ਉਦਾਸੀ ਨੂੰ ਬੰਦਗੀ ਦੇ ਰੰਗ ਵਿੱਚ ਰੰਗਣ ਵਾਲੀ ਕਿਰਤ "ਕੁਦਰਤ ਕਾਰੀਗਰ ਹੈ। - ਸ਼ਿਵਚਰਨ ਜੱਗੀ ਕੁੱਸਾ

ਜ਼ਰੂਰੀ ਨਹੀਂ ਕਿ ਲਿਆਕਤ ਬੰਦੇ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਧੱਕੇ ਖਾ ਕੇ ਹੀ ਆਵੇ। ਕਈ ਵਾਰ ਇਹ ਰੱਬ ਦੀ ਦਾਤ ਅਤੇ ਕੁਦਰਤ ਦੀ ਬਖ਼ਸ਼ਿਸ਼ ਵੀ ਹੁੰਦੀ ਹੈ। ਕਿਰਨ ਕੌਰ ਵਰਗੀਆਂ ਕਾਰਜਸ਼ੀਲ ਕਵਿੱਤਰੀਆਂ ਨੂੰ ਰੱਬ ਵੱਲੋਂ ਅਦੁਤੀ ਤੋਹਫ਼ਾ ਵੀ ਮਿਲ ਜਾਂਦਾ ਹੈ। ਦੁਨਿਆਵੀ ਇਖ਼ਲਾਕ ਅਤੇ ਪੰਜਾਬੀਅਤ ਪ੍ਰਤੀ ਸੁਹਿਰਦ ਸੰਸਕਾਰਾਂ ਦੇ ਅਥਾਹ ਜਜ਼ਬੇ ਦੇ ਨਾਲ-ਨਾਲ ਕਿਰਨ ਕੌਰ ਕੋਲ ਅਨਹਦ ਨਾਦ, ਅਨਾਹਤ ਵਰਗਾ ਅੰਦਾਜ਼ ਹੈ! ਕਵਿਤਾ ਦੀਆਂ ਬਰੀਕੀਆਂ ਦੀ ਸੂਝ ਹੈ। ਕਵਿਤਾ ਸਿਰਜਣ ਦਾ ਵੱਲ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਦਾ 'ਝੱਲ' ਹੈ। ਕਈ ਵਾਰ ਉਸ ਦੀ ਗਰਜਦੀ-ਵੰਗਾਰਦੀ ਕਵਿਤਾ ਮੈਨੂੰ ਹਰੀ ਸਿੰਘ ਨਲੂਆ ਦੀ 'ਗੜ੍ਹਕ'ਦਾ ਚੇਤਾ ਕਰਵਾ ਦਿੰਦੀ ਹੈ ਅਤੇ ਕਈ ਵਾਰ ਹੀਰ ਦੀ ਪ੍ਰੀਤ ਵਿੱਚ ਵੱਜਦੀ ਰਾਂਝੇ ਦੀ ਵੰਝਲੀ ਦੀ ਹੂਕ ਦੀ ਯਾਦ ਦਿਵਾਉਂਦੀ ਹੈ! ਕਵਿਤਾ ਸਿਰਜਣ ਦੀ ਮੁਹਾਰਤ ਕਿਰਨ ਨੂੰ ਬਾਖ਼ੂਬੀ ਹਾਸਲ ਹੈ!
ਕਿਰਨ ਜੰਡ 'ਤੇ ਸੰਧੂਰ ਭੁੱਕਣ ਦੀ ਅਭਿਲਾਸ਼ੀ ਨਹੀਂ ਅਤੇ ਨਾ ਹੀ ਪਿੱਪਲਾਂ ਨੂੰ ਪਾਣੀ ਪਾਉਣ ਦੀ ਆਸਥਾ ਰੱਖਦੀ ਹੈ। ਨਾ ਹੀ ਉਸ ਨੂੰ ਸੱਪ ਦੀ ਖੁੱਡ ਵਿੱਚ ਦੁੱਧ ਪਾਉਣ ਦਾ ਚਾਅ ਹੈ ਅਤੇ ਨਾ ਹੀ ਦਰੱਖ਼ਤਾਂ ਨੂੰ ਖੰਮ੍ਹਣੀਆਂ (ਮੌਲ਼ੀਆਂ) ਬੰਨ੍ਹਣ ਦੀ ਰੀਝ। ਉਹ ਤਾਂ ਕੁਦਰਤ ਨਾਲ ਇੱਕ-ਮਿੱਕ ਹੋ ਕੇ, ਮਸਤ ਹੋ ਕੇ ਤੁਰਦੀ ਹੈ। ਉਸ ਦੀ ਹੀ ਰਚਨਾ ਅਨੁਸਾਰ:
ਜਦੋਂ ਮੇਰੇ ਮਨ ਅੰਦਰ
ਘੋਰ ਹਨ੍ਹੇਰਾ ਛਾਅ ਗਿਆ
ਆਸ ਦੇ ਦੀਪਕ ਬੁਝਣ ਲੱਗ ਪਏ,
ਓਦੋਂ ਮੈਂ 'ਸ਼ਿਵ' ਨੂੰ
ਕੁਝ ਇਸ ਤਰ੍ਹਾਂ ਗਾਇਆ
ਕਿ 'ਉਦਾਸੀ'
'ਬੰਦਗੀ' ਬਣ ਗਈ...
ਕਿਰਨ ਕੌਰ ਦੀ ਸਿਰਜਣਾਂ ਵਿੱਚ ਪੰਜਾਬ ਦਾ ਦਿਲ ਧੜਕਦਾ ਹੈ ਅਤੇ ਪੰਜਾਬਣ ਮੁਟਿਆਰ ਦੀ ਝਾਂਜਰ ਛਣਕਦੀ ਹੈ। ਉਸ ਦੀ ਕਲਪਨਾ ਦੀ ਪ੍ਰਵਾਜ਼ ਵਿੱਚ ਅੱਲ੍ਹੜ ਕੁੜੀ ਵੱਲੋਂ ਕਸੀਦੇ ਕੱਢੀਦੇ ਹਨ ਅਤੇ ਸੰਧੂਰੀ ਰੰਗ ਵਿੱਚ ਰੰਗੀ ਮੁਟਿਆਰ ਵੱਲੋਂ ਫ਼ੁਲਕਾਰੀ 'ਤੇ ਹਾਣੀ ਪ੍ਰਤੀ ਮੋਹ ਦੇ ਫ਼ੁੱਲ ਪੈਂਦੇ ਹਨ। ਉਸ ਦੇ ਜ਼ਿਹਨ ਵਿੱਚ ਬੇਬੇ ਦੀ ਮਧਾਣੀ ਗਾਇਨ ਕਰਦੀ ਹੈ ਅਤੇ ਹਰੇ-ਭਰੇ ਬਾਗਾਂ ਵੱਲੋਂ ਰੁਮਕਦੀ ਪੌਣ ਲੋਰੀਆਂ ਦਿੰਦੀ ਹੈ। ਉਸ ਦੀ ਸੋਚ ਵਿੱਚ ਝਰਨੇ ਰਾਗ ਛੇੜਦੇ ਨੇ ਅਤੇ ਮੰਤਰ-ਮੁਗਧ ਹੋਈਆਂ ਇੰਦਰ ਦੀਆਂ ਪਰੀਆਂ ਨਿਰਤ ਕਰਦੀਆਂ ਨੇ! ਉਸ ਦੀਆਂ ਕਵਿਤਾਵਾਂ ਵਿੱਚ ਪੰਜਾਬ ਦੀਆਂ ਲਹਿ-ਲਹਾਉਂਦੀਆਂ ਫ਼ਸਲਾਂ ਜਿਹੀ ਤਾਜ਼ਗੀ ਅਤੇ ਸਰ੍ਹੋਂ ਦੇ ਫ਼ੁੱਲਾਂ ਵਰਗੀ ਰਸਭਿੰਨੀ ਖ਼ੁਸ਼ਬੂ ਹੈ। ਉਸ ਦੀ ਕਵਿਤਾ ਦੇ ਬੋਲਾਂ ਵਿੱਚ ਘੁਲਾੜ੍ਹੀ 'ਤੇ ਬਣਦੇ ਤੱਤੇ ਗੁੜ ਜਿਹੀ ਮਹਿਕ ਹੈ ਅਤੇ ਪੋਨੇ ਗੰਨੇ ਦੇ ਰਸ ਵਰਗਾ ਸੁਆਦ! ਉਹ ਨੀਲੇ ਅਸਮਾਨ ਦੀ ਹਿੱਕ ਉਤੇ ਸੱਚ ਦੀ ਮੋਹਰ ਲਾਉਣਾ ਜਾਣਦੀ ਹੈ ਅਤੇ ਕਦੇ-ਕਦੇ ਨਾ ਹਜ਼ਮ ਹੋਣ ਵਾਲਾ ਸੱਚ ਬਿਆਨਦੀ ਹੈ:
ਸਾਇੰਸ ਆਖਦੀ ਹੈ;
ਡਾਇਨਾਸੋਰ ਹੁੰਦੇ ਸੀ, ਹੁਣ ਨਹੀਂ ਰਹੇ।
ਮੈਂ ਆਖਦੀ ਹਾਂ;
ਇਨਸਾਨ ਹੁੰਦੇ ਸੀ, ਹੁਣ ਨਹੀਂ ਰਹੇ...
ਜਿਲ੍ਹਾ ਕਪੂਰਥਲਾ ਦੇ ਪਿੰਡ ਭਾਣੋ ਲੰਗਾ ਵਿੱਚ ਸਰਦਾਰ ਬਲਵੀਰ ਸਿੰਘ ਅਤੇ ਮਾਤਾ ਰਜਵੰਤ ਕੌਰ ਦੀ ਕੁੱਖੋਂ ਜਨਮੀ ਕਿਰਨ, 2017 ਤੋਂ ਯੂਰਪ ਦੇ ਬੇਹੱਦ ਖ਼ੂਬਸੂਰਤ ਦੇਸ਼ 'ਆਸਟਰੀਆ' ਵਿੱਚ ਰਹਿ ਰਹੀ ਹੈ। ਉਸ ਨੇ 2018 ਵਿੱਚ ਤਹੱਈਆ ਕਰ ਲਿਖਣਾ ਸ਼ੁਰੂ ਕੀਤਾ। ਆਪਣੇ ਦੇਸ਼ ਅਤੇ ਵਿਦੇਸ਼ ਦੇ ਸਮਾਜਿਕ ਢਾਂਚੇ ਨੇ ਉਸ ਦੀ ਬੌਧਿਕਤਾ ਨੂੰ ਝੰਜੋੜਾ ਮਾਰਿਆ ਤਾਂ ਉਸ ਨੇ ਵਿਅੰਗਮਈ 'ਲਘੂ ਕਹਾਣੀਆਂ' ਲਿਖੀਆਂ ਅਤੇ ਉਹ ਪੰਜਾਬ ਦੇ ਕਈ ਪ੍ਰਮੁੱਖ ਅਖ਼ਬਾਰਾਂ ਵਿੱਚ ਛਪਣ ਲੱਗੀ। ਹੌਲੀ-ਹੌਲੀ ਇਹ ਸਫ਼ਰ ਅੱਗੇ ਵਧਦਾ ਗਿਆ ਅਤੇ ਉਹ ਵਾਰਤਿਕ ਦੇ ਨਾਲ-ਨਾਲ ਕਵਿਤਾਵਾਂ ਵੀ ਸਿਰਜਣ ਲੱਗੀ। ਲਿਖਣ ਦਾ ਸ਼ੌਕ ਉਸ ਨੂੰ ਕੁਦਰਤ ਵੱਲੋਂ ਹੀ ਪਿਆ ਅਤੇ ਆਸ-ਪਾਸ ਦੀਆਂ ਘਟਨਾਵਾਂ ਤੋਂ ਉਪਜੇ ਵਿਚਾਰਾਂ ਉਪਰ ਲਿਖਣਾ ਸ਼ੁਰੂ ਕੀਤਾ, ਜੋ ਅੱਜ ਤੱਕ ਨਿਰੰਤਰ ਜਾਰੀ ਹੈ।
ਜਦ ਉਹ ਬਗ਼ਾਵਤ 'ਤੇ ਉੱਤਰ ਵਿਦਰੋਹੀ ਰਚਨਾ ਸਿਰਜਦੀ ਹੈ ਤਾਂ ਉਹ ਕੋਈ ਬਾਗ਼ੀ ਜਾਂ ਗੁਰੀਲਾ ਜਾਪਦੀ ਹੈ। ਉਸ ਕੋਲ਼ ਕਲਾ ਦੇ ਸੂਖ਼ਮ ਤਜ਼ਰਬਿਆਂ ਦੇ ਗਹਿਣੇ ਵੀ ਨੇ ਅਤੇ ਕਿਸੇ ਦੇ ਵਿੰਗ-ਵਲ਼ ਕੱਢਣ ਲਈ ਸ਼ਬਦਾਂ ਦੇ ਤੇਜ਼ਧਾਰ ਨਸ਼ਤਰ ਵੀ! ਕਿਰਨ ਕੌਰ ਦੀਆਂ ਰਚਨਾਵਾਂ ਅਨੁਸਾਰ ਪ੍ਰੇਮ ਅਤੇ ਇਸ਼ਕ ਇੱਕ ਸਾਧਨਾਂ ਹੈ, ਠਰਕ ਭੋਰਨ ਦਾ ਜ਼ਰੀਆ ਨਹੀਂ! ਕਿਤੇ-ਕਿਤੇ ਉਸ ਦੀਆਂ ਰਚਨਾਵਾਂ ਇਸੇ ਸਾਧਨਾਂ ਦੀ ਬਾਤ ਪਾਉਂਦੀਆਂ ਹਨ। ਉਸ ਦੀਆਂ ਕਵਿਤਾਵਾਂ ਵਿੱਚ ਖ਼ੂਹ 'ਤੇ ਗਿੜਦੀਆਂ ਟਿੰਡਾਂ ਦੀ ਇੱਕ-ਸੁਰ ਅਤੇ ਇੱਕ-ਸਾਰ ਲੈਅ ਹੈ। ਉਸ ਦੀ ਸਿਰਜਣਾਂ ਸ਼ਕਤੀ ਵਿੱਚ ਮਾਘੀ ਮੌਕੇ ਕੜਾਕੇ ਦੀ ਸਰਦੀ ਵਿੱਚ ਖੇਤੀਂ ਲੱਗਦੇ ਕੱਸੀ ਦੇ ਪਾਣੀ ਵਰਗਾ ਹੁਲਾਸ ਅਤੇ ਨਿੱਘ ਹੈ। ਅੱਸੂ ਕੱਤੇ ਦੇ ਮਹੀਨੇ ਖੇਤਾਂ ਵਿੱਚ ਹਲ਼ ਖਿੱਚਦੇ ਬਲ਼ਦਾਂ ਦੀਆਂ ਟੱਲੀਆਂ ਖੜਕਣ ਦੀ ਅਦੁਤੀ ਧੁਨ ਹੈ। ਉਸ ਦੀ ਸ਼ਬਦ-ਬੁਣਤੀ ਵਿਚ ਨਾਰੀਅਲ ਦੇ ਪਾਣੀ ਵਰਗਾ ਕੁਦਰਤੀ ਰਸ ਹੈ ਅਤੇ ਇਹ ਬੁਣਤਰ-ਰਸ ਜਣੇਂ-ਖਣੇਂ ਨੂੰ ਨਸੀਬ ਨਹੀਂ ਹੋ ਜਾਂਦਾ।
ਕਿਰਨ ਹਾਥੀ ਦੇ ਦੰਦਾਂ ਵਾਂਗ, ਖਾਣ ਲਈ ਹੋਰ ਅਤੇ ਦਿਖਾਉਣ ਲਈ ਹੋਰ ਵਾਲ਼ੀਆਂ ਗੱਲਾਂ ਵੀ ਨਹੀਂ ਕਰਦੀ। ਸੱਚੀ ਗੱਲ ਮੂੰਹ 'ਤੇ ਕਹਿਣ ਦੀ ਆਦੀ ਹੈ। ਉਸ ਅਨੁਸਾਰ ਆਲੋਚਕ ਅਤੇ ਨਿੰਦਕ ਵਿੱਚ ਦੋ ਕਿਨਾਰਿਆਂ ਵਾਂਗ ਫ਼ਰਕ ਹੈ। ਆਲੋਚਕ ਤੁਹਾਨੂੰ ਸੇਧ ਪ੍ਰਦਾਨ ਕਰਦੇ ਨੇ ਅਤੇ ਨਿੰਦਕ ਦਾ ਕੰਮ ਬਿਨਾ ਗੱਲੋਂ 'ਤਰਕ' ਮਾਰਨੀ ਹੁੰਦੀ ਹੈ! ਮੇਰਾ ਇਹ ਗੱਲਾਂ ਕਰਨ ਦਾ ਭਾਵ ਹੈ ਕਿ ਕਿਰਨ ਜ਼ਿਆਦਾਤਰ ਚੁੱਪ ਰਹਿ ਕੇ ਹੀ ਦੁਆਵਾਂ ਦੇਣ ਵਾਲ਼ੀ ਫ਼ੌਲਾਦੀ ਦਿਲ ਵਾਲ਼ੀ ਕੁੜੀ ਹੈ ਅਤੇ ਉਹ ਬਦਖੋਹੀ ਕਰਨ ਵਾਲ਼ਿਆਂ ਦੀ ਵੀ ਚਿੰਤਾ ਨਹੀਂ ਕਰਦੀ। ਜੇ ਉਸ ਵਿੱਚ ਕਹਿਣ ਦਾ ਜਿਗਰਾ ਹੈ ਤਾਂ ਉਸ ਵਿੱਚ ਸਹਿਣ ਦਾ ਸਾਹਸ ਵੀ ਹੈ। ਉਹ ਵਿਹਲੜ ਬੰਦੇ ਵਾਂਗ ਸਿੰਗ ਮਿੱਟੀ ਵੀ ਨਹੀਂ ਚੁੱਕਦੀ ਅਤੇ ਨਾ ਹੀ ਸ਼ਬਦਾਂ ਦੀ ਖੁਰ-ਵੱਢ ਕਰਦੀ ਹੈ। ਉਹ ਤਾਂ ਨਿਯਮਬੱਧ ਸੈਨਿਕ ਵਾਂਗ ਸਮਾਜ ਦੇ 'ਵੈਰੀ' 'ਤੇ ਸ਼ਿਸ਼ਤ ਬੰਨ੍ਹ ਨਿਸ਼ਾਨਾ ਲਾਉਂਦੀ ਹੈ। ਮੈਂ ਉਸ ਦੀ ਪਲੇਠੀ ਪੁਸਤਕ "ਕੁਦਰਤ ਕਾਰੀਗਰ ਹੈ" ਨੂੰ ਬਾਂਹਾਂ ਫ਼ੈਲਾ ਕੇ "ਜੀ ਆਇਆਂ" ਆਖਦਾ ਹੋਇਆ, ਉਸ ਤੋਂ ਅਜਿਹੀਆਂ ਹੋਰ ਕਿਤਾਬਾਂ ਦੀ ਆਸ ਰੱਖਾਂਗਾ।
-ਸ਼ਿਵਚਰਨ ਜੱਗੀ ਕੁੱਸਾ