ਘਰੇ ਮੇਰੇ ਜੇਠ ਦੀ ਪੁੱਗੇ - ਸੁਖਪਾਲ ਸਿੰਘ ਗਿੱਲ

" ਲਾਣੇਦਾਰ ਨੂੰ ਪੁੱਛ ਲੈ ਪੁੱਤ"ਨਵੀਂ ਵਿਆਹੀ ਬਹੂ ਨੂੰ ਸੱਸ ਨੇ ਉਦੋਂ ਕਿਹਾ ਜਦੋਂ ਬਹੂ ਨੇ ਪਿਓਕੇ ਜਾਣ ਲਈ ਪੁਛਿਆ। ਬੇਬੇ ਲਾਣੇਦਾਰ ਕੌਣ ਹੈ?ਤੇਰਾ ਜੇਠ ਹੈ। ਅੱਗੇ ਨੂੰ ਵੀ ਹਰ ਕੰਮ ਉਸੇ ਨੂੰ ਪੁੱਛੀਂ, ਨਾਲੇ ਹੋਰ ਐ ਉਸ ਦੇ ਅੱਗੇ ਜ਼ਬਾਨ ਬੰਦ ਰੱਖਣੀ। ਘੁੰਡ ਵੀ ਹਮੇਸ਼ਾ ਕੱਢਣਾ।ਜੇਠ ਮੁਹਰੇ ਸਿਰ ਤੋਂ ਚੂੰਨੀ ਵੀ ਨਹੀਂ ਉਤਰਨੀ ਚਾਹੀਦੀ।ਬੇਬੇ ਨੇ ਸੱਸ ਰੂਪ ਵਿੱਚ ਬਹੂ ਨੂੰ ਨਸੀਹਤ ਦਿੱਤੀ।..... ਠੀਕ ਹੈ ਬੇਬੇ ਜੀ। ਫਿਰ ਹੁਣ ਦੱਸੋ ਮੈਂ ਮਾਪਿਆਂ ਨੂੰ ਜਾਵਾਂ। ... ਠਹਿਰ, ਠਹਿਰ......। ਵੇ ਮਲੂਕਿਆ ! ਬਹੂ ਮਾਪੀ ਜਾਣ ਨੂੰ ਪੁੱਛਦੀ ਐ, ਬੇਬੇ ਪੁੱਤ ਨਾਲ ਅੰਦਰੋਂ ਜੁੜੀ ਤਾਰ ਦਾ ਸਹਾਰਾ ਲੈ ਕੇ ਫਫਾਕੁੱਟ ਤਰਜ਼ ਚ ਉੱਚੀ ਬੋਲ ਕੇ ਪੁੱਛਦੀ ਹੈ,ਕੀ ਕਹਿਣਾ ਇਸ ਨੂੰ?...."ਇਸ ਨੂੰ ਕਹਿ ਕਿ ਅੱਜ ਤੱਕ ਉੱਥੇ ਹੀ ਰਹੀ।ਇਸ ਵਾਂਗ ਇਸ ਘਰ ਚੋਂ ਹੋਰ ਤਾਂ ਇਸ ਤਰ੍ਹਾਂ ਕੋਈ ਪੁੱਛਣ ਦੀ ਹਿੰਮਤ ਨਹੀਂ ਕਰਦੀ,ਇਹ ਆਈ ਨਵੀਂ ਮਹਾਰਾਣੀ , ਨਹੀਂ ਜਾਣਾ ਅਜੇ,ਕੰਮ ਬਹੁਤ ਹੈ।ਨਾਲ ਹੋਰ ਕਰੀਂ ਬੇਬੇ,ਇਸ ਦੀ ਮਾਂ ਨੂੰ ਵੀ ਦੱਸ ਦੇਵੀਂ ਕਿ ਐਵੇਂ ਤੁਰੇ ਰਹਿਣ ਦਾ ਸਾਡੇ ਘਰ ਰਿਵਾਜ਼ ਨਹੀਂ ਹੈ।"ਜੇਠ ਨੇ ਲਾਣੇਦਾਰੀ ਲਹਿਜ਼ੇ ਚ ਕਿਹਾ। ਨਵੀਂ ਵਿਆਹੀ ਨੂੰਹ ਨੂੰ ਖਾਮੋਸ਼ ਖੜ੍ਹੀ ਨੂੰ ਇੱਕ ਗਾਣਾ ਚੇਤੇ ਆਇਆ।ਉਸ ਅਨੁਸਾਰ ਆਪਣੇ ਲਈ ਗਿਣਤੀਆਂ ਮਿਣਤੀਆਂ ਕਰਨ ਲੱਗੀ।
"ਘਰੇ ਮੇਰੇ ਜੇਠ ਦੀ ਪੁੱਗੇ ,
ਰਾਂਝਾ ਰੁਲ ਜੁ ਬੱਕਰੀਆਂ ਚਾਰੇ,
ਵੇ ਚਿੱਤ ਕਰਾਂ ਹੋ ਜਾ ਸਾਧਣੀ,
ਸੱਸ ਚੰਦਰੀ ਬੋਲੀਆਂ ਮਾਰੇ"
                             ਦਰਵਾਜ਼ਾ  ਖੜਕਿਆ,"ਮਲੂਕਿਆ ਘਰੇਂ ਹੈ?.....ਆ ਜਾਓ ਲੰਘ ਆਓ ਲਾਲਾ ਜੀ ਦੱਸੋ ਕੀ ਸੇਵਾ ਸੁਵਾ ਕਰੀਏ,"ਲਾਣੇਦਾਰ ਨੇ ਕਿਹਾ।..."ਓ ਭਾਈ ਹਾੜ੍ਹੀ ਵੇਚ ਵੱਟ ਲਈ ਮੈਂ ਤਾਂ ਆਇਆ ਹਿਸਾਬ ਕਰਨ".... ਮਲੂਕੇ ਨੇ ਬੇਬੇ ਤੋਂ ਹਿਸਾਬ ਕਿਤਾਬ ਦੀ ਕਾਪੀ ਫੜ ਕੇ ਲਾਲੇ ਨਾਲ ਲੇਖਾ- ਜੋਖਾ ਕਰ ਲਿਆ।.....ਲਾਲਾ ਉੱਠਿਆ...ਐਂ ਕਰੀਂ ਆ ਜਾਈਂ ਨਵੇਂ ਕੱਪੜੇ ਆਏ ਹਨ ਲੈ ਆਇਓ।.... ਨਹੀਂ ਲਾਲਾ ਜੀ ਅਗਲੀ ਛਿਮਾਹੀ ਦੇਖਾਂਗੇ।ਇਹ ਬਿਰਤਾਂਤ ਦੇਖ ਕੇ ਨਵੀਂ ਨੂੰਹ ਸੋਚ ਚ ਡੁੱਬ ਗਈ ਕਿ ਘਰ ਚ ਤਾਂ ਜੇਠ ਦੀ ਹੀ ਪੁੱਗਤ ਹੈ।ਇਹ ਧਾਰਨਾ ਨੂੰਹ ਦੇ ਦਿਲ ਦਿਮਾਗ ਚ ਦੋਹਰੀ ਤਰ੍ਹਾਂ ਪਕੇਰੀ ਹੋ ਗਈ,ਜੇਠ ਨੂੰ ਪੁੱਛਣਾ ਅਤੇ ਹਿਸਾਬ ਕਿਤਾਬ ਕਰਕੇ।... ਸੋਚਿਆ ਕਿ ਸ਼ਾਮ ਨੂੰ ਘਰ ਆਉਂਦੇ ਪਤੀ ਨੂੰ ਦੱਸਾਂਗੀ।ਇਹ ਸੋਚ ਕੇ ਦਿਲਾਸਾ ਆ ਗਿਆ। ਸ਼ਾਮ ਨੂੰ ਘਰ ਵਾਲੇ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਤੂੰ ਤਾਂ ਹੱਡਭੰਨਵੀਂ ਮੁਸ਼ੱਕਤ ਕਰਨ ਵਾਲਾ ਹੈ।ਤੇਰਾ ਭਾਈ ਮੁਫ਼ਤ ਦਾ ਲਾਣੇਦਾਰ ਹੈ,ਨਾ ਕੰਮ ਨਾ ਕਾਰ।ਫਿਰ ਵੀ ਪੁੱਛ ਉਸੇ ਦੀ ਹੁੰਦੀ ਹੈ।
             ਮੈਂ ਪੇਕੇ ਜਾਣਾ ਹੈ।ਘਰਵਾਲੇ ਨੂੰ ਕਿਹਾ।...ਇਹ ਅਖਤਿਆਰ ਵੀਰੇ ਕੋਲ ਹਨ ਉਹੀ ਭੇਜੂ, ਤੈਨੂੰ ਦੱਸਿਆ ਹੈ ਕਿ ਸਭ ਨੂੰ ਪੁੱਛ ਲਿਆ।...ਬਸ ਫਿਰ ਅੱਗੇ ਪੁੱਛਣ ਦੀ ਲੋੜ ਹੀ ਨਹੀਂ ਹੈ,ਜੋ ਕਰੂੰ ਲਾਣੇਦਾਰ ਹੀ ਕਰੂੰ। ...ਜੇਠ ਲਾਣੇਦਾਰ ਨੇ ਕਰਨਾ ਸੀ ਤਾਂ ਵਿਆਹ ਕਿਉਂ ਕਰਵਾਇਆ?ਨੋਕ ਝੋਕ ਸ਼ੁਰੂ ਹੋ ਗਈ।ਆਖਰ ਸੰਯੁਕਤ ਪਰਿਵਾਰ ਦੇ ਕਠੇਬੇ ਵਿੱਚ ਢਲਣਾ ਹੀ ਪੈਣਾ ਹੈ।...... ਮੇਰੀ ਮਾਂ ਵੀ ਇਸੇ ਤਰ੍ਹਾਂ ਦੱਸਿਆ ਕਰਦੀ ਸੀ,....ਬਹੂ ਸੋਚ ਵਿਚ ਡੁੱਬ ਗਈ।
      ਸੰਯੁਕਤ ਪਰਿਵਾਰਾਂ ਵਿੱਚ ਅਨੁਸ਼ਾਸਨ ਦੀ ਇਹੀ ਬੁਨਿਆਦ ਸੀ, ਕਿ ਸਭ ਕੁੱਝ ਲਾਣੇਦਾਰ ਦੇ ਅਧੀਨ ਹੁੰਦਾ ਸੀ।ਲਾਣੇਦਾਰ ਨਿਰਪੱਖ ਅਤੇ ਘਰ ਨੂੰ ਅੱਗੇ ਤੋਰਨ ਲਈ ਤਤਪਰ ਰਹਿੰਦਾ ਸੀ। ਉਸਨੂੰ ਸਾਰਾ ਪਰਿਵਾਰ ਇੱਕ ਸਮਾਨ ਹੁੰਦਾ ਸੀ।....ਕਹਾਵਤ,"ਇੱਕ ਆਪਣਾ ਪੁੱਤ ਦੂਜਾ ਭਾਈ ਦਾ ਪੁੱਤਰ ਹੁੰਦਾ ਹੈ,ਜੋ ਆਪਣਾ ਪੁੱਤ ਹੁੰਦਾ ਹੈ ਓ ਭਾਈ ਦਾ ਨਹੀਂ ਹੁੰਦਾ " ਇਸ ਤੱਥ ਕਹਾਵਤ ਤੋਂ ਕੋਹਾਂ ਦੂਰ ਰਹਿ ਕੇ ਹੀ ਲਾਣੇਦਾਰੀ ਅਤੇ ਪਰਿਵਾਰ ਇਕੱਠਾ ਰਹਿੰਦਾ ਹੈ। ਸ਼ਾਮ ਨੂੰ ਸਲਾਹ ਮਸ਼ਵਰਾ ਅਤੇ  ਸਵੇਰੇ ਕਰਨ ਵਾਲੇ ਕੰਮਾਂ ਦੀ ਰੂਪਰੇਖਾ ਵੀ ਨੂੰਹ ਦਾ ਜੇਠ ਲਾਣੇਦਾਰ ਹੀ ਤੈਅ ਕਰਦਾ। ਹਾੜ੍ਹੀ ਸਾਉਣੀ ਘਰ ਲਈ ਖਰੀਦੋ ਫਰੋਖਤ ਲਾਣੇਦਾਰੀ ਰੂਪ ਵਿੱਚ ਜੇਠ ਹੀ ਕਰਦਾ। ਹਾਂ ਇੱਕ ਗੱਲ ਜ਼ਰੂਰ ਹੁੰਦੀ ਸੀ ਕਿ ਲਾਣੇਦਾਰ ਜੇਠ ਦੀ ਆਪਣੀ ਬੇਬੇ ਅਤੇ ਘਰ ਦੀ ਸਿਆਣੀ ਨਾਲ ਅੰਦਰੂਨੀ ਤਾਰ ਜੁੜੀ ਹੁੰਦੀ ਸੀ। ਦੋਵੇਂ ਇੱਕ ਦੂਜੇ ਦੇ ਸਹਾਇਕ ਵਜੋਂ ਕੰਮ ਕਰਦੇ ਸਨ। ਨਵੀਂ ਨੂੰਹ  ਨੂੰ ਵਿਅੰਗ ਯਾਦ ਆਇਆ,"ਕਿ ਦੇਸੀ ਮਹੀਨਿਆਂ ਚ ਸਿਰਫ਼ ਇੱਕ ਮਹੀਨਾ ਹੀ ਜੇਠ ਦਾ ਹੁੰਦਾ ਹੈ।ਇਸ ਮੇਰੇ ਘਰ ਵਿੱਚ ਤਾਂ ਸਾਰਾ ਸਾਲ ਹੀ ਜੇਠ ਦੀ ਪੁੱਗਦੀ ਰਹੂ"ਇਸ ਵਿਅੰਗ ਨੂੰ ਅੰਦਰੋਂ ਅੰਦਰ ਹੀ ਹਜ਼ਮ ਕਰ ਗਈ ਕਿਉਂਕਿ ਘਰ ਦਾ ਅੰਦਾਜ਼ਾ ਉਸ ਵਲੋਂ ਲਗਾਇਆ ਜਾ ਚੁੱਕਾ ਸੀ ਕਿ ਕਿੰਨਾ ਅਗਾਂਹਵਧੂ ਹੈ,ਇਹ ਕਿ ਇਸਦੇ ਹੋਰ ਅਰਥ ਕੱਢ ਕੇ ਮੈਂਨੂੰ ਹੋਰ ਜ਼ਲੀਲ ਨਾ ਕਰਨ..." ਔਰਤ ਦੀ ਜ਼ਾਤ ਨੂੰ ਜਿੰਨਾ ਪੁੱਤ ਪਿਆਰਾ ਹੁੰਦਾ ਹੈ ਉਂਨ੍ਹਾਂ ਹੀ ਪਤੀ ਪਿਆਰਾ ਹੁੰਦਾ ਹੈ।ਘਰ ਬਾਹਰ ਪਤੀ ਦੀ ਬੇਵਸੀ ਨਹੀਂ ਸਹਾਰ ਸਕਦੀ।ਘਰ ਵਿੱਚ ਜੇ ਜੇਠ ਦੀ ਬਜਾਏ ਉਸ ਦੇ ਪਤੀ ਦੀ ਚੱਲੇ ਤਾਂ ਸ਼ੀਨਾ ਚੌੜਾ,ਨਾ ਚੱਲੇ ਤਾਂ ਸ਼ੀਨਾ ਜ਼ੋਰੀ ਸਹਿਣ ਕਰਨੀ ਪੈਂਦੀ ਹੈ। ਛੜੇ  ਜੇਠ ਵਿੱਚ ਵੱਧ ਲਾਲਸਾ ਹੁੰਦੀ ਹੈ। ਇਸ ਦੀ ਜ਼ਮੀਨ ਜਾਇਦਾਦ ਇਸ ਦੀ ਸੇਵਾ ਕਰਵਾਉਂਦੀ ਹੈ ਜੋ ਕਿ ਜ਼ਿਆਦਾਤਰ ਛੋਟੀ ਭਰਜਾਈ ਫਰਜ਼ ਸਮਝ ਕੇ ਵੀ ਕਰਦੀ ਹੈ।ਨਵੀਂ ਨੂੰਹ ਵੱਡੀ ਉਮਰ ਅਤੇ ਵਿਚਾਰਧਾਰਾ ਕਰਕੇ ਦਿਓਰ ਨੂੰ ਵੱਧ ਮਾਨਤਾ ਦਿੰਦੀ ਹੈ।ਇਸ ਲਈ ਲੋਕ ਬੋਲੀ ਵੀ ਹੈ।
"ਦਿਓਰ ਭਾਵੇਂ ਮੱਝ ਚੁੰਘ ਜਾਏ, ਛੜੇ ਜੇਠ ਨੂੰ ਲੱਸੀ ਨੀ ਦੇਣੀ" ਇਸ ਤੋਂ ਇਲਾਵਾ ਸਾਡੇ ਕੁੱਝ ਗਾਣਿਆਂ ਨੇ ਵੀ ਜੇਠ ਨੂੰ ਅਸੱਭਿਅਕ ਹਾਸ਼ੀਏ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਜੇਠ ਦਾ ਰਿਸ਼ਤਾ ਸਮਾਜਿਕ ਰੁਤਬੇ ਅਤੇ ਸਰੁੱਖਿਆ ਵਾਲਾ ਹੈ।ਜੇਠ ਜ਼ਿੰਮੇਵਾਰੀ ਦਾ ਅਹਿਸਾਸ ਵੀ ਰੱਖਦੇ ਹਨ। ਇਸੇ ਲਈ ਜੇਠ ਨੂੰ ਕਈ ਸਾਹਿਤਿਕ ਰੰਗਾਂ ਵਿੱਚ ਰੰਗਿਆ ਗਿਆ ਹੈ। ਜੇਠ ਦੀ ਇੱਜ਼ਤ ਅਤੇ ਸਤਿਕਾਰ ਕਰਨਾ ਸਮਾਜਿਕ ਨੈਤਿਕਤਾ ਹੁੰਦੀ ਹੈ ਇਸੇ ਲਈ ਜੇਠ ਅੱਗੇ ਘੁੰਡ ਕੱਢਣਾ ਜ਼ਰੂਰੀ ਹੁੰਦਾ ਸੀ।ਜੇਠ ਵੀ ਖੰਘੂਰਾ ਮਾਰ ਕੇ ਹੀ ਘਰ ਵੜਦਾ ਸੀ।ਇਸ ਲਈ ਭਾਬੀ ਟਕੋਰ ਕਰਦੀ ਹੈ।
"ਕੋਰੀ ਕੋਰੀ ਕੂੰਡੀ ਵਿੱਚ ਮਿਰਚਾਂ ਮੈਂ ਰਗੜਾਂ,ਜੇਠ ਦੀਆਂ ਅੱਖਾਂ ਵਿਚ ਪਾ ਦਿੰਦੀ ਹਾਂ,ਘੁੰਡ ਕੱਢਣੇ ਦੀ ਅਲਖ ਮੁਕਾ ਦਿੰਦੀ ਹਾਂ"
ਮੁੱਕਦੀ ਗੱਲ ਇਹ ਹੈ ਕਿ ਪੀੜ੍ਹੀ ਦਾ ਪਾੜਾ ਨਵੇਂ ਹਾਲਾਤ ਨਵੇਂ ਮਾਹੌਲ ਲੱਭਦਾ ਹੈ, ਪਰ ਪੁਰਾਤਨ ਕਹਾਵਤਾਂ,ਦੰਦ ਕਥਾਵਾਂ ਅਤੇ ਗੀਤ ਸੰਗੀਤ ਡੂੰਘੀ ਸੋਚ ਅਤੇ ਖੋਜ ਵਿੱਚੋਂ ਨਿਕਲੇ ਸਨ। ਇਹਨਾਂ ਵਿੱਚ ਹੀ ਸਮਾਜਿਕ ਆਰਥਿਕ ਤਰੱਕੀ ਛੁਪੀ ਹੋਈ ਸੀ।