ਚੂਹੇ ਖਾਣੀ ਬਿੱਲੀ - ਰਵਿੰਦਰ ਸਿੰਘ ਕੁੰਦਰਾ
ਨੌਂ ਸੌ ਚੂਹੇ ਖਾ ਬੈਠੀ ਹਾਂ,
ਚਿੱਤ ਅਪਣਾ ਪਰਚਾ ਬੈਠੀ ਹਾਂ।
ਬੜੇ ਪੁਆੜੇ ਪਾ ਬੈਠੀ ਹਾਂ,
ਦੁਸ਼ਮਣ ਕਈ ਬਣਾ ਬੈਠੀ ਹਾਂ।
ਦੱਸੋ ਹੁਣ ਮੈਂ ਕਿੱਧਰ ਨੂੰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ?
ਹੱਜ ਜਾਣ ਦਾ ਹੱਜ ਨਹੀਂ ਰਹਿ ਗਿਆ,
ਭੁੱਲ ਬਖਸ਼ਾਉਣ ਦਾ ਪੱਜ ਨਹੀਂ ਰਹਿ ਗਿਆ।
ਜਿਉਣ ਦਾ ਕੋਈ ਚੱਜ ਨਹੀਂ ਰਹਿ ਗਿਆ,
ਰਲਣ ਲਈ ਕੋਈ ਵੱਗ ਨਹੀਂ ਰਹਿ ਗਿਆ।
ਦੱਸੋ ਹੁਣ ਮੈਂ ਕਿੱਧਰ ਨੂੰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ?
ਜਿੱਧਰ ਜਾਵਾਂ ਕੋਈ ਮੂੰਹ ਨਹੀਂ ਲਾਉਂਦਾ,
ਹਰ ਕੋਈ ਮਿਲਣੋਂ ਕੰਨੀ ਕਤਰਾਉਂਦਾ।
ਸੌ ਬਹਾਨੇ ਘੜ ਦਿਖਲਾਉਂਦਾ,
ਰਿਸ਼ਤੇ ਨਾਤੇ ਤੋੜਨਾ ਚਾਹੁੰਦਾ।
ਦੱਸੋ ਹੁਣ ਮੈਂ ਕਿੱਧਰ ਨੂੰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ?
ਚੂਹੇ ਨਾ ਖਾਂਦੀ ਤਾਂ ਹੋਰ ਕੀ ਖਾਂਦੀ,
ਖੀਰਾਂ ਪੂੜੇ ਕਿੱਥੋਂ ਲਿਆਂਦੀ।
ਢਿੱਡ ਦੀਆਂ ਆਂਦਰਾਂ ਕਿਵੇਂ ਵਰਾਂਦੀ,
ਤੇ ਭੁੱਖ ਦੀ ਅੱਗ ਨੂੰ ਕਿਵੇਂ ਬੁਝਾਂਦੀ।
ਦੱਸੋ ਹੁਣ ਮੈਂ ਕਿੱਧਰ ਨੂੰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ?
ਤੂੰ ਨਿੱਤ ਮੈਨੂੰ ਤੋਹਮਤਾਂ ਲਾਵੇਂ,
ਮੇਰੇ ਔਗੁਣ ਖ਼ੂਬ ਗਿਣਾਵੇਂ।
ਆਪਣੇ ਪਰਦੇ ਵਿੱਚ ਛੁਪਾਵੇਂ,
ਕਿਸ ਤੋਂ ਕਿਹੜਾ ਇਨਸਾਫ਼ ਕਰਾਵੇਂ।
ਤੇਰੇ ਪਰਦੇ ਲਾਹ ਕੇ ਵਿਖਾਵਾਂ,
ਰਹਿੰਦੀ ਉਮਰ ਮੈਂ ਇਵੇਂ ਲੰਘਾਵਾਂ।
ਸੁਣ ਉਏ ਮੇਰਿਆ ਸੁਥਰਿਆ ਲੋਕਾ,
ਦਰ ਦਰ ਦੇਂਦੀ ਹਾਂ ਮੈਂ ਹੋਕਾ।
ਫੇਰ ਆਪਣੀ ਪੀੜ੍ਹੀ ਹੇਠ ਸੋਟਾ,
ਛੱਡ ਕਰਨਾ ਹੰਕਾਰ ਤੂੰ ਫੋਕਾ।
ਹੁਣ ਤੇਰੇ ਸਾਹਮੇਂ ਮੈਂ ਖੜ੍ਹ ਜਾਵਾਂ,
ਰਹਿੰਦੀ ਉਮਰ ਨੂੰ ਇਵੇਂ ਲੰਘਾਵਾਂ।
ਪੋਲ ਤੇਰੇ ਵੀ ਖੋਲ੍ਹ ਦਿਆਂ ਮੈਂ,
ਤੱਕੜੀ ਵਿੱਚ ਤੈਨੂੰ ਤੋਲ ਦਿਆਂ ਮੈਂ।
ਸੱਚ ਤੇਰਾ ਵੀ ਬੋਲ ਦਿਆਂ ਮੈਂ,
ਚੌਰਾਹੇ ਵਿੱਚ ਤੇਰੀ ਰੋਲ਼ ਦਿਆਂ ਮੈਂ।
ਲੋਈ ਸਿਰ ਤੋਂ ਲਾਹ ਦਿਖਾਵਾਂ,
ਰਹਿੰਦੀ ਉਮਰ ਨੂੰ ਇਵੇਂ ਲੰਘਾਵਾਂ।
ਰਹਿੰਦੀ ਉਮਰ ਨੂੰ ਇਵੇਂ ਲੰਘਾਵਾਂ।