ਹੇ ਨਾਨਕ, ਮੈਂ ਆਇਆ ਤੇਰੇ ਦਰ ਤੇ ਰਹਿਮਤ ਲੱਭਣ,
ਮੇਰੀ ਝੋਲੀ ਇੱਕ ਉਂਜਲ, ਰਹਿਮਤ ਦੀ ਮਿਹਰ ਦਾ ਪਾ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਜਾ ਤੂੰ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ”
ਮੈਂ ਪਾਪੀ ਅਕਿਰਤਘਣ ਪੰਜ ਚੋਰਾਂ ਦੇ ਘੇਰੇ ਵਿੱਚ ਹਾਂ,
ਧਿਆਨ ਲਾਉਂਦਾ ਹਾਂ, ਕੂੜ ਦੀ ਕੰਧ ਰਾਹ ਭੰਨਦੀ ਹੈ,
ਤੜਕੇ ਬਾਣੀ ਦੀਆਂ ਧੁਨਾਂ ਹਲੂਣਦੀਆਂ ਹਨ,
ਪਰ ਮੈਂ ਬੇਵੱਸ ।
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮ ਰਵਿੰਦੁ,
ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ”
ਹੇ ਨਾਨਕ ਤੇਰੀ ਹੱਥ ਵਾਲੀ ਦਾਤ ਰੂਪੀ ਰੋਟੀ ਦੀ,
ਸਮਝ ਤਾਂ ਆਉਂਦੀ ਹੈ ਪਰ ਤਵੇ ਦੀ ਰੋਟੀ ਵੱਲ
ਧਿਆਨ ਜੁੜ ਜਾਂਦਾ ਹੈ ਹੱਥ ਦਾ ਖਿਆਲ ਨਹੀਂ ਰਹਿੰਦਾ,
ਸ਼ੁਕਰ ਨੂੰ ਨਾ-ਸ਼ੁਕਰਾਪਣ ਗੰਢ ਮਾਰ ਦਿੰਦਾ ਹੈ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਦਦਾ ਦਾਤਾ ਏਕੁ ਹੈ, ਸਭ ਕਉ ਦੇਵਨਹਾਰ”
ਮੈਂ ਸੁਣਦਾ, ਪੜ੍ਹਦਾ ਤੇ ਵਿਚਾਰ ਕਰਦਾ ਹਾਂ,
ਗੁਰੂ ਨੂੰ ਸਨਮੁੱਖ ਵੀ ਰੱਖਦਾ ਹਾਂ, ਪਰ ਪੰਜ ਚੋਰਾਂ ਤੋਂ ਖਹਿੜਾ,
ਨਹੀਂ ਛੁੱਟਦਾ, ਰਹਿਮਤ ਲਈ ਹਾੜੇ ਕੱਢਦਾ ਹਾਂ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਜੈਸਾ ਬਾਲਕੁ ਭਾਇ ਸੁਭਾਈ ਲੱਖ ਅਪਰਾਧ ਕਮਾਵੈ,
ਕਰਿ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ”
ਹੇ ਨਾਨਕ ਆਪਣੀ ਮਿਹਰ ਦਾ ਇੱਕ ਉਂਜਲ ਮੇਰੀ ਝੋਲੀ ਪਾ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਪਿਛਲੇ ਅਉਗਣ ਬਖਸਿ ਲਏ, ਪ੍ਰਭ ਆਗੈ ਮਾਰਗਿ ਪਾਵੈ”