ਦਿਵਿਆਂਗ ਜੀਵਨ ਲਈ ਸਿੱਖਿਆ ਇਕ ਅਮੁੱਲ ਵਰਦਾਨ - ਪੂਜਾ ਸ਼ਰਮਾ
ਸਿੱਖਿਆ ਮਨੁੱਖੀ ਜੀਵਨ ਨੂੰ ਪ੍ਰਕਾਸ਼ਿਤ ਕਰਨ ਵਾਲੀ ਇੱਕ ਜੋਤ ਹੈ ਜੋ ਸੰਸਾਰ ਦੇ ਹਰ ਮਨੁੱਖ ਵਿੱਚ ਮਨੁੱਖਤਾ ਦਾ ਭਾਵ ਪੈਦਾ ਕਰਕੇ ਉਸਦੇ ਜੀਵਨ ਨੂੰ ਨਵੀਂ ਸੇਧ ਦਿੰਦੀ ਹੈ। ਸਿੱਖਿਆ ਦੀ ਤੁਲਨਾ ਸੂਰਜ ਨਾਲ ਵੀ ਕੀਤੀ ਜਾ ਸਕਦੀ ਹੈ ਜੋ ਸਾਰੀ ਸਰਿਸ਼ਟੀ ਤੇ ਆਪਣਾ ਪ੍ਰਕਾਸ਼ ਰੂਪੀ ਅਸ਼ੀਰਵਾਦ ਵਰਸਾਉਂਦਾ ਹੈ ਜੋ ਵਿਅਕਤੀ, ਉਸਦੇ ਪਰਿਵਾਰ, ਸਮਾਜ, ਦੇਸ਼ ਅਤੇ ਸੰਪੂਰਨ ਵਿਸ਼ਵ ਨੂੰ ਰੌਸ਼ਨ ਕਰਦਾ ਹੈ।ਮਹਾਂਕਵੀ ਕਾਲੀਦਾਸ ਨੇ ਮਹਾਂਕਾਵ “ਰਘੂਵੰਸ਼ਮ” ਵਿੱਚ ਸਿੱਖਿਆ ਸ਼ਬਦ ਦਾ ਪ੍ਰਯੋਗ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਦੇ ਰੂਪ ਵਿੱਚ ਕੀਤਾ ਹੈ| ਸਿੱਖਣ ਸਿਖਾਉਣ ਦੀ ਇਹ ਪ੍ਰਕਿਰਿਆ ਜੀਵਨ ਭਰ ਚਲਦੀ ਰਹਿੰਦੀ ਹੈ। ਜੋ ਬੱਚੇ ਦੇ ਮਾਂ ਦੇ ਗਰਭ ਵਿੱਚ ਆਉਣ ਸਮੇਂ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਉਸਦੇ ਆਖਰੀ ਸਾਹਾਂ ਤੱਕ ਉਸਦੇ ਨਾਲ ਰਹਿੰਦੀ ਹੈ। ਇਸ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਵਿੱਚ ਵਿਅਕਤੀ ਗਿਆਨ ਦੇ ਨਾਲ-ਨਾਲ ਜੀਵਨ ਸਬੰਧੀ ਮਾਨਤਾਵਾਂ, ਆਦਰਸ਼ ਤੇ ਕੁਸ਼ਲਤਾਵਾਂ ਸਿੱਖਦਾ ਹੈ ਜੋ ਉਸ ਦੇ ਜੀਵਨ ਨੂੰ ਆਦਰਸ਼ ਬਨਾਉਣ ਵਿੱਚ ਸਹਾਈ ਹੁੰਦੀਆਂ ਹਨ।
ਸਿੱਖਿਆ ਜੀਵਨ ਸਬੰਧੀ ਮਾਨਤਾਵਾਂ ਅਤੇ ਆਦਰਸ਼ਾਂ ਨਾਲ ਵੀ ਸੰਬੰਧਿਤ ਹੈ| ਇਹ ਉਹ ਕੌਸ਼ਲ ਹੈ ਜਿਸ ਨੂੰ ਕੋਈ ਵੀ ਵਿਅਕਤੀ ਲਗਾਤਾਰ ਅਭਿਆਸ ਦੁਆਰਾ ਹੀ ਪ੍ਰਾਪਤ ਕਰ ਸਕਦਾ ਹੈ। ਸਿੱਖਿਆ ਲਿਖਣ ਅਤੇ ਪੜਨ ਦਾ ਗਿਆਨ ਦੇਣ ਦੇ ਨਾਲ ਵਿਅਕਤੀ ਦੇ ਆਚਰਣ, ਵਿਚਾਰ ਅਤੇ ਦ੍ਰਿਸ਼ਟੀਕੋਣ ਵਿੱਚ ਅਜਿਹਾ ਬਦਲਾਵ ਲਿਆਉਂਦੀ ਹੈ ਜੋ ਸਮਾਜ, ਰਾਸ਼ਟਰ ਅਤੇ ਵਿਸ਼ਵ ਦੇ ਲਈ ਲਾਹੇਵੰਦ ਹੁੰਦਾ ਹੈ।
ਸਿੱਖਿਆ ਜੀਵਨ ਦੀ ਤਰ੍ਹਾਂ ਵਿਆਪਕ ਹੈ। ਇਹ ਸਿਰਫ ਸਕੂਲ, ਕਾਲਜ ਤੱਕ ਹੀ ਸੀਮਿਤ ਨਹੀਂ। ਸਮਾਜ ਵਿੱਚ ਰਹਿੰਦਿਆਂ ਵੱਖ-ਵੱਖ ਅਨੁਭਵਾਂ ਜਾਂ ਤਜਰਬਿਆਂ ਦੁਆਰਾ ਮਨੁੱਖ ਹਰ ਪਲ ਕੁੱਝ ਨਾ ਕੁੱਝ ਸਿੱਖਦਾ ਰਹਿੰਦਾ ਹੈ। ਸਿੱਖਿਆ ਦਾ ਅਰਥ ਮਨੁੱਖ ਦੀਆਂ ਸੰਪੂਰਨ ਅੰਦਰੂਨੀ ਸ਼ਕਤੀਆਂ ਅਤੇ ਗੁਣਾਂ ਦਾ ਪ੍ਰਗਟੀਕਰਨ ਅਤੇ ਸਰਵਪੱਖੀ ਵਿਕਾਸ ਕਰਨਾ ਹੈ। ਸਵਾਮੀ ਵਿਵੇਕਾਨੰਦ ਅਨੁਸਾਰ ਸਿੱਖਿਆ ਦਾ ਅਰਥ ਉਸ ਪੂਰਨਤਾ ਨੂੰ ਵਿਅਕਤ ਕਰਨਾ ਹੈ ਜੋ ਸਾਰੇ ਮਨੁੱਖਾਂ ਅੰਦਰ ਵਾਸ ਕਰਦੀ ਹੈ। ਸਿੱਖਿਆ ਲਿਖਣ-ਪੜ੍ਹਣ ਦਾ ਗਿਆਨ ਦੇਣ ਦੇ ਨਾਲ-ਨਾਲ ਵਿਅਕਤੀ ਦੇ ਆਚਰਣ, ਵਿਚਾਰ ਤੇ ਸੋਚ ਵਿੱਚ ਅਜਿਹਾ ਪਰਿਵਰਤਨ ਲਿਆਉਂਦੀ ਹੈ ਜੋ ਪੂਰੇ ਸਮਾਜ, ਰਾਸ਼ਟਰ ਅਤੇ ਵਿਸ਼ਵ ਲਈ ਲਾਭਦਾਇਕ ਹੁੰਦਾ ਹੈ।
ਸਿੱਖਿਆ ਇੱਕ ਸਮਾਜ ਦੀ ਨੀਂਵ ਹੁੰਦੀ ਹੈ ਜਿਸ ਤਰ੍ਹਾਂ ਦੀ ਸਿੱਖਿਆ ਸਮਾਜ ਵਿੱਚ ਪ੍ਰਚਲਿਤ ਹੋਵੇਗੀ ਉਸੇ ਤਰ੍ਹਾਂ ਦੇ ਸਮਾਜ ਦਾ ਨਿਰਮਾਣ ਹੋਵੇਗਾ। ਸਿੱਖਿਆ ਤੋਂ ਬਿਨਾਂ ਮਨੁੱਖ ਦਾ ਜੀਵਨ ਨਿਰਰਥਕ ਅਤੇ ਸਾਰਹੀਨ ਰਹਿੰਦਾ ਹੈ| ਸਿੱਖਿਆ ਮਨੁੱਖ ਦੀ ਬੁੱਧੀ, ਬੋਧ, ਸਮਰੱਥਾ ਅਤੇ ਵਿਵੇਕ ਨੂੰ ਵਿਕਸਿਤ ਕਰਦੀ ਹੈ[ ਸਿੱਖਿਆ ਮਨੁੱਖ ਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲੈਕੇ ਜਾਂਦੀ ਹੈ। ਇਹ ਉਸ ਨੂੰ ਜੀਵਨ ਸਬੰਧੀ ਸਿਧਾਤਾਂ ਤੇ ਉਦੇਸ਼ਾਂ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ। ਸਿੱਖਿਆ ਤੋਂ ਬਿਨਾ ਮਨੁੱਖੀ ਜੀਵਨ ਸਾਰਹੀਣ ਹੈ ਕਿਉਂਕਿ ਇਹ ਹੀ ਹੈ ਜੋ ਮਨੁੱਖ ਦੀ ਬੁੱਧੀ ਅਤੇ ਵਿਵੇਕ ਦਾ ਵਿਕਾਸ ਕਰਦੀ ਹੈ। ਸੰਸਕ੍ਰਿਤ ਦੇ ਮਹਾਨ ਕਵੀ ਭਰਤੀਹਰਿ ਅਨੁਸਾਰ ਸਿੱਖਿਆ ਤੋਂ ਬਿਨਾ ਮਨੁੱਖ ਨਿਰਾ ਪਸ਼ੂ ਹੈ। ਇਹ ਮਨੁੱਖ ਦਾ ਗੁਪਤ ਧਨ ਹੈ ਜਿਸ ਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ। ਉਦੇਸ਼ ਦੇ ਗਿਆਨ ਤੋਂ ਬਿਨਾਂ ਅਧਿਆਪਕ ਉਸ ਮਲਾਹ ਵਰਗਾ ਹੁੰਦਾ ਹੈ ਜਿਸ ਨੂੰ ਆਪਣੇ ਲਕਸ਼ ਦਾ ਗਿਆਨ ਨਹੀਂ ਹੁੰਦਾ ਅਤੇ ਉਸਦੇ ਵਿਦਿਆਰਥੀ ਉਸ ਚੱਪੂ ਤੋਂ ਬਿਨਾਂ ਬੇੜੀ ਦੇ ਸਮਾਨ ਹਨ ਜੋ ਸਮੁੰਦਰ ਦੀਆਂ ਲਹਿਰਾਂ ਦੇ ਥਪੇੜੇ ਖਾਂਦੀ ਹੋਈ ਕਿਨਾਰੇ ਵੱਲ ਵੱਧਦੀ ਜਾ ਰਹੀ ਹੈ।
ਸਿੱਖਿਆ ਮਨੁੱਖ ਨੂੰ ਸਿਰਫ ਜ਼ਿੰਦਗੀ ਜਿਊਣ ਦੇ ਕਾਬਿਲ ਹੀ ਨਹੀਂ ਬਣਾਉਂਦੀ ਬਲਕਿ ਇਹ ਉਸ ਵਿੱਚ ਸਹੀ ਨਿਰਣਾ ਲੈਣ ਦੀ ਯੋਗਤਾ ਪੈਦਾ ਕਰਦੀ ਹੈ ਜੋ ਉਸ ਨੂੰ ਸਰੀਰ, ਮਨ ਅਤੇ ਆਤਮਾ ਵਿੱਚ ਸੰਤੁਲਨ ਬਣਾਉਣ ਵਿੱਚ ਸਹਾਈ ਹੁੰਦੀ ਹੈ। ਸਿੱਖਿਆ ਦੇ ਰਾਹੀਂ ਮਨੁੱਖ ਮਾਨਸਿਕ, ਬੌਧਿਕ ਅਤੇ ਅਧਿਆਤਮਿਕ ਸ਼ਕਤੀਆਂ ਦਾ ਵਿਕਾਸ ਕਰਦਾ ਹੈ। ਇਸ ਨਾਲ ਉਸ ਵਿੱਚ ਸਮਾਜਕ ਨਿਯਮਾਂ ਦਾ ਗਿਆਨ ਹੁੰਦਾ ਹੈ ਅਤੇ ਸਮਾਜਕ ਬੁਰਾਈਆਂ ਪ੍ਰਤੀ ਉਸ ਦੀ ਸੋਚ ਵਿਕਸਿਤ ਹੁੰਦੀ ਹੈ ਅਤੇ ਸਮਾਜਿਕ ਪਰਿਵਰਤਨ ਦਾ ਹਿੱਸਾ ਬਣਦੇ ਹੋਏ ਉਹ ਰਾਸ਼ਟਰ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਇੱਕ ਵਿਅਕਤੀ ਦੀ ਜ਼ਿੰਦਗੀ ਵਿੱਚ ਸਿੱਖਿਆ ਦਾ ਮਹੱਤਵ ਬਹੁਤ ਜਿਆਦਾ ਹੈ ਕਿਉਂਕਿ ਇਹ ਸਾਨੂੰ ਗਿਆਨ, ਕੌਸ਼ਲ. ਆਤਮ ਵਿਸ਼ਵਾਸ. ਆਤਮ ਨਿਰਭਰਤਾ ਤੇ ਸਮਾਜ ਵਿੱਚ ਇੱਕ ਸਕਾਰਾਤਮਕ ਭੂਮਿਕਾ ਨਿਭਾਉਣ ਵਿੱਚ ਮਦਦ ਕਰਦੀ ਹੈ| ਸਿੱਖਿਆ ਸਾਡੇ ਵਿਅਕਤੀਤਵ. ਚਰਿਤਰ ਅਤੇ ਆਦਰਸ਼ਾਂ ਦਾ ਨਿਰਮਾਣ ਕਰਦੀ ਹੈ| ਇਹ ਸਾਨੂੰ ਸਾਡੇ ਅਧਿਕਾਰਾਂ ਅਤੇ ਕਰਤਵਾਂ ਪ੍ਰਤੀ ਜਾਗਰੂਕ ਬਣਾਉਂਦੀ ਹੈ ਅਤੇ ਸਾਨੂੰ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਕਰਨ ਦਾ ਮੌਕਾ ਦਿੰਦੀ ਹੈ
ਇੱਕ ਸਧਾਰਨ ਮਨੁੱਖ ਲਈ ਸਿੱਖਿਆ ਦਾ ਜਿੱਥੇ ਇੰਨਾ ਮਹੱਤਵ ਹੈ ਉੱਥੇ ਇੱਕ ਦਿਵਿਆਂਗ ਲਈ ਇਸਦੀ ਉਪਯੋਗਿਤਾ ਕਈ ਗੁਣਾ ਵੱਧ ਜਾਂਦੀ ਹੈ। ਸਿੱਖਿਆ ਹੀ ਉਹ ਖਜ਼ਾਨਾ ਹੈ ਜੋ ਇੱਕ ਦਿਵਿਆਂਗ ਨੂੰ ਸਮਾਜ ਵਿੱਚ ਸਨਮਾਨ ਦਵਾਉਂਦਾ ਹੈ ਅਤੇ ਸਿੱਖਿਅਤ ਹੋਕੇ ਉਸ ਨੂੰ ਆਤਮ-ਨਿਰਭਰ ਹੋਣ ਦੇ ਯੋਗ ਬਣਾਉਂਦਾ ਹੈ। ਸਿੱਖਿਆ ਪ੍ਰਾਪਤ ਕਰਕੇ ਉਹ ਸਿਰਫ ਆਪਣੇ ਅਤੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਕਰਨ ਦੇ ਯੋਗ ਹੀ ਨਹੀਂ ਹੁੰਦਾ ਸਗੋਂ ਜ਼ਿੰਦਗੀ ਪ੍ਰਤੀ ਉਸਦਾ ਨਜ਼ਰੀਆ ਬਦਲ ਜਾਂਦਾ ਹੈ। ਇੱਕ ਪਾਸੇ ਅਸਿੱਖਿਅਤ ਦਿਵਿਆਂਗ ਦੀ ਜ਼ਿੰਦਗੀ ਸਹੀ ਸੋਚ ਦੀ ਕਮੀ ਕਾਰਣ ਪਰਿਵਾਰ ਅਤੇ ਸਮਾਜ ਤੇ ਬੋਝ ਬਣ ਜਾਂਦੀ ਹੈ ਅਤੇ ਉਹ ਵੀ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ ਉੱਥੇ ਸਿੱਖਿਆ ਦੀ ਓਟ ਇੱਕ ਦਿਵਿਆਂਗ ਦੇ ਜੀਵਨ ਵਿੱਚ ਨਵੀਂ ਆਸ, ਨਵੀਂ ਉਮੀਦ ਅਤੇ ਜੀਵਨ ਦੀ ਨਵੀਂ ਜਾਚ ਪੈਦਾ ਕਰਦੀ ਹੈ। ਜ਼ਿੰਦਗੀ ਜਿਊਣ ਦੀ ਨਵੀਂ ਸੋਝੀ ਉਸ ਅੰਦਰ ਪੈਦਾ ਹੁੰਦੀ ਹੈ। ਮਾਨਸਿਕ ਅਤੇ ਭਾਵਨਾਤਮਿਕ ਸੰਵੇਗਾਂ ਨੂੰ ਕਿਵੇਂ ਕਾਬੂ ਕਰਨਾ ਹੈ ਸਿੱਖਿਆ ਉਸ ਨੂੰ ਸਿਖਾਉਂਦੀ ਹੈ। ਸਮਾਜ ਵਿੱਚ ਰਹਿ ਕੇ ਦ੍ਰਿੜ ਇਰਾਦੇ ਨਾਲ ਸਭ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਕਿਵੇਂ ਸਫਲਤਾ ਦੇ ਸਿਖਰ ਤੱਕ ਪਹੁੰਚਣਾ ਹੈ ਇਹ ਵੀ ਸਿੱਖਿਆ ਹੀ ਸਿਖਾਉਂਦੀ ਹੈ। ਭਾਵ ਸਿੱਖਿਆ ਇੱਕ ਮਾਰਗਦਰਸ਼ਕ ਦੀ ਤਰ੍ਹਾਂ ਹਰ ਪਲ ਹਰ ਪੜਾਅ ਤੇ ਉਸ ਦੇ ਅੰਗ-ਸੰਗ ਰਹਿੰਦੀ ਹੈ। ਇਸ ਲਈ ਇੱਕ ਦਿਵਿਆਂਗ ਲਈ ਸਿੱਖਿਆ ਉਸ ਅੰਮ੍ਰਿਤ ਦੀ ਤਰ੍ਹਾਂ ਹੈ ਜੋ ਮਨੁੱਖ ਨੂੰ ਅਮਰਤਾ ਪ੍ਰਦਾਨ ਕਰਦੀ ਹੈ। ਚਾਹੇ ਦਿਵਿਆਂਗ ਮਨੁੱਖ ਦਾ ਜੀਵਨ ਕਿੰਨਾ ਹੀ ਮੁਸ਼ਕਲਾਂ ਭਰਿਆ ਹੋਵੇ ਇਹ ਉਸ ਦੇ ਹੌਂਸਲਿਆਂ ਨੂੰ ਨਵੀਂ ਉਡਾਣ ਦਿੰਦੀ ਹੈ। ਸਿੱਖਿਆ ਦੇ ਕਾਰਨ ਹੀ ਦਿਵਿਆਂਗ ਵਿਅਕਤੀ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੁੰਦਾ ਹੈ ਅਤੇ ਸਮਾਜ ਵਿੱਚ ਉਹ ਆਪਣੀ ਥਾਂ ਸਿਰਜਣ ਵਿੱਚ ਕਾਮਯਾਬ ਹੁੰਦਾ ਹੈ। ਸਿੱਖਿਆ ਹੀ ਉਸ ਨੂੰ ਸਮਾਜ ਵਿੱਚ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੇ ਵਿੱਚ ਸਹਾਇਕ ਹੁੰਦੀ ਹੈ ਅਤੇ ਸਿੱਖਿਆ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੀ ਹੈ ਜਿਸ ਨਾਲ ਉਹ ਉਪਲਬਧ ਮੌਕਿਆ ਦਾ ਪ੍ਰਯੋਗ ਕਰਕੇ ਆਪਣੇ ਜੀਵਨ ਨੂੰ ਪਰਿਵਾਰ, ਸਮਾਜ ਅਤੇ ਦੇਸ਼ ਲਈ ਉਪਯੋਗੀ ਬਣਾ ਸਕਦਾ ਹੈ। ਸਿੱਖਿਆ ਦੇ ਗਿਆਨ ਨੂੰ ਸਮਾਜ ਵਿੱਚ ਲੋਕਾਂ ਨਾਲ ਰਿਸ਼ਤੇ ਬਣਾਉਣ, ਸਮਾਜਿਕ ਹੁਨਰ ਵਿਕਸਿਤ ਕਰਨ ਅਤੇ ਭਾਈਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਸਵੈ ਮਾਣ ਨਾਲ ਭਰਪੂਰ ਬਣਾਉਂਦੀ ਹੈ। ਸਮਾਜ ਵਿੱਚ ਦਿਵਿਆਂਗਾਂ ਨੂੰ ਲੈ ਕੇ ਫੈਲੀਆਂ ਗਲਤ ਧਾਰਨਾਵਾਂ ਨੂੰ ਚੁਣੌਤੀ ਦੇਣ ਵਿੱਚ ਸਿੱਖਿਆ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ।
ਆਓ ਅਸੀਂ ਕੁੱਝ ਅਜਿਹੇ ਦਿਵਿਆਂਗ ਲੋਕਾਂ ਦੀ ਜ਼ਿੰਦਗੀ ਅੰਦਰ ਝਾਤ ਮਾਰੀਏ ਜਿਨ੍ਹਾਂ ਨੇ ਵਿਦਿਆ ਦੇ ਚਾਨਣ ਨਾਲ ਆਪਣੀ ਜ਼ਿੰਦਗੀ ਨੂੰ ਰੌਸ਼ਨ ਕੀਤਾ ਅਤੇ ਸਾਰੀ ਦੁਨੀਆ ਲਈ ਪ੍ਰੇਰਣਾ ਸਰੋਤ ਬਣੇ। ਸਭ ਤੋਂ ਪਹਿਲਾਂ ਮੈਂ ਹੈਲਨ ਕੈਲਰ ਨੂੰ ਯਾਦ ਕਰਦੀ ਹਾਂ ਜਿਨ੍ਹਾਂ ਦਾ ਜਨਮ ਅਮਰੀਕਾ ਦੇ ਟਸਕੰਬਿਆ, ਅਲਬਾਮਾ ਵਿਖੇ ਹੋਇਆ। ਜਨਮ ਸਮੇਂ ਉਹ ਬਿਲਕੁਲ ਸਿਹਤਮੰਦ ਸੀ। ਪਰ ਜਦੋਂ ਉਸਦੀ ਉਮਰ 19 ਮਹੀਨੇ ਦੀ ਸੀ ਕਿਸੇ ਬੀਮਾਰੀ ਕਰਕੇ ਉਨ੍ਹਾਂ ਦੀ ਦੇਖਣ ਅਤੇ ਸੁਣਨ ਸ਼ਕਤੀ ਚਲੀ ਗਈ। ਐਨੀ ਸੁਲੀਵਾਨ ਨੇ ਉਨ੍ਹਾਂ ਨੂੰ ਅਗਿਆਨਤਾ ਦੇ ਹਨੇਰੇ ਤੋਂ ਬਾਹਰ ਕੱਢ ਕੇ ਉਨ੍ਹਾਂ ਦੀ ਜ਼ਿੰਦਗੀ ਰੁਸ਼ਨਾ ਦਿੱਤੀ। ਬਹੁਤ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਬ੍ਰੇਲ ਲਿਪੀ ਸਿੱਖੀ ਅਤੇ ਪਹਿਲੀ ਦਿਵਿਆਂਗ ਬਣੀ ਜਿਸਨੇ ਦ੍ਰਿਸ਼ਟੀਹੀਣ ਹੋਣ ਦੇ ਬਾਵਜੂਦ ਬੀ.ਏ. ਪਾਸ ਕੀਤੀ। ਉਨ੍ਹਾਂ ਦੀ ਆਤਮਕਥਾ ‘ਦ ਸਟੋਰੀ ਆਫ ਮਾਈ ਲਾਈਫ’ ਇੱਕ ਜਗਤ ਪ੍ਰਸਿੱਧ ਕਿਤਾਬ ਹੈ। ਆਪਣੀ ਅਣਥਕ ਮਿਹਨਤ ਸਦਕਾ ਉਹ ਇੱਕ ਪ੍ਰਸਿੱਧ ਲੇਖਿਕਾ, ਸਮਾਜ ਸੇਵੀ ਅਤੇ ਰਾਜਨੀਤਕ ਕਾਰਜਕਰਤਾ ਦੇ ਰੂਪ ਵਿੱਚ ਪ੍ਰਸਿੱਧ ਹੋਏ।
ਭਾਰਤੀ ਸੰਸਕ੍ਰਿਤੀ ਵਿੱਚ ਰਿਸ਼ੀ ਅਸ਼ਟਾਵਕਰ ਨੂੰ ਕੌਣ ਭੁਲਾ ਸਕਦਾ ਹੈ? ਅਸ਼ਟਾਵਕਰ ਨਾਂ ਦਾ ਅਰਥ ਹੈ ਅੱਠ ਥਾਵਾਂ ਤੋਂ ਟੇਢਾ। ਰਿਸ਼ੀ ਅਸ਼ਟਾਵਕਰ ਬਚਪਨ ਤੋਂ ਹੀ ਬਹੁਤ ਸੂਝਵਾਨ ਅਤੇ ਹੁਸ਼ਿਆਰ ਵਿਦਿਆਰਥੀ ਸਨ। ਉਨਾਂ ਦੇ ਬਾਹਰੀ ਦਿੱਖ ਕਾਰਨ ਲੋਕ ਉਨਾਂ ਦਾ ਮਜ਼ਾਕ ਉਡਾਇਆ ਕਰਦੇ ਸਨ। “ਅਸ਼ਟਾਵਕਰ ਗੀਤਾ” ਅਤੇ “ਅਸ਼ਟਾਵਕਰ ਸੰਹਿਤਾ” ਭਾਰਤੀ ਸੰਸਕ੍ਰਿਤੀ ਨੂੰ ਉਨਾਂ ਦੀ ਅਨਮੋਲ ਦੇਣ ਹੈ।
ਜਗਤ ਗੁਰੂ ਸ੍ਰੀ ਰਾਮ ਭਦਰਾਚਾਰਯ ਚਿੱਤਰ ਕੂਟ ਵਿੱਚ ਰਹਿਣ ਵਾਲੇ ਇੱਕ ਪ੍ਰਸਿੱਧ ਵਿਦਵਾਨ, ਰਚਨਾਕਾਰ, ਦਾਰਸ਼ਨਿਕ ਅਤੇ ਰਾਮਾਨੰਦ ਸੰਪ੍ਰਦਾਇ ਦੇ ਚਾਰ ਰਾਮਾਨੰਦਾਚਾਰਿਆ ਵਿੱਚੋਂ ਇੱਕ ਹਨ। ਜਦੋਂ ਉਨ੍ਹਾਂ ਦੀ ਉਮਰ ਦੋ ਮਹੀਨੇ ਦੀ ਸੀ ਉਦੋਂ ਅਚਾਨਕ ਉਨਾਂ ਦੇ ਅੱਖਾਂ ਦੀ ਰੌਸ਼ਨੀ ਚਲੀ ਗਈ। ਉਨ੍ਹਾਂ ਨੇ ਕਦੇ ਵੀ ਬਰੇਲ ਲਿਪੀ ਨਾਲ ਪੜ੍ਹਾਈ ਨਹੀਂ ਕੀਤੀ ਪਰ ਉਨਾਂ ਨੂੰ 22 ਭਾਸ਼ਾਵਾਂ ਦਾ ਗਿਆਨ ਹੈ ਅਤੇ 70 ਤੋਂ ਵੱਧ ਗ੍ਰੰਥਾਂ ਦੀ ਰਚਨਾ ਕਰ ਚੁੱਕੇ ਹਨ।
ਮਹਾਂਕਵੀ ਸੂਰਦਾਸ 16ਵੀਂ ਸਦੀ ਦੇ ਮਹਾਨ ਸੰਤ, ਕਵੀ ਅਤੇ ਗਾਇਕ ਰਹੇ ਹਨ। ਕਿਹਾ ਜਾਂਦਾ ਹੈ ਕਿ ਉਹ ਜਨਮ ਤੋਂ ਹੀ ਦ੍ਰਿਸ਼ਟੀਹੀਣ ਸਨ। ਉਹ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਪਰਮ ਭਗਤ ਸਨ। ਉਨਾਂ ਦੀਆਂ ਕਾਵਿ ਰਚਨਾਵਾਂ ਸੂਰ ਸਾਗਰ, ਸੂਰ ਸਾਰਾਵਲੀ ਅਤੇ ਸਾਹਿਤਯ ਲਹਿਰੀ ਸ੍ਰੀ ਕ੍ਰਿਸ਼ਨ ਪ੍ਰੇਮ ਅਤੇ ਅਰਾਧਨਾ ਨਾਲ ਭਰੀਆਂ ਹਨ। ਕਿਹਾ ਜਾਂਦਾ ਹੈ ਕਿ ਬਿਨਾਂ ਨਜ਼ਰ ਤੋਂ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦੀ ਰੂਪ ਮਾਧੁਰੀ ਦਾ ਵਰਨਨ ਜਿਸ ਤਰ੍ਹਾਂ ਮਹਾਂਕਵੀ ਸੂਰ ਦਾਸ ਨੇ ਕੀਤਾ ਨਜ਼ਰ ਵਾਲਾ ਵਿਅਕਤੀ ਵੀ ਸ਼ਾਇਦ ਹੀ ਕਰ ਸਕੇ।
ਇਰਾ ਸਿੰਘਲ ਜੋ ਕਿ ਯੂ. ਪੀ. ਐਸ. ਸੀ . 2014 ਦੀ ਪ੍ਰੀਖਿਆ ਵਿੱਚ ਪੂਰੇ ਭਾਰਤ ਦੇਸ਼ ਵਿੱਚੋਂ ਪਹਿਲੇ ਨੰਬਰ ਤੇ ਰਹੀ ਸਾਰੀਆਂ ਔਰਤਾਂ ਅਤੇ ਦਿਵਿਆਂਗਾਂ ਲਈ ਇੱਕ ਮਿਸਾਲ ਹੈ। ਉਹ ਰੀੜ੍ਹ ਦੀ ਹੱਡੀ ਨਾਲ ਸਬੰਧਤ ਇੱਕ ਬੀਮਾਰੀ ਨਾਲ ਪੀੜਤ ਹਨ ਜਿਸ ਨਾਲ ਉਨ੍ਹਾਂ ਦੀ ਬਾਜੂ ਠੀਕ ਰੂਪ ਵਿੱਚ ਕੰਮ ਕਰਣ ਵਿੱਚ ਅਸਮਰਥ ਹੈ ਪਰ ਆਪਣੇ ਦ੍ਰਿੜ ਇਰਾਦੇ ਸਦਕਾ ਉਹ ਪਹਿਲੀ ਦਿਵਿਆਂਗ ਮਹਿਲਾ ਬਣੀ ਜਿਸ ਨੇ ਇਸ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।
ਸਟੀਫਨ ਵਿਲੀਅਮ ਹਾੱਕਿੰਗ ਇੱਕ ਅਜਿਹਾ ਨਾਂ ਜਿਸ ਨੇ ਵਿਗਿਆਨ ਦੀ ਦੁਨੀਆ ਵਿੱਚ ਆਪਣੀ ਅਮਿਟ ਛਾਪ ਛੱਡੀ। ਉਨ੍ਹਾਂ ਨੂੰ ਮੋਟਰ ਨਿਊਰਾੱਨ ਬੀਮਾਰੀ ਹੋ ਗਈ। ਇਸ ਸਭ ਦੇ ਬਾਵਜੂਦ ਉਹਨਾਂ ਨੇ ਹਿਮੱਤ ਨਹੀਂ ਹਾਰੀ ਅਤੇ ਆੱਕਸਫੋਰਡ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫੈਸਰ ਬਣੇ। ਉਹਨਾਂ ਦਾ ਸਾਰਾ ਸ਼ਰੀਰ ਲਕਵੇ ਤੋਂ ਗ੍ਰਸਿਤ ਹੋ ਗਿਆ।ਉਹਨਾਂ ਨੇ ਵਿਸ਼ੇਸ਼ ਤੌਰ ਤੇ ਬਲੈਕ ਹੋਲ ਤੇ ਕੰਮ ਕੀਤਾ।ਉਹਨਾਂ ਦੀ ਕਿਤਾਬ ‘ਅ ਬ੍ਰੀਫ ਹਿਸਟਰੀ ਆੱਫ ਟਾਈਮ’ ਦੀਆਂ 1988 ਤੋਂ ਹੁਣ ਤੱਕ 10 ਮਿਲੀਅਨ ਪ੍ਰਤੀਆਂ ਬਿਕ ਚੁੱਕੀਆ ਹਨ ਅਤੇ ਇਸ ਦਾ 35 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁਕਿਆ ਹੈ।ਉਹਨਾਂ ਨੂੰ ਵਿਗਿਆਨ ਦੇ ਖੇਤਰ ਵਿੱਚ ਬੱਡਮੁੱਲੇ ਯੋਗਦਾਨ ਲਈ ਬਹੁਤ ਸਾਰੇ ਅਵਾਰਡਾਂ ਨਾਲ ਨਵਾਜ਼ਿਆ ਗਿਆ।
ਐਚ ਰਾਮਕ੍ਰਿਸ਼ਨਨ ਜਦੋਂ ਢਾਈ ਸਾਲ ਦੇ ਸੀ ਉਦੋਂ ਉਹਨਾਂ ਦੀਆਂ ਦੋਵੇਂ ਲੱਤਾਂ ਨੂੰ ਪੋਲੀਓ ਹੋ ਗਿਆ। ਲੰਬੇ ਸੰਘਰਸ਼ ਤੋਂ ਬਾਅਦ ਵੀ ਉਹਨਾਂ ਨੇ 40 ਸਾਲ ਪੱਤਰਕਾਰ ਦੇ ਤੌਰ ਤੇ ਕੰਮ ਕੀਤਾ ਅਤੇ ਫਿਲਹਾਲ ਐਸ.ਐਸ. ਮਿਊਜ਼ਿਕ ਕੰਪਨੀ ਵਿੱਚ ਸੀ.ਈ.ਓ ਦੇ ਤੌਰ ਤੇ ਕੰਮ ਕਰ ਰਹੇ ਹਨ।ਉਹ ਦਿਵਿਆਂਗ ਲੋਕਾਂ ਲਈ ਕਰੁਪਾ ਨਾਂ ਦਾ ਟ੍ਰਸਟ ਵੀ ਚਲਾ ਰਹੇ ਹਨ।
ਸੁਰੇਸ਼ ਅਡਵਾਨੀ ਇੱਕ ਅਜਿਹੀ ਵਿਲੱਖਣ ਉਦਾਹਰਣ ਹਨ ਜੋ ਅੱਠ ਸਾਲ ਦੀ ਉਮਰ ਵਿੱਚ ਪੋਲੀਓ ਤੋਂ ਗ੍ਰਸਿਤ ਹੋ ਕੇ ਵ੍ਹੀਲ਼ ਚੇਅਰ ਦੇ ਮੁਹਤਾਜ ਹੋ ਗਏ।ਆਪਣੇ ਸੁਪਨਿਆਂ ਨੂੰ ਜ਼ਿੰਦਾ ਰੱਖਦੇ ਹੋਏ ਅਣਥਕ ਮਿਹਨਤ ਨਾਲ ਇਹ ਅੱਾਨਕੋਲੋਜਿਸਟ ਬਣੇ। ਆਪਣੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਵਜੋਂ ਇਹਨਾਂ ਨੂੰ 2002 ਵਿੱਚ ਪਦਮ ਸ਼੍ਰੀ ਅਤੇ 2012 ਵਿੱਚ ਪਦਮ ਭੂਸ਼ਨ ਨਾਲ ਨਵਾਜ਼ਿਆ ਗਿਆ।ਇਹ ਭਾਰਤ ਦੇ ਪਹਿਲੇ ਅੱਾਨਕੋਲੋਜਿਸਟ ਹਨ ਜਿਹਨਾਂ ਨੇ ਸਫਲਤਾ ਪੂਰਵਕ ਬੋਨ ਮੈਰੋ ਟਰਾਂਸਪਲਾਂਟ ਕੀਤਾ।
ਅਕਬਰ ਖਾਨ ਜਿਸ ਦਾ ਜਨਮ ਰਾਜਸਥਾਨ ਵਿਖੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਉਹ ਜਨਮ ਤੋਂ ਹੀ ਨਹੀਂ ਦੇਖ ਸਕਦੇ ਸੀ।ਉਹਨਾਂ ਦੇ ਭਰਾ ਜੋ ਖੁਦ ਇਸ ਬੀਮਾਰੀ ਤੋਂ ਪੀੜਿਤ ਸਨ, ਨੇ ਉਹਨਾਂ ਦਾ ਸਾਥ ਦਿੱਤਾ।ਅਕਬਰ ਨੇ ਆਪਣੀ ਪੜ੍ਹਾਈ ਜਾਰੀ ਰੱਖੀ।ਪਰ ਸੰਗੀਤ ਵਿੱਚ ਇਹਨਾਂ ਨੂੰ ਵਿਸ਼ੇਸ਼ ਰੂਚੀ ਸੀ।ਇਹਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ 1989 ਵਿੱਚ ਨੈਸ਼ਨਲ ਅਵਾਰਡ ਨਾਲ ਇਹਨਾਂ ਦਾ ਸਨਮਾਨਿਤ ਹੋਣਾ ਹੈ।
ਜਾਵੇਦ ਅਬੀਦੀ ਜਿਸ ਨੂੰ ਇਕ ਬੀਮਾਰੀ ਕਾਰਣ 15 ਸਾਲ ਦੀ ਉਮਰ ਵਿੱਚ ਵ੍ਹੀਲ ਚੇਅਰ ਦਾ ਸਹਾਰਾ ਲੈਣਾ ਪਿਆ ਪਰ ਇਸ ਨੇ ਹਾਰ ਨਾ ਮੰਨਦਿਆਂ ਹੋਇਆਂ ਵਿਦੇਸ਼ ਜਾ ਕੇ ਆਪਣੀ ਪੜ੍ਹਾਈ ਖਤਮ ਕੀਤੀ ਅਤੇ ਇਕ ਪੱਤਰਕਾਰ ਬਣਿਆ।ਉਹ ਕਈ ਸਾਲਾਂ ਤੋਂ ਦਿਵਿਆਗਾਂ ਦੇ ਹੱਕਾਂ ਲਈ ਕੰਮ ਕਰ ਰਹੇ ਹਨ ਅਤੇ ਭਾਰਤ ਵਿੱਚ National Center for Promotion of Employment for Disabled People ਦੇ ਡਾਇਰੈਕਟਰ ਹਨ ਅਤੇ ਦਿਵਿਆਗਾਂ ਦੇ ਹੱਕਾਂ ਪ੍ਰਤੀ ਨਿਰੰਤਰ ਆਪਣੀ ਭੂਮਿਕਾ ਨਿਭਾ ਰਹੇ ਹਨ।ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਹਨ ਜਿਨ੍ਹਾਂ ਨੇ ਦਿਵਿਆਂਗ ਹੁੰਦਿਆਂ ਹੋਇਆਂ ਹਾਰ ਨਾ ਮੰਨ ਕੇ ਨਵੀਆਂ ਪੈੜਾਂ ਬਣਾਈਆਂ ਹਨ|
ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਉਪਰੋਕਤ ਦਿੱਤੀਆਂ ਕੁੱਝ ਦਿਵਿਆਂਗ ਵਿਅਕਤੀਆਂ ਦੀਆਂ ਉਦਾਹਰਣਾਂ ਇਹ ਸਿੱਧ ਕਰਦੀਆਂ ਹਨ ਕਿ ਵਿਅਕਤੀ ਦੀ ਦ੍ਰਿੜ੍ਹ ਇੱਛਾ ਸ਼ਕਤੀ ਦੇ ਨਾਲ ਨਾਲ ਸਹੀ ਅਰਥਾਂ ਵਿੱਚ ਸਿੱਖਿਅਤ ਹੋਣਾ ਵਿਅਕਤੀਤਵ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਹ ਵਿਅਕਤੀ ਜਿਹੜੇ ਕਿਸੇ ਵੀ ਕਾਰਣ ਦਿਵਿਆਂਗ ਹਨ ਉਨ੍ਹਾਂ ਨੂੰ ਹੌਸਲਾ ਨਾ ਛੱਡਦੇ ਹੋੋਏ ਉਪਰੋਕਤ ਵਰਣਨ ਕੀਤੇ ਗਏ ਸਫਲ ਵਿਅਕਤੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਹੀਣ ਭਾਵ ਚੋਂ ਬਾਹਰ ਨਿੱਕਲ ਕੇ ਪੂਰੇ ਆਤਮ ਵਿਸ਼ਵਾਸ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਆਪਣੀਆਂ ਰੁਚੀਆਂ ਅਨੁਸਾਰ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ। ਤਾਂ ਜੋ ਉਹ ਵਧੀਆ ਢੰਗ ਨਾਲ ਆਪਣਾ ਜੀਵਨ ਵਤੀਤ ਕਰ ਸਕਣ।