ਅਰਦਾਸ - ਬਲਜਿੰਦਰ ਕੌਰ ਸ਼ੇਰਗਿੱਲ

ਮੁਰਸ਼ਦ ਦੇ ਚਰਨੀਂ ਕੀਤੀ ਅਰਦਾਸ,
ਰਿਸ਼ਤਾ ਬਣਾਈ ਰੱਖੀ ਰੱਬਾ ਸਾਡਾ ਖਾਸ।

ਰਹਿਨੁਮਾਈ ਹੇਠ ਆਪਣੀ ਜਗ੍ਹਾ ਦੇਵੀਂ  ਖਾਸ।
ਟੁੱਟੇ ਨਾ ਕਦੀ ਇੱਕ ਦੂਜੇ ਦਾ ਵਿਸ਼ਵਾਸ  ।

ਗੰਢ ਕੋਈ ਪੱਕੀ ਦਾ ਹੋ ਰੇਹਾ ਅਹਿਸਾਸ,
ਕਿਉਂ ਇਹ ਦਿਨ ਮੇਰੇ ਲਈ ਹੈ ਖਾਸ।

ਮਹਿਰਮ ਮੇਰਾ ਮੇਰੀ ਰੂਹ ਦੇ ਐਨਾ ਹੈ ਪਾਸ ,
ਫਿਰ ਵੀ ਦਿਲ ਕਿਉਂ ਰਹਿੰਦਾ ਹੈ ਉਦਾਸ ।

ਦਿਲ ਨੂੰ ਹਰ ਵੇਲੇ ਰਹਿੰਦੀ ਉਸ ਦੀ ਹੀ ਯਾਦ।
ਆਉਂਦੇ ਨੇ ਕਿਉਂ ਮਖਮਲੀ ਜਿਹੇ ਅਹਿਸਾਸ।
 
ਮੁਕਾ ਦੇ ਰੱਬਾ ਆਇਆ ਸੰਨਿਆਸ।
"ਬਲਜਿੰਦਰ" ਦੀ ਮੁਹੱਬਤ ਸਜੇ ਵਿੱਚ ਰੰਗੀਨ ਲਿਬਾਸ।
ਬਲਜਿੰਦਰ ਕੌਰ ਸ਼ੇਰਗਿੱਲ


ਕਾਗਜ਼ਾਂ ਦੇ ਪੱਤਰੇ

ਰੂਹ ਦਿਆਂ ਹਾਣੀਆਂ ਸਾਂਭ ਲੈ ਪੈਗਾਮ,
ਮੁਹੱਬਤਾਂ ਦੇ ਚਿਰਾਗ਼ ਬੁਝਦੇ ਨੀਂ ਸੌਖੇ।

ਮਹਿੰਗੇ ਭਾਰ ਤੁਲਣੇ ਕਾਗਜ਼ਾਂ ਦੇ ਪੱਤਰੇ,
ਅਹਿਸਾਸਾਂ ਦੀਆਂ ਹੱਟੀਆਂ ਦੇ ਮੁੱਲ ਪੈਣੇ ਚੌਖੇ।

ਮੁਕੱਦਰਾਂ ਦੇ ਵਿਚ ਸੀ ਦਰਦ ਵਿਛੋੜੇ,
ਪਲਾਂ ਵਿਚ ਹੋ ਗਏ ਸੀ ਅੱਖੋਂ -ਪਰੋਖੇ।

ਜ਼ਿਹਨ 'ਚ ਫੁਰਨੇ ਮੁਹੱਬਤਾਂ ਦੇ ਫੁਰੇ,
ਸਫ਼ਰਾਂ ਦੇ ਰਾਹੀਂ ਜ਼ਿੰਦ ਤੁਰੀ ਵੇਲੇ ਔਖੇ।

"ਬਲਜਿੰਦਰ" ਦੇ ਹੱਥਾਂ ਵਿੱਚ ਸੀ ਕਾਗਜ਼ ਕੋਰੇ,
ਅਜ਼ਲੋਂ ਫ਼ਰਮਾਨ ਆਏ ਸੀ ਔਖੇ।


ਬਲਜਿੰਦਰ ਕੌਰ ਸ਼ੇਰਗਿੱਲ

ਕਹਿ ਲੈਣ ਦੇ

ਇੰਨਾ ਅੱਖੀਆਂ ਦੇ ਪਾਣੀ ਨੂੰ ਵਹਿ ਲੈਣ ਦੇ ,
ਦਰਦ ਦਿਲਾਂ ਦਾ, ਕਹਿ ਲੈਣ ਦੇ ।

ਤਲੀਆਂ ਤੇ ਮਹਿੰਦੀ ਰੰਗ ਚੜ੍ਹਾ ਕੇ
ਕਿੰਝ ਲੁਕ -ਲੁਕ ਰੋਏ, ਕਹਿ ਲੈਣ ਦੇ।

ਸੱਧਰਾਂ ਨੂੰ ਵਿਚ ਕੋਨੇ ਛੁਪਾ ਕੇ,
ਕਾਗਜ਼ ਤੇ ਲਿਖ ਲਿਖ, ਕਹਿ ਲੈਣ ਦੇ।

ਸ਼ਾਇਰਾਂ ਦੀ ਦੁਨੀਆਂ 'ਚ ਕਦਮ ਰਖਾ ਕੇ,
ਭਰੀ ਮਹਿਫ਼ਲ ਵਿਚ ਗਾਇਆ, ਕਹਿ ਲੈਣ ਦੇ।

ਪੰਨਿਆ ਤੇ ਹਰਫ਼ਾਂ ਦੇ ਮੋਤੀ ਚੜਾ ਕੇ,
ਬਿਰਹੋਂ ਦੇ ਵਿਹੜੇ 'ਚ, ਬਹਿ ਲੈਣ ਦੇ।

ਰੂਹ ਨੂੰ ਆਪਣਾ ਮੁਰੀਦ ਬਣ ਕੇ,
ਖੁਦ ਮੁਰਸ਼ਦ ਹੋ ਗਏ, ਕਹਿ ਲੈਣ ਦੇ।

"ਬਲਜਿੰਦਰ" ਨੂੰ ਸਫ਼ਰਾਂ ਦੇ ਰਾਹੀਂ ਪਾ ਕੇ,
ਹੁਣ ਖਾਬਾਂ ਦੁਨੀਆਂ 'ਚ ਰਹਿ ਲੈਣ ਦੇ।

ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ

ਪਾਣੀ ਦਾ ਭੰਡਾਰ

ਚੱਲ ਰਹੀ ਸੀ ਖੋਜ,
ਧਰਤੀ ਤੇ ਪਾਣੀ ਕਿਥੋਂ ਆਇਆ।

ਅਧਿਐਨ ਦੇਵੇ ਚੌਣਤੀ,
ਪਾਣੀ ਉਲਕਾਪਿੰਡਾਂ ਜਾਂ ਧੂਮਕੇਤੂਆ ਤੋਂ ਆਇਆ ।

ਸਾਇੰਸਦਾਨਾਂ ਦੀ ਖੋਜ ਨੇ ਧਰਤੀ ਦੀ ਸਤ੍ਹਾ ਹੇਠ,
ਹੈਰਾਨੀ ਜਨਕ ਜਾਂਚ 'ਚ ਵਿਸ਼ਾਲ ਸਮੁੰਦਰ ਸੀ ਪਾਇਆ।

ਕਿਸੇ ਕਲਪਨਾ ਨਾ ਕੀਤੀ ਹੋਉ,
ਸਤ੍ਹਾ ਹੇਠ 700 ਕਿਲੋਮੀਟਰ ਜੋ ਮੌਜੂਦ ਸੀ ਪਾਇਆ।

ਧਰਤੀ ਦੇ ਸਾਗਰਾਂ ਤੋਂ ਤਿੰਨ ਗੁਣਾ ਵੱਡਾ,
ਜ਼ਮੀਨਦੋਜ਼ ਪਾਣੀ ਦਾ ਭੰਡਾਰ ਸੀ ਥਿਆਇਆ।

"ਬਲਜਿੰਦਰ" ਹੋਈ ਹੈਰਾਨ ਪੜ੍ਹ ਇਸ ਖੋਜ ਨੂੰ,
ਕਵਿਤਾ ਵਿਚ ਆਖ ਸੁਣਾਇਆ।