"ਪ੍ਰੋ. ਤੇਜਾ ਸਿੰਘ ਜੀ ਸਦਕਾ ਅਸੀਂ ਕੈਨੇਡਾ 'ਚ ਬੈਠੇ ਹਾਂ, ਨਹੀਂ ਤਾਂ ਹੌਂਡਰਸ ਵਿੱਚ ਆਰਥਿਕ ਗੁਲਾਮੀ ਦਾ ਸ਼ਿਕਾਰ ਹੁੰਦੇ" - ਡਾ ਗੁਰਵਿੰਦਰ ਸਿੰਘ

ਪਹਿਲੀ ਜੁਲਾਈ ਨੂੰ ਕੈਨੇਡਾ ਦਿਹਾੜੇ ਦੇ ਨਾਲ 'ਸੰਤ ਤੇਜਾ ਸਿੰਘ ਦਿਹਾੜਾ' ਉਤਸ਼ਾਹ ਨਾਲ ਮਨਾਇਆ ਗਿਆ
ਪਹਿਲੀ ਜੁਲਾਈ ਨੂੰ ਕੈਨੇਡਾ ਦਿਹਾੜੇ ਦੇ ਨਾਲ ਨਾਲ, ਇਸ ਦਿਹਾੜੇ ਨੂੰ ਸੰਤ ਤੇਜਾ ਸਿੰਘ ਦਿਹਾੜੇ ਵਜੋਂ ਵੀ ਮਾਨਤਾ ਹਾਸਿਲ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਸੰਤ ਤੇਜਾ ਸਿੰਘ ਦਿਹਾੜੇ ਦਾ ਪ੍ਰੋਕਲੇਮੇਸ਼ਨ ਜਾਰੀ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਗੁਰਸਾਗਰ ਮਸਤੂਆਣਾ ਸਾਹਿਬ ਸਰੀ ਬੀਸੀ ਵਿਖੇ ਪਹਿਲੀ ਜੁਲਾਈ ਨੂੰ ਪ੍ਰੋਫੈਸਰ ਸੰਤ ਤੇਜਾ ਸਿੰਘ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰੋਫੈਸਰ ਤੇਜਾ ਸਿੰਘ ਜੀ ਦੀਆਂ ਦੇਣਾਂ ਨੂੰ ਯਾਦ ਕੀਤਾ ਗਿਆ, ਜਿਨਾਂ ਸਦਕਾ ਅਸੀਂ ਕੈਨੇਡਾ 'ਚ ਬੈਠੇ ਹਾਂ, ਨਹੀਂ ਤਾਂ ਹੌਂਡਰਸ ਵਿੱਚ ਮੱਖੀਆਂ ਅਤੇ ਮੱਛਰਾਂ ਨਾਲ ਘੋਲ ਕਰ ਰਹੇ ਹੁੰਦੇ ਅਤੇ ਆਰਥਿਕ ਤੌਰ ਤੇ ਗੁਲਾਮੀ ਦਾ ਸ਼ਿਕਾਰ ਹੁੰਦੇ! ਇਸ ਸਬੰਧ ਵਿੱਚ ਪ੍ਰੋਫੈਸਰ ਤੇਜਾ ਸਿੰਘ ਦੀ ਮਹਾਨ ਸ਼ਖ਼ਸੀਅਤ ਬਾਰੇ ਵਿਚਾਰਾਂ ਦੀ ਸਾਂਝ ਪਾਉਣੀ ਲਾਹੇਵੰਦ ਹੋਵੇਗੀ। ਪ੍ਰੋਫੈਸਰ ਤੇਜਾ ਸਿੰਘ ਦਾ ਜਨਮ 14 ਮਈ 1877 ਨੂੰ ਪਿੰਡ ਬੱਲੋਵਾਲੀ ਜ਼ਿਲਾ ਗੁੱਜਰਾਂਵਾਲਾ, ਸਾਂਝਾ ਪੰਜਾਬ (ਅੱਜ ਕਲ੍ਹ ਪਾਕਿਸਤਾਨ) ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਸਰਦਾਰ ਰਲਾ ਸਿੰਘ ਅਤੇ ਮਾਤਾ ਦਾ ਨਾਂ ਬੀਬੀ ਸਦਾ ਕੌਰ ਸੀ। ਆਪ ਜੀ ਦਾ ਬਚਪਨ ਦਾ ਨਾਂ ਨਿਰੰਜਨ ਸਿੰਘ ਸੀ। ਆਪ ਨੇ ਐਮਏ ਅੰਗਰੇਜ਼ੀ ਅਤੇ ਐਲ ਐਲ ਬੀ ਦੀ ਪੜ੍ਹਾਈ ਕਰਨ ਮਗਰੋਂ ਸੰਨ 1904 ਵਿੱਚ ਕੁਝ ਸਮਾਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪਹਿਲਾਂ ਪ੍ਰੋਫੈਸਰ ਅਤੇ ਮਗਰੋਂ ਵਾਈਸ ਪ੍ਰਿੰਸੀਪਲ ਦੀ ਸੇਵਾ ਨਿਭਾਈ। ਇਸ ਦੌਰਾਨ ਸੰਤ ਅਤਰ ਸਿੰਘ ਮਸਤੂਆਣਾ ਦੀ ਪ੍ਰੇਰਨਾ ਨਾਲ ਅੰਮ੍ਰਿਤ ਛਕਣ ਤੋਂ ਬਾਅਦ ਆਪ ਜੀ ਤੇਜਾ ਸਿੰਘ ਬਣੇ।
1906 ਵਿੱਚ ਆਪ ਨੇ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਅਤੇ ਇੱਥੇ ਸਿੱਖੀ ਪ੍ਰਚਾਰ ਲਈ 'ਖਾਲਸਾ ਜਥਾ ਬ੍ਰਿਟਿਸ਼ ਆਈਲੈਂਡ' ਵੀ ਸਥਾਪਿਤ ਕੀਤਾ। ਦੋ ਸਾਲ ਮਗਰੋਂ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ 'ਚ ਪੜ੍ਹਾਈ ਕੀਤੀ, ਜਦਕਿ ਇਸ ਤੋਂ ਇਲਾਵਾ ਅਮਰੀਕਾ ਦੀ ਹੀ ਕੋਲੰਬੀਆ ਯੂਨੀਵਰਸਿਟੀ ਦੇ ਟੀਚਰ ਕਾਲਜ ਵਿੱਚ ਦਾਖਲਾ ਲੈ ਕੇ, ਮਗਰੋਂ ਉਥੇ ਪੜਾਉਣ ਦੀਆਂ ਸੇਵਾਵਾਂ ਵੀ ਨਿਭਾਈਆਂ। ਯੂਨੀਵਰਸਿਟੀਆ ਤੋਂ ਉੱਚ ਵਿੱਦਿਆ ਹਾਸਲ ਪ੍ਰੋਫੈਸਰ ਤੇਜਾ ਸਿੰਘ ਜੀ ਦਾ ਧਾਰਮਿਕ ਜੀਵਨ ਲੋਕਾਂ ਲਈ ਆਦਰਸ਼ਕ ਸੀ, ਜਿਨਾਂ ਕੈਨੇਡਾ, ਅਮਰੀਕਾ ਇੰਗਲੈਂਡ ਵਿੱਚ ਕਈ ਗੁਰਦੁਆਰਿਆਂ ਦੀ ਸਿਰਜਣਾ ਕੀਤੀ।
ਕੈਨੇਡਾ ਵਿੱਚ ਪਹਿਲੀ ਵਾਰ ਅੰਮ੍ਰਿਤ ਸੰਚਾਰ ਤੋਂ ਲੈ ਕੇ, ਇਥੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਮਾਈਨਿੰਗ ਕੰਪਨੀ ਸਥਾਪਿਤ ਕਰਨ, ਇੱਥੇ ਸਿੱਖ ਯੂਨੀਵਰਸਿਟੀ ਕਾਇਮ ਕਰਨ ਦੀ ਮਹਾਨ ਵਲਵਲੇ ਮਨ ਵਿੱਚ ਰੱਖਣ ਅਤੇ ਅਣਗਿਣਤ ਹੋਰ ਉਪਰਾਲੇ ਕਰਨ ਸਬੰਧੀ ਪ੍ਰਿੰਸੀਪਲ ਸਾਹਿਬ ਦੇ ਖ਼ਿਆਲ ਸਨ। ਕੈਨੇਡਾ ਤੋਂ ਇਲਾਵਾ ਅਮਰੀਕਾ, ਇੰਗਲੈਂਡ ਅਤੇ ਕਈ ਹੋਰਨਾਂ ਦੇਸ਼ਾਂ ਵਿੱਚ ਗੁਰਦੁਆਰੇ ਸਥਾਪਿਤ ਕਰਨ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਣ ਵਿੱਚ ਵੀ ਆਪ ਜੀ ਨੇ ਸਿੱਖੀ ਸਿਧਾਂਤਾਂ ਦੇ ਪਹਿਰੇਦਾਰੀ ਕੀਤੀ। ਪ੍ਰੋਫੈਸਰ ਤੇਜਾ ਸਿੰਘ ਦੀ ਧਾਰਮਿਕ, ਵਿੱਦਿਅਕ, ਸਮਾਜਿਕ ਪੱਖਾਂ ਵਿੱਚ ਸਿੱਖਾਂ ਨੂੰ ਵਡਮੁੱਲੀ ਦੇਣ ਤੋਂ ਇਲਾਵਾ ਰਾਜਨੀਤਕ ਪੱਖੋਂ ਵੀ ਮਹਾਨ ਦੇਣ ਹੈ। ਜੇਕਰ ਇਤਿਹਾਸ ਪੜ੍ਹੀਏ, ਤਾਂ ਪਤਾ ਲੱਗਦਾ ਹੈ ਕਿ ਕੈਨੇਡਾ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਨ 1908 ਵਿੱਚ ਇੱਥੋਂ ਕੱਢ ਕੇ ਹਾਂਡੂਰਸ ਭੇਜਣ ਤੱਕ ਦੀਆਂ ਸਾਰੀਆਂ ਧੱਕੇਸ਼ਾਹੀਆਂ ਨੂੰ ਰੋਕਣ ਲਈ, ਉਨ੍ਹਾਂ ਮਹਾਨ ਯੋਗਦਾਨ ਪਾਇਆ। ਕੈਨੇਡਾ ਵਿਖੇ ਖਾਲਸਾ ਦੀਵਾਨ ਸੁਸਾਇਟੀ ਦੇ ਸੰਵਿਧਾਨ ਦੀ ਸਿਰਜਣਾ ਤੋਂ ਇਲਾਵਾ ਨਸਲਵਾਦ ਦੇ ਵਿਰੁੱਧ ਆਵਾਜ਼ ਉਠਾਉਣ ਅਤੇ ਧਰਮ ਦੇ ਨਾਲ-ਨਾਲ ਅਜ਼ਾਦੀ ਦੀ ਲਹਿਰ ਵਿੱਚ ਪ੍ਰੋਫੈਸਰ ਤੇਜਾ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਤੇ ਆਪ ਨੇ ਗ਼ਦਰ ਲਹਿਰ ਨੂੰ ਪ੍ਰਫੁਲਤ ਕੀਤਾ,ਪਰ ਦੁੱਖ ਦੀ ਗੱਲ ਇਹ ਹੈ ਕਿ ਇਤਿਹਾਸਕਾਰਾਂ ਨੇ ਇਸ ਪੱਖੋਂ ਇਮਾਨਦਾਰਾਨਾ ਪਹੁੰਚ ਨਾਲ ਖੋਜ ਕਾਰਜ ਨਹੀਂ ਕੀਤੀ।
ਬੇਹਦ ਖੁਸ਼ੀ ਵਾਲੀ ਗੱਲ ਹੈ ਕਿ ਪਹਿਲੀ ਜੁਲਾਈ 2022 ਨੂੰ ਬ੍ਰਿਟਿਸ਼ ਕੋਲੰਬੀਆ ਸੂਬਾ ਸਰਕਾਰ ਵੱਲੋਂ 'ਸੰਤ ਤੇਜਾ ਸਿੰਘ ਦਿਹਾੜਾ' ਐਲਾਨ ਕੀਤਾ ਗਿਆ ਹੈ। ਐਲਾਨਨਾਮੇ ਵਿੱਚ ਸ਼ਬਦ 'ਸੰਤ ਤੇਜਾ ਸਿੰਘ ਦਿਹਾੜਾ' ਹੁੰਦਿਆਂ ਇਹ ਵੀ ਵਿਚਾਰ ਹੈ ਕਿ ਆਪ ਜੀ ਨੂੰ ਸੰਤ, ਪ੍ਰੋਫੈਸਰ ਅਤੇ ਪ੍ਰਿੰਸੀਪਲ ਵਜੋਂ ਯਾਦ ਕੀਤਾ ਜਾਂਦਾ ਹੈ। ਇਸ ਸਬੰਧ ਵਿੱਚ ਇੱਕ ਅਹਿਮ ਇਤਿਹਾਸਿਕ ਹਵਾਲਾ ਸਾਂਝਾ ਕਰਨਾ ਉਚਿਤ ਹੋਵੇਗਾ। ਸੰਨ 1920 ਵਿੱਚ ਪਹਿਲੀ ਵਾਰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਜਾਣ ਮਗਰੋਂ, ਪੰਜ ਪਿਆਰਿਆਂ ਨੇ ਇਨ੍ਹਾਂ ਮੈਂਬਰਾਂ ਦੀ ਸੁਧਾਈ ਸ਼ੁਰੂ ਕੀਤੀ। ਸੁਧਾਈ ਵਾਸਤੇ ਚੁਣੇ ਗਏ ਪੰਜ ਪਿਆਰੇ ਇਹ ਸਨ: ਬਲਵੰਤ ਸਿੰਘ ਕੁਲ੍ਹਾ, ਪ੍ਰੋ: ਬਾਵਾ ਹਰਕਿਸ਼ਨ ਸਿੰਘ, ਮਾ: ਮੋਤਾ ਸਿੰਘ, ਤੇਜਾ ਸਿੰਘ ਭੁੱਚਰ ਤੇ ਪ੍ਰੋ: ਤੇਜਾ ਸਿੰਘ ਮਸਤੂਆਣਾ। ਇਸ ਮੌਕੇ ’ਤੇ ਪ੍ਰੋ: ਤੇਜਾ ਸਿੰਘ ਬਾਰੇ ਸੰਗਤਾਂ ਵਿੱਚੋਂ ਕਿਸੇ ਸੱਜਣ ਨੇ ਇਹ ਇਤਰਾਜ਼ ਉਠਾਇਆ ਗਿਆ ਕਿ ਉਹ ਆਪਣੇ ਆਪ ਨੂੰ ‘ਸੰਤ’ ਅਖਵਾਉਂਦੇ ਹਨ ਅਤੇ ਮੱਥਾ ਵੀ ਟਿਕਾਉਂਦੇ ਹਨ। ਪ੍ਰੋ: ਤੇਜਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੜੀ ਨਿਮਰਤਾ ਨਾਲ ਐਲਾਨ ਕੀਤਾ ਕਿ ਉਹ ਅੱਗੇ ਤੋਂ ਆਪਣੇ ਆਪ ਨੂੰ ‘ਸੰਤ’ ਨਹੀਂ ਅਖਵਾਉਣਗੇ ਅਤੇ ਕਿਸੇ ਨੂੰ ਆਪਣੇ ਅੱਗੇ ਮੱਥਾ ਨਹੀਂ ਟੇਕਣ ਦੇਣਗੇ (ਇਤਿਹਾਸਿਕ ਹਵਾਲਾ: ਹਫ਼ਤਾਵਾਰੀ ਪੰਚ, 8 ਦਸੰਬਰ 1920 ) ਅਕਾਲ ਤਖਤ ਸਾਹਿਬ ਵਿਖੇ ਲਏ ਇਸ ਅਹਿਦ ਮਗਰੋਂ ਆਪ ਜੀ ਨੂੰ ਬੇਸ਼ਕ ਪ੍ਰੋਫੈਸਰ ਤੇਜਾ ਸਿੰਘ ਕਰਕੇ ਹੀ ਜਾਣਿਆ ਜਾਂਦਾ ਰਿਹਾ, ਪਰ ਸ਼ਰਧਾਲੂ ਸੰਗਤਾਂ ਤਦ ਵੀ ਤੇ ਅੱਜ ਵੀ 'ਸੰਤ ਤੇਜਾ ਸਿੰਘ' ਕਹਿ ਕੇ ਸੰਬੋਧਨ ਕਰਦੀਆਂ ਹਨ।
ਆਪ ਜੀ ਮਹਾਨ ਸੇਵਾ ਨਿਭਾਉਂਦੇ ਹੋਏ 3 ਜੁਲਾਈ 1965 ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ।ਆਪ ਜੀ ਦੀ ਬਹੁ-ਪੱਖੀ ਦੇਣ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਹੈ ਅਤੇ ਸਦਾ ਹੀ ਸਿੱਖ ਕੌਮ ਦਾ ਮਾਰਗ-ਦਰਸ਼ਨ ਕਰਦੀ ਰਹੇਗੀ। ਪ੍ਰੋਫੈਸਰ ਤੇਜਾ ਸਿੰਘ ਜੀ ਨੂੰ ਸਮਰਪਿਤ ਪ੍ਰੋਕਲੇਮੇਸ਼ਨ ਬ੍ਰਿਟਿਸ਼ ਕੋਲੰਬੀਆ ਦੀ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਗੁਰਦੁਆਰਾ ਗੁਰਸਾਗਰ ਸਾਹਿਬ ਮਸਤੂਆਣਾ ਦੇ ਸੇਵਾਦਾਰਾਂ ਨੂੰ ਭੇਟ ਕੀਤਾ। ਇਸ ਮੌਕੇ ਤੇ ਭਾਈ ਗਿਆਨ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਵਿਚਾਰ ਸਾਂਝੇ ਕੀਤੇ। ਹੋਰਨਾਂ ਸ਼ਖਸੀਅਤਾਂ ਵਿੱਚ ਭਾਈ ਅਵਤਾਰ ਸਿੰਘ ਗਿੱਲ, ਭਾਈ ਬਲਵੀਰ ਸਿੰਘ ਸੰਘਾ ਅਤੇ ਹੋਰ ਬੁਲਾਰਿਆਂ ਨੇ ਹਾਜ਼ਰੀ ਲਵਾਈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਮਹਿੰਦਰ ਸਿੰਘ ਮਹਿਸਮਪੁਰ ਵੱਲੋਂ ਸੰਗਤਾਂ ਨਾਲ ਮਿਲ ਕੇ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ।