ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਮਹਾਰਾਜਾ ਰਣਜੀਤ ਸਿੰਘ ਜੋ ਸ਼ੇਰ-ਏ-ਪੰਜਾਬ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ, ਪੰਜਾਬ ਦੇ ਇਤਿਹਾਸ ਵਿੱਚ ਇਕ ਬਹਾਦਰ ਜੰਗਜੂ, ਦਲੇਰ ਤੇ ਮਹਾਨ ਸ਼ਖ਼ਸੀਅਤ ਦਾ ਮਾਲਕ ਸੀ , ਜਿਸਨੇ ਪੰਜਾਬ ਤੇ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਵੀ ਰਾਜ ਕੀਤਾ ।ਉਹਦੀ ਸ਼ੇਰ ਵਾਲੀ ਭਬਕ ਨੇ ਜਿੱਥੇ ਅਫ਼ਗਾਨਾਂ ਦੇ ਸਾਹ ਸੂਤੇ ਉੱਥੇ ਈਸਟ ਇੰਡੀਆ ਕੰਪਨੀ ਦੇ ਯੂਰਪੀਆਂ ਨੂੰ ਉਹਦੇ ਜਿਉਂਦੇ ਜੀਅ ਇਸ ਭੂਖੰਡ ’ਤੇ ਕਬਜ਼ਾ ਕਰਨ ਦਾ ਹੀਆ ਨਾ ਪਿਆ। ਪਰ ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਬਾਅਦ ਅੰਗਰੇਜ਼ਾਂ ਦੀਆਂ ਚਾਲਾਂ, ਸਾਜ਼ਿਸ਼ਾਂ ਤੇ ਬਦਨੀਤੀਆਂ ਕਰਕੇ ਇਕ ਵਿਸ਼ਾਲ ਖ਼ਾਲਸਾ ਰਾਜ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਗਿਆ। ਇਸ ਮਹਾਨ ਸ਼ਾਸ਼ਕ ਬਾਰੇ ਮੁਸਲਮਾਨ ਲਿਖਾਰੀ ਸ਼ਾਹ ਮੁਹੰਮਦ ਲਿਖਦੇ ਹਨ-
“ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ
ਜੰਮੂ, ਕਾਂਗੜਾ, ਕੋਟ ਨਿਵਾਇ ਗਿਆ
ਹੋਰ ਦੇਸ ਲੱਦਾਖ ਤੇ ਚੀਨ ਤੋੜੀ
ਸਿੱਕਾ ਆਪਣੇ ਨਾਮ ਚਲਾਇ ਗਿਆ
ਸ਼ਾਹ ਮੁਹੰਮਦਾ ਜਾਣ ਪਾਚਨ ਬਰਸਾਂ
ਅੱਛਾ ਰੱਜ ਕੇ ਰਾਜ ਕਮਾਇ ਗਿਆ
ਇਸ ਵਿਸ਼ਾਲ ,ਖੁਸ਼ਹਾਲ ਰਾਜ ਦੀ ਸਥਾਪਨਾ ਕਰਨ ਵਾਲੇ
ਮਹਾਬਲੀ ਰਣਜੀਤ ਸਿੰਘ ਜੀ ਨੂੰ ਭਾਵੇਂ ਅੱਖਰ ਗਿਆਨ ਬਹੁਤ ਨਹੀ ਸੀ ਪਰ ਬਚਪਨ ਦਾ ਬੁੱਧ ਸਿੰਘ ਤੀਖਣ ਬੁੱਧੀ ਦਾ ਮਾਲਕ ਸੀ , ਸਮੇਂ ਤੇ ਵਿਅਕਤੀ ਦੀ ਪਹਿਚਾਨ ਕਰਨ ਤੋਂ ਇਲਾਵਾ ਉਹ ਇਕ ਪੂਰਨ ਗੁਰਸਿੱਖ , ਨਿਮਰਤਾ ਵਾਲਾ ,ਦਿਆਵਾਨ , ਦਿਆਲੂ ਤੇ ਸਭ ਧਰਮਾਂ ਦਾ ਸਤਿਕਾਰ ਕਰਨ ਵਾਲਾ ਵਿਅਕਤੀ ਸੀ । ਮਹਾਰਾਜੇ ਰਣਜੀਤ ਸਿੰਘ ਵਿਚ ਪ੍ਰਬੰਧਕੀ ਯੋਗਤਾ ਅਤੇ ਜਰਨੈਲਾਂ ਵਾਲੇ ਸਾਰੇ ਗੁਣ ਸਨ।
ਗਣੇਸ਼ ਦਾਸ ਬਡਹੇਰਾ ਲਿਖਦਾ ਹੈ ਕਿ “ਅਜਿਹੇ ਗੁਣ ਇੱਕੋ ਵਿਅਕਤੀ ਵਿਚ ਮਿਲਣੇ ਮੁਸ਼ਕਲ ਹਨ”। ਉਹ ਆਪਣੇ ਦਰਬਾਰੀ ਮਸਲਿਆਂ ਪ੍ਰਤੀ ਬੜਾ ਸੰਜੀਦਾ ਅਤੇ ਗੰਭੀਰ ਸੀ। ਉਸ ਦੇ ਦਰਬਾਰ ਵਿਚ ਬਿਨਾਂ ਉਸ ਦੀ ਆਗਿਆ ਕਿਸੇ ਨੂੰ ਗੱਲ ਕਹਿਣ ਦਾ ਅਧਿਕਾਰ ਨਹੀਂ ਸੀ। ਉਹ ਸਮਕਾਲੀ ਹਾਕਮਾਂ ਵਾਂਗ ਸ਼ਾਹੀ ਠਾਠ ਨਾਲ ਦਰਬਾਰ ਨਹੀਂ ਸਜਾਉਂਦਾ ਸੀ। ਉਸ ਦਾ ਦਰਬਾਰ ਬੜਾ ਸਾਦਾ ਹੁੰਦਾ ਅਤੇ ਉਹ ਪਹਿਰਾਵਾ ਵੀ ਸਾਦਾ ਹੀ ਪਹਿਨਣਾ ਪਸੰਦ ਕਰਦਾ ਸੀ। ਪਰ ਉਸ ਦੀ ਇੱਛਾ ਹੁੰਦੀ ਕਿ ਉਸ ਦੇ ਦਰਬਾਰੀ ਸੋਹਣੇ ਵਸਤਰਾਂ ਅਤੇ ਗਹਿਣਿਆਂ ਨਾਲ ਸਜੇ ਹੋਣ । ਕੋਈ ਵੀ ਬਾਹਰੀ ਪੰਜਾਬ ਆਉਂਦਾ ਤਾਂ ਰਣਜੀਤ ਸਿੰਘ ਨੂੰ ਜ਼ਰੂਰ ਮਿਲਦਾ। ਮਹਾਰਾਜੇ ਨੂੰ ਮਿਲੇ ਬਿਨ੍ਹਾਂ ਆਪਣੀ ਯਾਤਰਾ ਅਧੂਰੀ ਸਮਝਦਾ। ਮਹਾਰਾਜਾ ਬਹੁਤ ਕਮਾਲ ਦੀ ਖਾਤਰਦਾਰੀ ਕਰਦਾ। ਉਹ ਕਿਸੇ ਵੀ ਬਾਹਰੋਂ ਆਉਣ ਵਾਲੇ ਨਾਲ ਪੂਰੇ ਸਤਿਕਾਰ ਨਾਲ ਪੇਸ਼ ਆਉਂਦਾ ਅਤੇ ਹੋਰਨਾਂ ਨੂੰ ਵੀ ਕਿਸੇ ਤਰਾਂ ਦੀ ਬਦਸਲੂਕੀ ਕਰਨ ਦੀ ਇਜਾਜ਼ਤ ਨਹੀਂ ਸੀ। 1837 ਈਸਵੀ ਵਿਚ ਈਸਟ ਇੰਡੀਆ ਕੰਪਨੀ ਦਾ ਕਮਾਂਡਰ-ਇਨ-ਚੀਫ਼ ਪੰਜਾਬ ਆਉਂਦਾ ਹੈ ਉਹ ਮਹਾਰਾਜੇ ਪ੍ਰਤੀ ਇਹ ਸ਼ਬਦ ਲਿਖਦਾ ਹੈ ਕਿ “ਪੰਜਾਬ ਦੀ ਸਾਡੀ ਸਾਰੀ ਯਾਤਰਾ ਸਮੇਂ ਰਣਜੀਤ ਸਿੰਘ ਦੇ ਅਤਿ ਮਿਹਰਬਾਨ ਸੁਭਾਅ ਅਤੇ ਉਸ ਦੀ ਅਤਿ ਦਿਆਲਤਾ ਤੋਂ ਸਾਨੂੰ ਨਿਸ਼ਚਾ ਹੋ ਗਿਆ ਕਿ ਇਹ ਉਸ ਦਾ ਅਸਲ ਚਰਿੱਤਰ ਹੈ ਸਭ ਮੌਕਿਆਂ ਤੇ ਬਿਨਾਂ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀਆਂ ਇਸ ਹਾਕਮ ਦੀ ਅੱਖੜ ਪਰਜਾ ਇਸ ਦੀ ਪੂਰਨ ਅਧੀਨਗੀ ਵਿਚ ਰਹਿੰਦੀ ਹੈ”।
ਆਪਣੀ ਮੌਤ ਅਤੇ ਬੇਹੋਸ਼ੀ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਨਜ਼ਦੀਕੀ, ਰਿਸ਼ਤੇਦਾਰੀਆਂ ਅਤੇ ਦਰਬਾਰੀਆਂ ਨੂੰ ਬੰਬੋਧਿਤ ਕਰਦੇ ਹੋਏ ਆਖਿਆ ਸੀ “ ਬਹਾਦਰ ਖ਼ਾਲਸਾ ਜੀ,ਆਪ ਨੇ ਖ਼ਾਲਸਾ ਰਾਜ ਦੀ ਸਥਾਪਨਾ ਲਈ ਜੋ ਅਣਥੱਕ ਘਾਲਣਾਵਾਂ ਘਾਲੀਆਂ ਹਨ, ਅਤੇ ਆਪਣੇ ਲਹੂ ਦੀਆਂ ਜੋ ਨਦੀਆਂ ਵਹਾਈਆਂ ਹਨ ,ਉਹ ਨਿਸਫ਼ਲ ਨਹੀਂ ਗਈਆਂ । ਇਸ ਸਮੇਂ ਅਪਣੇ ਆਲੇ - ਦੁਆਲੇ ਜੋ ਕੁੱਝ ਦੇਖ ਰਹੇ ਹੋ , ਸਭ ਕੁੱਝ ਆਪ ਦੀਆਂ ਕੁਰਬਾਨੀਆਂ ਅਤੇ ਘਾਲਣਾਵਾਂ ਦਾ ਫਲ ਹੈ । ਮੈੰ ਗੁਰੂ ਤੇ ਆਪ ਦੇ ਭਰੋਸੇ ਇਕ ਸਾਧਾਰਨ ਪਿੰਡ ਤੋਂ ਉੱਠ ਕੇ ਲਗਭਗ ਸਾਰੇ ਪੰਜਾਬ ਤੇ ਇਸ ਤੋਂ ਬਾਹਰ ਅਫ਼ਗਾਨਿਸਤਾਨ, ਕਸ਼ਮੀਰ, ਤਿੱਬਤ,ਸਿੰਧ ਦੀਆਂ ਕੰਧਾਂ ਤਕ ਖ਼ਾਲਸੇ ਦਾ ਰਾਜ ਸਥਾਪਤ ਕਰ ਦਿੱਤਾ ਹੈ। ਹੁਣ ਕੁੱਝ ਹੀ ਦਿਨਾਂ ਦਾ ਮੇਲਾ ਹੈ , ਥੋੜ੍ਹੇ ਸਮੇ ਤਕ ਮੈੰ ਆਪ ਤੋਂ ਸਦਾ ਵਾਸਤੇ ਵਿਦਾ ਹੋ ਜਾਵਾਂਗਾ । ਮੈਥੋਂ ਜੋ ਕੁੱਝ ਸਰ ਆਈ ਏ, ਤੁਹਾਡੀ ਸੇਵਾ ਕਰ ਚੱਲਿਆ, ਹੰਨੇ - ਹੰਨੇ ਦੀ ਸਰਦਾਰੀ ਦੇ ਮਣਕੇ ਭੰਨ ਕੇ ਇਕ ਕੈਂਠਾ ਬਣਾ ਦਿਤਾ ਹੈ । ਇਕ ਲੜੀ ਵਿਚ ਪਰੁੱਚੇ ਰਹੋਗੇ ਤਾਂ ਬਾਦਸ਼ਾਹ ਬਣੇ ਰਹੋਗੇ, ਨਿਖੜ ਜਾਓਗੇ ਤਾਂ ਮਾਰੇ ਜਾਓਗੇ ਪਿਆਰੇ ਖ਼ਾਲਸਾ ਜੀ ਤੁਹਾਡੀ ਤੇਗ਼ ਦੀ ਧਾਂਕ ਸੰਸਾਰ ਵਿਚ ਪਈ ਹੋਈ ਹੈ । ਡਰ ਹੈ ਤਾਂ ਇਸ ਗੱਲ ਦਾ ,ਕਿ ਕਿਤੇ ਇਹ ਤੇਗ਼ ਤੁਹਾਡੇ ਆਪਣੇ ਘਰ ਨਾ ਖੜਕਣ ਲੱਗ ਪਵੇ, ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ , ਜਿਸ ਵਿੱਚ ਜ਼ਮਾਨੇ ਦੀ ਨੀਤੀ ਛੁਪੀ ਹੋਈ ਹੈ, ਸਦਾ ਪਤਾਸਿਆਂ ਵਾਂਗ ਘੁਲ ਮਿਲ ਕੇ ਰਹਿਣਾ, ਜੇ ਸਮਾਂ ਆ ਬਣੇ ਤਾਂ ਖੰਡੇ ਵਾਂਗ ਸਖਤ ਤੇ ਤੇਜ਼ ਵੀ ਹੋ ਜਾਇਓ , ਗਰੀਬ ਦੁਖੀਆਂ ਦੀ ਢਾਲ ਅਤੇ ਜ਼ਾਲਮ ਦੇ ਸਿਰ ਤੇ ਤਲਵਾਰ ਬਣ ਕੇ ਚਮਕਿਓ, ਦੁਸ਼ਮਣ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ, ਆਜ਼ਾਦੀ ਮੈਨੂੰ ਜਾਨ ਨਾਲੋਂ ਪਿਆਰੀ ਹੈ , ਸਿੱਖਾਂ ਦੇ ਝੰਡੇ ਸਦਾ ਉੱਚੇ ਰਹਿਣ, ਮੇਰੀ ਅੰਤਿਮ ਇੱਛਾ ਹੈ । ਓਪਰੇ ਜੇ ਪੰਜਾਬ ਦੀ ਧਰਤੀ ਤੇ' ‘ ਪੈਰ ਧਰਨਗੇ ਤਾਂ ਮੇਰੀ ਛਾਤੀ ਉੱਤੇ ਧਰਨਗੇ, ਗੈਰਾਂ ਦੇ ਝੰਡੇ ਸਾਹਮਣੇ ਝੁਕਣਾ ਮੇਰੀ ਅਣਖ ਨੂੰ ਵੇਚਣਾ ਹੋਵੇਗਾ , ਤੁਸੀਂ ਕਿਸੇ ਦੇ ਗੁਲਾਮ ਬਣ ਜਾਓਗੇ ਤਾਂ ਮੇਰੀ ਰੂਹ ਕਲਪੇਗੀ, ਹੁਣ ਹੋਰ ਵਧੇਰੇ ਕਹਿਣ ਦਾ ਸਮਾਂ ਨਹੀਂ ਹੈ। ਇਸ ਤੋਂ ਬਾਦ ਸ਼ੇਰੇ ਪੰਜਾਬ ਬੇਹੋਸ਼ ਹੋ ਗਏ ।ਸ਼ੇਰੇ ਪੰਜਾਬ ਦੇ ਅੱਖਾਂ ਮੀਟ ਦਿਆਂ ਹੀ ਅੰਗਰੇਜ਼ ਨੇ ਦਸ ਸਾਲ ਤੋਂ ਵੀ ਘੱਟ ਸਮੇਂ ਵਿੱਚ ਖਾਲਸਾ ਰਾਜ ਤਬਾਹ ਕਰਨ , ਮਹਾਰਾਜਾ ਸਾਹਿਬ ਦੇ ਪਰਿਵਾਰ ਦਾ ਕਤਲ ਕਰਵਾਉਣ , ਕੈਦ ਕਰਨ ਜਾਂ ਧਰਮ ਪਰਿਵਰਤਨ ਤੱਕ ਹੀ , ਸੀਮਿਤ ਨਾ ਰਹਿ ਕੇ , ਹਲੇਮੀ ਰਾਜ ਦੇ ‘’ਸਭੈ ਸਾਂਝੀਵਾਲ ਸਦਾਇਣ’’ ਦੇ ਸੁਨਹਿਰੀ ਅਸੂਲ ਸਮਾਪਤ ਕਰ “ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ “ ਵਾਲੇ ਰਾਜ ਨੂੰ ਫਿਰਕੂ ਤੌਰ ਤੇ ਵੰਡਣ ਦਾ ਕੰਮ ਕੀਤਾ । ਖਾਸ ਤੌਰ ਤੇ ਅੰਗਰੇਜ ਦਾ ਜ਼ੋਰ ਹਿੰਦੂ ਤੇ ਸਿੱਖਾਂ ਵਿਚ ਦਰਾਰ ਪਾਉਣ ਵੱਲ ਸੀ ਤਾਂ ਜੋ ਭਾਰਤੀ ਫੇਰ ਇਕੱਠੇ ਹੋ ਉਸ ਲਈ ਚਣੋਤੀ ਖੜੀ ਨਾ ਕਰਨ , ਇਸ ਦੀ ਗਵਾਹੀ ਅੰਗਰੇਜ ਅਧਿਕਾਰੀਆਂ ਦੀਆਂ ਲਿਖਤਾਂ ਭਰਦੀਆਂ ਹਨ ।
1849 ਈ ਤੋਂ ਬਾਅਦ ਬਹੁਤੇ ਸਿੱਖ ਸਰਦਾਰਾਂ ਨੇ, ਆਪਣੇ ਆਪ ਨੂੰ ਸ਼ਰੀਰਕ ਤੇ ਮਾਨਸਿਕ ਰੂਪ ਵਿਚ ਅੰਗਰੇਜ਼ ਦੇ ਗੁਲਾਮ ਮੰਨ ਲਿਆ । ਹੈਰਾਨੀ ਦੀ ਗੱਲ ਹੈ ਕਿ ਪਿੰਡ ਦੇ ਸਿੱਖ ਜਿੰਮੀਦਾਰ, ਆਪਣੇ ਪਿੰਡ ਦੇ ਮੈਜਿਸਟ੍ਰੇਟ ਤੇ ਰਾਜੇ ਦੇ ਖ਼ਿਤਾਬ ਪ੍ਰਾਪਤ ਕਰ ਆਪਣੀ ਤੁਲਨਾ ਰਾਜਿਆਂ ਨਾਲ ਕਰਨ ਲੱਗ ਪਏ ਤੇ ਅੱਜ ਵੀ ਰਾਜਕੁਮਾਰ ਨੂੰ ਕਲੱਬ ਦੇ ਮੈਂਬਰ ਹੋਣ ਦਾ ਦਾਅਵਾ ਕਰ, “ਏਕ ਪਿਤਾ ਏਕਸ ਕੇ ਹਮ ਬਾਰਿਕ “ ਦਾ ਸਿਧਾਂਤ ਛੱਡ ,ਆਪਣੇ ਆਪ ਨੂੰ ਦੂਜਿਆਂ ਸਿੱਖਾਂ ਦੇ ਬਰਾਬਰ ਨਹੀਂ ਸਮਝਦੇ, ਨਾ ਹੀ ਆਪਣੇ ਬਜ਼ੁਰਗਾਂ ਵੱਲੋਂ, ਕੌਮ ਨਾਲ ਕੀਤੀ ਗਦਾਰੀ ਤੇ ਅੰਗਰੇਜ਼ ਦੀ ਬੇਲੋੜੀ ਗ਼ੁਲਾਮੀ ਲਈ , ਸ਼ਰਮਿੰਦਾ ਹੋਣ ਦੀ ਹੀ ਹਿੰਮਤ ਹੀਂ ਰੱਖਦੇ ਹਨ, ਬਲਿਕ ਆਪਣੇ ਰਜਵਾੜੇ ਪਣੇ ਦੀ ਧੋਂਸ ਲੋਕਤੰਤਰ ਵਿੱਚ ਵੀ ਬਣਾਈ ਰੱਖਣਾ ਚਾਹੁੰਦੇ ਹਨ । ਸਭ ਤੋਂ ਵੱਡੀ ਸਚਾਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ , ਉਸ ਦੀ ਨਿਮਰਤਾ , ਬਹਾਦੁਰੀ , ਖੁਸ਼ਹਾਲੀ ਤੇ ਧਰਮ ਨਿਰਪੇਖਤਾ ਦੀ ਗੱਲ ਤਾਂ ਸਿੱਖ ਹਰ ਸਮੇਂ ਕਰਦੇ ਹਨ , ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ,ਮਹਾਰਾਣੀ ਜਿੰਦ ਕੌਰ ਤੇ ਮਹਾਰਾਜ ਦਲੀਪ ਸਿੰਘ ਦੀ ਸਹਾਇਤਾ ਲਈ ਕੋਈ ਸਿੱਖ ਅੱਗੇ ਨਹੀਂ ਆਇਆ । ਕੇਵਲ ਇਹ ਹੀ ਨਹੀਂ , ਰਾਜਕੁਮਾਰੀ ਬੰਬਾਂ ਤੇ ਰਾਜ ਕੁਮਾਰੀ ਸੋਫੀਆ ਜੋ ਭਾਰਤ ਆਈਆਂ ਸਨ, ਨਾਲ ਕਿਸੇ ਸਿੱਖ ਸਰਦਾਰ ਨੇ ਵਿਆਹ ਕਰਨ ਦੀ ਹਿੰਮਤ ਵੀ ਨਹੀਂ ਕੀਤੀ । ਰਾਜ ਕੁਮਾਰੀ ਬੰਬਾ ਜੋ 1957 ਤੱਕ ਲਾਹੌਰ ਰਹੀ ਨੂੰ ਕਿਸੇ ਕੌਮ ਨੂੰ ਸੇਧ ਦੇਣ ਜਾ ਅਗਵਾਈ ਕਰਨ ਲਈ ਬੇਨਤੀ ਨਹੀਂ ਕੀਤੀ , ਜਦੋਂ ਕਿ ਉਹ ਭਾਰਤ ਦੇ ਆਜ਼ਾਦੀ ਘੁਲਾਟੀਅੇ ਲਾਲਾ ਲਾਜਪਤ ਰਾਏ ਸਮੇਤ ਅਨੇਕਾਂ ਆਗੂਆਂ ਨੂੰ ਮਿਲਦੀ ਤੇ ਸਹਾਇਤਾ ਕਰਦੀ ਰਹੀ ਸੀ । ਸਿੱਖ ਧਾਰਮਿਕ ਆਗੂਆਂ ਨੇ ਉਸਨੂੰ ਮੁੜ ਸਿੱਖ ਧਰਮ ਵਿੱਚ ਪਰਤਣ ਲਈ ਵੀ ਬੇਨਤੀ ਨਹੀਂ ਕੀਤੀ । ਰਾਜ ਕੁਮਾਰੀ ਸੋਫੀਆ ਤਾਂ ਆਪਣਾ ਧਰਮ ਸਿੱਖ ਹੀ ਲਿਖਦੀ ਸੀ ਤੇ ਔਰਤਾਂ ਦੇ ਅਧਿਕਾਰਾਂ ਨਈ ਬਰਤਾਨੀਆ ਵਿੱਚ ਸੰਘਰਸ਼ ਕਰਦੀ ਰਹੀ ਸੀ । ਸੱਚ ਤਾਂ ਇਹ ਹੈ ਕਿ ਕਿਸੇ ਵੀ ਸਿੱਖ ਆਗੂ ਤੇ ਸੰਸਥਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਣ ਤੋਂ ਬਾਦ ਉਸ ਦੇ ਪਰਿਵਾਰ ਨੂੰ ਨਾ ਹੀ ਕਬੂਲਿਆ ਤੇ ਨਾ ਹੀ ਸਹਾਇਤਾ ਕੀਤੀ । 1849 ਈ ਤੋਂ 1920 ਈ ਦਰਮਿਆਨ ਬਾਬਾ ਬਿਕਰਮ ਸਿੰਘ ਬੇਦੀ , ਬਾਬਾ ਮਹਾਰਾਜ ਸਿੰਘ , ਠਾਕੁਰ ਸਿੰਘ ਸੰਧਾਵਾਲੀਆ ਆਦਿ ਨੇ ਕੁਝ ਵਿਅਕਤੀਗਤ ਯਤਨ ਕੀਤੇ , ਪਰ ਅੰਗਰੇਜ਼ ਤੇ ਉਸਦੇ ਖੁਫੀਆ ਤੰਤਰ ਨੇ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ । ਗੁਰਦੁਆਰਾ ਸੁਧਾਰ ਲਹਿਰ ਦੇ ਸਿੱਖ ਆਗੂ ਕਾਂਗਰਸ ਨਾਲ ਇਕਮਿਕ ਸਨ ਤੇ ਅੰਗਰੇਜ ਨੇ ਵੀ ਆਪਣੇ ਹਮਾਇਤੀ ਸਿੱਖ ਆਗੂਆਂ ਦੀ ਵੱਡੀ ਜਮਾਤ ਤਿਆਰ ਕਰ ਲਈ ਸੀ , ਜਿੰਨਾ ਰਾਜਨੀਤੀ ਵਿੱਚ ਦੂਜੇ ਸਿੱਖਾਂ ਨੂੰ ਅਗੇ ਨਹੀ ਆਉਣ ਦਿੱਤਾ । ਅਜ਼ਾਦੀ ਤੋਂ ਬਾਦ ਵੀ ਉਹੀ ਅੰਗਰੇਜ ਪ੍ਰਸਤ ਫੇਰ ਅੱਗੇ ਹੋ ਗਏ , ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਬਹੁਤਾ ਸਮਾਂ ਇਕ ਹੀ ਰਾਜਨੀਤਿਕ ਪਾਰਟੀ ਦੇ ਪ੍ਰਭਾਵ ਹੇਠ ਪਿਛਲੇ ਸੋ ਸਾਲ ਤੋਂ ਵੱਧ ਸਮੇਂ ਤੋਂ ਹੈ , ਕੇਵਲ ਉਸ ਧੜੇ ਦੀ ਰਾਜਨੀਤੀ ਨੂੰ ਅੱਗੇ ਵਧਾਉਣ ਤੱਕ ਹੀ ਸੀਮਿਤ ਲੱਗਦੀ ਹੈ । ਹੋਰ ਮੁਕਾਮੀ ਤੇ ਉਸਦਾ ਖੇਤਰ ਵੀ ਪੁਰਾਨੇ ਪੰਜਾਬ ਤੱਕ ਹੀ ਸੀਮਿਤ ਰਿਹਾ ਹੈ । ਪ੍ਰਬੰਧਕ ਹੇਠ ਗੁਰਦੁਆਰਿਆਂ ਦੀ ਗਿਣਤੀ ਵੀ ਬਹੁਤ ਘੱਟ ਹੈ , ਗੁਰਦੁਆਰਾ ਪ੍ਰਬੰਧਕ ਕਮੇਟੀਆਂ ਭਾਵੇਂਂ ਕਿਸੇ ਸੂਬੇ ਵਿਚ ਹੀ ਹਨ ਕੇਵਲ ਆਪਣੇ ਗੁਰਦੁਆਰੇ ਤੱਕ ਹੀ ਸੀਮਿਤ ਹਨ ਇਸਤਰ੍ਹਾਂ ਇੱਕ ਪਿੰਡ ਤੇ ਸ਼ਹਿਰ ਵਿਚ ਹੀ ਗੁਰਦੁਆਰਿਆਂ ਦੇ ਪ੍ਰਬੰਧ ਕਾਰਨ ਸਿੱਖ ਵੰਡੇ ਨਜ਼ਰ ਆਉਂਦੇ ਹਨ ਅਤੇ ਇੱਕ ਮਰਿਯਾਦਾ ਜਾਂ ਨੀਤੀ ਨਾਲ ਬੱਝੇ ਨਾ ਹੋਣ ਕਾਰਨ, ਨਿੱਤਨੇਮ ਦਾ ਪ੍ਰਬੰਧ ਕਰਨ ਤੱਕ ਹੀ ਸੀਮਿਤ ਹਨ । ਮਨੁੱਖਤਾ ਦੀ ਸੇਵਾ ਦੇ ਧਾਰਨੀ ਹੋਣ ਕਾਰਨ ਉਹ ਸਮਾਜ ਵਿੱਚ ਇੱਜ਼ਤ ਤਾਂ ਕਮਾਉਂਦੇ ਹਨ , ਪਰ ਆਪਣੇ ਧਰਮ ਦੇ ਬੱਚਿਆਂ ਨੂੰ ਉੱਤਮ ਸਿੱਖਿਆ ਤੇ ਆਪਣੇ ਧਰਮ ਉਪਰ ਦਿ੍ੜ ਪੁਰਖਿਆਂ ਵਾਲੀ ਜੀਵਨ ਜਾਚ ਸਥਾਪਿਤ ਕਰਨ ਵਿੱਚ ਅਸਮਰਥ ਨਜ਼ਰ ਆਉਂਦੇ ਹਨ । ਪੰਜਾਬ ਤੋਂ ਬਾਹਰ ਤਾਂ ਸਿੱਖ ਰਾਜਨੀਤੀ ਵਿਚ ਬਹੁਤ ਕਮਜੋਰ ਹਨ ,ਇਨ੍ਹਾਂ ਕਾਰਨਾਂ ਕਰਕੇ ਸਿੱਖ ਧਰਮ ਦਿਸ਼ਾ ਹੀਨ ਹੋ ਗਿਆ ਹੈ ।
ਮਹਾਰਾਜਾ ਰਣਜੀਤ ਸਿੰਘ ਜੇ ਕਰ ਅੱਜ ਫੇਰੀ ਪਾਵੇ ਤਾਂ ਉਸਦੀ ਤੜਫਦੀ ਆਤਮਾ ਸਾਨੂੰ ਕੋਸੇਗੀ , ਪਰ ਅੱਜ ਉਸ ਦੀ ਲੋੜ ਕੌਮ ਨੂੰ ਹੈ ,ਕਿਉਕਿ ਉਹ ਆਵੇ ਤੇ ਵੇਖੇ ਕਿ, ਜੋ ਹੰਨੇ ਹੰਨੇ ਦੇ ਮਣਕੇ ਜੋੜ ਕੇ ਉਸ ਨੇ ਮਾਲਾ ਪਰੋਈ ਸੀ , ਉਹ ਟੁੱਟ ਕੇ ਖਿਲਰ ਗਈ ਹੈ । ਸਿੱਖ, ਖੰਡੇ ਬਾਟੇ ਦੇ ਪਾਹੁਲ ਪਿੱਛੇ ਛੁਪੀ ਗੁਰੂ ਫਿਲਾਸਫੀ ਭੁੱਲ, ਆਪਸ ਵਿੱਚ ਹੀ ਖੰਡਾ ਖੜਕਾ ਰਹੇ ਹਨ । ਦੁਨੀਆ ਭਰ ਵਿੱਚ ਅੱਜ ਲੋਕ ਰਾਜ ਪ੍ਰਧਾਨ ਹੈ , ਮੁੜ ਸਰਕਾਰ ਖਾਲਸਾ ਵਰਗਾ ਪ੍ਰਭਾਵ ਲੋਕ ਰਾਜ ਵਿੱਚ , ਕਿਵੇ ਬਣੇ ਇਸ ਬਾਰੇ ਵੀ ਰਾਹ ਦੱਸੇ । ਅਤੇ ਨਿਮਾਣੇ ਸਿੱਖ ਵਾਂਗ ਜੀਵਨ ਜਿਉਣ ਦੀ ਜਾਚ ਫੇਰ ਪ੍ਰਗਟ ਕਰੇ । ਜੇਕਰ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਤੋਂ ਸੇਧ ਲਈਏ ਤੇ ਆਪਣੀਆਂ ਗਲਤੀਆਂ ਤੋਂ ਸਿੱਖਣ ਦਾ ਯਤਨ ਕਰੀਏ ।
ਚੈਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ
ਭਾਰਤ ਸਰਕਾਰ
9780003333