ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ  - ਸੁਖਪਾਲ ਸਿੰਘ ਗਿੱਲ

  ਦੋ ਕੁ ਦਹਾਕੇ ਪਹਿਲਾਂ ਸਾਉਣ ਮਹੀਨੇ ਨਵੀਆਂ ਵਿਆਹੀਆਂ ਕੁੜੀਆਂ ਦੀਆਂ ਟੋਲੀਆਂ ਆਉਂਦੀਆਂ ਜਾਂਦੀਆਂ ਦੇਖੀਆਂ ਜਾਂਦੀਆਂ ਸਨ, ਤਾਂ ਲਗਦਾ ਸੀ ਕਿ ਧਰਤੀ ਉੱਤੇ ਖੁਸ਼ਬੂ ਖਿਲਾਰਦੀਆਂ ਹੋਈਆਂ ਸੱਭਿਆਚਾਰ ਅਤੇ ਪ੍ਰੀਤ ਦੀ ਛਹਿਬਰ ਲਗਾ ਰਹੀਆਂ ਹਨ। ਸਮੇਂ ਨੇ ਇਸ ਨਜ਼ਾਰੇ ਨੂੰ ਗੋਦੀ ਵਿੱਚ ਬਿਠਾ ਕੇ ਇਸ ਦੀ ਕਿਰਨ ਨੂੰ ਨਵਾਂ ਰੂਪ ਦਿੱਤਾ ਹੈ।ਉਸ ਸਮੇਂ ਸਾਉਣ ਮਹੀਨੇ ਨੂੰ ਇੱਕ ਸ਼ਗਨ ਵਜੋਂ ਵੇਖਿਆ ਜਾਂਦਾ ਸੀ।ਸੱਜ ਵਿਆਹੀਆਂ ਦੀ ਤਾਂ ਸਾਉਣ ਮਹੀਨਾ ਰੂਹ ਹੁੰਦੀ ਸੀ। ਇੱਕ ਰੀਤੀ ਰਿਵਾਜ਼ ਅਧੀਨ ਸਾਉਣ ਮਹੀਨੇ ਦੀ ਮਹੱਤਤਾ ਹੁੰਦੀ ਸੀ। ਵਿਆਹ ਤੋਂ ਬਾਅਦ ਜਿਹੜਾ ਪਹਿਲਾ ਸਾਉਣ ਮਹੀਨਾ ਆਉਂਦਾ ਸੀ ਉਹ ਮਹੀਨਾ ਕੁੜੀਆਂ ਵਲੋਂ ਮਾਪਿਆਂ ਦੇ ਘਰ ਮਨਾਇਆ ਅਤੇ ਬਿਤਾਇਆ ਜਾਂਦਾ ਸੀ। ਇਸਦਾ ਜੀਵ ਵਿਗਿਆਨਕ ਅਤੇ ਸੱਭਿਆਚਾਰਕ ਪੱਖ ਮੰਨਿਆ ਜਾਂਦਾ ਸੀ। ਉਸ ਸਮੇਂ ਦੀਆਂ ਪੀੜ੍ਹੀਆਂ ਨੇ ਆਪਣੇ ਤੌਰ ਤਰੀਕੇ ਨਾਲ ਇਸ ਮਹੀਨੇ ਨੂੰ ਰੀਤੀ ਰਿਵਾਜ਼ ਦੀ ਪਰਵਾਜ਼ ਬਣਾਇਆ ਸੀ। ਮਾਪਿਆਂ ਅਤੇ ਸਹੁਰਿਆਂ ਵਲੋਂ ਇਸ ਨੂੰ ਤਿਉਹਾਰ ਦੇ ਤੌਰ ਤੇ ਸਾਂਭ ਕੇ, ਵਿਆਹ ਤੋਂ ਬਾਅਦ  ਪ੍ਰੀਤਾਂ ਦਾ ਵਣਜਾਰਾ ਬਣਾ ਕੇ ਸਮਾਜ ਵਿੱਚ ਪੇਸ਼ ਕੀਤਾ ਜਾਂਦਾ ਸੀ। ਕੁਦਰਤ ਨੇ ਵੀ ਇਸ ਮਹੀਨੇ ਦੀ ਭਿੰਨਤਾ ਭਰਪੂਰ ਚਿੱਤਰਕਾਰੀ ਕੀਤੀ ਹੈ। ਇਸ ਮਹੀਨੇ ਇਕੱਠੀਆਂ ਹੋਈਆਂ ਸਹੇਲੀਆਂ ਭਾਦੋਂ ਮਹੀਨੇ ਦੇ ਵਿਛੋੜੇ ਨੂੰ ਇਉਂ ਬਿਆਨਦੀਆਂ ਹਨ:-
"ਸਾਉਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ"
  ਨਾਨਕਸ਼ਾਹੀ ਕੈਲੰਡਰ ਅਨੁਸਾਰ ਚੇਤ ਮਹੀਨੇ ਤੋਂ ਨਵੇਂ ਸਾਲ ਦੀ ਸ਼ੁਰੂਆਤ ਹੋ ਕੇ ਸਾਉਣ ਮਹੀਨਾ ਦੇਸੀ ਮਹੀਨਿਆਂ ਦੀ ਇੱਕ ਲੜੀ ਹੈ। ਹਾਂ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਸਮਾਜ ਦੇਸੀ ਹੁੰਦਾ ਸੀ ਉਦੋਂ ਮਹੀਨੇ ਵੀ ਦੇਸੀ ਪ੍ਰਚੱਲਿਤ ਹੁੰਦੇ ਸਨ।ਹਰ ਮਹੀਨੇ ਦੀ ਭਿੰਨਤਾ ਮੌਸਮੀ ਲਿਹਾਜ਼ ਨਾਲ ਵੱਖੋ ਵੱਖ ਹੁੰਦੀ ਹੈ। ਅੱਜ ਲੋਕ  ਸਾਉਣ ਮਹੀਨੇ ਦੇ ਅਤੀਤ ਨੂੰ ਮਹਿਸੂਸ ਕਰਕੇ ਉਸ ਵੱਲ ਜਾਣ ਦਾ ਹੁਲਾਰਾ ਲੈਂਦੇ ਹਨ ,ਪਰ ਸਮੇਂ ਦੇ ਹਲਾਤਾਂ ਮੁਤਾਬਿਕ ਸਭ ਕੁੱਝ ਵਕ਼ਤ ਦੀ ਹਨ੍ਹੇਰੀ ਵਿੱਚ ਗੁੰਮ ਹੋ ਜਾਂਦਾ ਹੈ। ਸਾਉਣ ਦਾ ਸੰਧਾਰੇ ਨਾਲ ਡੂੰਘਾ ਸਬੰਧ ਹੈ। ਅੱਜ ਦੋਵੇਂ ਅਤੀਤ ਦੀ ਸੱਭਿਆਚਾਰਕ ਵਿਰਾਸਤ ਨੂੰ ਲੱਭ ਰਹੇ ਹਨ। ਮਾਪਿਆਂ ਵਲੋਂ ਵਿਆਹ ਤੋਂ ਬਾਅਦ ਧੀਆਂ ਨੂੰ ਸੰਧਾਰੇ ਦਿੱਤੇ ਜਾਂਦੇ ਹਨ , ਪਰ ਹੁਣ ਅਤੀਤ ਅਤੇ ਵਰਤਮਾਨ ਦੇ ਸੰਧਾਰੇ ਵਿੱਚ ਅੰਤਰ ਹੈ। ਜ਼ਮਾਨੇ ਮੁਤਾਬਿਕ ਸਾਉਣ ਦੇ ਸੁਨੇਹੇ ਵੀ ਬਦਲ ਗਏ ਹਨ।ਸਾਉਣ ਮਹੀਨੇ ਦੀ ਕੁਦਰਤ ਨਾਲ ਸਾਂਝ ਤਾਂ ਕਾਇਮ ਹੈ ਪਰ ਲੋਕਾਂ ਅੰਦਰ ਸਾਉਣ ਦਾ ਸਲੀਕਾ ਰੀਤੀ ਰਿਵਾਜ਼ ਦੀ ਪਰਵਾਜ਼ ਨਹੀਂ ਭਰਦਾ। ਸਾਉਣ ਮਹੀਨੇ ਚਾਅ ਮਲਾਰ, ਰੌਣਕ ਅਤੇ ਰੰਗਲੀ ਮਿਜ਼ਾਜ ਦੀਆਂ ਫਿਜਾਵਾਂ ਅਤੇ ਹਵਾਵਾਂ ਚੱਲਦੀਆਂ ਹਨ। ਮੋਰਾਂ ਦੀਆਂ ਪੈਲਾਂ ਅਤੇ ਕੂਕਾਂ ਕੁਦਰਤ ਦੇ ਸੰਦੇਸ਼ ਵਾਹਕ ਵਜੋਂ ਕੰਮ ਕਰਦੀਆਂ ਲੱਗਦੀਆਂ ਹਨ।ਇੱਕ ਵੱਖਰੀ ਖਿੱਚ ਅਤੇ ਦਿਲ ਟੁੰਬਵਾਂ ਵਰਨਣ ਮਿਲਦਾ ਹੈ।ਇਹ ਵੰਨਗੀ ਬਾਕੀ ਮਹੀਨਿਆਂ ਨਾਲੋਂ ਸਾਉਣ ਦੇ ਵੱਖਰੇ ਪਰਛਾਵਿਆਂ ਨਾਲ‌ ਮਉਲੀ ਧਰਤੀ ਤੇ ਸਵਰਗ ਲੱਗਦੀ ਹੈ। ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿੱਚ ਫੁਰਮਾਇਆ ਹੈ:-
  " ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ"
         ਇਸ ਮਹੀਨੇ ਦਾ ਮਨੁੱਖੀ ਜੀਵਨ ਲਈ ਅਧਿਆਤਮਕ ਪੱਖ ਪਵਿੱਤਰ ਗੁਰਬਾਣੀ ਵਿੱਚ ਦਰਜ ਹੈ। ਪੰਜਵੇਂ ਪਾਤਸ਼ਾਹ ਫ਼ੁਰਮਾਉਂਦੇ ਹਨ:-
"ਸਾਵਿਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ,
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ,
ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ,
ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ,
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ,
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣ ਹਾਰੁ,
ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ"
      ਹਾੜ੍ਹ ਦੇ ਝੰਬੇ ਰੁੱਖ, ਮਨੁੱਖ ਗਰਮੀ ਦੀ ਤਪਸ਼ ਤੋਂ ਬਾਅਦ ਸਾਉਣ ਮਹੀਨੇ ਦੀ ਸਿੱਲ ਅਤੇ ਸਿੱਲ੍ਹੀ ਹਵਾ ਨਾਲ ਕੁੱਝ ਰਾਹਤ ਮਹਿਸੂਸ ਕਰਦੇ ਹਨ।ਕਈ ਵਾਰ ਅਜਿਹਾ ਆਲਮ ਹੁੰਦਾ ਹੈ ਕਿ ਬਾਹਰ ਮੀਂਹ ਵਰ੍ਹਦਾ ਹੈ ਅੰਦਰ ਹੁੰਮਸ ਨਾਲ ਮੁੜ੍ਹਕੋ ਮੁੜ੍ਹਕੀ  ਹੁੰਦੇ ਹਨ।ਇਸ ਮਹੀਨੇ ਦੀ ਕਥਾ ਵਿਚਾਰ ਹੈ ਕਿ ਇਹ ਸੱਪਾਂ, ਮਿਰਗਾਂ ਅਤੇ ਮੱਛੀਆਂ ਨੂੰ ਖੁਸ਼ੀ ਦਿੰਦਾ ਹੈ,ਜਦ ਕਿ ਬਲਦ ਜੋ ਗਊ ਦਾ ਜਾਇਆ ਹੁੰਦਾ ਹੈ, ਗਰੀਬ, ਰਾਹਗੀਰ ਅਤੇ ਨੌਕਰ ਚਾਕਰ ਨੂੰ ਨਾ-ਖੁਸ਼ ਕਰਦਾ ਹੈ।ਇਸ ਮਹੀਨੇ ਬੰਬੀਹਾ ਪਪੀਹਾ ਕੁਦਰਤ ਨਾਲ ਸਾਂਝ ਪਾਉਣ ਕਰਕੇ ਸਾਉਣ ਮਹੀਨੇ ਨਾਲ ਕੁਦਰਤੀ ਸੰਬੰਧ ਗੂੜ੍ਹਾ ਕਰਦਾ ਹੈ।ਇਹ ਚਾਤ੍ਰਿਕ ਪਪੀਹਾ ਮੀਂਹ ਦੀ ਪੁਕਾਰ ਕਰਕੇ ਸਵਾਤੀ ਬੂੰਦ ਮੰਗਦਾ ਹੈ । ਬਾਂਗਾਂ ਬਹਾਰਾਂ ਦੇ ਰੰਗ ਨਾਲ ਕੋਇਲਾਂ ਸੁਰੀਲੀ ਸੁਰ ਕੱਢਦੀਆਂ ਹਨ।ਧਨੀ ਰਾਮ ਚਾਤ੍ਰਿਕ ਦਾ ਚਿਤਰਨ:-
"ਸਾਉਣ ਮਹੀਨਾ ਵਰਸਾਉਣ ਆਇਆ,
ਹਰ ਇਤਵਾਰ ਖਿੰਡੀਂਦੇ ਸਾਂਵੇਂ,
ਨੂੰਹਾ ਧੀਆਂ ਪੀਂਘਾਂ ਮਾਨਣ ਅੰਬਾਂ ਤੇ ਪਿੱਪਲਾਂ ਦੀ ਛਾਂਵੇਂ,
ਬੱਦਲਾਂ ਗਜ ਗਜ ਛਹਿਬਰ ਲਾਈ,
ਦਾਦਰ,ਮੋਰ ਪਪੀਹੇ ਬੋਲੇ,
ਕੰਤ ਵਿਛੁੰਨੀਆਂ ਸੁਲਗਣ ਲੁਕ -ਲੁਕ,
ਰੋ-ਰੋ, ਬੁੱਕ -ਬੁੱਕ ਅੱਥਰੂ ਡੋਲ੍ਹੇ"
       ਕੁਦਰਤ ਦਾ ਮਾਨਵੀਕਰਨ ਕਰਦਾ ਸਾਉਣ ਸਾਹਿਤ ਅਤੇ ਸੱਭਿਆਚਾਰ ਵਿੱਚ ਆਪਣੀ ਸੁਰ ਅਲਾਪਣ ਦਾ ਕੰਮ ਨਿਰੰਤਰ ਕਰਦਾ ਰਹੇਗਾ। ਪਿੱਪਲਾਂ ਬੋਹੜਾਂ ਥੱਲੇ ਪੀਂਘਾਂ ਝੂਟਦੀਆਂ ਕੁੜੀਆਂ ਚੰਨ ਮਾਹੀ ਦੇ ਪਿਆਰ ਦੇ ਸੁਪਨੇ ਲੈਂਦੀਆਂ ਨੂੰ ਨੰਦ ਲਾਲ ਨੂਰਪੁਰੀ ਦੇ ਇਉਂ ਕਲਮਾਂ ਰਾਹੀਂ ਸੁਨੇਹਾ ਦਿੱਤਾ ਹੈ:-
"ਇੱਕ ਪਾਸੇ ਟਾਹਲੀਆਂ ਤੇ ਇੱਕ ਪਾਸੇ ਬੇਰੀਆਂ,
ਸਾਉਣ ਦਾ ਮਹੀਨਾ ਪੀਂਘਾਂ ਤੇਰੀਆਂ ਤੇ ਮੇਰੀਆਂ "
      ਪਿੰਡਾਂ ਦੇ ਜੀਵਨ ਦੀ ਪੇਸ਼ਕਾਰੀ ਕਰਦੀ ਕਹਾਵਤ ਜੋਂ ਖੇਤੀ ਦਾ ਕੁਦਰਤੀ ਪੱਖ ਦੱਸਦੀ ਹੈ।
"ਨਾ ਸਾਉਣ ਹਰੇ,ਨਾ ਹਾੜ੍ਹ ਸੁੱਕੇ "
      ਕੁਦਰਤ ਨਾਲ ਸਾਂਝ ਪੁਆਉਣ ਲਈ ਸਾਵਣ ਦੀ ਉਡੀਕ ਕਰਦਾ ਸੱਭਿਆਚਾਰ ਨੱਚਣ ਗਾਉਣ ਲਈ ਵਿਆਂਹਦੜ ਕੁੜੀਆਂ ਨੂੰ ਹੁਲਾਰਾ ਦਿੰਦਾ ਹੈ। ਰੰਗ ਬਿਖੇਰਦਾ ਸਾਉਣ ਗਿੱਧੇ ਦੇ ਪਿੜ ਬੰਨਦਾ ਹੋਇਆ ਲੋਕ ਕਾਵਿ ਰਾਹੀਂ ਸੁਨੇਹਾ ਦਿੰਦਾ ਹੈ:-
"ਛੰਮ-ਛੰਮ,ਛੰਮ-ਛੰਮ ਪੈਣ ਫੁਹਾਰਾਂ,
ਬਿਜਲੀ ਦੇ ਰੰਗ ਨਿਆਰੇ,
ਆਓ ਭਰਾਵੋ, ਗਿੱਧਾ ਪਾਈਏ,
ਸਾਨੂੰ ਸਾਉਣ ਸੈਨਤਾਂ ਮਾਰੇ,
ਫੇਰ ਕਦ ਨੱਚਾਂਗੇ, ਸਾਉਣ ਚ ਨੱਚਣ ਸਾਰੇ "
           ਸਾਉਣ ਦਾ ਮਹੀਨਾ ਪਿਆਰ ਦੀ ਰੁੱਤ ਅਤੇ ਰੂਹ ਹੁੰਦੀ ਹੈ। ਪਿਆਰ, ਸੁਹੱਪਣ ਅਤੇ ਕੁਦਰਤ ਨੂੰ ਬੁੱਕਲ ਵਿੱਚ ਸਾਂਭੀ ਬੈਠਾ ਸਾਉਣ ਪਿਆਰ ਦੀਆਂ ਪੀਂਘਾਂ ਝੂਟਣ ਲਈ ਪ੍ਰੇਰਿਤ  ਕਰਦਾ ਰਹੇਗਾ। ਕਾਲੀਆਂ ਘਟਾਵਾਂ, ਆਥਣ ਦੀ ਚਮਕੋਰ ਅਤੇ ਅਣਹੁੰਦੇ ਘੋਰਦੇ ਬੱਦਲ ਸਾਉਣ ਦੀ ਤਰਜ਼ਮਾਨੀ ਕਰਦੇ ਰਹਿਣਗੇ।ਇਸੇ ਨਾਲ ਪੰਜਾਬੀਆਂ ਦਾ ਅਮੀਰ ਵਿਰਸਾ ਅਤੇ ਸੱਭਿਆਚਾਰ ਤਰੋਤਾਜ਼ਾ ਰਹੇਗਾ। ਸਾਉਣ ਪ੍ਰੀਤਾਂ ਦਾ ਸਿਰਨਾਵਾਂ ਲਿਖਦਾ ਹੋਇਆ ਪ੍ਰੋਫੈਸਰ ਮੋਹਨ ਸਿੰਘ ਦੀਆਂ ਅਵਾਜ਼ਾਂ ਸੁਣਾਉਂਦਾ ਰਹੇਗਾ:-
"ਸਾਉਣ ਦਾ ਮਹੀਨਾ, ਗੂੜ੍ਹੇ ਪ੍ਰੀਤਾਂ ਦੇ ਰੰਗ ਵੇ,
ਧਰਤੀ ਦੇ ਲੋਕ ਵੀਣੀ ਗਗਨਾਂ ਦੀ ਤੰਗ ਵੇ,
ਦੁਨੀਆਂ ਨੇ ਸੰਗ ਛੱਡੀ, ਤੂੰ ਵੀ ਛੱਡ ਸੰਗ ਵੇ"