ਸਬਕ - ਰਵਿੰਦਰ ਸਿੰਘ ਕੁੰਦਰਾ
ਸਬਕ ਰੋਜ਼ ਨੇ ਮਿਲਦੇ ਰਹਿੰਦੇ, ਅਨੋਖੇ ਅਤੇ ਨਵੀਨ ਸਦਾ,
ਮਤਲਬ ਜਿਨ੍ਹਾਂ ਦੇ ਨਿਕਲਣ ਹਮੇਸ਼ਾ, ਡੂੰਘੇ ਅਤੇ ਮਹੀਨ ਸਦਾ।
ਕੁੱਝ ਤਾਂ ਪੱਲੇ ਪੈ ਜਾਂਦੇ ਨੇ, ਪਰ ਕੁੱਝ ਸਮਝ ਤੋਂ ਬਾਹਰ,
ਕਈਆਂ ਨੂੰ ਤਾਂ ਮੰਨਣ ਤੋਂ, ਹੋ ਜਾਂਦੇ ਹਾਂ ਅਸੀਂ ਨਾਬਰ।
ਸਫਲਤਾ ਦੀ ਟੀਸੀ 'ਤੇ ਚੜ੍ਹਨਾ, ਖ਼ਤਰਿਆਂ ਤੋਂ ਨਹੀਂ ਖਾਲੀ,
ਗਲਤੀਆਂ ਹੀ ਪਰਪੱਕ ਕਰਦੀਆਂ, ਅਨਾੜੀਆਂ ਨੂੰ ਹਰ ਹਾਲੀ।
ਮਰਹਲੇ ਖੜ੍ਹੇ ਨੇ ਪੈਰ ਪੈਰ 'ਤੇ, ਜ਼ੰਜੀਰਾਂ ਵਾਂਗੂੰ ਜਾਪਣ,
ਧਿੰਗੋਜ਼ੋਰੀ ਰਾਹ ਰੋਕ ਕੇ, ਸਾਡੀਆਂ ਸ਼ਕਤੀਆਂ ਨਾਪਣ।
ਹਰ ਇੱਕ ਦੇ ਨਾਲ ਵਾਹ ਪੈਣ ਦਾ, ਅਹਿਸਾਸ ਹਮੇਸ਼ਾਂ ਵੱਖਰਾ,
ਠੁੱਠ ਕਈ ਵਾਰ ਦਿਖਾ ਜਾਂਦਾ ਹੈ, ਬੰਦਾ ਕੋਈ ਕੋਈ ਚਤਰਾ।
ਦੂਸਰਿਆਂ ਨੂੰ ਸਬਕ ਸਿਖਾਉਣ ਲਈ, ਹਰ ਕੋਈ ਹੈ ਕਾਹਲ਼ਾ,
ਭਾਵੇਂ ਉਸ ਦੀ ਅਪਣੀ ਅਕਲ ਦਾ, ਨਿਕਲਿਆ ਹੋਵੇ ਦੀਵਾਲ਼ਾ।
ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ