"ਭਾਬੋ ਕਹਿੰਦੀ ਹੈ " - ਰਣਜੀਤ ਕੌਰ ਗੁੱਡੀ ਤਰਨ ਤਾਰਨ
"ਹਨੇਰੇ ਨੂੰ ਆਖੋ ਆਪਣਾ ਟਿਕਾਣਾ ਬਦਲ ਲਵੇ
ਅਸੀਂ ਰਾਤ ਨੂੰ ਛਾਣ ਕੇ ਉਜਾਲਾ ਲੈ ਆਏ ਹਾਂ"
ਕਾਦਰ ਨੂੰ ਜਲਦੀ ਹੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਕਿ ਉਹਨੇ ਜੋ ਇਹ ਆਦਮ ਦਾ ਪੁਤਲਾ ਬਣਾਇਆ ਹੈ ਇਹ ਨਾਂਮੁਕੰਮਲ ਹੈ ਫਿਰ ਆਦਮ ਨੂੰ ਮੁਕੰਮਲ ਕਰਨ ਲਈ ਉਹਨੇ ਹਵਾ ਬਣਾਈ।ਹਵਾ ਤੇ ਆਦਮ ਨੇ ਮਿਲ ਕੇ ਇਹ ਸੰਸਾਰ ਰੂਪੀ ਗੱਡੀ ਖਿਚਣੀ ਲਾਈ।ਬੜੀ ਸੋਚ ਸਮਝ ਤੇ ਸਿਆਣਪ ਦੀ ਲੋੜ ਸੀ ਜੋ ਕਿ ਆਦਮ ਕੋਲ ਇਸ ਦੀ ਕਮੀ ਸੀ ਤਾਂ ਹਵਾ ਜਾਣ ਗਈ ਕਿ ਜੇ ਉਹ ਹਿੰਮਤ ਹਾਰ ਗਈ ਤਾਂ ਇਹ ਕਾਇਨਾਤ ਚਿਰਸਥਾਈ ਨਹੀਂ ਹੋਵੇਗੀ।ਤੇ ਹਵਾ ਨੂੰ ਰੱਬ ਨੇ ਆਪਣਾ ਦਰਜਾ ਦੇ ਦਿੱਤਾ ਤੇ ਉਹਨੇ ਕਾਦਰ ਬਣ ਕੇ ਇਸ ਕਾਇਨਾਤ ਨੂੰ ਹੰਢਾਉਣ ਤੇ ਮਾਣਨ ਯੋਗ ਰੰਗੀਨ ਬਣਾ ਲਿਆ ਵਿਆਹ ਦਾ ਦਸਤੂਰ ਚਲਿਆ ਵੰਸ਼ ਦਾ ਵਾਧਾ ਹੋਇਆ ਨਰ ਨਾਰੀ ਲੜਦੇ ਰੁੱਸਦੇ ਮੰਨਦੇ ਮੰਨਾਉਂਦੇ ਦੁਨੀਆਦਾਰੀ ਚਲਾਉਂਦੇ ਆਏ । ਘਰੇਲੂ ਹਿੰਸਾ ਮੁੱਢ ਤੋਂ ਹੀ ਸੀ ਬਲਕਿ ਹੁਣ ਨਾਲੋਂ ਕਿਤੇ ਵੱਧ ਸੀ ਕਿਉਂਕਿ ਨਾਰੀ ਦੇ ਨਰਮ ਤੇ ਮਮਤਾ ਵਾਲੇ ਸੁਭਾਅ ਕਰ ਕੇ ਨਰ ਨੇ ਉਸਤੇ ਆਪਣਾ ਦਬਦਬਾ ਸ਼ੁਰੂ ਚ ਹੀ ਬਣਾ ਲਿਆ ਸੀ ।ਤੇ ਇਹਨੂੰ ਉਨੇ ਗੈਰਤ ਤੇ ਸੰਸਕਾਰ ਦਾ ਨਾਮ ਦੇ ਕੇ ਨਾਰੀ ਨੂੰ ਕੁਸਕਣ ਨਾ ਦਿੱਤਾ।
ਬੇਸ਼ੱਕ ਘਰੇਲੂ ਹਿੰਸਾ ਹੁਣ ਨਾਲੋਂ ਕਈ ਗੁਣਾ ਵੱਧ ਸੀ ਫੇਰ ਵੀ ਰਿਸ਼ਤੇ ਰਿੜਦੇ ਰੀਂਗਦੇ ਗੱਡੀ ਚਲਾਈ ਜਾਂਦੇ ਰਹਿੰਦੇ,ਵਿਆਹ ਬਹੁਤ ਘੱਟ ਟੁੱਟਦੇ ਸਨ।ਆਦਮੀ ਬਾਹਰ ਦਾ ਕੰਮ ਸੰਭਾਲਦੇ ਤੇ ਅੋਰਤ ਅੰਦਰਲਾ।ਵਿਚੋ ਵਿਚ ਅੋਰਤ ਬਾਹਰਲੇ ਕੰਮਾਂ ਵਿੱਚ ਵੀ ਹੱਥ ਵਟਾ ਦੇਂਦੀ।ਅੋਰਤ ਬਹੁਤ ਮਿਹਨਤ ਕਰਦੀ ਇਕ ੰਿਮੰਟ ਵੀ ਅਜਾਂਈ ਨਾ ਜਾਣ ਦੇਂਦੀ।ਅੋਰਤ ਖੁਦ ਨੂੰ ਨਸੀਹਤ ਕਰਦੀ-
" ਉਠ ਨੀ ਧੀਏ ਨਿਸਲ ਹੋ ,ਚਰਖਾ ਛੱਡ ਤੇ ਚੱਕੀ ਝੌ "
ਉਹ ਪਹੂ ਫੁਟਾਲੇ ਤੋਂ ਲੈ ਕੇ ਰਾਤ ਮੰਜੇ ਤੇ ਜਾਣ ਤਕ ਕੁਝ ਨਾਂ ਕੁਝ ਕਰਦੀ ਰਹਿੰਦੀ।ਮਸ਼ੀਨਾਂ ਨਹੀਂ ਸਨ ਪੇਟ ਭਰਨ ਤੋਂ ਲੈ ਕੇ ਤਨ ਢਕਣ ਤੱਕ ਸੱਭ ਕੁਝ ਹੱਥੀਂ ਬਣਾਇਆ ਜਾਂਦਾ ਸੀ।ਕਪਾਹ ਮਰਦ ਉਗਾਉਂਦਾ ਜੇ ਤੇ ਅੋਰਤ ਉਸ ਤੋਂ ਕੁੜਤਾ ਬੁਣ ਬਣਾ ਲੈਂਦੀ।ਖੇਤ ਵਿਚੋਂ ਕਪਾਹ ਚੁਣ ਕੇ ਲਿਆਉਣੀ ਤੇ ਤਾਣੀ ਤਕ ਪੁਚਾਉਣ ਦਾ ਸਾਰਾ ਧੰਦਾ ਤੀਵੀ ਨੂੰ ਹੀ ਕਰਨਾ ਪੈਂਦਾ।ਦੋਵੇਂ ਇਕ ਦੂਜੇ ਦੀ ਮਦਦ ਤੋਂ ਬਿਨਾ ਅਧੂਰੇ । ਕਰੀਰ ਦੀ ਲਕੜੀ ਦਾ ਵੇਲਣੇ ਤੇ ਕਪਾਹ ਵੇਲ ਕੇ ਵਿਚੋਂ ਵੜੈਂਵੇ ਅਲਗ ਕਰ ਉਸਦੀ ਪਸ਼ੂਆਂ ਲਈ ਖਲ ਬਣਾਉਣਾ ਲੋਕ ਗੀਤ ਇਸ ਤਰਾਂ ਹੀ ਬਣ ਜਾਣੇ-"ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ"। ਤੇ ਜਦ ਕਦੇ ਵੇਲਣਾ ਖਰਾਬ ਹੋ ਜਾਣਾ ਤੇ ਉਹ ਵੀ ਗਾ ਕੇ ਹੀ ਨਵਾਂ ਮੰਗਣਾ
ਭਾਬੋ ਕਹਿੰਦੀ ਹੈ ਬਲਵੰਤ ਸਿੰਘਾ ਵੇਲਣਾ ਲਿਆ
ਵੇਲਣੇ ਦੀ ਖੱਟੀ ਮੈਂ ਕਾਂਟੇ ਬਣਵਾਨੀ ਆਂ
ਪਾਉਣ ਦੇ ਵੇਲੇ ਉਹ ਕਿਹੜੀ ਜਿਹੜੀ ਸਾੜੈ ਸੜਦੀ ਉਹ ਕਿਹੜੀ ਜਿਹੜੀ ਸੌਂਕਣ ਮੇਰੀ ਉਹ ਕਿਹੜੀ-ਫੋਜਣ ਭਾਬੀ ਦਿਉਰ ਨੂੰ ਹੀ ਨਿਹੋਰੇ ਕਸ ਕੇ ਕੰਮ ਕਢਾ ਲੈਂਦੀ।
ਇਸ਼ਕ ਮੁਸ਼ਕ ਮੋਹ ਪਿਆਰ ਪ੍ਰੀਤ ਪ੍ਰੇਮ ਦੇ ਕਿੱਸੇ ਰਿਸਦੇ ਪਲਰਦੇ ਅਫਸਾਨੇ ਬਣਦੇ ਪਰ ਘਰੋਂ ਭੱਜ ਕੇ ਚੋਰੀ ਵਿਆਹ ਕਰਾਉਣ ਦੀ ਵਾਰਦਾਤ ਕਿਤੇ ਹੀ ਹੁੰਦੀ।
ਕਰ ਕੇ ਖਾਣੀ ਭਗਤੀ ਸੀ ਪੂਜਾ ਸੀ,ਡਿਪ੍ਰੇਸ਼ਨ ਟੈਨਸ਼ਨ ਜਿਹੀ ਕੋਈ ਬੀਮਾਰੀ ਨਹੀਂ ਸੀ ਕਿਉਂਜੋ ਰੁਝੇਵੇਂ ਹੀ ਇੰਨੇ ਸਨ ਕਿ ਚਿੰਤਾ ਦੀ ਵਿਹਲ ਨਹੀਂ ਸੀ ਤੇ ਉਂਜ ਵੀ ਲੋਕ 'ਚਿੰਤਾ ਚਿਖਾ ਸਮਾਨ 'ਆਖ ਕੇ ਉਠ ਖਲੋਂਦੇ ਜਾਂ ਕਹਿੰਦੇ " ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਇ'।ਘਰ ਘਰ ਦੀ ਕਹਾਣੀ ਅੱਜ ਵਰਗੀ ਹੀ ਸੀ -ਪਰ ਤੇ ਪਰ-
"ਮੈਂ ਜਾਣਾ ਦੁੱਖ ਮੋਹੇ ਦੁੱਖ ਸਭਾਇਆ ਜੱਗ,ਕੋਠੈ ਚੜ੍ਹ ਕੇ ਵੇਖਿਆ ਘਰ ਘਰ ਏਹਾ ਅੱਗ"
ਬੱਸ ਇਹੋ ਸੁਣਾਉਣੀ ਕਰ ਇਕ ਦੂਸਰੀ ਨੂੰ ਹਿੰਮਤ ਫੜਾ ਦੇਣੀ।ਪਤੀ ਪ੍ਰਮੇਸ਼ਰ ਨੇ ਜੋ ਕੰਮ ਨਾ ਕਰਨਾ ਉਹ ਦੇਵਰ ਤੋਂ ਕਰਾ ਲੈਣਾ ਮਖੌਲ਼ ਮਜਾਕ ਵਿੱਚ ਦਿਉਰ ਭਾਬੀ ਦੇ ਜਰੂਰੀ ਕੰਮ ਵੀ ਲੋਕ ਗੀਤ ਬਣੇ'ਦੇਵਰ ਨੂੰ ਆਖਿਆ ਮਿੱਟੀ ਲਿਆ ਦੇ ਮਿੱਟੀ ਲਿਆ ਦੇ ਲੈ ਆਇਆ ਪਤਾਸੇ ਸਾਰਾ ਟੱਬਰ ਸੌਂ ਗਿਆ ਤੇ ਮੇਰਾ ਦੇਵਰ ਪਾਵੇ ਹਾਸੇ ਨੀ ਹਰਾਮੀ ਦੇਵਰ ਸ਼ਾਵਾ ਨੀ ਬੇਈਮਾਨੀ ਦੇਵਰ ਸ਼ਾਵਾ ਨੀ ਅੱਖਾਂ ਦਾ ਕੱਜਲ ਸ਼ਾਵਾ ਨੀ ਮੈਨੂੰ ਕਰਦਾ ਈ ਖੱਜਲ ਸ਼ਾਵਾ॥ਕੋਈ ਗੁੱਸਾ ਨਹੀਂ ਕੋਈ ਹਿੜਖ ਝਿੜਕ ਨਹੀਂ।ਅੱਜ ਵੀ ਇਹ ਸੱਭ ਕਾਇਮ ਹੈ ਪਰ ਸੋਸ਼ਲ ਮੀਡੀਆ ਤੇ ਬਨਾਉਟੀ ਹੁਸ਼ਿਆਰੀ ਨੇ ਲੋਕ ਆਰਜ਼ੀ ਜਿਹੇ ਇੰਨੇ ਕੁ ਹੁਸ਼ਿਆਰ ਕਰ ਦਿੱਤੇ ਹਨ ਕਿ ਉਹ ਯੁਟਿਉਬ ਵੇਖ ਕੇ ਅਕਾਰਨ ਹੀ ਚਿੰਤਾ ਚ ਬਹਿ ਜਾਂਦੇ ਹਨ ਤੇ ਜਾਂ ਫਿਰ ਦੂਸਰੇ ਨੁੰ ਸੁੱਟ ਕੇ ਅੱਗੇ ਨਿਕਲਣ ਦੀ ਹੋੜ ਲਗ ਹੋਈ ਹੈ।
( ਅੱਜ ਅਵਲ ਤਾਂ ਦਿਉਰ ਜੇਠ ਹਨ ਹੀ ਨਹੀ ਜੇ ਕਿਤੇ ਹੋਵੇ ਵੀ ਤੇ ਉਹ ਮੋਬਾਇਲ ਫੋਨ ਤੇ ਬੈਠਾ ਹੈ ਉਹ ਭਾਬੋ ਦੀ ਆਵਾਜ਼ ਨਹੀਂ ਸੁਣਦਾ।ਭਾਬੌ ਆਪਣਾ ਫੋਨ ਲੈ ਕੇ ਬੂਹਾ ਬੰਦ ਕਰ ਕੇ ਬੈਠੀ ਹੇੈ)
ਚਾਹੇ ਅੰਨ ਪਾਣੀ ਤੋਂ ਦੁਪਹਿਰ ਦੋ ਘੜੀ ਹੀ ਵੇਹਲ ਲਗਦੀ ਫੇਰ ਵੀ ਬੇਬੇ ਝਾਈ ਭਾਬੀ ਭੇੈਣ ਦਰਾਣੀ ਜਠਾਣੀ ਸੱਭ ਡਿਉਢੀ ਚ ਆਪਣੇ ਆਪਣੇ ਹਿੱਸੇ ਦਾ ਕੰਮ ਲੈ ਕੇ ਤ੍ਰਿੰਞਣ ਲਾ ਲੈਂਦੀਆਂ।ਕੋਈ ਅਟੇਰਦੀ ਕੋਈ ਕੱਤਦੀ ਕੋਈ ਪੂਣੀਆਂ ਵੱਟਦੀ ਨਾਲ ਨਾਲ ਗੀਤ ਗਾਉਂਦੀਆਂ ਹਸਦੀਆਂ ਹਾਸੇ ਪਾਉਂਦੀਆਂ ਤੇ ਇੰਝ ਗਮ ਗਲਤ ਕਰਦੀਆਂ ਤੇ ਪਲ ਪਲ ਨਵੀਂ ਉੰਮੰਗ ਛੇੜਦੀਆਂ।ਆਟਾ ਪੀਸਣਾ ਚਾਵਲ ਛੜਨੇ ਵੇਸਣ ਪੀਸਣਾ ਛੱਲੀਆਂ ਭੋਰਨੀਆਂ ਕੁਟਣੀਆਂ ਤੇ ਫੇਰ ਮੱਕੀ ਦਾ ਆਟਾ ਵੀ ਪੀਸਣਾ ਫਿਰਨੀ ਬਣਾਉਣ ਲਈ ਵੀ ਪਾਉਡਰ ਘਰੇ ਪੀਸਣਾ ਇਹ ਸਾਰੇ ਕੰਮ ਔਰਤਾਂ ਹੀ ਤੇ ਕਰਦੀਆਂ ਸਨ।
ਮੁੱਢ ਕਦੀਮ ਤੋਂ ਹੀ ਅੋਰਤਾਂ ਮਰਦਾਂ ਦੇ ਸ਼ਾਨਾ ਬਸ਼ਾਂਨਾ ਕਿਰਤ ਕਮਾਈ ਕਰਦੀਆਂ ਆ ਰਹੀਆਂ ਹਨ ਖੇਤਾਂ ਵਿੱਚ ਮਰਦ ਦੇ ਬਰਾਬਰ ਕੰਮ ਕਰਨਾ ਘਰੇ ਰੋਟੀ ਟੁਕ ਪੱਠਾ ਦੱਥਾ ਪਸ਼ੂ ਸੰਭਾਲਣੇ ਤੇ ਆਪਣੀ ਕਮਾਈ ਤੇ ਹੀ ਆਪਣਾ ਟੂਮ ਛੱਲਾ ਹਾਰ ਸ਼ਿੰਗਾਰ ਵਸਤਰ ਪੋਸ਼ਾਕ ਲੈ ਲੈਂਦੀਆਂ,ਜਿਵੇ ਜਾਹਰ ਹੈ -
" ਵੇਲਣੇ ਦੀ ਖੱਟੀ ਨੀ ਮੈਂ ਟਿੱਕਾ ਘੜਵਾਨੀ ਆਂ"
ਦੁੱਧ ਵੇਚ ਕੇ ਪੋਸ਼ਾਕ ਜੁੱਤੀ ਲੈ ਲੈਣੀ
ਦਾਣੇ ਦੇ ਕੇ ਵੰਗਾਂ ਚੜ੍ਹਾ ਲੈਣੀਆਂ
ਨਿਆਣਿਆਂ ਨੂੰ ਕੁਲਫੀ ,ਖਿਡੌਣਾ ਬਾਜੀ ਵੀ ਲੈ ਦੇਣਾ।ਉਦੋਂ ਵੀ ਉਹਨਾਂ ਨੂੰ ਕਿਸੇ ਤੇ ਬੋਝ ਬਣਨਾ ਪਸੰਦ ਨਹੀਂ ਸੀ ਅੱਜ ਬੇਸ਼ੱਕ ਘਰੋਂ ਬਾਹਰ ਦਫਤਰਾਂ ਵਿੱਚ ਜਾ ਕੇ ਬਹੁਤ ਕਮਾ ਰਹੀਆਂ ਹਨ,ਇਹ ਕਹਿਣਾ ਕਿ ਪਹਿਲਾਂ ਤੀਵੀਆਂ ਕਮਾਈ ਨਹੀਂ ਸੀ ਕਰਦੀਆਂ ਅਤਿਕਥਨੀ ਹੈ।ਚੰਗੇਰਾਂ ਛਿਕੂ ਸਰਪੋਸ ਬਨਾਉਣੇ,ਸੇਂਵੀਆਂ ਵਟਣੀਆਂ,ਚਾਦਰਾਂ ਸਰਹਾਣੇ ਗੱਦੀਆਂ ਕੱਢਾਈ ਸਿਲਾਈ ਬੁਣਾਈ ਇਹ ਕੰਮ ਖੇਤੀ ਬਾੜੀ ਦੇ ਨਾਲ ਹੀ ਕੀਤੇ ਜਾਂਦੇ ਜੋ ਕਿ ਦਫਤਰ ਦੀ ਨੌਕਰੀ ਨਾਲੋਂ ਕਿਤੇ ਵੱਧ ਕਠਿਨ ਸਨ ਤੇ ਘਰ ਦੀ ਕਿਰਤ ਕਮਾਈ ਵਿੱਚ ਬਰਾਬਰ ਦਾ ਹਿੱਸਾ ਬਲਕਿ ਜਿਆਦਾ ਹੀ ਯੋਗਦਾਨ ਹੁੰਦਾ ਸੀ,ਨਿਆਣੇ ਵੀ ਸੰਭਾਲਣੇ ਪਾਲਣੇ ਘਰੇਲੂ ਖਿਚੋਤਾਣ ਵੀ ਸਹਿਣੀ ਪਰ ਸੰਸਕਾਰ ਪਰੰਪਰਾ ਦਾ ਵੀ ਪੂਰਾ ਧਿਆਨ ਰੱਖਣਾ, ਅਨ੍ਹਪੜਤਾ ਕਿਰਤ ਕਮਾਈ ਦੇ ਆੜੈ ਕਦੇ ਨਾਂ ਆਈ ਸਗੋਂ ਛੋਟੇ ਕੰਮ ਦੇ ਵੱਡੇ ਤਜੁਰਬੇ ਹਾਸਲ ਹੁੰਦੇ। ਕਿਤੇ ਹੀ ਕੋਈ ਘਰੇਲੂ ਝਗੜਾ ਕਚਹਿਰੀ ਪੁੱਜਦਾ ਹੁਣ ਤੇ ਭਾਬੋ ਨੂੰ ਜਰਾ ਕੁ ਘਰ ਦਾ ਕੰਮ ਕਰਨਾ ਕਹਿ ਦਿਓ ਮਾਂ ਬਾਪ ਥਾਣੇ ਕਚਿਹਰੀ ਜਾ ਵੱਜਦੇ ਹਨ।
ਤੁਸੀਂ ਕਹੋਗੇ ਉਦੋਂ ਜਾਗਰੂਕਤਾ ਨਹੀਂ ਸੀ ਅਨ੍ਹਪੜ੍ਹਤਾ ਸੀ ਜਹਾਲਤ ਸੀ ,ਤੇ ਤੁਸੀਂ ਬਹੁਤ ੳਲਟ ਸੋਚ ਰਹੇ ਹੋ ਉਹੀ ਤੇ ਜਾਗਰੂਕਤਾ ਸੀ ਜੋ ਰਿਸ਼ਤਿਆਂ ਦੀ ਨਜ਼ਾਕਤ ਨੂੰ ਸਮਝਦੀ ਸੀ ਮੋਹ ਦੀਆਂ ਤੰਦਾਂ ਨੂੰ ਗੰਢ ਪੈਣ ਤੋਂ ਪਾਸੇ ਰਖਦੀ ਸੀ ਹਰ ਰਿਸ਼ਤਾ ਥਾਂ ਸਾਂਵੇਂ ਰਖਣਾ ਵੱਡਿਆਂ ਵਲੋਂ ਸਿਖਾਇਆ ਜਾਂਦਾ ਸੀ।
ਬੇਸ਼ੱਕ ਸ਼ਹਿਰੀਕਰਨ ਤੇ ਮਸ਼ੀਨੀ ਦੌਰ ਕਾਰਨ ਕੁਝ ਤੀਵੀਆਂ ਕਿਰਤ ਕਮਾਈ ਤੋਂ ਲਾਂਬ੍ਹੇ ਹੋ ਗਈਆਂ ਹਨ ਫੇਰ ਵੀ ਕਿਰਸਾਨ ਅੋਰਤਾਂ ਅੱਜ ਵੀ ਓਨਾ ਹੀ ਕੰਮ ਕਰਦੀਆਂ ਹਨ,ਅੱਜ ਵੀ -
-ਭਾਬੋ ਕਹਿੰਦੀ ਹੈ ,'ਬਲਵੰਤ ਸਿੰਘਾ ਵੇਲਣਾ( ਮਸ਼ੀਨ ) ਲਿਆ
ਨਛਤਰਾ ਲੈ ਆਵੀਂ ਵੇ ਇਕ ਸਾਬਣ ਦੀ ਟਿਕੀ-
()ਨਛਤਰਾ ਲੈ ਆਵੀਂ ਸਰਫ਼ ਅਕਸੇੱਲ।)
ਅੰਤਿਕਾ-" ਕਦਰ ਅੱਜ ਤਕ ਤੇਰੀ ਜਮਾਨੇ ਨੇ ਜਾਣੀ ਹੀ ਨਹੀਂ
ਤੂੰ ਹਕੀਕਤ ਵੀ ਹੈਂ ਇਕ ਦਿਲਚਸਪ ਕਹਾਣੀ ਹੀ ਨਹੀਂ"॥
ਰਣਜੀਤ ਕੌਰ ਗੁੱਡੀ ਤਰਨ ਤਾਰਨ