*ਦਿਵਿਆਂਗਜਨਾਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ*- ਪੂਜਾ ਸ਼ਰਮਾ
ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਂ ਹੈ। ਇੱਕ ਸਿਹਤਮੰਦ ਵਿਅਕਤੀ ਨੂੰ ਵੀ ਜ਼ਿੰਦਗੀ ਦੇ ਹਰ ਪੜਾਅ ਉੱਤੇ ਵੱਖ ਵੱਖ ਤਰ੍ਹਾਂ ਦੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਦਿਵਿਆਂਗ ਵਿਅਕਤੀ ਬਾਰੇ ਸੋਚੀਏ ਤਾਂ ਉਸ ਦੀ ਜ਼ਿੰਦਗੀ, ਉਸ ਦੀ ਹੋਂਦ ਅਤੇ ਮੌਤ ਤੱਕ ਬਿਤਾਇਆ ਹੋਇਆ ਹਰ ਪਲ ਸੰਘਰਸ਼ ਦਾ ਹੀ ਰੂਪ ਹੁੰਦਾ ਹੈ। ਦਿਵਿਆਂਗ ਮਨੁੱਖ ਨੂੰ ਸਨਮਾਨ ਪੂਰਵਕ ਜਿੰਦਗੀ ਜਿਉਣ, ਆਤਮ ਨਿਰਭਰ ਹੋਣ ਅਤੇ ਸਵੈ ਮਾਣ ਨੂੰ ਕਾਇਮ ਰੱਖਦੇ ਹੋਏ ਸਫਲ ਜ਼ਿੰਦਗੀ ਬਿਤਾਉਣ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਰਪੇਸ਼ ਆਉਂਦੀਆਂ ਹਨ। ਅੱਜ ਅਸੀਂ ਉਨਾਂ ਚੁਣੌਤੀਆਂ ਬਾਰੇ ਹੀ ਗੱਲ ਕਰਾਂਗੇ:
*1 ਸਿੱਖਿਅਤ ਹੋਣ ਵਿੱਚ ਰੁਕਾਵਟਾਂ*:
ਜਦੋਂ ਕਿਸੇ ਪਰਿਵਾਰ ਵਿੱਚ ਕੋਈ ਬੱਚਾ ਦਿਵਿਆਂਗ ਹੋ ਜਾਂਦਾ ਹੈ ਤਾਂ ਪਰਿਵਾਰਿਕ ਮੈਂਬਰਾਂ ਲਈ ਸਭ ਤੋਂ ਵੱਡੀ ਚੁਣੌਤੀ ਉਸ ਨੂੰ ਸਿੱਖਿਆ ਪ੍ਰਦਾਨ ਕਰਨਾ ਹੁੰਦੀ ਹੈ। ਦਿਵਿਆਂਗ ਬੱਚੇ ਦੀ ਸਕੂਲ ਤੱਕ ਪਹੁੰਚ, ਸਕੂਲਾਂ ਵਿੱਚ ਦਿਵਿਆਂਗ ਬੱਚਿਆਂ ਦੇ ਦਾਖਲੇ ਸਬੰਧੀ ਰੁਕਾਵਟਾਂ, ਸਪੈਸ਼ਲ ਬੱਚਿਆਂ ਲਈ ਸਪੈਸ਼ਲ ਸਕੂਲ ਹਰ ਥਾਂ ਤੇ ਉਪਲਬਧ ਨਾ ਹੋਣਾ, ਸਿੱਖਿਆ ਸਮੱਗਰੀ ਦੀ ਘਾਟ ਜਾਂ ਅਣਹੋਂਦ ਅਤੇ ਸਕੂਲਾਂ ਵਿੱਚ ਸਪੈਸਲ ਸਿੱਖਿਆ ਪ੍ਰੋਵਾਈਡਰ ਦਾ ਨਾ ਹੋਣਾ ਅਤੇ ਵੱਖ-ਵੱਖ ਦਿਵਿਆਂਗਤਾ ਨਾਲ ਸੰਬੰਧਿਤ ਸਪੈਸ਼ਲ ਸਕੂਲ ਜਿਵੇਂ ਕਿ ਦ੍ਰਿਸ਼ਟੀ ਹੀਣ , ਸੁਣਨ ਵਿੱਚ ਅਸਮਰਥ, ਬੌਧਿਕ ਅਤੇ ਮਾਨਸਿਕ ਅਸਮਰਥਤਾ ਵਾਲੇ ਬੱਚਿਆਂ ਲਈ ਵੱਖਰੇ ਸਕੂਲਾਂ ਦੀ ਘਾਟ ਆਦਿ ਦੇ ਰੂਪ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਦਿਵਿਆਂਗ ਬੱਚੇ ਅਤੇ ਉਸਦੇ ਪਰਿਵਾਰ ਨੂੰ ਕਰਨਾ ਪੈਂਦਾ ਹੈ।
*2 ਸਮਾਜਿਕ ਭੇਦ ਭਾਵ*: ਚਾਹੇ ਅੱਜ ਦਾ ਯੁਗ ਬਹੁਤ ਤਰੱਕੀ ਕਰ ਗਿਆ ਹੈ ਫਿਰ ਵੀ ਦਿਵਿਆਂਗ ਬੱਚਿਆਂ ਨੂੰ ਸਵੀਕਾਰ ਕਰਨਾ ਵਿਕਸਿਤ ਜਾਂ ਅਵਿਕਸਤ ਕਿਸੇ ਵੀ ਸਮਾਜ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਹੈ। ਦਿਵਿਆਂਗ ਮਨੁੱਖਾਂ ਨਾਲ ਘਰ, ਪਰਿਵਾਰ ਅਤੇ ਸਮਾਜ ਵਿੱਚ ਕਦਮ ਕਦਮ ਤੇ ਭੇਦ ਭਾਵ ਕੀਤਾ ਜਾਂਦਾ ਹੈ। ਉਹਨਾਂ ਨੂੰ ਉਹਨਾਂ ਦੀ ਅਸਮਰਥਤਾ ਕਾਰਣ ਜਲੀਲ ਕਰਨਾ ਅਤੇ ਮਜ਼ਾਕ ਉਡਾਉਣਾ, ਜਾਣ ਬੁਝ ਕੇ ਉਹਨਾਂ ਦੀ ਸਰੀਰਕ ਜਾਂ ਮਾਨਸਿਕ ਦਿਵਿਆਂਗਤਾ ਉੱਤੇ ਤੰਜ ਕੱਸਣਾ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਉਹਨਾਂ ਦੀ ਸ਼ਮੂਲੀਅਤ ਨਾ ਕਰਨਾ ਦਿਵਿਆਂਗਜਨਾਂ ਲਈ ਬਹੁਤ ਹੀ ਅਪਮਾਨਜਨਕ ਅਤੇ ਦੁੱਖਦਾਈ ਹੈ।
*3. ਆਵਾਜਾਈ ਸਬੰਧੀ ਚੁਣੌਤੀਆਂ* - ਦਿਵਿਆਂਗਜਨਾਂ ਲਈ ਇੱਕ ਹੋਰ ਵੱਡੀ ਸਮੱਸਿਆ ਆਵਾਜਾਈ ਦੇ ਵਧੀਆ ਸਾਧਨਾਂ ਦੀ ਉਪਲਬਧਤਾ ਨਾ ਹੋਣਾ ਵੀ ਹੈ। ਬੱਸਾਂ ਅਤੇ ਰੇਲ ਗੱਡੀਆਂ ਵਿੱਚ ਦਿਵਿਆਂਗਜਨਾਂ ਦੇ ਸਫਰ ਕਰਨ ਸਬੰਧੀ ਸਹੂਲਤਾਂ ਦੀ ਘਾਟ ਹੈ। ਦਿਵਿਆਂਗ ਵਿਅਕਤੀਆਂ ਲਈ ਵੱਖਰੇ ਤੌਰ ਤੇ ਸੁਰੱਖਿਅਤ ਆਵਾਜਾਈ ਦੀ ਵਿਵਸਥਾ ਕਰਨ ਵਿੱਚ ਸਥਾਨਕ, ਰਾਜ ਅਤੇ ਕੇਂਦਰ ਸਰਕਾਰਾਂ ਅਸਮਰਥ ਰਹੀਆਂ ਹਨ।
*4 ਪਹੁੰਚ ਰੁਕਾਵਟਾਂ*- ਇਮਾਰਤਾਂ ਚਾਹੇ ਉਹ ਸਕੂਲ, ਕਾਲਜ, ਸਰਕਾਰੀ ਇਮਾਰਤਾਂ ਜਿਵੇਂ ਕਿ ਬੈਂਕ, ਅਦਾਲਤ, ਡਾਕ ਘਰ, ਹਸਪਤਾਲ ਆਦਿ ਹੋਣ ਉਹਨਾਂ ਵਿੱਚ ਰੈਂਪ, ਲਿਫਟ, ਰੇਲਿੰਗ ਅਤੇ ਵ੍ਹੀਲ ਚੇਅਰ ਆਦਿ ਦੀ ਵਿਵਸਥਾ ਨਾ ਹੋਣਾ ਦਿਵਿਆਂਗ ਵਿਅਕਤੀਆਂ ਲਈ ਵੱਖ ਵੱਖ ਥਾਵਾਂ ਤੇ ਪਹੁੰਚ ਸਬੰਧੀ ਬਹੁਤ ਵੱਡੀ ਚੁਣੌਤੀ ਹੈ। ਇਥੋਂ ਤੱਕ ਕਿ ਇਤਿਹਾਸਕ ਇਮਾਰਤਾਂ, ਮੰਦਿਰ, ਗੁਰਦੁਆਰਿਆਂ ਆਦਿ ਧਾਰਮਿਕ ਸਥਾਨਾਂ ਅਤੇ ਆਮ ਦੁਕਾਨਾਂ ਵਿੱਚ ਵੀ ਉਹਨਾਂ ਦੀ ਪਹੁੰਚ ਬਹੁਤ ਮੁਸ਼ਕਿਲ ਹੁੰਦੀ ਹੈ ਕਿਉਂਕਿ ਹਰ ਜਗ੍ਹਾ ਰੈਂਪ ਆਦਿ ਦੀ ਵਿਵਸਥਾ ਨਹੀਂ ਕੀਤੀ ਗਈ ਹੈ। ਦਿਵਿਆਂਗ ਵਿਅਕਤੀ ਦੀ ਰੋਜ਼ਾਨਾ ਦੀ ਜ਼ਿੰਦਗੀ ਦੀ ਇਹ ਬਹੁਤ ਵੱਡੀ ਚੁਣੌਤੀ ਹੈ।
*5. ਦਿਵਿਆਂਗਤਾ ਸਬੰਧੀ ਸਹੀ ਅੰਕੜਿਆਂ ਅਤੇ ਡੇਟਾ ਦੀ ਘਾਟ*- ਦਿਵਿਆਂਗ ਲੋਕਾਂ ਸਬੰਧੀ ਸਹੀ ਅੰਕੜੇ ਸਰਕਾਰ ਤੱਕ ਨਹੀਂ ਪਹੁੰਚਦੇ ਜਿਸ ਕਾਰਣ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਤੋਂ ਬਹੁਤ ਸਾਰੇ ਦਿਵਿਆਂਗ ਵਿਅਕਤੀ ਵਾਂਝੇ ਰਹਿ ਜਾਂਦੇ ਹਨ। ਜਿੰਨੀ ਦੇਰ ਤੱਕ ਦਿਵਿਆਂਗ ਵਿਅਕਤੀਆਂ ਸਬੰਧੀ ਸਹੀ ਡੇਟਾ ਅਤੇ ਅੰਕੜੇ ਉਪਲਬਧ ਨਹੀਂ ਹੋਣਗੇ ਉਸ ਸਮੇਂ ਤੱਕ ਦਿਵਿਆਂਗ ਵਿਅਕਤੀਆਂ ਦੀ ਸੰਭਾਲ ਅਤੇ ਲੋੜਾਂ ਦੀ ਪੂਰਤੀ ਹਿੱਤ ਰਾਜ ਤੇ ਕੇਂਦਰ ਸਰਕਾਰਾਂ ਕੁਝ ਨਹੀਂ ਕਰ ਸਕਣਗੀਆਂ।
*6 ਗਰੀਬੀ ਜਾਂ ਆਰਥਿਕ ਸੰਕਟ*- ਦਿਵਿਆਂਗ ਵਿਅਕਤੀਆਂ ਦੇ ਪਰਿਵਾਰਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਪਰਿਵਾਰਾਂ ਉੱਤੇ ਦਿਵਿਆਂਗ ਵਿਅਕਤੀਆਂ ਦੀ ਸਿਹਤ ਸੰਭਾਲ, ਸਿੱਖਿਆ, ਸਹਾਇਕ ਸਮਗਰੀ ਦੀ ਉਪਲਬਧਤਾ ਅਤੇ ਆਵਾਜਾਈ ਸਾਧਨਾਂ ਉੱਤੇ ਬਹੁਤ ਖਰਚਾ ਹੁੰਦਾ ਹੈ। ਕਰੀਬ 80 ਪ੍ਰਤੀਸ਼ਤ ਦਿਵਿਆਂਗ ਜਿਆਦਾ ਪੜ ਲਿਖ ਨਹੀਂ ਪਾਉਂਦੇ ਜਿਸ ਕਾਰਣ ਉਹ ਆਪਣੇ ਪਰਿਵਾਰ ਦੇ ਉੱਤੇ ਸਾਰੀ ਜਿੰਦਗੀ ਆਰਥਿਕ ਰੂਪ ਵਿੱਚ ਨਿਰਭਰ ਕਰਦੇ ਹਨ ਅਤੇ ਉਹਨਾਂ ਨੂੰ ਜ਼ਿੰਦਗੀ ਭਰ ਗਰੀਬੀ ਦਾ ਸੰਕਟ ਝੱਲਣਾ ਪੈਂਦਾ ਹੈ।
*7 ਜਾਗਰੂਕਤਾ ਦੀ ਕਮੀ*- ਵਿੱਤੀ ਤੌਰ ਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਦਿਵਿਆਂਗ ਵਿਅਕਤੀਆਂ ਤੱਕ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਦਿਵਿਆਂਗ ਵਿਅਕਤੀਆਂ ਦਾ ਪਰਿਵਾਰ ਚਾਹੁੰਦੇ ਹੋਏ ਵੀ ਉਹਨਾਂ ਨੂੰ ਸਿੱਖਿਅਤ ਨਹੀਂ ਕਰ ਪਾਉਂਦਾ ਅਤੇ ਇਸ ਤਰ੍ਹਾਂ ਆਪਣੇ ਹੱਕਾਂ ਪ੍ਰਤੀ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਅਤੇ ਉਹ ਜੀਵਨ ਭਰ ਸੰਘਰਸ਼ ਕਰਦੇ ਰਹਿੰਦੇ ਹਨ।
*8 ਰੁਜ਼ਗਾਰ ਅਸਮਾਨਤਾਵਾਂ*- ਵੱਖ ਵੱਖ ਸਰੀਰਕ ਅਤੇ ਮਾਨਸਿਕ ਦਿਵਿਆਂਗਤਾ ਦੇ ਸ਼ਿਕਾਰ ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਬਹੁਤ ਥੋੜੇ ਹਨ। ਸਿੱਖਿਅਤ ਨਾ ਹੋਣਾ ਉਹਨਾਂ ਦੇ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਪ੍ਰਾਈਵੇਟ ਅਦਾਰਿਆਂ ਵਿੱਚ ਵੀ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਘੱਟ ਦਿੱਤੇ ਜਾਂਦੇ ਹਨ। ਜੇਕਰ ਉਹਨਾਂ ਨੂੰ ਉੱਥੇ ਰੁਜ਼ਗਾਰ ਮਿਲ ਵੀ ਜਾਂਦਾ ਹੈ ਤਾਂ ਸਿਹਤਮੰਦ ਵਿਅਕਤੀਆਂ ਦੇ ਮੁਕਾਬਲੇ ਉਹਨਾਂ ਨੂੰ ਘੱਟ ਸੈਲਰੀ ਤੇ ਕੰਮ ਕਰਨਾ ਪੈਂਦਾ ਹੈ। ਵਰਕ ਪਲੇਸ ਤੇ ਉਹਨਾਂ ਦੇ ਨਾਲ ਭੇਦ ਭਾਵ ਪੂਰਣ ਵਿਵਹਾਰ ਕੀਤਾ ਜਾਂਦਾ ਹੈ। ਕਈ ਵਾਰ ਯੋਗਤਾ ਹੁੰਦੇ ਹੋਏ ਵੀ ਦਿਵਿਆਂਗ ਵਿਅਕਤੀਆਂ ਨੂੰ ਘੱਟ ਸੈਲਰੀ ਤੇ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।
*9 ਸਿਹਤ ਸੰਬੰਧੀ ਸਮੱਸਿਆਵਾਂ*- ਜਿੱਥੇ ਇੱਕ ਸਿਹਤਮੰਦ ਵਿਅਕਤੀ ਆਪਣੀ ਜ਼ਿੰਦਗੀ ਸਕੂਨ ਅਤੇ ਖੁਸ਼ੀ ਨਾਲ ਬਿਤਾ ਸਕਦਾ ਹੈ ਉੱਥੇ ਹੀ ਦਿਵਿਆਂਗ ਵਿਅਕਤੀ ਬਹੁਤ ਸਾਰੀਆਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਹਰ ਪਲ ਜੂਝ ਰਿਹਾ ਹੁੰਦਾ ਹੈ। ਸਰੀਰਕ, ਮਾਨਸਿਕ ਜਾਂ ਬੌਧਿਕ ਅਸਮਰਥਤਾ ਦਾ ਸਾਹਮਣਾ ਕਰ ਰਹੇ ਵਿਅਕਤੀ ਵਿੱਚ ਆਤਮ ਵਿਸ਼ਵਾਸ ਦੀ ਵੀ ਕਮੀ ਹੋ ਜਾਂਦੀ ਹੈ। ਸਿਹਤ ਸਬੰਧੀ ਸਮੱਸਿਆਵਾਂ ਉਸ ਨੂੰ ਅੱਗੇ ਵੱਧਣ ਤੋਂ ਰੋਕਦੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਵੀ ਦਿਵਿਆਂਗ ਵਿਅਕਤੀਆਂ ਨੂੰ ਸਿਹਤ ਸਬੰਧੀ ਸੁਵਿਧਾਵਾਂ ਸਮੇਂ ਸਿਰ ਨਹੀਂ ਪ੍ਰਦਾਨ ਕੀਤੀਆਂ ਜਾਂਦੀਆਂ। ਇਸ ਕਰਕੇ ਇੱਕ ਖੁਸ਼ਹਾਲ ਜ਼ਿੰਦਗੀ ਗੁਜ਼ਾਰਨ ਵਿੱਚ ਇਹ ਸਭ ਤੋਂ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਉਂਦੀ ਹੈ।
*10 ਸਬੰਧਤ ਸਹਾਇਕ ਟੈਕਨੋਲੋਜੀ ਦੀ ਘਾਟ*- ਅੱਜ ਦਾ ਯੁਗ ਤਕਨਾਲੋਜੀ ਦਾ ਯੁੱਗ ਹੈ। ਅੱਜ ਦੇ ਸਮੇਂ ਵਿੱਚ ਮੈਟਰੋਪੋਲਿਟਨ ਸ਼ਹਿਰਾਂ ਵਿੱਚ ਅਗਾਂਹ ਵਧੂ ਤਕਨਾਲੋਜੀ ਨੇ ਲੋਕਾਂ ਦੀ ਜ਼ਿੰਦਗੀ ਬਹੁਤ ਆਸਾਨ ਬਣਾ ਦਿੱਤੀ ਹੈ। ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਰਹਿਣ ਵਾਲੇ ਦਿਵਿਆਂਗ ਵਿਅਕਤੀਆਂ ਤੱਕ ਸਹਾਇਕ ਤਕਨਾਲੋਜੀ ਦੀਆਂ ਸੁਵਿਧਾਵਾਂ ਨਹੀਂ ਪਹੁੰਚਦੀਆਂ। ਵਿਕਸਿਤ ਦੇਸ਼ਾਂ ਵਿੱਚ ਭਾਵੇਂ ਦਿਵਿਆਂਗ ਵਿਅਕਤੀਆਂ ਦਾ ਜੀਵਨ ਪੱਧਰ ਅਵਿਕਸਤ ਦੇਸ਼ਾਂ ਵਿੱਚ ਰਹਿਣ ਵਾਲੇ ਦਿਵਿਆਂਗ ਵਿਅਕਤੀਆਂ ਨਾਲੋਂ ਵਧੇਰੇ ਚੰਗਾ ਹੁੰਦਾ ਹੈ ਕਿਉਂਕਿ ਉਹ ਆਧੁਨਿਕ ਤਕਨਾਲੋਜੀ ਦਾ ਇਸਤੇਮਾਲ ਘਰਾਂ, ਦਫਤਰਾਂ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਕਰਦੇ ਹਨ ਪਰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਸਹਾਇਕ ਤਕਨਾਲੋਜੀ ਦੇ ਨਵੇਂ ਉਪਕਰਣ ਜਿਵੇਂ ਕਿ ਸਮੂਹ ਸਕੂਲਾਂ ਵਿੱਚ ਬਰੇਲ ਲਿਪੀ ਨਾਲ ਸੰਬੰਧਿਤ ਅਧਿਐਨ ਸਮੱਗਰੀ, ਮੋਟਰਾਈਜਡ ਵ੍ਹੀਲ ਚੇਅਰ ਦੀ ਉਪਲਬਧਤਾ, ਹੀਅਰਿੰਗ ਏਡਸ ਆਦਿ ਹਰ ਪਿੰਡ ਅਤੇ ਸ਼ਹਿਰ ਵਿੱਚ ਮਿਲਨੇ ਸੰਭਵ ਨਹੀਂ ਹਨ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਨਵੀਂ ਤਕਨਾਲੋਜੀ ਦੀ ਘਾਟ ਕਾਰਣ ਦਿਵਿਆਂਗ ਵਿਅਕਤੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
*11 ਸਮਾਜ ਵਿੱਚ ਲੋਕਾਂ ਦੀ ਨਕਾਰਾਤਮਕ ਸੋਚ ਅਤੇ ਰਵਈਆ*- ਦਿਵਿਆਂਗ ਵਿਅਕਤੀਆਂ ਪ੍ਰਤੀ ਲੋਕਾਂ ਦੀ ਨਕਾਰਾਤਮਕ ਸੋਚ ਅਤੇ ਉਹਨਾਂ ਦਾ ਦਿਵਿਆਂਗ ਵਿਅਕਤੀਆਂ ਲਈ ਨਫਰਤ ਭਰਿਆ ਜਾਂ ਅਪਮਾਨ ਵਾਲਾ ਰਵਈਆ ਦਿਵਿਆਂਗਾਂ ਦੇ ਜੀਵਨ ਵਿੱਚ ਤਣਾਅ ਪੂਰਣ ਸਥਿਤੀ ਬਣਾਈ ਰੱਖਦਾ ਹੈ ਅਤੇ ਉਹਨਾਂ ਦੇ ਸਰਬ ਪੱਖੀ ਵਿਕਾਸ ਵਿੱਚ ਰੁਕਾਵਟਾਂ ਪੇਸ਼ ਕਰਦਾ ਰਹਿੰਦਾ ਹੈ। ਸਮਾਜ ਵਿੱਚ ਦਿਵਿਆਂਗ ਲੋਕਾਂ ਨੂੰ ਉਹਨਾਂ ਦੀ ਦਿਵਿਆਂਗਤਾ ਨਾਲ ਖੁਸ਼ੀ ਖੁਸ਼ੀ ਸਵੀਕਾਰ ਨਹੀਂ ਕੀਤਾ ਜਾਂਦਾ। ਕਈ ਥਾਂ ਤੇ ਦਿਵਿਆਂਗਾਂ ਵਿਰੁੱਧ ਸਰੀਰਕ ਅਤੇ ਯੌਨ ਸ਼ੋਸ਼ਣ ਦੇ ਅਪਰਾਧ ਸਾਹਮਣੇ ਆਉਂਦੇ ਹਨ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।
*12 ਸੰਚਾਰ ਰੁਕਾਵਟਾਂ*- ਕਈ ਦਿਵਿਆਂਗ ਵਿਅਕਤੀ ਜਿਹਨਾਂ ਨੂੰ ਸੁਣਨ, ਬੋਲਣ, ਲਿਖਣ ਜਾਂ ਸਮਝਣ ਵਿੱਚ ਸਮੱਸਿਆ ਪੇਸ਼ ਆਉਂਦੀ ਹੈ ਉਹਨਾਂ ਲਈ ਆਪਣੇ ਮਨੋਭਾਵ ਅਤੇ ਜਰੂਰਤਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਵਿੱਚ ਅਸਮਰਥ ਰਹਿੰਦੇ ਹਨ।
ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਦਿਵਿਆਂਗ ਵਿਅਕਤੀਆਂ ਦਾ ਜੀਵਨ ਹੀ ਇੱਕ ਚੁਣੌਤੀ ਹੈ। ਸਮਾਜ ਵਿੱਚ ਸਵੈ ਮਾਣ ਨਾਲ ਜ਼ਿੰਦਗੀ ਬਿਤਾਉਣ ਲਈ ਉਹਨਾਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਵਿਅਕਤੀ ਇਹਨਾਂ ਮੁਸ਼ਕਿਲਾਂ ਵਿੱਚ ਆਪਣੇ ਮਨ ਦਾ ਸੰਤੁਲਨ ਨਹੀਂ ਗੁਆਉਂਦੇ ਉਹ ਦਿਵਿਆਂਗ ਹੁੰਦੇ ਹੋਏ ਵੀ ਕੁਝ ਅਲੌਕਿਕ ਜਾਂ ਅਨੋਖਾ ਕੰਮ ਕਰ ਗੁਜ਼ਰਦੇ ਹਨ ਅਤੇ ਦੁਨੀਆ ਵਾਸਤੇ ਪ੍ਰੇਰਣਾ ਸਰੋਤ ਬਣ ਜਾਂਦੇ ਹਨ ਜਦਕਿ ਚੁਣੌਤੀਆਂ ਤੋਂ ਹਾਰ ਮੰਨ ਜਾਣ ਵਾਲੇ ਵਿਅਕਤੀ ਨਿਰਾਸ਼ ਹੋ ਜਾਂਦੇ ਹਨ ਅਤੇ ਕਦੇ ਕਦੇ ਆਤਮ ਹੱਤਿਆ ਵਰਗੇ ਘਿਣਾਉਣੇ ਕਦਮ ਵੀ ਚੁੱਕ ਲੈਂਦੇ ਹਨ। ਇਸ ਲਈ ਪਰਿਵਾਰ, ਸਮਾਜ ਅਤੇ ਸਰਕਾਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਬਣ ਜਾਂਦੀ ਹੈ ਕਿ ਉਹ ਦਿਵਿਆਂਗ ਵਿਅਕਤੀ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਦਾ ਸੁਖਾਲਾ ਹੱਲ ਕੱਢਣ ਅਤੇ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਕੇ ਦੇਸ਼ ਅਤੇ ਸਮਾਜ ਲਈ ਉਪਯੋਗੀ ਭੂਮਿਕਾ ਨਿਭਾਉਣ ਵਿੱਚ ਮਦਦ ਕਰਨ।
*ਪੂਜਾ ਸ਼ਰਮਾ*
*ਸਟੇਟ ਅਵਾਰਡੀ ਅੰਗਰੇਜ਼ੀ ਲੈਕਚਰਾਰ ਨਵਾਂ ਸ਼ਹਿਰ*