂ
ਖ਼ਵਰੇ “ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ “ ਵਾਲੀਆਂ ਜਗਤ ਗੁਰੂ ਬਾਬਾ ਜੀਆਂ ਕੀਆਂ ਤੁਕਾਂ ਦੇਰ ਨਾਲ ਖ਼ਾਨੇ ਪਈਆਂ ਕਿ ਮੱਛੀ ਪੱਥਰ ਚੱਟ ਕੇ ਮੁੜੀ !
ਖ਼ੈਰ ਮੈਨੂੰ ਅਜੇ ਚੇਤਾ ਜਦੋਂ ਹਾਢੇ ਪਿੰਡ ਦੀ ਆਖ਼ਰੀ ਪੁਰਾਣੀ ਨਿਸ਼ਾਨੀ ਗੁਰੂ ਘਰ ਗ਼ਾੜਲਾ ਪਿੱਪਲ ਵੱਢਣ ਕਾਰ ਸੇਵਾ ਆਲੇ ਬਾਬਿਆਂ ਦੀ ਫੌਜ਼ ਚੜ ਕੇ ਆਈ ਹੀ ! ਬਾਬਾ ਮੁਨੀਮ ਕੱਲਾ ਈ ਅੜ ਗਿਆ “ਅਖੇ ਇਹ ਕਹਿਰ ਨਾ ਕਰਿਓ” ਬਾਬਾ ਭਾਵੇਂ ਸਿਰੇ ਦਾ ਕਜੂੰਸ ਸੀ ਪਰ ਉਨ ਰਕਮ ਭਰਨ ਦੀ ਗੱਲ ਵੀ ਆਖ ਦਿੱਤੀ ! ਪਰ ਪਿੰਡ ਵਿਚਲੀ ਫੋਕੀ ਧੱੜੇਬਾਜੀ ਤੇ ਲੰਗਰਾਂ ਲਈ ਫ਼ਿਕਰਮੰਦ ਦਿਹਾਤੀ ਜਨਤਾ ਨੇ ਬਾਬੇ ਨੂੰ ਇਹ ਕਿ ਚੁੱਪ ਕਰਾ ਦਿੱਤਾ ਬਈ ਏਹਨੇ ਤੇ ਕਦੇ ਗੁਰੂ ਘਰ ਸਵਾ ਰੁਪਈਏ ਦਾ ਪ੍ਰਸ਼ਾਦ ਨੀ ਕਰਾਇਆ ਆ ਗਿਆ ਵੱਡਾ ਲੰਗਰ ਲੀ ਬਾਲਣ ਦਾਨ ਕਰਨ ਵਾਲਾ ! ਬਾਬਾ ਕੁਹਾੜਾ ਫਿਰਦਾ ਵੇੰਹਦਾ ਰਿਹਾ ਤੇ ਪਿੱਪਲ ਦੇ ਮੋਛੇ ਪੈੰਦੇ ਗਏ !
ਮੈਨੂੰ ਧੁੰਧਲੀ ਜਹੀ ਯਾਦ ਵਾ ਪਿੱਪਲ ਦੇ ਨਾਲ ਈ ਚਾਰ ਕੁ ਕਰਮਾਂ ਦੀ ਵਿੱਥ ਤੇ ਖੂਹ ਹੁੰਦਾ ਹੀ ਗਾ ! ਬਾਬਾ ਪੈੰਚ ( ਮਹਿਰਾ ) ਓਹਤੋਂ ਪਾਣੀ ਕੱਢ ਵਾਢੀਆਂ ਦੇ ਦਿਨਾਂ ਚ, ਕਣਕਾਂ ਵੱਢਦੇ ਕਾਮਿਆਂ ਤੇ ਜੱਟਾਂ ਨੂੰ ਜਲ ਛਕਾਇਆ ਕਰਦਾ ਸੀ ! ਉਹ ਬਾਬੇ ਨੂੰ ਥੱਬਾ ਮੱਕੜੇ (ਸਿੱਟਿਆਂ ਆਲੀ ਕਣਕ) ਦਾ ਦੇ ਦਿੰਦੇ ! ਪਰ ਕੁਹ ਨਿਕਰਮਿਆਂ ਨੇ ਖੂਹ ਦੀ ਮਣ ਦੇ ਇੱਟੇ ਰੋੜੇ ਖੁਰਲੀਆਂ ਨੂੰ ਲਿੱਪ ਲਏ ਤੇ ਰਹਿੰਦੇ ਨਾਂਸ਼ੁਕਰਿਆਂ ਨੇ ਖੂਹ ਚ, ਕੂੜਾ ਸੁੱਟਣਾ ਸ਼ੁਰੂ ਕਰਤਾ ! ਅੱਜ ਉਸ ਖੂਹ ਤੇ ਰੂੜੀ ਤੇ ਪੱਥਕਣ ਵਾਂ ! ਜਿਸ ਖੂਹ ਤੋਂ ਹਾਢੇ ਵਡੇਰੇ ਪਾਣੀ ਪੀ ਪੀ ਸੌ ਸੌ ਸਾਲ ਦੇ ਹੋਏ, ਆਹ ਹਾਲ ਆਪਾਂ ਕੀਤਾ ! ਹੋਰ ਕਿਤੇ ਪੰਜਾਬ ਐਵੇਂ ਰਾਜਸਥਾਨ ਬਣਨ ਦੀ ਕਗਾਰ ਤੇ ਆ ਗਿਆ ਹਾਢੀਆਂ ਕਰਤੂਤਾਂ ਦਾ ਸਿਲ਼੍ਹਾ ! ਭਗਤ ਪੂਰਨ ਸਿੰਘ ਜੀ ਅਰਗਾ ਦਰਵੇਸ਼ ਕਲਪਦਾ ਰਿਹਾ ਪਰ ਹਾਢੀ ਐਸੀ ਮੱਤ ਮੈਲੀ ਹੋਈ ਕਿ ਆਪਾਂ ਹਰ ਸ਼ੈਅ ਪਵਣ, ਪਾਣੀ ਤੇ ਧਰਤ ਗੁਰੂ ਪਿਓ ਤੇ ਮਾਂ ਈ ਮੈਲੀ ਕਰ ਮਾਰੀ ! ਮਾਡਰਨ ਏਡੇ ਹੋਏ ਕਿ ਕੈੰਸਰ ਐਕਸਪਰੈਸ ਵਰਗੀਆਂ ਰੇਲਾਂ ਚਲਾ ਲਈਆਂ ਟੱਲਦੇ ਹਜੇ ਵੀ ਨੀ !
ਲੋਕੋ ਦੁਹਾਈ ਰੱਬ ਦੀ ਜੇ ਆਓ ਕੀਤੇ ਗੱਲਤਿਆਂ ਤੋਂ ਕੁਹ ਸਿੱਖੀਏ ਤੇ ਪੰਜਾਬ ਨੂੰ ਹਰਿਆ ਭਰਿਆ ਬਣਾਈਆ ! ਵਿਦੇਸ਼ੀ ਵੱਸਦੀਓ ਭੈਣਾਂ ਆਪਣੇ ਪੇਕੀਂ ਸੌ ਸੌ ਰੁੱਖ ਲਾਉਣ ਤੇ ਹਰ ਭਾਊ ਆਪਣੇ ਸਹੁਰੇ ਪਿੰਡ ਲਾਵੇ ! ਜਿਹੜੇ ਮੇਰੇ ਅਰਗੇ ਦੇ ਕਿਹੇ ਪਿੰਡ ਨਹੀਂ ਸਹੁਰੇ ਆਪਣੇ ਪਿੰਡ ਈ ਲਾ ਲਵੇ ਪਰ ਇਹ ਪੁੰਨ ਕਰੋ ਜ਼ਰੂਰ ! ਕਿੱਕਰਾਂ, ਟਾਹਲੀਆਂ, ਤੂਤਾਂ, ਤ੍ਰਹੇਂਕਾਂ, ਬੇਰੀਆਂ ਨਿੰਮਾਂ, ਸੁਖਚੈਨਾਂ, ਪਿੱਪਲਾਂ ਤੇ ਬੋਹੜਾਂ ਵਾਲਾ ਪੰਜਾਬ ਬਣਾ ਘੱਤੀਏ ਹੁਣ ਤੇ ਬਾਬੇ ਵੀ ਅਪੀਲਾਂ ਕਰ ਰਹੇ ਆ ! ਚਲੋ ਕੋਈ ਨਾਂ ਦੇਰ ਆਏ ਦਰੁਸਤ ਆਏ ਕਰੋ ਕਮਰ ਕੱਸੇ ! ਇੱਕ ਰੁੱਖ ਸੌ ਸੁੱਖ !
ਬਿੱਟੂ ਅਰਪਿੰਦਰ ਸਿੰਘ ਸੇਖੋਂ