ਪੰਥਕੋ,ਅਕਾਲੀਓ ! ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ,ਪੰਥ ਦਾ ਹਿਰਦਾ ਬੜਾ ਵਿਸ਼ਾਲ ਹੈ ਤੇ ਕੋਮਲ ਵੀ - ਬਘੇਲ ਸਿੰਘ ਧਾਲੀਵਾਲ
ਪੰਜਾਬ ਦੀ ਮਾਂ ਪਾਰਟੀ ਕਿਹਾ ਜਾਣ ਵਾਲਾ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਬਹੁਤ ਗਹਿਰੇ ਸੰਕਟ 'ਚੋਂ ਲੰਘ ਰਿਹਾ ਹੈ | ਇਹਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਿਘਾਰ ਦੀ ਸਿਖ਼ਰ ਦਾ ਸਮਾਂ ਵੀ ਕਹਿ ਲਿਆ ਜਾਵੇ ਤਾਂ ਵੀ ਗਲਤ ਨਹੀ ਹੋਵੇਗਾ | ਸ਼੍ਰੋਮਣੀ ਅਕਾਲੀ ਦਲ ਦੀ ਪਾਣੀ ਤੋਂ ਪਤਲੀ ਹੋਈ ਹਾਲਤ ਤੋਂ ਬਾਅਦ ਪਾਰਟੀ ਵਿੱਚ ਬਗਾਵਤ ਦੇ ਸੁਰ ਉਠਣੇ ਸੁਭਾਵਿਕ ਹੈ,ਕਿਉਂਕਿ ਮਾੜੇ ਸਮਿਆਂ ਵਿੱਚ ਤਾਂ ਚੰਗੇ ਆਗੂਆਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਸਾਥ ਛੱਡ ਜਾਂਦੀਆਂ ਹਨ,ਇਹ ਤਾਂ ਉਸ ਆਗੂ ਦੇ ਸਾਥ ਛੱਡਣ ਦੀ ਗੱਲ ਹੈ,ਜਿਸ ਨੂੰ ਸਮੁੱਚਾ ਪੰਥ ਗੁਨਾਹਗਾਰ ਮੰਨ ਬੈਠਾ ਹੈ | ਸੰਕਟ ਗ੍ਰਸਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਤੋਂ ਬਾਗੀ ਹੋਣ ਵਾਲੇ ਅਕਾਲੀਆਂ ਨੇ ਬਗਾਵਤ ਦਾ ਐਲਾਨ ਕਰ ਦਿੱਤਾ ਹੈ | ਭਾਵੇਂ ਬਾਗੀ ਹੋਏ ਅਕਾਲੀਆਂ 'ਤੇ ਵੀ ਲੋਕ ਛੇਤੀ ਕੀਤੇ ਭਰੋਸਾ ਨਹੀ ਕਰਨਗੇ,ਪਰ ਜਿਸ ਤਰ੍ਹਾਂ ਬਾਗੀ ਧੜੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਕੇ ਹੋਈਆਂ ਗਲਤੀਆਂ ਦੀ ਖਿਮਾ ਜਾਚਨਾ ਕਰਨਗੇ | ਜੇਕਰ ਉਹ ਸੱਚਮੁੱਚ ਹੀ ਇਹ ਮਹਿਸੂਸ ਕਰਦੇ ਹਨ ਅਤੇ ਦਿਲ ਤੋਂ ਮੁਆਫੀ ਮੰਗਣਾ ਚਾਹੁੰਦੇ ਹਨ,ਫਿਰ ਉਹਨਾਂ ਨੂੰ ਕੁੱਝ ਸਫਲਤਾ ਮਿਲਣ ਦੀ ਆਸ ਕੀਤੀ ਜਾ ਸਕਦੀ ਹੈ,ਪਰ ਜੇਕਰ ਉਹ ਮਹਿਜ ਸਿਆਸੀ ਲਾਭ ਲੈਣ ਲਈ ਅਜਿਹਾ ਕਰਨਾ ਚਾਹੁੰਦੇ ਹਨ,ਤਾਂ ਉਹ ਭੁੱਲ ਜਾਣ ਕਿ ਲੋਕ ਉਹਨਾਂ ਤੇ ਭਰੋਸਾ ਕਰ ਲੈਣਗੇ | ਗੁਰੂ ਬੜਾ ਸਮਰੱਥ ਹੈ,ਉਹਨੇ ਹੀ ਪਾਤਸ਼ਾਹੀਆਂ ਦੀ ਬਖਸ਼ਿਸ਼ ਕਰਨੀ ਹੈ ਅਤੇ ਕਰਦਾ ਰਿਹਾ ਹੈ,ਪਰ ਜੇਕਰ ਬਾਗੀ ਧੜਾ ਸੁਖਬੀਰ ਬਾਦਲ ਤੋਂ ਚੌਧਰ ਖੋਹ ਕੇ ਆਪ ਚੌਧਰੀ ਬਨਣ ਤੱਕ ਦੀ ਸੀਮਤ ਰਹਿਣਾ ਚਾਹੁੰਦਾ ਹੈ,ਤਾਂ ਇਹ ਸੰਭਵ ਨਹੀ ਹੋਵੇਗਾ | ਹੁਣ ਜੋ ਵੀ ਫੈਸਲਾ ਉਹਨਾਂ ਨੇ ਲੈਣਾ ਹੈ,ਉਹ ਸੋਚ ਸਮਝ ਕੇ ਇਮਾਨਦਾਰੀ ਨਾਲ ਹੀ ਲੈਣਾ ਪਵੇਗਾ | ਦਿੱਲੀ ਦੀ ਆਸ ਛੱਡ ਕੇ ਪੰਥ ਤੇ ਟੇਕ ਰੱਖਣੀ ਹੋਵੇਗੀ | ਪੰਥਕ ਏਜੰਡੇ ਤੇ ਮੁੜ ਤੋਂ ਪੱਕੇ ਪੈਰੀ ਅੱਗੇ ਵਧਣ ਲਈ ਗੁਰੂ ਸਾਹਿਬ ਤੋ ਹਿੰਮਤ ਹੌਸਲੇ ਦੀ ਬਖਸ਼ਿਸ਼ ਲਈ ਅਰਦਾਸ ਵੀ ਖਿਮਾ ਜਾਚਨਾ ਦੇ ਨਾਲ ਹੀ ਕਰਨੀ ਹੋਵੇਗੀ | ਇਸ ਤੋਂ ਅਗਲਾ ਕਦਮ ਪੰਥਕ ਸੋਚ ਵਾਲੀਆਂ ਸਮੁੱਚੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੇ ਯਤਨ ਵੀ ਕਰਨੇ ਪੈਣਗੇ | ਪੰਜਾਬੀ ਦੀ ਕਹਾਵਤ ਹੈ Tਆਪਣਾ ਮਾਰੂ ਛਾਵੇਂ ਸੁੱਟੂ”, ਦਿੱਲੀ ਵਾਲਿਆਂ ਦੇ ਸਾਹਮਣੇ ਨੱਕ ਰਗੜਨ ਤੋਂ ਤਾਂ ਚੰਗਾ ਹੈ ਕਿ ਆਪਣਿਆਂ ਨੂੰ ਮਿਨਤ ਕਰਕੇ ਵੀ ਨਾਲ ਲੈ ਲਿਆ ਜਾਵੇ | ਪਹਿਲਾਂ ਅਕਸਰ ਅਜਿਹਾ ਹੁੰਦਾ ਰਿਹਾ ਹੈ ਕਿ ਜਦੋਂ ਕਿਸੇ ਚੋਣ ਸਮੇਂ ਏਕੇ ਦੀ ਗੱਲ ਚੱਲਦੀ ਤਾਂ ਬਾਦਲ ਵਿਰੋਧੀ ਧਿਰਾਂ ਵੀ ਆਪਸ ਵਿੱਚ ਇਕੱਠੀਆਂ ਨਹੀ ਸੀ ਹੁੰਦੀਆਂ | ਕੁੱਝ ਧੜੇ ਆਪਣੀ ਹਾਉਮੈ ਅਤੇ ਖੁਦਗਰਜੀਆਂ ਕਰਕੇ ਏਕਾ ਨਹੀ ਸਨ ਕਰਦੇ ਅਤੇ ਕੁੱਝ ਦਿੱਲੀ ਦੀ ਘੁਰਕੀ ਤੋਂ ਡਰਦੇ ਪਿੱਛੇ ਹੱਟ ਜਾਂਦੇ, ਪਰੰਤੂ ਕਹਿੰਦੇ ਸਾਰੇ ਇੱਕੋ ਹੀ ਗੱਲ ਸਨ Tਸਾਡੇ ਵਿੱਚ ਸਿਧਾਂਤਕ ਵਖਰੇਵਿਆਂ ਕਰਕੇ ਏਕਤਾ ਨਹੀ ਹੋ ਸਕੀ” | ਇੱਥੇ ਸਵਾਲ ਉੱਠਦਾ ਹੈ ਭਲਾ ਦਿੱਲੀ ਨਾਲ ਕਿਹੜੀ ਸਿਧਾਂਤਕ ਸਾਂਝ ਹੈ, ਜਿਹੜੀ ਮੁੱਢ ਕਦੀਮੋਂ ਹੀ ਸਿੱਖੀ ਦੀ ਦੁਸ਼ਮਣ ਰਹੀ ਹੈ? ਜਿਸ ਦਿੱਲੀ ਵਾਲਿਆਂ ਦੀ ਨਫ਼ਰਤ ਦਾ ਸ਼ੇਕ ਸਿੱਖਾਂ ਨੂੰ ਹੁਣ ਵੀ ਗਾਹੇ ਬਗਾਹੇ ਲੱਗਦਾ ਰਹਿੰਦਾ ਹੈ, ਉਨ੍ਹਾਂ ਨਾਲ ਹੁਣ ਵੀ ਬਗੈਰ ਸ਼ਰਤ ਤੋਂ ਜਾਣ ਨੂੰ ਤਿਆਰ ਬੈਠੇ ਹੋ | ਦਿੱਲੀ ਦੀ ਸੱਤਾ ਤੇ ਕੋਈ ਵੀ ਧਿਰ ਕਾਬਜ ਹੋਵੇ,ਉਹ ਪੰਜਾਬ ਪ੍ਰਤੀ ਅਤੇ ਖਾਸ ਕਰ ਸਿੱਖਾਂ ਪ੍ਰਤੀ ਚੰਗੀ ਸੋਚ ਰੱਖ ਹੀ ਨਹੀ ਸਕਦੀ | ਦਿੱਲੀ ਦੀ ਨੀਅਤ ਅਤੇ ਨਜ਼ਰੀਆ ਪੰਜਾਬ ਪ੍ਰਤੀ ਕਦੇ ਵੀ ਚੰਗਾ ਨਹੀ ਰਿਹਾ | ਜੇਕਰ ਅਕਾਲੀਆਂ ਨੂੰ ਹੁਣ ਵੀ ਸਮਝ ਨਾ ਆਈ, ਜਦੋਂ ਸਾਰਾ ਕੁੱਝ ਲਗਭਗ ਗੁਆ ਹੀ ਚੁੱਕੇ ਹਨ,ਫਿਰ ਇਸ ਤੋਂ ਬਾਅਦ ਕਦੇ ਵੀ ਨਹੀ ਆਵੇਗੀ | ਇਹ ਚਿੱਟੇ ਦਿਨ ਵਰਗਾ ਸੱਚ ਹੈ ਕਿ ਹੁਣ ਦਾ ਖੁੰਝਿਆ ਵਖਤ ਮੁੜਕੇ ਡਾਹ ਨਹੀ ਦੇਵੇਗਾ | ਇਹ ਕਹਿਣਾ ਕੋਈ ਗਲਤ ਨਹੀ ਕਿ ਇਹਨਾਂ ਪੰਥਕਾਂ ਅਤੇ ਅਕਾਲੀਆਂ ਦੀਆਂ ਗਲਤੀਆਂ ਕਾਰਨ ਪੰਜਾਬ ਅੰਦਰ ਦਿੱਲੀ ਆਪਣੇ ਪੈਰ ਪਸਾਰਨ ਵਿੱਚ ਕਾਮਯਾਬ ਹੋ ਗਈ ਹੈ | ਪਾਣੀ,ਬਿਜਲੀ ਡੈਮਾਂ,ਰਾਜਧਾਨੀ ਚੰਡੀਗੜ ਸਮੇਤ ਪੰਜਾਬੀ ਬੋਲਦੇ ਇਲਾਕੇ ਖੋਹ ਲੈਣ ਤੋਂ ਬਾਅਦ ਜਮੀਨ ਹੜੱਪਣ ਦੀ ਸਾਜਿਸ਼ ਵਿੱਚ ਵੀ ਉਹ ਲਗਭਗ ਕਾਮਯਾਬੀ ਦੇ ਨੇੜੇ ਤੇੜੇ ਹੀ ਖੜੇ ਹਨ | ਅੱਜ ਹਾਲਾਤ ਇਹ ਹਨ ਕਿ ਜੋ ਤਾਕਤਾਂ ਪੰਜਾਬ ਨੂੰ ਅਗਵਾਈ ਦੇ ਰਹੀਆਂ ਹਨ,ਉਨ੍ਹਾਂ ਦਾ ਪੰਥ,ਪੰਜਾਬ ਅਤੇ ਪੰਜਾਬੀਅਤ ਨਾਲ ਦੂਰ ਦਾ ਵੀ ਵਾਸਤਾ ਨਹੀ ਹੈ,ਜਿਹੜੇ ਪੰਜਾਬ ਦੀ ਹੋਂਦ ਨੂੰ ਹੀ ਖਤਮ ਕਰਨ ਦੇ ਮੁੱਦਈ ਹਨ, ਉਹਨਾਂ ਹੱਥ ਬਦਲ ਬਦਲ ਕੇ ਪੰਜਾਬ ਦੀ ਵਾਂਗਡੋਰ ਦਿੱਤੀ ਜਾ ਰਹੀ ਹੈ | ਭਾਵ ਹਉਂਮੈ ਗ੍ਰਸਤ ਆਗੂਆਂ ਦੀ ਬਦੌਲਤ ਦੁੱਧ ਦੀ ਰਾਖੀ ਬਿੱਲਾ ਬੈਠਾ ਦਿੱਤਾ ਹੋਇਆ ਹੈ | ਸਿੱਖ ਪੰਥ ਕੋਲ ਬੁੱਧੀਜੀਵੀਆਂ ਦੀ ਕਮੀ ਨਹੀ, ਨੀਤੀਵਾਨਾਂ ਦੀ ਕਮੀ ਨਹੀ ਹੈ, ਬਹੁਤ ਸਾਰੇ ਤਜੁਰਬੇ ਵਾਲੇ ਅਜਿਹੇ ਬੁੱਧੀਜੀਵੀ ਅਤੇ ਨੀਤੀਵਾਨ ਵੀ ਹਨ,ਜਿਹੜੇ ਪੰਜਾਬ ਦੀ ਬਿਗੜੀ ਸੰਵਾਰਨ ਲਈ ਸੁਚੱਜੇ ਕਾਰਜ ਕਰ ਸਕਦੇ ਹਨ | ਉਨ੍ਹਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ |ਇਨ੍ਹਾਂ ਸੱਤਾ ਦੇ ਲਾਲਚੀਆਂ ਨੂੰ ਅਕਾਲ ਪੁਰਖ ਹੁਣ ਵੀ ਸੋਝੀ ਬਖਸ਼ ਦੇਵੇ, ਤਾਂ ਵੀ Tਡੁੱਲ੍ਹੇ ਬੇਰਾਂ ਦਾ ਅਜੇ ਕੁੱਝ ਨਹੀ ਵਿਗੜਿਆ”' | ਕਹਿੰਦੇ ਹਨ ਕਿ Tਸਵੇਰ ਦਾ ਭੁੱਲਿਆ ਸਾਮ ਨੂੰ ਘਰ ਆ ਜਾਵੇ,ਤਾਂ ਉਹਨੂੰ ਭੁੱਲਿਆ ਨਹੀ ਕਹਿੰਦੇ” |'' ਸੋ ਜੇਕਰ ਹੁਣ ਸੱਚਮੁੱਚ ਆਤਮਾ ਦੀ ਅਵਾਜ ਤੋਂ ਲਾਹਣਤਾਂ ਪੈ ਰਹੀਆਂ ਹਨ, ਜੇਕਰ ਸੱਚਮੁੱਚ ਸੰਜੀਦਾ ਹੋ ਹੀ ਗਏ ਹਨ ਅਤੇ ਜੇਕਰ ਸੱਚਮੁੱਚ ਪਿਛਲੀਆਂ ਗਲਤੀਆਂ ਨੂੰ ਧੋਣਾ ਚਾਹੁੰਦੇ ਹਨ,ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਖਿਮਾ ਜਾਚਨਾ ਕਰਨ ਦੇ ਨਾਲ ਨਾਲ ਜੋ ਜਖਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਤੌਰ ਭਾਗੀਦਾਰ ਇਹਨਾਂ ਆਗੂਆਂ ਨੇ ਦਿੱਤੇ ਹਨ,ਜਿਹੜਾ ਸਿੱਖੀ ਸਿਧਾਂਤਾਂ ਦਾ ਘਾਣ ਕਰਾਉਣ 'ਚ ਭਾਗੀਦਾਰੀ ਨਿਭਾਈ ਹੈ,ਜੋ ਨੁਕਸਾਨ ਸਿੱਖੀ ਦਾ ਕੀਤਾ ਹੈ,ਉਹਦਾ ਸੱਚੇ ਮਨੋਂ ਪਛਚਾਤਾਪ ਕਰਕੇ ਉਹਦੀ ਭਰਪਾਈ ਦੇ ਯਤਨ ਵੀ ਹੁਣੇ ਤੋਂ ਅਰੰਭਣੇ ਹੋਣਗੇ | ਸਾਰੇ ਧੜਿਆਂ ਨਾਲ ਗਿਲੇ ਸ਼ਿਕਵੇ ਦੂਰ ਕਰਕੇ ਸਭ ਤੋਂ ਪਹਿਲਾਂ ਸ੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲ ਧਿਆਨ ਦੇਣਾ ਹੋਵੇਗਾ,ਫਿਰ ਹੀ ਅੱਗੇ ਤੁਰਨ ਬਾਰੇ ਸੋਚਿਆ ਜਾ ਸਕਦਾ ਹੈ | ਸ੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਕਮੇਟੀ ਦਾ ਇਜਲਾਸ ਬੁਲਾ ਕੇ ਪ੍ਰਧਾਨ ਦੀ ਚੋਣ ਕਰਵਾਉਣੀ ਚਾਹੀਦੀ ਹੈ,ਇਹ ਸੇਵਾ ਵੀ ਕਿਸੇ ਅਜਿਹੇ ਗੁਰਸਿੱਖ ਨੂੰ ਸੌਪਣੀ ਚਾਹੀਦੀ ਹੈ,ਜੀਹਦੇ ਅੰਦਰ ਸਿੱਖ ਭਾਵਨਾਵਾਂ ਦੀ ਚੋਭ ਪੈ ਰਹੀ ਹੋਵੇ | ਕਿਉਂਕਿ ਇਹ ਵੀ ਅੰਦਰਲੀਆਂ ਖਬਰਾਂ ਹਨ ਕਿ ਅਜਿਹਾ ਕਰਨ ਜੋਗੇ ਸ੍ਰੋਮਣੀ ਕਮੇਟੀ ਮੈਬਰਾਂ ਦੀ ਹਮਾਇਤ ਵੀ ਉਪਰੋਕਤ ਬਾਗੀ ਧੜੇ ਨੂੰ ਮਿਲ ਰਹੀ ਹੈ | ਉਸ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਾਰੇ ਤਖਤਾਂ ਦੇ ਜਥੇਦਾਰਾਂ ਲਈ ਪੰਥਕ ਰਹੁ ਰੀਤਾਂ ਅਨੁਸਾਰ ਵਿਧੀ ਵਿਧਾਨ ਬਨਾਉਣਾ ਹੋਵੇਗਾ | ਮੌਜੂਦਾ ਜਥੇਦਾਰਾਂ ਨੂੰ ਹਟਾ ਕੇ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਜਥੇਦਾਰਾਂ ਨੂੰ ਤਖਤ ਸਾਹਿਬਾਨਾਂ ਦੀ ਸੇਵਾ ਸੌਪਣੀ ਹੋਵੇਗੀ | ਸਮਾਂ ਸੀਮਾ ਤਹਿ ਕਰਨੀ ਹੋਵੇਗੀ | ਸ੍ਰੋਮਣੀ ਕਮੇਟੀ ਇਹ ਮਤਾ ਪਾਸ ਕਰੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਮੁੱਚੇ ਪੰਥ ਦੀ ਮਰਜੀ ਤੋ ਬਗੈਰ ਸ੍ਰੋਮਣੀ ਕਮੇਟੀ ਆਪਣੀ ਮਰਜੀ ਨਾਲ ਆਹੁਦੇ ਤੋ ਹਟਾ ਨਹੀ ਸਕੇਗੀ | ਭਾਵ ਜਥੇਦਾਰ ਸਹਿਬਾਨ ਦਾ ਰੁਤਬਾ ਅਸਲ ਅਰਥਾਂ ਵਿੱਚ ਸਰਬ ਉੱਚ ਹੋਵੇਗਾ |ਇਸਤਰਾਂ ਕਰਨ ਨਾਲ ਗੁਰੂ ਆਸ਼ੇ ਅਨੁਸਾਰ ਸਿੱਖ ਰਾਜਨੀਤੀ 'ਤੇ ਧਰਮ ਦਾ ਕੁੰਡਾ ਲੱਗ ਜਾਵੇਗਾ,ਜਿਸ ਨਾਲ ਸਿੱਖੀ ਸਿਧਾਂਤ ਹੋਰ ਪਰਪੱਕ ਹੋਣਗੇ ਅਤੇ ਸਿੱਖੀ ਦਾ ਬੋਲਬਾਲਾ ਹੋਵੇਗਾ |ਸਿੱਖ ਸਿਆਸਤ ਗਿਰਾਵਟ ਤੋ ਬਚੇਗੀ ਅਤੇ ਸਿੱਖ ਅਵਾਮ ਅੰਦਰ ਭਰੋਸਾ ਵੀ ਬਣ ਜਾਵੇਗਾ | ਅਗਲਾ ਕੰਮ ਡਿਬਰੂਗੜ ਦੇ ਸਿੱਖ ਬੰਦੀਆਂ ਸਮੇਤ ਤੀਹ ਤੀਹ ਸਾਲਾਂ ਤੋ ਜੇਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੀ ਰਣਨੀਤੀ ਬਣਾਉਣੀ ਹੋਵੇਗੀ | ਉਸ ਤੋ ਉਪਰੰਤ ਸੂਬੇ ਨੂੰ ਵੱਧ ਅਧਿਕਾਰਾਂ ਸਮੇਤ ਬਾਕੀ ਮੁੱਦੇ ਹੋਣਗੇ। ਜੇਕਰ ਅਜਿਹਾ ਕਦਮ ਪੁੱਟਣ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ ਗਈ,ਫਿਰ ਸਮਝਿਆ ਜਾਵੇਗਾ ਕਿ ਅਜੇ ਵੀ ਆਪਣੇ ਗੁਰੂ ਪ੍ਰਤੀ ਵਫਾਦਾਰੀ ਨਹੀਂ ਹੈ,ਜਦੋਂ ਗੁਰੂ ਪ੍ਰਤੀ ਵਫਾਦਾਰੀ ਨਹੀ ਹੋਵੇਗੀ,ਫਿਰ ਪੰਥ ਨਾਲ ਵਫਾਦਾਰੀ ਦੀ ਆਸ ਵੀ ਨਹੀ ਕੀਤੀ ਜਾ ਸਕੇਗੀ | ਭਾਵੇਂ ਬਾਗੀ ਹੋਏ ਅਕਾਲੀ ਧੜੇ ਤੋਂ ਇਮਾਨਦਾਰੀ ਦੀ ਬਹੁਤੀ ਆਸ ਕੀਤੀ ਵੀ ਨਹੀ ਜਾ ਸਕਦੀ,ਕਿਉਂਕਿ ਇਸ ਧੜੇ ਵਿੱਚ ਕੁੱਝ ਆਗੂ ਅਜਿਹੇ ਵੀ ਹਨ,ਜਿਹੜੇ ਦਿੱਲੀ ਦੇ ਇਸ਼ਾਰੇ ਨਾਲ ਹੀ ਰਾਜਨੀਤੀ ਕਰਦੇ ਹਨ ਅਤੇ ਉਹਨਾਂ ਤੇ ਹੀ ਟੇਕ ਰੱਖਦੇ ਹਨ | ਲੰਮਾ ਸਮਾਂ ਦਿੱਲੀ ਵਾਲੀਆਂ ਤਾਕਤਾਂ ਦੇ ਹੇਠਾਂ ਲੱਗ ਕੇ ਚੱਲਣ ਕਰਕੇ ਉਪਰੋਕਤ ਆਗੂਆਂ ਵਿੱਚੋਂ ਆਤਮ ਵਿਸਵਾਸ ਲਗਭਗ ਖਤਮ ਹੋਣ ਵਰਗਾ ਹੈ | ਪਰ ਗੁਰੂ ਸਾਹਿਬ ਸਮਰੱਥ ਹਨ,ਹੋ ਸਕਦਾ ਹੈ,ਕਿ ਸਮੁੱਚੇ ਸਿੱਖ ਆਗੂਆਂ ਨੂੰ ਸੁਮੱਤ ਅਤੇ ਤਾਕਤ ਬਖਸ਼ ਦੇਣ ਤਾਂ ਸਿੱਖ ਸਿਆਸਤ ਦੇ ਸਮੀਕਰਨ ਪੂਰੀ ਤਰਾਂ ਬਦਲ ਸਕਦੇ ਹਨ | ਮੈਂ ਨਿੱਜੀ ਤੌਰ ਤੇ ਵੀ ਇਹ ਹੀ ਸਲਾਹ ਦੇਵਾਂਗਾ ਕਿ ਤੁਸੀ ਸਾਰਿਆਂ ਨੇ ਸਿੱਖੀ ਸਿਧਾਂਤਾਂ ਨੂੰ ਅਣਗੌਲਿਆ ਕਰਕੇ ਜਾਂ ਇਹ ਕਹਿ ਲਿਆ ਜਾਵੇ ਕਿ ਸਿੱਖੀ ਸਿਧਾਂਤਾਂ ਦਾ ਘਾਣ ਕਰਵਾ ਕੇ ਲੰਮਾ ਸਮਾਂ ਸੱਤਾ ਦਾ ਸੁੱਖ ਮਾਣ ਲਿਆ ਹੈ | ਹੁਣ ਆਪਣੇ ਗੁਨਾਹਾਂ ਦੀ ਸਜ਼ਾ ਸਮਝ ਕੇ ਹੀ ਬਾਕੀ ਜਿੰਦਗੀ ਪੰਥ ਦੇ ਲੇਖੇ ਲਾ ਦਿੱਤੀ ਜਾਵੇ,ਭਾਵ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਜਾਵੇ | ਸੋ ਅਖੀਰ ਵਿੱਚ ਇਹ ਆਸ ਅਤੇ ਅਰਦਾਸ ਹੀ ਕੀਤੀ ਜਾਣੀ ਬਣਦੀ ਹੈ ਕਿ ਅਕਾਲ ਪੁਰਖ ਜਰੂਰ ਬਹੁੜੀ ਕਰੇਗਾ ਅਤੇ ਪੰਥ ਦੇ ਹਨੇਰੇ ਰਾਹਾਂ ਵਿੱਚ ਮੁੜ ਚਾਨਣ ਦਾ ਪਸਾਰਾ ਹੋਵੇਗਾ,ਪੰਥ ਦੀ ਚੜ੍ਹਦੀ ਕਲਾ ਹੋਵੇਗੀ