ਨੀਂਵਾਣੇ ਸਿੱਖ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ
ਨੀਂਵਾਣੇ ਸਿੱਖ ਅੱਜ ਬਣ ਰਹੇ, ਨੇ ਬਹੁਤ ਨਿਮਾਣੇ,
ਛੁਪਾ ਰਹੇ ਨੇ ਕਾਲ਼ੇ ਹਿਰਦੇ, ਪਾ ਉੱਜਲੇ ਬਾਣੇ।
ਪਲੀਤ ਕਰਨਗੇ ਅਕਾਲ ਤਖਤ ਨੂੰ, ਮੰਗ ਮੁਆਫੀ,
ਬੁਣਨਗੇ ਕੁੱਝ ਸਾਜ਼ਿਸ਼ਾਂ ਦੇ, ਨਵੇਂ ਤਾਣੇ ਬਾਣੇ।
ਸਿਰਫ਼ ਉਂਗਲਾਂ ਚੁੱਕਣ ਜਾਣਦੇ ਨੇ, ਇੱਕ ਦੂਜੇ 'ਤੇ,
ਗੁਰੂ ਦੇ ਸਾਹਮਣੇ ਖੜ੍ਹ ਕੇ, ਬਣਦੇ ਬੀਬੇ ਰਾਣੇ।
ਰੋਲ਼ਿਆ ਗਲੀਆਂ ਵਿੱਚ ਗੁਰੂ ਨੂੰ, ਅਤੇ ਵੇਚ ਵੀ ਖਾਧਾ,
ਸੁਆਂਗ ਰਚੇ ਰਲ਼ ਉਹਨਾਂ ਨਾਲ, ਜੋ ਸਨ ਧਿਙਾਂਣੇ।
ਗੋਲ੍ਹਕਾਂ, ਕੁਰਸੀਆਂ, ਵਜ਼ੀਰੀਆਂ, ਇਤਿਹਾਸਕ ਜ਼ਮੀਨਾਂ,
ਬਿਨਾ ਡਕਾਰੇ ਕਰ ਹਜ਼ਮ ਗਏ, ਜ਼ਾਲਮ ਜਰਵਾਣੇ।
ਥੱਲਿਓਂ ਚੱਲ ਕੇ ਉੱਪਰ ਤੱਕ, ਰਿਹਾ ਫਰਕ ਨਾ ਕੋਈ,
ਗਿਆਨੀ, ਗ੍ਰੰਥੀ, ਜਥੇਦਾਰ, ਬਹੁਤੇ ਮੀਣੇ ਕਾਣੇ।
ਪਲ ਪਲ ਬੋਲੀ ਬਦਲਦੇ, ਅਸੂਲ ਟੰਗ ਛਿੱਕੇ,
ਅੰਨ੍ਹਿਆਂ ਤੋਂ ਰੇੜੀਆਂ ਲੈ ਰਹੇ, ਸਿਰਫ ਆਪਣੇ ਲਾਣੇ।
ਆਮ ਸਿੱਖ ਹੈ ਪਿੱਟ ਰਿਹਾ, ਨਿੱਤ ਮਾਰ ਦੁਹੱਥੜ,
ਸ਼ਰਮਸਾਰ ਬੇਚਾਰਾ ਰੋਂਵਦਾ, ਦੱਬ ਸਿਰ ਸਿਰਹਾਣੇ।
ਸਿੱਖੀ ਦਾ ਭੱਠਾ ਬੈਠਾ ਰਹੀ, ਹੈ ਚੰਡਾਲ ਚੌਂਕੜੀ,
ਡੁੱਬਦਾ ਬੇੜਾ ਨਹੀਂ ਜਾਪਦਾ, ਲੱਗੂ ਕਿਸੇ ਠਿਕਾਣੇ।
ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ