ਉਹ ਸੁਰਜੀਤ ਹੋ ਗਈ -  ਸੁਖਪਾਲ ਸਿੰਘ ਗਿੱਲ

 ਮਨੁੱਖ ਦੇ ਜੀਵਨ ਦਾ ਪਹਿਲਾ ਫੋਡਾ ਉਸ ਦਾ ਅਧਿਆਪਕ ਹੁੰਦਾ ਹੈ।ਜੰਮਣਸਾਰ ਹੁਣ ਤਾਂ ਗਿਣਤੀਆਂ ਮਿਣਤੀਆਂ ਜ਼ਿਆਦਾ ਸ਼ੁਰੂ ਹੋ ਜਾਂਦੀਆਂ ਹਨ, ਸਾਡੇ ਸਮੇਂ ਵਿੱਚ ਸਿਰਫ਼ ਪ੍ਰਾਇਮਰੀ ਸਕੂਲ ਵਿੱਚ ਛੇ ਸਾਲ ਦੇ ਹੁੰਦੇ ਸਾਰ ਦਾਖਲਾ ਲੈਣਾ ਪੈਂਦਾ ਸੀ। ਬੱਚੇ ਦੀ ਬੁਨਿਆਦ ਨੂੰ ਪ੍ਰਾਇਮਰੀ ਅਧਿਆਪਕ ਹੀ ਪਕੇਰੀ ਕਰਦਾ ਸੀ। ਇਸੇ ਪ੍ਰਸੰਗ ਦੀ ਪਾਤਰ ਮੇਰੇ ਪ੍ਰਾਇਮਰੀ ਸਕੂਲ ਅਬਿਆਣਾ ਕਲਾਂ ਰੂਪਨਗਰ ਦੀ ਅਧਿਆਪਕਾ ਸ੍ਰੀਮਤੀ ਸੁਰਜੀਤ ਕੌਰ ਸਰਥਲੀ "ਭੈਣ ਜੀ" ਹਨ।
   ਭੈਣ ਜੀ ਨੇ ਰਹਿਨੁਮਾਈ ਚ ਉਂਗਲੀ ਫੜ ਕੇ ਪੂਰਨੇ ਪਾ ਕੇ ੳ ਅ ਸਿਖਾਇਆ। ਜਿਹਨਾਂ ਦੀ ਬਦੋਲਤ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਿੱਚ ਨੌਕਰੀ ਕਰਦਾ ਹਾਂ। ਸਾਡੇ ਪਿੰਡ ਅਬਿਆਣਾ ਕਲਾਂ ਲੰਬਾ ਸਮਾਂ ਪੜਾਉਣ ਤੋਂ ਬਾਅਦ ਆਪਣੀ ਧੀ ਕੋਲ ਕੈਨੇਡਾ ਚਲੇ ਗਏ। ਜਦੋਂ ਆਉਂਦੇ ਮੇਲ ਮਿਲਾਪ ਹੁੰਦਾ ਰਹਿੰਦਾ ਸੀ। ਅਚਾਨਕ ਅਖ਼ਬਾਰ ਰਾਹੀਂ ਉਹਨਾਂ ਦੇ ਚੱਲ ਵਸਣ ਦਾ ਪਤਾ ਲੱਗਾ। ਤੁਰੰਤ ਉਹਨਾਂ ਦੀ ਧੀ ਦਾ ਨੰਬਰ ਲੈ ਕੇ ਦੁੱਖ ਚ ਸ਼ਰੀਕ ਹੋਇਆ।ਇਸ ਤੋਂ ਬਾਅਦ ਪਿੰਡ ਦੇ ਬੱਸ ਅੱਡੇ ਵੱਲ ਨੂੰ ਨਿਕਲ ਗਿਆ।  "ਓ ਵੀਰੇ ਤੈਨੂੰ ਪਤਾ ਸੁਰਜੀਤ ਕੌਰ ਭੈਣ ਜੀ ਚੱਲ ਵਸੇ" ਇੱਕ ਪਿੰਡ ਦੇ ਵਿਅਕਤੀ ਨੇ ਪੁੱਛਿਆ। ਮੈਂ ਕਿਹਾ, "ਹਾਂ, ਹੁਣੇ ਪੜ੍ਹ ਕੇ ਆਇਆ ਹਾਂ"...ਬਸ ਫਿਰ ਕੀ ਸੀ ਇੱਕ  ਦੁਕਾਨ ਵਿੱਚ ਇਕੱਠੇ ਹੋਏ ਸਭ "ਭੈਣ ਜੀ ਸੁਰਜੀਤ ਕੌਰ" ਦਾ ਦੁੱਖ ਸਮਝਦੇ ਉਹਨਾਂ ਦੀਆਂ ਆਪਣੇ ਪਿੰਡ ਦੇ ਸਕੂਲ ਦੀਆਂ ਯਾਦਾਂ ਸਾਂਝੀਆਂ ਕਰਨ ਲੱਗ ਪਏ।..... ਮੈਂ ਸਾਰਿਆਂ ਨੂੰ ਕਿਹਾ ਕਿ ਸਾਡੀਆਂ ਦੋ ਪੁਸ਼ਤਾਂ ਭੈਣ ਜੀ ਕੋਲ ਪੜ੍ਹੀਆਂ ਹਨ।... ਅੱਗੇ ਚੱਲ ਕੇ ਮੈਂ ਇੱਕ ਹੋਰ ਗੱਲ ਸਾਂਝੀ ਕੀਤੀ ਕਿ ਜਿਸ ਸਮੇਂ ਸਾਡੇ ਸਕੂਲ ਚ ਭੈਣ ਜੀ ਨੇ ਨੌਕਰੀ ਆਰੰਭ ਕੀਤੀ ਸੀ,ਉਸ ਸਮੇਂ ਕੁੜੀਆਂ ਨੂੰ ਤਾਂ ਪੜਾਇਆ ਹੀ ਨਹੀਂ ਜਾਂਦਾ ਸੀ। ਇਸ ਤੋਂ ਉਹਨਾਂ ਦੇ ਮਾਪਿਆਂ ਦੇ ਖਾਨਦਾਨ ਦੀ ਅਗਾਂਹਵਧੂ ਹੋਣ ਦੀ ਸੁਰਜੀਤ ਕੌਰ ਭੈਣ ਜੀ ਖੁਦ ਤਰਜ਼ਮਾਨ ਬਣੀ।
     ਕਹਿੰਦੇ ਹਨ ਕਿ ਗੁਲਾਬ ਦੀ ਕੀਮਤ ਖੁਸ਼ਬੋ ਲਈ ਹੁੰਦੀ ਹੈ ਇਸ ਤਰਜ਼ ਤੇ ਸਾਨੂੰ ਮਹਿਸੂਸ ਹੋਇਆ ਕਿ ਸਾਡੀ ਅਧਿਆਪਕਾ ਦੀ ਕੀਮਤ ਵੀ ਵਿਦਿਆ ਦਾ ਚਾਨਣ ਬਖੇਰਨ ਲਈ ਸੀ।ਮੈਂ ਅਰਸਤੂ ਦਾ ਬਿਆਨ ਦੱਸਿਆ ਕਿ,"ਮਾਂ ਪਿਓ ਬੱਚੇ ਨੂੰ ਜਨਮ ਦਿੰਦੇ ਹਨ,ਪਰ ਬੱਚੇ ਦੇ ਜੀਵਨ ਨੂੰ ਅਧਿਆਪਕ ਹੀ ਸੰਵਾਰਦਾ ਹੈ,ਇਸ ਲਈ ਅਧਿਆਪਕ ਵੱਧ ਸਨਮਾਨਯੋਗ ਹੁੰਦਾ ਹੈ " ਇਹਨਾਂ ਸਤਰਾਂ ਵਿੱਚ ਹੀ ਸਾਡੀ ਅਧਿਆਪਕਾ ਬਿਰਾਜਮਾਨ ਹੈ। ਅਧਿਆਪਕਾ ਸੁਰਜੀਤ ਕੌਰ ਸਰਥਲੀ ਅੱਜ ਚੱਲ ਵਸੇ ਹਨ।ਪਰ ਇਲਮ ਦੀ ਵਰਖਾ ਕਰਕੇ ਆਪਣੇ ਵਿਦਿਆਰਥੀਆਂ ਨੂੰ ਕਾਰ ਕਿੱਤੇ ਲਾਉਣ ਕਰਕੇ ਸਾਡੇ ਸਮਾਜ ਵਿੱਚ ਸਦੀਵੀ ਸੁਰਜੀਤ ਹੋ ਗਏ।
"ਸਾਹਾਂ ਕਰਕੇ ਤੂੰ ਮੁੜਨਾ ਨਹੀਂ ਸੁਰਜੀਤ ,
ਪਰ ਤੂੰ ਤਾਂ ਭੈਣ ਜੀ ਦਿਲਾਂ ਵਿੱਚ ਸਦਾ ਰਹੂੰਗੀ "ਸੁਰਜੀਤ"