ਕਾਮਧੇਨ ਗਊਆਂ - ਨਿਰਮਲ ਸਿੰਘ ਕੰਧਾਲਵੀ
ਫ਼ਸ ਗਿਆ ਇਕ ਸਾਧ ਕੋਲ਼ ਮੈਂ, ਫ਼ਸ ਤੁਸੀਂ ਨਾ ਜਾਇਓ ।
ਬੂਬਨੇ ਜਾਲ਼ ਵਿਛਾਈ ਬੈਠੇ, ਏਹਨਾਂ ਨੂੰ ਮੂੰਹ ਨਾ ਲਾਇਓ।
ਵਿਚ ਅਦਾਲਤ ਕੇਸ ਸੀ ਮੇਰਾ, ਬੜਾ ਪ੍ਰੇਸ਼ਾਨ ਸੀ ਹੋਇਆ।
ਗੱਲ ਸੁਣ ਕੇ ਇਕ ਬੰਦੇ ਦੀ, ਮੈਨੂੰ ਕੁਝ ਧਰਵਾਸਾ ਹੋਇਆ।
ਬੰਦਾ ਕਹਿੰਦਾ ਬਾਬਾ ਹੈ ਇਕ, ਹੈ ਬੜਾ ਹੀ ਕਰਨੀ ਵਾਲ਼ਾ।
ਕੋਰਟ ਵਿਚੋਂ ਕੇਸ ਜਿਤਾ ਦਊ, ਜਦ ਫੇਰੇਗਾ ਪੁੱਠੀ ਮਾਲ਼ਾ।
ਇਕ ਦਿਨ ਡੇਰੇ ਲੈ ਗਿਆ ਮੈਨੂੰ, ਬਾਬੇ ਨੂੰ ਮੁਸ਼ਕਿਲ ਦੱਸੀ।
ਤੁਕ ਤੁਕ ਵਾਲ਼ੇ ਪਾਠ ਦੀ ਬਾਬੇ, ਗਲ਼ ਪਾ ‘ਤੀ ਮੇਰੇ ਰੱਸੀ।
‘ਕੱਤੀ ਹਜ਼ਾਰ ਪਾਠ ਦੀ ਪੂਜਾ, ਦਸ ਹਜ਼ਾਰ ਹੋਰ ਖ਼ਰਚਾ।
ਰੱਖਣੀ ਗੱਲ ਲੁਕੋ ਕੇ ਭਗਤਾ, ਕਰਨੀ ਨਹੀਂ ਕੋਈ ਚਰਚਾ।
ਕੇਸ ਜਿੱਤਣ ਦੇ ਲਾਲਚ ਵਿਚ, ਮੰਨ ਲਿਆ ਉਹਦਾ ਕਹਿਣਾ।
ਬਾਬਾ ਕਹਿੰਦਾ ਗੁਪਤ ਪਾਠ ਐ, ਪਾਠ ਦੇ ਕੋਲ਼ ਨਹੀਂ ਬਹਿਣਾ।
ਬਾਬੇ ਤਾਈਂ ਰਕਮ ਫੜਾ ਕੇ, ਘਰ ਮੁੜ ਆਏ ਚੁੱਪ ਕਰ ਕੇ।
ਗਿਣੀਏਂ ਦਿਨ ਫ਼ੈਸਲੇ ਵਾਲ਼ਾ, ਅਸੀਂ ਸਭ ਕੁਝ ਹੋਰ ਭੁਲਾ ਕੇ।
ਠੁੱਸ ਹੋਈ ਬਾਬੇ ਦੀ ਮਾਲ਼ਾ, ਮੇਰੇ ਉਲਟ ਫ਼ੈਸਲਾ ਆਇਆ।
ਕੋਰਟ ਖ਼ਰਚ ਵੀ ਸਿਰ ਮੇਰੇ, ਉੱਤੋਂ ਬਾਬੇ ਨੇ ਚੂਨਾ ਲਾਇਆ।
ਬਾਬੇ ਨੂੰ ਜਦ ਫੂਨ ਘੁੰਮਾਵਾਂ, ਉੱਥੇ ਫੂਨ ਚੁੱਕੇ ਕੋਈ ਚੇਲਾ।
ਜਾਂ ਬਾਬਾ ਜੀ ਭਗਤੀ ਕਰਦੇ, ਜਾਂ ਹੋਵੇ ਆਰਾਮ ਦਾ ਵੇਲਾ।
ਠੱਗੀ ਵੱਜਗੀ ਨਾਲ ਮਿਰੇ, ਪਰ ਹੁਣ ਵੇਲਾ ਹੱਥ ਨਾ ਆਵੇ।
ਵੱਢਾਂ ਮੈਂ ਹੱਥਾਂ ‘ਤੇ ਦੰਦੀਆਂ, ਮਨ ਵਾਰ ਵਾਰ ਪਛਤਾਵੇ।
ਦੱਸੀ ਗੱਲ ‘ਵਿਚੋਲੇ’ ਤਾਈਂ, ਉਹ ਕਿਰਲੇ ਵਾਂਗੂੰ ਤਣਿਆਂ।
ਤੂੰ ਨਹੀਂ ਰੱਖੀ ਸ਼ਰਧਾ ਪੂਰੀ, ਤਾਹੀਂ ਕੰਮ ਨਹੀਂ ਬਣਿਆਂ।
ਮੈਂ ਕਿਹਾ ਆ ਬਾਬੇ ਨੂੰ ਪੁੱਛੀਏ, ਉਸ ਗੱਲ ਸੁਣੀ ਨਾ ਮੇਰੀ।
ਕਹਿੰਦਾ ਬਾਬੇ ਨੇ ਟਿੱਲ ਲਾ ‘ਤਾ, ਮਾੜੀ ਕਿਸਮਤ ਤੇਰੀ।
ਇਕ ਦਿਨ ਦੋ ਤਿੰਨ ਬੰਦੇ ਲੈ ਕੇ, ਮੈਂ ਗਿਆ ਸਾਧ ਦੇ ਡੇਰੇ।
ਪੈ ਗਏ ਗਲ਼ ਸਾਧ ਦੇ ਗੁੰਡੇ, ਉਹਨੀਂ ਮੋਢੇ ਸੇਕ ‘ਤੇ ਮੇਰੇ।
ਰਪਟ ਲਿਖੌਣ ਗਏ ਜਦ ਥਾਣੇ, ਉਨ੍ਹੀਂ ਲਾਹੀ ਛੋਈ ਸਾਡੀ।
ਓਏ ਬਾਬਾ ਜੀ ਨੂੰ ਝੂਠਾ ਆਖੋਂ, ਲਾਹੀਏ ਖੱਲ ਤੁਹਾਡੀ।
ਭੱਜ ਜਾਉ ਇੱਥੋਂ ਜਿੱਧਰੋਂ ਆਏ, ਕਰਦੂੰ ਸਭ ਨੂੰ ਅੰਦਰ।
ਟੈਮ ਖਰਾਬ ਕਰਨ ਲਈ, ਆ ਜਾਂਦੇ ਕਿਧਰੋਂ ਪਤੰਦਰ।
ਬਾਬੇ ਤਾਂ ਨੇ ਬੀਬੇ, ਕਾਮਧੇਨ ਗਊਆਂ ਸਰਕਾਰ ਦੀਆਂ।
ਲਿਖਕੇ ਰਪਟ, ਜੁੱਤੀਆਂ ਕਿਉਂ ਖਾਵਾਂ ਸਰਕਾਰ ਦੀਆਂ।