ਰੱਬ ਦੇ ਸ਼ਰੀਕ - ਨਿਰਮਲ ਸਿੰਘ ਕੰਧਾਲਵੀ
ਅੱਜ ਜਦ ਕਿ ਵਿਗਿਆਨ ਨੇ ਏਨੀ ਤਰੱਕੀ ਕਰ ਲਈ ਹੈ ਕਿ ਦਿਨ ਬਦਿਨ ਨਵੀਆ ਤੋਂ ਨਵੀਆ ਖੋਜਾਂ ਸਾਹਮਣੇ ਆ ਰਹੀਆਂ ਹਨ। ਚੰਨ ,ਤਾਰੇ, ਸੂਰਜ ਤੇ ਹੋਰ ਗ੍ਰਹਿ ਨਛੱਤਰ ਸਭਨਾਂ ਦੇ ਗੁੱਝੇ ਭੇਦ ਹੌਲੀ ਹੌਲੀ ਸਾਹਮਣੇ ਆ ਰਹੇ ਹਨ। ਕੁਦਰਤ ਦਾ ਸਾਰਾ ਨਿਜ਼ਾਮ ਕਿਸੇ ਨਿਯਮ ਦੇ ਅਧੀਨ ਚਲਦਾ ਹੈ। ਪਰ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਪੜ੍ਹ ਲਿਖੇ ਮਨੁੱਖ ਜਾਦੂ, ਟੂਣੇ ਕਰਨ ਵਾਲਿਆਂ, ਨਜੂਮੀਆਂ ਤੇ ਜੋਤਸ਼ੀਆਂ ਦੇ ਹੱਥੋਂ ਲੁੱਟੇ ਜਾਂਦੇ ਦੇਖਦੇ ਹਾਂ। ਸੋਨਾ ਤੇ ਰੁਪਏ ਦੁੱਗਣੇ ਕਰਨ ਦੇ ਝਾਂਸੇ ‘ਚ ਆ ਕੇ ਲੁੱਟ ਹੁੰਦੇ ਲੋਕਾਂ ਦੀਆਂ ਖ਼ਬਰਾਂ ਰੋਜ਼ ਮੀਡੀਆ ‘ਚ ਆਉਂਦੀਆਂ ਹਨ, ਪਰ ਇਸ ਦੇ ਬਾਵਜੂਦ ਹੋਰ ਲੋਕ ਲੁੱਟੇ ਜਾ ਰਹੇ ਹਨ। ਭੋਲੇ ਲੋਕ ਇੰਨਾ ਨਹੀਂ ਸੋਚਦੇ ਕਿ ਇਨ੍ਹਾਂ ਠੱਗਾਂ ਕੋਲ ਜੇ ਗੈਬੀ ਸ਼ਕਤੀਆਂ ਹਨ ਤਾਂ ਆਪਣੇ ਪੈਸੇ ਹੀ ਦੁੱਗਣੇ ਕਰ ਲੈਣ। ਕਿਸੇ ਸਿਆਣੇ ਨੇ ਤਾਂ ਹੀ ਕਿਹਾ ਸੀ ਕਿ ਲੋਕ ਤਾਂ ਲੁੱਟ ਹੋਣ ਲਈ ਤਿਆਰ ਬੈਠੇ ਹਨ, ਲੁੱਟਣ ਵਾਲਾ ਚਾਹੀਦਾ ਹੈ।
ਬਚਪਨ ‘ਚ ਪਿੰਡਾਂ ‘ਚ ਦੇਖਦੇ ਸਾਂ ਕਿ ਔਰਤਾਂ ਦੂਜੀਆਂ ਔਰਤਾਂ ਨਾਲ ਜਾਦੂ ਟੂਣਿਆਂ ਦੇ ਨਾਂ ‘ਤੇ ਸਿੰਗ ਫ਼ਸਾਈ ਰੱਖਦੀਆਂ ਸਨ। ਜੇ ਉਡਦੇ ਪੰਛੀ ਦੇ ਮੂੰਹ ‘ਚੋਂ ਮਾਸ ਦਾ ਕੋਈ ਟੁਕੜਾ ਕਿਸੇ ਦੇ ਵਿਹੜੇ ‘ਚ ਡਿਗ ਪੈਣਾ ਤਾਂ ਘਰ ਦੀ ਸਵਾਣੀ ਨੇ ਸ਼ਰੀਕਾਂ ਦਾ ਪਿੱਟ-ਸਿਆਪਾ ਕਰਨ ਬਹਿ ਜਾਣਾ ਕਿ ਉਨ੍ਹਾਂ ਨੈ ਕੋਈ ‘ਕਾਰਾ’ ਕੀਤਾ ਹੇ। ਜਦ ਗੁੱਝੇ ਤੀਰ ਮਾਰ ਮਾਰ ਕੇ ਸ਼ਰੀਕਾਂ ਨੂੰ ਜਤਾਉਣਾ ਕਿ ਇਹ ‘ਟੂਣਾ’ ਉਨ੍ਹਾਂ ਦੀ ਹੀ ਕਰਤੂਤ ਹੈ, ਬਸ ਫੇਰ ਉਧਰੋਂ ਵੀ ਤਾਬੜ-ਤੋੜ ਹਮਲੇ ਸ਼ੁਰੂ ਤੇ ਸਾਰੇ ਮੁਹੱਲੇ ਕੀ ਸਾਰੇ ਪਿੰਡ ਨੇ ਤਮਾਸ਼ਾ ਦੇਖਣਾ। ਕਿਸੇ ਕੁਦਰਤੀ ਵਰਤਾਰੇ ਨੂੰ ਵੀ ਇਸ ‘ਕੀਤੇ ਕਰਾਏ’ ਨਾਲ ਜੋੜ ਕੇ ਪਰਵਾਰਾਂ ਵਿਚ ਲੜਾਈਆਂ ਅਜੇ ਵੀ ਹੁੰਦੀਆਂ ਰਹਿੰਦੀਆਂ ਹਨ।
ਬਚਪਨ ਵਿਚ ਇਕ ਘਟਨਾ ਵਾਪਰੀ ਜਾਂ ਇੰਜ ਕਹੋ ਕਿ ਅਸੀਂ ਇਹ ਘਟਨਾ ਆਪ ਵਰਤਾਈ, ਜਿਸ ਨੇ ਸਾਡੇ ਮਨਾਂ ‘ਚੋਂ ਇਸ ‘ਕੀਤੇ ਕਰਾਏ’ ਜਾਦੂ, ਟੂਣਿਆਂ ਦਾ ਹਊਆ ਹਮੇਸ਼ਾ ਲਈ ਕੱਢ ਮਾਰਿਆ। ਗੱਲ ਇੰਜ ਹੋਈ ਕਿ ਅਸੀਂ ਦਸਵੀਂ ਜਮਾਤ ਦੇ ਚਾਰ ਪੜ੍ਹਾਕੂ ਇਕੱਠੇ ਰਾਤ ਨੂੰ ਸਾਡੇ ਚੁਬਾਰੇ ‘ਚ ਪੜ੍ਹਿਆ ਕਰਦੇ ਸਾਂ। ਕਈ ਵਾਰੀ ਕੋਈ ਸ਼ਰਾਰਤ ਕਰਨ ਨੂੰ ਵੀ ਦਿਲ ਕਰਨਾ। ਕਦੀ ਕਿਸੇ ਦੇ ਕਮਾਦ ‘ਚੋਂ ਗੰਨੇ ਪੁੱਟ ਲਿਆਉਣੇ ਤੇ ਚੁਬਾਰੇ ‘ਚ ਬਹਿ ਕੇ ਚੂਪਣੇ ਤੇ ਕਦੇ ਕਿਸੇ ਦੇ ਖੇਤ ‘ਚੋਂ ਆਲੂ ਪੁੱਟ ਲਿਅਉਣੇ ਤੇ ਚੁਬਾਰੇ ‘ਚ ਰੱਖੇ ਹੋਏ ਹੀਟਰ ‘ਤੇ ਭੁੰਨ ਕੇ ਖਾਣੇ। ਇਕ ਵਾਰੀ ਸਾਡੀ ‘ਜੁੰਡਲੀ’ ਨੇ ਫ਼ੈਸਲਾ ਕੀਤਾ ਕਿ ਕੋਈ ਅੱਲੋਕਾਰ ਜਿਹਾ ਕਾਰਜ ਕੀਤਾ ਜਾਵੇ। ਦੋ ਚਾਰ ਦਿਨ ‘ਕਮੇਟੀ’ ਦੀਆਂ ਬੈਠਕਾਂ ਹੁੰਦੀਆਂ ਰਹੀਆਂ। ਸਕੂਲ ਵਿਚ ਵੀ ਜਦੋਂ ਇਕੱਠੇ ਹੁੰਦੇ ਤਾਂ ਇਸ ਮਸਲੇ ਬਾਰੇ ਹੀ ਗੱਲਬਾਤ ਹੁੰਦੀ ਕਿ ਕਿਹੜੀ ਐਸੀ ਸ਼ਰਾਰਤ ਕੀਤੀ ਜਾਵੇ ਜਿਸ ਨਾਲ ਇਕ ਵਾਰੀ ਤਾਂ ਬਹਿ ਜਾ ਬਹਿ ਜਾ ਹੋ ਜਾਵੇ। ਕਈ ਦਿਨਾਂ ਦੀ ਮਗ਼ਜ਼-ਪੱਚੀ ਮਗਰੋਂ ਕਰਨ ਵਾਲੀ ਸ਼ਰਾਰਤ ਦਾ ਸਰਬਸੰਮਤੀ ਨਾਲ ਫ਼ੈਸਲਾ ਹੋ ਗਿਆ।
ਫ਼ੈਸਲਾ ਹੋਇਆ ਕਿ ਕਿਸੇ ਦੇ ਘਰ ਅੱਗੇ ਝੂਠ ਮੂਠ ਦਾ ਟੂਣਾ ਕੀਤਾ ਜਾਵੇ ਤੇ ਤਮਾਸ਼ਾ ਦੇਖਿਆ ਜਾਵੇ। ਫਿਰ ਕਾਫ਼ੀ ਸੋਚ-ਵਿਚਾਰ ਬਾਅਦ ਪਰਵਾਰ ਬਾਰੇ ਵੀ ਸਹਿਮਤੀ ਹੋ ਗਈ ਕਿ ਕਿਹੜੇ ਪਰਵਾਰ ਦੇ ਘਰ ਅੱਗੇ ਇਹ ਨਕਲੀ ਟੂਣਾ ਕੀਤਾ ਜਾਵੇ। ਇਕ ਬਹੁਤ ਹੀ ਵਹਿਮੀ ਜਿਹੇ ਪਰਵਾਰ ਨੂੰ ਚੁਣਿਆ ਗਿਆ ਜਿਸ ਵਿਚ ਬਜ਼ੁਰਗ਼ ਮਾਈ, ਉਸਦਾ ਲੜਕਾ ਅਤੇ ਲੜਕੇ ਦੀ ਘਰ ਵਾਲੀ ਸੀ। ਪੰਜ ਚਾਰ ਸਾਲ ਬਾਅਦ ਵੀ ਲੜਕੇ ਦੇ ਘਰ ਕਿਲਕਾਰੀਆਂ ਨਹੀਂ ਵੱਜੀਆਂ ਸਨ ਭਾਵ ਬੱਚਾ ਨਹੀਂ ਸੀ ਹੋਇਆ। ਮਾਈ ਕਿਸੇ ਨਾ ਕਿਸੇ ਸਾਧ, ਤੰਤਰ ਮੰਤਰ ਤੇ ਜਾਦੂ ਟੂਣੇ ਵਾਲਿਆਂ ਕੋਲ ਤੁਰੀ ਹੀ ਰਹਿੰਦੀ ਸੀ। ਡਾਕਟਰਾਂ ਨਾਲੋਂ ਉਸ ਨੂੰ ਸਾਧਾਂ ਸੰਤਾਂ ਤੇ ਟੋਟਕੇ ਆਦਿਕ ਦੇਣ ਵਾਲਿਆਂ ‘ਤੇ ਵਧੇਰੇ ਵਿਸ਼ਵਾਸ ਸੀ।
ਫਿਰ ਹੋਈ ਸਾਡੀ ਯੋਜਨਾ ਦੀ ਤਿਆਰੀ। ਪਹਿਲਾਂ ਤਾਂ ਯੋਜਨਾ ਦੀ ਰੂਪ- ਰੇਖਾ ਤਿਆਰ ਕੀਤੀ ਗਈ ਕਿ ਕਿਸ ਪ੍ਰਕਾਰ ਇਸ ਝੂਠ-ਮੂਠ ਦੇ ਟੂਣੇ ਨੂੰ ਅੰਜਾਮ ਦਿਤਾ ਜਾਵੇ। ਇਸ ਵਾਸਤੇ ਜੋ ਜੋ ਚੀਜ਼ਾਂ ਲੋੜੀਂਦੀਆਂ ਸਨ ਉਨ੍ਹਾਂ ਦੀ ਸੂਚੀ ਤਿਆਰ ਕੀਤੀ ਗਈ ਤੇ ਸਾਰੇ ਮੈਂਬਰਾਂ ਦੀ ਵੱਖਰੀਆਂ ਵੱਖਰੀਆਂ ਚੀਜ਼ਾਂ ਲਿਆਉਣ ਦੀ ਜ਼ਿੰਮੇਵਾਰੀ ਲਗਾਈ ਗਈ। ਇਨ੍ਹਾਂ ਚੀਜ਼ਾਂ ‘ਚ ਸ਼ਾਮਲ ਸਨ, ਆਟਾ, ਦੋ ਤਿੰਨ ਕਿਸਮ ਦੀਆਂ ਦਾਲਾਂ, ਹਲਦੀ, ਮਾਸ ਦੇ ਕੁਝ ਟੁਕੜੇ, ਇਕ ਮਿੱਟੀ ਦਾ ਦੀਵਾ ਤੇ ਬੱਤੀ, ਪਾਣੀ ਦੀ ਬਾਲਟੀ। ਚੰਗੀ ਤਰ੍ਹਾਂ ਸੋਚ-ਵਿਚਾਰ ਕੀਤੀ ਗਈ ਕਿ ਟੂਣੇ ਦੀ ਰੂਪ-ਰੇਖਾ ਕੀ ਹੋਵੇਗੀ।
ਖੈਰ ਉਹ ਰਾਤ ਵੀ ਆ ਗਈ ਜਦੋਂ ਇਸ ਯੋਜਨਾ ਨੂੰ ਅਮਲੀ ਰੂਪ ਦੇਣਾ ਸੀ। ਸਾਡੇ ‘ਚ ਦੋ ਜਣਿਆਂ ਦੀ ਡਿਊਟੀ ਲਗਾਈ ਗਈ ਜਿਨ੍ਹਾਂ ਨੇ ਇਹ ਟੂਣਾ ਕਰਨਾ ਸੀ ਤੇ ਦੋ ਜਣਿਆਂ ਨੇ ਗਲੀ ਦੇ ਦੋਨਾਂ ਪਾਸਿਆਂ ਤੋਂ ਬਿੜਕ ਰੱਖਣੀ ਸੀ। ਉਦੋਂ ਅਜੇ ਪਿੰਡਾਂ ਵਿਚ ਅੱਜ ਵਾਂਗ ਲਾਈਟਾਂ ਨਹੀਂ ਸਨ ਜਗਦੀਆਂ ਹੁੰਦੀਆਂ। ਲੋਕ ਸ਼ਾਮ ਨੂੰ ਜਲਦੀ ਹੀ ਖਾ ਪੀ ਕੇ ਸੌਂ ਜਾਇਆ ਕਰਦੇ ਸਨ। ਭਾਵੇਂ ਕਿ ਬਿਜਲੀ ਪਿੰਡਾਂ ‘ਚ ਆ ਗਈ ਸੀ ਪਰ ਲੰਬੇ ਲੰਬੇ ਕੱਟ ਲਗਦੇ ਸਨ ਖਾਸ ਕਰ ਰਾਤਾਂ ਨੂੰ। ਪਾਣੀ ਡੋਲ੍ਹ ਕੇ ਆਟੇ ਨਾਲ ਚੌਕ ਪੂਰਿਆ ਗਿਆ, ਜਿਸ ਤਰ੍ਹਾਂ ਮਾਈਆਂ ਬੀਬੀਆਂ ਵਿਆਂਦੜ੍ਹ ਕੁੜੀ ਮੁੰਡੇ ਨੂੰ ਮਾਈਆਂ ਲਗਾਉਣ ਵੇਲੇ ਬਣਾਉਂਦੀਆਂ ਹਨ। ਫਿਰ ਖਾਨਿਆਂ ‘ਚ ਵੱਖ ਵੱਖ ਦਾਲਾਂ, ਮਾਸ ਦੇ ਟੁਕੜੇ, ਹਲਦੀ ਆਦਿਕ ਚੀਜ਼ਾਂ ਰੱਖੀਆਂ। ਵਿਚਕਾਰ ਦੀਵਾ ਰੱਖਿਆ, ਬੱਤੀ ਅਸੀ ਪਹਿਲਾਂ ਹੀ ਜਗਾ ਕੇ ਬੁਝਾ ਲਈ ਸੀ ਤਾਂ ਕਿ ਇੰਜ ਲੱਜੇ ਕਿ ਦੀਵਾ ਸਾਰੀ ਰਾਤ ਜਗਦਾ ਰਿਹਾ ਸੀ।
ਬਸ ਜੀ ਅਸੀਂ ਆਪਣਾ ਕੰਮ ਨਿਬੇੜ ਕੇ ਚੁੱਪ-ਚਾਪ ਆ ਕੇ ਸੌਂ ਗਏ। ਬਸ ਫੇਰ ਕੀ ਸੀ, ਅਜੇ ਮੂੰਹ ਹਨ੍ਹੇਰਾ ਹੀ ਸੀ ਕਿ ਹਲਾ ਲਲਾ, ਹਲਾ ਲਲਾ ਹੋ ਗਈ। ਮਾਈ ਦਾ ਰੌਲ਼ਾ ਰੱਪਾ ਸੁਣ ਕੇ ਆਂਢ-ਗੁਆਂਢ ‘ਕੱਠਾ ਹੋ ਗਿਆ। ਕੋਈ ਕੁਝ ਕਹੇ, ਕੋਈ ਕੁਝ। ਇਹ ਪਰਵਾਰ ਪੁੱਛਾਂ ਦੇਣ ਵਾਲੇ ਇਕ ਸਾਧ ਨੂੰ ਮੰਨਦਾ ਸੀ ਜੋ ਹਰੇਕ ਜੇਠੇ ਐਤਵਾਰ ਨੂੰ ਇਕੱਠ ਕਰਦਾ ਸੀ ਤੇ ਆਈਆਂ ‘ਸੰਗਤਾਂ’ ਨੂੰ ਪੁੱਛਾਂ ਦੇ ਕੇ ਤਾਰਦਾ ਸੀ, ਯਾਦ ਰਹੇ ਕਿ ਸੰਗਰਾਂਦ ਤੋਂ ਮਗਰੋਂ ਆਏ ਪਹਿਲੇ ਐਤਵਾਰ ਨੂੰ ਜੇਠਾ ਕਿਹਾ ਜਾਂਦਾ ਹੈ। ਮਾਈ, ਉਹਦਾ ਪੁੱਤਰ ਤੇ ਉਸ ਦਾ ਇਕ ਦੋਸਤ ਤਾਂ ਉਸੇ ਵੇਲੇ ਪਹੁੰਚ ਗਏ ਬਾਬੇ ਦੇ ਡੇਰੇ ਕਿ ਪੁੱਛਣ ਕਿ ਇਹ ਟੂਣਾ ਕਿਸ ਨੇ ਕੀਤਾ ਸੀ ਤੇ ਕਿਉਂ ਕੀਤਾ ਸੀ। ਦੁਪਹਿਰ ਕੁ ਵੇਲੇ ਇਹ ਸਾਰੇ ਬਾਬੇ ਦੇ ਡੇਰੇ ਤੋਂ ਵਾਪਸ ਆਏ ਤਾਂ ਪਿੰਡ ਦੇ ਕਈ ਲੋਕ ਇਹ ਜਾਨਣ ਲਈ ਬੜੇ ਉਤਸੁਕ ਸਨ ਕਿ ਪੁੱਛਾਂ ਵਾਲੇ ਬਾਬੇ ਨੇ ਕੀ ਦੱਸਿਆ ਸੀ। ਮਾਈ ਲੋਕਾਂ ਨੂੰ ਦੱਸਦੀ ਫਿਰੇ ਕਿ ਬਾਬਾ ਜੀ ਨੇ ਦੱਸਿਐ ਕਿ ਔਂਤਜਾਣੇ ਟੂਣਾ ਕਰਨ ਵਾਲਿਆਂ ਤੋਂ ਮੰਤਰ ਨਹੀਂ ਪੜ੍ਹੇ ਗਏ ਪੂਰੇ ਨਹੀਂ ਤਾਂ ਪਰਵਾਰ ਦਾ ਬਹੁਤ ਨੁਕਸਾਨ ਹੋ ਜਾਣਾ ਸੀ। ਬਾਬਾ ਜੀ ਨੇ ਘਰ ‘ਚ ਛਿੜਕਣ ਲਈ ਪਾਣੀ ਮੰਤਰ ਕੇ ਦਿਤੈ ਕਿ ਅੱਗੇ ਤੋਂ ਸੁਖ-ਸਾਂਦ ਰਵ੍ਹੇ।
ਐਤਵਾਰ ਹੋਣ ਕਰ ਕੇ ਸਕੂਲ ਤੋਂ ਛੁੱਟੀ ਸੀ ਤੇ ਅਸੀਂ ਚਾਰੇ ਜਣੇ ਵੀ ਹੋਰ ਲੋਕਾਂ ਦੇ ਨਾਲ ਬਾਬੇ ਦੀ ‘ਪੁੱਛ” ਜਾਨਣ ਲਈ ਖੜ੍ਹੇ ਸਾਂ ਤੇ ਮੁਸਕੜੀਏਂ ਹੱਸ ਰਹੇ ਸਾਂ।