ਵਿਕਲਾਂਗ ਵਿਅਕਤੀ ਦੀ ਜ਼ਿੰਦਗੀ ਵਿੱਚ ਸਮਾਜ ਦੀ ਭੂਮਿਕਾ - ਪੂਜਾ ਸ਼ਰਮਾ

ਮਨੁੱਖ ਸਮਾਜ ਦਾ ਅਨਿੱਖੜਵਾਂ ਅੰਗ ਹੈ। ਉਹ ਸਮਾਜ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦਾ। ਸਮਾਜ ਵਿੱਚ ਹੀ ਉਸ ਦਾ ਜਨਮ ਹੁੰਦਾ ਹੈ ਅਤੇ ਉਹ ਆਪਣਾ ਸਾਰਾ ਜੀਵਨ ਸਮਾਜ ਵਿੱਚ ਹੀ ਬਤੀਤ ਕਰਦਾ ਹੈ। ਮਹਾਨ ਗਰੀਕ ਦਾਰਸ਼ਨਿਕ ਅਰਸਤੂ ਦੇ ਸ਼ਬਦਾਂ ਵਿਚ, "ਮਨੁੱਖ ਇਕ ਸਮਾਜਿਕ ਪ੍ਰਾਣੀ ਹੈ।" ਇਸ ਲਈ ਸਮਾਜ ਦਾ ਮਨੁੱਖ ਦੀ ਜਿੰਦਗੀ ਵਿੱਚ ਬਹੁਤ ਮਹੱਤਵ ਹੈ।
ਸਮਾਜ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ‘ਸੁਸਾਇਟੀ’ ਦਾ ਸਮਾਨਾਰਥੀ ਹੈ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ ‘ਸੋਸੀਅਸ’ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਮਿੱਤਰਤਾ ਹੈਂ ਇੱਥੇ ਮਿੱਤਰਤਾ ਤੋਂ ਭਾਵ ਸਮਾਜਿਕਤਾ ਤੋਂ ਹੈ ਜੋ ਇਹ ਦੱਸਦੀ ਹੈ ਕਿ ਮਨੁੱਖ ਹਮੇਸ਼ਾ ਸਾਥ ਵਿੱਚ ਹੀ ਰਹਿੰਦਾ ਹੈ। ਅਸੀਂ ਸਮਾਜ ਨੂੰ ਇਕ ਨਿਸਚਿਤ ਖੇਤਰ, ਇਕ ਸਮਾਜਿਕ ਸੰਰਚਨਾ ਅਤੇ ਸੱਭਿਆਚਾਰ ਨਾਲ ਸੰਬੰਧਤ ਵਿਅਕਤੀਆਂ ਦਾ ਸਮੂਹ ਵੀ ਕਹਿ ਸਕਦੇ ਹਾਂ। ਸਮਾਜ ਵਿੱਚ ਕਈ ਸੰਸਥਾਵਾਂ ਨਾਲ ਮਿਲਕੇ ਵਿਵਸਥਾ ਪ੍ਰਣਾਲੀ ਬਣਦੀ ਹੈ ਜੋ ਇਕ ਦੂਸਰੇ ਦੇ ਸਹਿਯੋਗ ਨਾਲ ਕੰਮ ਕਰਦੀ ਹੈ।
ਮੈਰਿਸ ਜਿਨਸ ਬਰਗ ਦੇ ਅਨੁਸਾਰ,  “ਸਮਾਜ ਵਿਅਕਤੀਆਂ ਦਾ ਇਕ ਅਜਿਹਾ ਇਕੱਠ ਹੈ ਜੋ ਸੰਬੰਧਾਂ ਅਤੇ ਵਿਵਹਾਰਾਂ ਦੁਆਰਾ ਇਕ ਦੂਜੇ ਨਾਲ ਸਬੰਧਤ ਹੈ।“ ਸਮਾਜ ਦੇ ਮੈਂਬਰ ਭਿੰਨਤਾਵਾਂ ਤੇ ਧਿਆਨ ਦਿੱਤੇ ਬਿਨਾਂ ਸਮਾਜ ਦੀਆਂ ਸੰਸਥਾਵਾਂ ਨੂੰ ਸੰਚਾਲਿਤ ਕਰਨ ਲਈ ਸਹਿਯੋਗ ਕਰਦੇ ਹਨ। ਸਮਾਜ ਕੇਵਲ ਵਿਅਕਤੀ ਦੀਆਂ ਗਤੀਵਿਧੀਆਂ ਨੂੰ ਹੀ ਨਿਯੰਤਰਿਤ ਨਹੀਂ ਕਰਦਾ ਸਗੋਂ ਇਕ ਵਿਅਕਤੀ ਦੀ ਪਹਿਚਾਣ, ਵਿਚਾਰ ਅਤੇ ਭਾਵਨਾਵਾਂ ਨੂੰ ਵੀ ਆਕਾਰ ਦਿੰਦਾ ਹੈ। ਇਸ ਲਈ ਵਿਅਕਤੀ ਦੀ ਭਾਵਨਾਤਮਕ ਵਿਚਾਰਸ਼ੀਲਤਾ, ਬੌਧਿਕ ਪਰਿਪੱਕਤਾ ਅਤੇ ਆਤਮ-ਨਿਰਭਰਤਾ ਸਮਾਜ ਵਿੱਚ ਹੀ ਸੰਭਵ ਹੈ।
ਵਿਕਲਾਂਗ ਮਨੁੱਖ ਸਮਾਜ ਦਾ ਅਭਿੰਨ ਅੰਗ ਹੁੰਦੇ ਹਨ। ਉਹਨਾਂ ਦਾ ਜਨਮ ਸਮਾਜ ਵਿੱਚ ਹੀ ਹੁੰਦਾ ਹੈ ਅਤੇ ਜਨਮ ਤੋਂ ਮੌਤ ਤੱਕ ਉਹ ਸਮਾਜ ਦਾ ਹਿੱਸਾ ਬਣ ਕੇ ਹੀ ਜਿਉਂਦੇ ਹਨ। ਜੇਕਰ ਇੱਕ ਵਿਕਲਾਂਗ ਵਿਅਕਤੀ ਦੇ ਸਮਾਜ ਪ੍ਰਤੀ ਕੁਝ ਕਰਤੱਵ ਹਨ ਤਾਂ ਸਮਾਜ ਦੀ ਇਕ ਵਿਕਲਾਂਗ ਵਿਅਕਤੀ ਦੇ ਜੀਵਨ ਨੂੰ ਸੁਆਰਨ ਅਤੇ ਉਸ ਨੂੰ ਸਹੀ ਸੇਧ ਪ੍ਰਦਾਨ ਕਰਨ ਦੀ ਅਹਿਮ ਜਿੰਮੇਦਾਰੀ ਬਣਦੀ ਹੈ। ਆਓ ਅਸੀਂ ਦੇਖਦੇ ਹਾਂ ਕਿ ਸਮਾਜ ਕਿਸ ਤਰ੍ਹਾਂ ਇੱਕ ਵਿਕਲਾਂਗ ਵਿਅਕਤੀ ਦੀ ਜਿੰਦਗੀ ਵਿਚ ਆਪਣੀ ਸਕਾਰਾਤਮਕ ਭੂਮਿਕਾ ਨਿਭਾਉਂਦਾ ਹੈ।
1.    ਜਿਊਣ ਦੀ ਕਲਾ ਸਿਖਾਉਣਾ- ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇੱਕ ਵਿਕਲਾਂਗ ਵਿਅਕਤੀ ਨੂੰ ਸਮਾਜ ਵਿੱਚ ਕਈ ਵਾਰ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਸਮਾਜ ਉਸ ਪ੍ਰਤੀ ਆਪਣੀ ਜ਼ਿਮੇਂਦਾਰੀ ਠੀਕ ਤਰੀਕੇ ਨਾਲ ਨਿਭਾਵੇ ਤਾਂ  ਉਹ ਇੱਕ ਵਿਕਲਾਂਗ ਮਨੁੱਖ ਨੂੰ ਸਮਾਜ ਵਿੱਚ ਰਹਿ ਕੇ ਆਤਮ ਵਿਸ਼ਵਾਸ ਨਾਲ ਜਿਉਣਾ ਸਿਖਾ ਸਕਦਾ ਹੈ। ਜੀਵਨ ਜਿਉਣਾ ਹਰ ਮਨੁੱਖ ਦਾ ਇੱਕ ਬੁਨਿਆਦੀ ਹੱਕ ਹੈ।   ਇਹ ਸਮਾਜ ਦੀ ਨੈਤਿਕ ਜਿੰਮੇਦਾਰੀ ਬਣਦੀ ਹੈ ਕਿ ਉਹ ਇਕ ਵਿਕਲਾਂਗ ਵਿਅਕਤੀ ਨੂੰ ਸਾਰਥਕ ਜੀਵਨ ਜਿਊਣ ਦੀ ਕਲਾ ਸਿਖਾਵੇ।
2.     ਸ਼ਖਸੀਅਤ ਦਾ ਵਿਕਾਸ- ਸਮਾਜ ਵਿੱਚ ਰਹਿ ਕੇ ਹਰ ਮਨੁੱਖ ਵਿਵਹਾਰ ਦੇ ਤਰੀਕੇ ਸਿੱਖਦਾ ਹੈ। ਇਹ ਪ੍ਰਕਿਰਿਆ ਮਨੁੱਖ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਵਿਕਲਾਂਗ ਮਨੁੱਖ ਦੀ ਸ਼ਖ਼ਸੀਅਤ ਸਮਾਜ ਦੀ ਉਸ ਪ੍ਰਤੀ ਕੀਤੇ ਰਵੱਈਏ ਤੇ ਅਧਾਰਿਤ ਹੁੰਦੀ ਹੈ। ਜੇਕਰ ਸਮਾਜ ਦਾ ਰਵਈਆ ਇਕ ਵਿਕਲਾਂਗ ਪ੍ਰਤੀ ਉਦਾਰਤਾ ਅਤੇ ਸਹਿਯੋਗ ਭਰਿਆ ਹੋਵੇਗਾ ਤਾਂ ਵਿਕਲਾਂਗ ਮਨੁੱਖ ਦੀ ਸ਼ਖ਼ਸੀਅਤ ਵਿਚ ਨਿਖਾਰ ਆਉਂਦਾ ਹੈ ਪਰ ਇਸ ਦੇ ਉਲਟ ਜੇ ਸਮਾਜ ਦਾ ਵਿਵਹਾਰ ਅਪਮਾਨ ਅਤੇ ਨਫਰਤ ਭਰਿਆ ਹੋਵੇ ਤਾਂ ਉਸ ਦੀ ਜਿੰਦਗੀ ਘੋਰ ਹਨੇਰੇ ਵਿਚ ਡੁੱਬ ਜਾਂਦੀ ਹੈ। ਸਮਾਜ ਵਿੱਚ ਰਹਿ ਕੇ ਉਹ ਸਹਿਯੋਗ ਦੀ ਭਾਵਨਾ, ਸਮਾਜ ਅਤੇ ਰਾਸ਼ਟਰ ਪ੍ਰਤੀ ਦੇਸ਼ ਭਗਤੀ ਆਦਿ ਸਿੱਖਦਾ ਹੈ।
3.    ਸਵੈਮਾਣ ਦਾ ਵਿਕਾਸ- ਸਮਾਜ ਦਾ ਵਤੀਰਾ ਇਕ ਵਿਕਲਾਂਗ ਵਿਅਕਤੀ ਦੇ ਜੀਵਨ ਵਿੱਚ ਸਕਾਰਾਤਮਕ ਤੇ ਨਕਾਰਾਤਮਕ ਸਵੈਮਾਣ ਨੂੰ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਦੂਜੇ ਵਿਅਕਤੀਆਂ ਦਾ ਇਕ ਵਿਕਲਾਂਗ ਦਾ ਮਜ਼ਾਕ ਉਡਾਉਣਾ, ਤਾਅਨੇ ਮਾਰਨਾ, ਸਰੀਰਕ ਅਸਮਰਥਤਾ ਨੂੰ ਪੁਰਾਣੇ ਜਨਮ ਦੇ ਬੁਰੇ ਕੰਮ ਦਾ ਨਤੀਜਾ ਕਹਿਣਾ ਉਸ ਦੇ ਆਤਮਵਿਸ਼ਵਾਸ ਦੇ ਨਾਲ- ਨਾਲ ਉਸ ਦੇ ਸਵੈਮਾਣ ਨੂੰ ਵੀ ਚਕਨਾਚੂਰ ਕਰ ਦਿੰਦੇ ਹਨ। ਇਸ ਤਰ੍ਹਾਂ ਉਹ ਸਮਾਜ ਤੋਂ ਆਪਣੇ ਆਪ ਨੂੰ ਦੂਰ ਕਰ ਕੇ ਤਕਲੀਫ਼ ਭਰਿਆ ਜੀਵਨ ਜਿਉਣ ਤੇ ਮਜਬੂਰ ਹੋ ਜਾਂਦਾ ਹੈ। ਪਰ ਜੇ ਸਮਾਜ ਚਾਹੇ ਤਾਂ ਇਕ ਵਿਕਲਾਂਗ ਦੇ ਨਾਲ ਪਿਆਰ ਅਤੇ ਹਮਦਰਦੀ ਭਰਿਆ ਵਿਵਹਾਰ ਕਰਕੇ ਉਸ ਦੇ ਸਵੈਮਾਣ ਨੂੰ ਵਧਾ  ਸਕਦਾ ਹੈ। ਸਮਾਜ ਪ੍ਰਤੀ ਉਸ ਦੇ ਯੋਗਦਾਨ ਦੀ ਪ੍ਰਸੰਸਾ ਕਰਕੇ ਉਸਦੇ ਸਵੈ-ਮਾਣ ਨੂੰ ਵਧਾਇਆ ਜਾ ਸਕਦਾ ਹੈ।
4.     ਸਿੱਖਿਅਤ ਨਾਗਰਿਕ ਦਾ ਨਿਰਮਾਣ- ਵਿਕਲਾਂਗ ਵਿਅਕਤੀ ਆਪਣੀ ਅਤੇ ਦੂਜਿਆਂ ਦੀਆਂ ਪਰਿਸਥਿਤੀਆਂ ਅਤੇ ਭੂਮਿਕਾ ਦੇ ਸੰਬੰਧ ਵਿੱਚ ਸਮਾਜ ਵਿੱਚ ਰਹਿ ਕੇ ਹੀ ਚੇਤੰਨ ਹੋ ਸਕਦਾ ਹੈ। ਸਮਾਜ ਹੀ ਉਸ ਨੂੰ ਇੱਕ ਜਾਗਰੂਕ ਅਤੇ ਸਿੱਖਿਅਤ ਨਾਗਰਿਕ ਦੇ ਰੂਪ ਵਿਚ ਬਣਨ ਵਿੱਚ ਉਸ ਦੀ ਮਦਦ ਕਰਦਾ ਹੈ। ਇਕ ਸਵਸਥ ਵਿਅਕਤੀ ਵਾਂਗ ਉਹ ਵੀ ਆਪਣੀ ਸਰੀਰਕ ਕਮਜ਼ੋਰੀਆਂ ਤੋਂ ਉੱਪਰ ਉੱਠ ਕੇ ਇੱਕ ਵਧੀਆ ਨਾਗਰਿਕ ਦੇ ਤੌਰ ਤੇ ਆਪਣਾ ਕਰਤੱਵ ਨਿਭਾਉਂਦਾ ਹੈ।
5.    ਮੁੱਖ ਧਾਰਾ ਨਾਲ ਜੋੜਨਾ- ਜਿੱਥੇ ਸਕੂਲ ਇਕ ਵਿਕਲਾਂਗ ਵਿਅਕਤੀ ਨੂੰ ਸਮਾਜ ਨਾਲ ਜੋੜਨ ਦਾ ਕੰਮ ਕਰਦਾ ਹੈ ਉਥੇ ਸਮਾਜ ਉਸ ਵਿਅਕਤੀ ਦੇ ਕੌਸ਼ਲ ਜਾਂ ਗੁਣਾਂ ਦੀ ਪਰਖ ਕਰਕੇ ਉਸ ਨੂੰ ਮੁੱਖ ਧਾਰਾ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸਮਾਜ ਵਿਚ ਉਸ ਦੀ ਹੋਂਦ ਨੂੰ ਸਵੀਕਾਰ ਕੀਤਾ ਜਾਂਦਾ ਹੈ ਤਾਂ ਉਹ ਖੁਦ ਨੂੰ ਦੂਸਰੇ ਵਿਅਕਤੀ ਤੋਂ ਭਿੰਨ ਨਹੀਂ ਸਮਝਦਾ ਬਲਕਿ ਸਮਾਜ ਦੀ ਉੱਨਤੀ ਵਿਚ ਸਕਰਾਤਮਕ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰਦਾ ਹੈ।
6.    ਸਮਾਜਿਕ ਵਿਕਾਸ- ਵਿਅਕਤੀ ਇਕ ਜੈਵਿਕ ਇਕਾਈ ਹੀ ਨਹੀਂ ਸਗੋਂ ਇਕ ਸਮਾਜਿਕ ਪ੍ਰਾਣੀ ਵੀ ਹੈ। ਇਕ ਸਮਰੱਥ ਸਮਾਜਿਕ ਜੀਵਨ ਵਿਕਲਾਂਗ ਵਿਅਕਤੀ ਨੂੰ ਨਾ ਸਿਰਫ ਆਪਣੇ ਵਿਅਕਤੀਤਵ ਨੂੰ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਬਲਕਿ ਸਮਾਜ ਦੇ ਨਾਲ ਇਕੱਠੇ ਵਿਚਰਨ ਦਾ ਮੌਕਾ ਵੀ ਦਿੰਦਾ ਹੈ। ਜਾਗਰੂਕ ਸਮਾਜ ਵਿਕਲਾਂਗ ਵਿਅਕਤੀ ਨਾਲ ਭੇਦਭਾਵ ਨਹੀਂ ਕਰਦਾ ਬਲਕਿ ਉਸ ਨੂੰ ਆਪਣੀ ਸਮਰੱਥਾ ਅਨੁਸਾਰ ਸਮਾਜਿਕ ਜੀਵਨ ਜਿਉਣ ਦਾ ਮੌਕਾ ਪ੍ਰਦਾਨ ਕਰਦਾ ਹੈ।
7.    ਸਵੈ ਨਿਰਭਰ ਬਣਨ ਵਿੱਚ ਸਹਿਯੋਗ- ਇੱਕ ਵਧੀਆ ਸਮਾਜ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਿਕਲਾਂਗ ਵਿਅਕਤੀ ਦੇ ਕੌਸ਼ਲ ਅਤੇ ਉਸ ਦੀਆਂ ਯੋਗਤਾਵਾਂ ਦਾ ਸਹੀ ਉਪਯੋਗ  ਕਰ ਕੇ ਉਸ ਨੂੰ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰੇ ਤਾਂ ਕਿ ਉਹ ਖੁਦ ਨੂੰ ਆਪਣੇ ਪਰਿਵਾਰ ਜਾਂ ਸਮਾਜ ਤੇ ਬੋਝ ਨਾ ਸਮਝੇ ਬਲਕਿ ਆਤਮ ਨਿਰਭਰ ਬਣ ਕੇ ਆਪਣਾ ਜੀਵਨ  ਸਵੈਮਾਣ ਨਾਲ ਜੀ ਸਕੇ।
8.    ਸੱਭਿਆਚਾਰਕ ਵਿਕਾਸ- ਸਮਾਜ ਵਿੱਚ ਰਹਿ ਕੇ ਵਿਕਲਾਂਗ ਵਿਅਕਤੀ ਬੱਚਾ ਉਸ ਦੇ ਰੀਤੀ ਰਿਵਾਜ, ਸਮਾਜਿਕ ਕਦਰਾਂ ਕੀਮਤਾਂ ਨੂੰ ਅਪਣਾ ਲੈਂਦਾ ਹੈ ਅਤੇ ਉਸ ਦੀਆਂ ਮਾਨਤਾਵਾਂ, ਦ੍ਰਿਸ਼ਟੀਕੋਣ ਅਤੇ ਵਿਚਾਰ ਉਸ ਨੂੰ ਸਮਾਜ ਅਤੇ ਸਮਾਜ ਦੇ ਦੂਸਰੇ ਮੈਂਬਰਾਂ ਦੇ ਨਾਲ ਸਬੰਧਤ ਕਰਦੇ ਹਨ। ਇਸ ਤਰ੍ਹਾਂ ਸਮਾਜ ਵਿਕਲਾਂਗ ਵਿਅਕਤੀ ਬੱਚੇ ਦੇ ਸੱਭਿਆਚਾਰਕ ਵਿਕਾਸ ਵਿੱਚ ਵੀ ਸਹਾਈ ਹੁੰਦਾ ਹੈ।
ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਵਿਕਲਾਂਗ ਵਿਅਕਤੀ ਦੇ ਜੀਵਨ ਵਿੱਚ ਸਕਰਾਤ੍ਮਕ ਜਾਂ ਨਕਰਾਤਮਿਕ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦਾ ਹੈ। ਸਿਰਜਣਾਤਮਕ ਸਮਾਜ ਇਕ ਵਿਕਲਾਂਗ ਵਿਅਕਤੀ ਨੂੰ ਆਪਣੀ ਸ਼ਖਸੀਅਤ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਜਿਸ ਨਾਲ ਉਸ ਦੀ ਇਕ ਵੱਖਰੀ ਪਛਾਣ, ਸਨਮਾਨ ਭਰੀ ਜ਼ਿੰਦਗੀ ਅਤੇ ਸਾਰਥਕ ਜੀਵਨ ਦਾ ਨਿਰਮਾਣ ਸੰਭਵ ਹੈ। ਆਉ ਅਸੀ ਸਾਰੇ ਮਿਲ ਕੇ ਅਜਿਹੇ ਸਮਾਜ ਦੀ ਸਿਰਜਣਾ ਕਰੀਏ ਹਰ ਮਨੁੱਖ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਸਨਮਾਨ ਭਰਿਆ ਜੀਵਨ ਜਿਉਣ ਦੀ ਆਜ਼ਾਦੀ ਹੋਵੇ।
ਪੂਜਾ ਸ਼ਰਮਾ
ਲੈਕਚਰਾਰ ਅੰਗਰੇਜ਼ੀ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂ ਸ਼ਹਿਰ
ਸ਼ਹੀਦ ਭਗਤ ਸਿੰਘ ਨਗਰ
9914459033