ਚੁੰਝਾਂ-ਪ੍ਹੌਂਚੇ  - (ਨਿਰਮਲ ਸਿੰਘ ਕੰਧਾਲਵੀ)

ਸੁਖਬੀਰ ਨੇ ਅਕਾਲੀ ਦਲ ‘ਚ ਚੁਣ ਚੁਣ ਕੇ ਦਲਿਤਾਂ ਨੂੰ ਖੂੰਜੇ ਲਾਇਆ- ਜਸਟਿਸ ਨਿਰਮਲ ਸਿੰਘ,

ਲਾ ਕੇ ਦੋਸਤੀਆਂ, ਪਾ ਗਈ ਚੁੱਲ੍ਹੇ ਵਿਚ ਪਾਣੀ।

ਬਾਜਵਾ ਦਾ ਸਰੀਰ ਕਾਂਗਰਸ ‘ਚ ਹੈ ਪਰ ਦਿਲ ਭਾਜਪਾ ‘ਚ ਧੜਕਦੈ- ਹਰਪਾਲ ਚੀਮਾ

ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।

ਚੋਣ ਨਤੀਜੇ ਸਪਸ਼ਟ ਸਬੂਤ ਹਨ ਕਿ ਭਾਰਤ ਹਿੰਦੂ ਰਾਸ਼ਟਰ ਨਹੀਂ ਹੈ-ਅਮਰਤਿਆ ਸੇਨ

ਚੌਕੀਦਾਰੀ ਲੈ ਲੈ ਮਿੱਤਰਾ, ਤੇਰੇ ਲਗਦੇ ਨੇ ਬੋਲ ਪਿਆਰੇ॥

ਪਹਿਲੇ ਹੀ ਮੀਂਹ ‘ਚ ਚੋਣ ਲੱਗ ਗਿਆ ਅਯੁੱਧਿਆ ‘ਚ ਬਣਾਇਆ ਨਵਾਂ ਰਾਮ ਮੰਦਰ- ਇਕ ਖ਼ਬਰ

ਕੋਹ ਨਾ ਤੁਰੀ, ਬਾਬਾ ਤ੍ਰਿਹਾਈ।

ਸਾਡੀ ਸਰਕਾਰ ਆਮ ਸਹਿਮਤੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰੇਗੀ- ਮੋਦੀ

ਦਾਲ਼ ਮੰਗੇਂ ਛੜਿਆਂ ਤੋਂ , ਨਾ ਸ਼ਰਮ ਗੁਆਂਢਣੇ ਆਵੇ।

ਆਮ ਆਦਮੀ ਪਾਰਟੀ ਦੇ ਸਾਂਸਦਾਂ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਕੀਤਾ ਬਾਈਕਾਟ- ਇਕ ਖ਼ਬਰ

ਖਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ।

ਸਦਨ ‘ਚ ਐਮਰਜੈਂਸੀ ਦੇ ਜ਼ਿਕਰ ਤੋਂ ਬਚਿਆ ਜਾ ਸਕਦਾ ਸੀ- ਰਾਹੁਲ ਗਾਂਧੀ

ਉਹਨੀਂ ਤਾਂ ਤੇਰੇ ਜ਼ਖ਼ਮਾਂ ‘ਤੇ ਲੂਣ ਪਾਉਣਾ ਹੀ ਸੀ ਸਗੋਂ ਰਾਸ਼ਟਰਪਤੀ ਤੋਂ ਵੀ ਪੁਆਇਆ।

ਭਾਜਪਾ ਨੇ ਸਿੱਖ ਕੌਮ ਨੂੰ ਅਣਗੌਲਿਆਂ ਕੀਤਾ- ਐਡਵੋਕੇਟ ਅੰਗਰੇਜ਼ ਸਿੰਘ ਪੰਨੂ

ਇਹ ਘਰ ਸੂੰਮਾਂ ਦਾ, ਏਥੇ ਵਾਰਨਾ ਕਿਸੇ ਨਹੀਂ ਕਰਨਾ।

ਬਾਗ਼ੀ ਅਕਾਲੀ ਆਗੂਆਂ ਨੇ ਮੀਟਿੰਗ ਕਰ ਕੇ ਸੁਖਬੀਰ ਬਾਦਲ ਨੂੰ ਲਾਂਭੇ ਕਰਨ ਦਾ ਮਤਾ ਪਾਸ ਕੀਤਾ- ਇਕ ਖ਼ਬਰ

ਸਲਵਾਨ ਜਲਾਦਾਂ ਨੂੰ ਆਖਦਾ, ਕਰੋ ਪੂਰਨ ਜਲਦ ਹਲਾਲ।

ਸ਼ਿਵ ਸੈਨਾ ਵਾਂਗ ਅਕਾਲੀ ਦਲ ਨੂੰ ਵੀ ਤੋੜਨਾ ਚਾਹੁੰਦੀ ਹੈ ਭਾਜਪਾ- ਹਰਸਿਮਰਤ ਕੌਰ ਬਾਦਲ

ਵੈਰੀਆਂ ਦਾ ਖੂਹ ਵਗਦਾ, ਮੈਨੂੰ ਵੇ ਤੇਰੀ ਜਾਨ ਦਾ ਧੋਖਾ।

‘ਆਪਰੇਸ਼ਨ ਲੋਟਸ’ ਰਾਹੀਂ ਭਾਜਪਾ ਨੂੰ ਅਕਾਲੀ ਦਲ ‘ਤੇ ਕਬਜ਼ਾ ਨਹੀਂ ਕਰਨ ਦਿਆਂਗੇ- ਪਰਮਜੀਤ ਸਿੰਘ ਸਰਨਾ

ਕਬਜ਼ੇ ਦੀ ਇੱਟ ਤਾਂ ਕਈ ਸਾਲ ਪਹਿਲਾਂ ਹੀ ਵੱਡੇ ਬਾਦਲ ਸਾਹਿਬ ਰੱਖ ਗਏ ਸਨ, ਸਰਨਾ ਜੀ

ਲੀਡਰਸ਼ਿੱਪ ਦੀ ਤਬਦੀਲੀ ਬਿਨਾਂ ਹੁਣ ਅਕਾਲੀ ਦਲ ਨਹੀਂ ਚਲ ਸਕਦਾ- ਚੰਦੂਮਾਜਰਾ

ਕਾਜ਼ੀ, ਮਾਂਓਂ ਤੇ ਬਾਪ ਇਕਰਾਰ ਕੀਤਾ, ਹੀਰ ਰਾਂਝੇ ਦੇ ਨਾਲ ਵਿਆਹੁਣੀ ਏਂ।

ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ ‘ਚ ਉਲਝਿਆ ਅਕਾਲੀ ਦਲ- ਭਗਵੰਤ ਮਾਨ

ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।

ਲੋਕਾਂ ਨੇ ਮੋਦੀ ਦੀ ਸ਼ਾਸਨ-ਸ਼ੈਲੀ ਨੂੰ ਪਸੰਦ ਨਹੀਂ ਕੀਤਾ, ਪਰ ਉਹ ਫੇਰ ਵੀ ਸਮਝ ਨਹੀਂ ਰਹੇ- ਸੋਨੀਆ ਗਾਂਧੀ

ਤੈਥੋਂ ਸਾਹਿਬ ਲੇਖਾ ਮੰਗਸੀ, ਬਾਹੂ ਰਤੀ ਘੱਟ ਨਾ ਮਾਸਾ ਹੂ।

ਲੜ ਰਹੇ ਦੋਹਾਂ ਅਕਾਲੀ ਧੜਿਆਂ ‘ਚੋਂ ਆਮ ਸਿੱਖ ਕਿਸ ‘ਤੇ ਯਕੀਨ ਕਰਨ- ਇਕ ਖ਼ਬਰ

ਮੈਂ ਤਾਂ ਹੋ ਗਈ ਹਕੀਮ ਜੀ, ਅੱਗੇ ਨਾਲ਼ੋਂ ਤੰਗ।

======================================================