ਪੰਜਾਬੀਓ ਜਾਗਦੇ ਕਿ ਸੁੱਤੇ - ਸੁਖਪਾਲ ਸਿੰਘ ਗਿੱਲ
ਪੈਂਤੀ ਅੱਖਰੀ ਨੂੰ ਪੰਜਾਬੀਆਂ ਦੀ ਮਾਂ-ਬੋਲੀ ਕਿਹਾ ਜਾਂਦਾ ਹੈ ਇਸ ਤੋਂ ਬਿਨ੍ਹਾਂ ਹੋਰਾਂ ਨੂੰ ਦੂਜੀ ਭਾਸ਼ਾ ਕਿਹਾ ਜਾਂਦਾ ਹੈ। ਕਿਸੇ ਦੀ ਮਾਂ-ਬੋਲੀ ਨੂੰ ਉਸ ਤੋਂ ਦੂਰ ਕਰ ਦੇਣਾ ਵੱਡਾ ਗੁਨਾਹ ਹੈ। ਬੋਲੀ ਦੇ ਸਿਰ ਉੱਤੇ ਹੀ ਕੌਮ ਦਾ ਵਿਕਾਸ ਖੜਾ ਹੁੰਦਾ ਹੈ। ਪੰਜਾਬੀਆਂ ਦੇ ਸਮਾਜ ਦੀ ਚੇਤਨਾ ਤੇ ਤੇਜ਼ੀ ਨਾਲ ਵਿਕਾਸ ਦੀਆਂ ਸੰਭਾਵਨਾਵਾਂ ਪੰਜਾਬੀ ਮਾਂ-ਬੋਲੀ ਦੀ ਬੁੱਕਲ ਵਿੱਚ ਹਨ। ਇਸ ਜਰੀਏ ਪੰਜਾਬੀਆਂ ਨੂੰ ਹੁਲਾਰਾ, ਹੁੰਗਾਰਾਂ ਅਤੇ ਸਰਬਪੱਖੀ ਉਤਸ਼ਾਹ ਮਿਲਦਾ ਹੈ। ਇਸ ਕਰਕੇ ਪੰਜਾਬ ਮਾਂ-ਬੋਲੀ ਦੇ ਸਿਰ ਤੇ ਨੈਤਿਕ ਨਾਬਰੀ ਦਾ ਪ੍ਰਤੀਕ ਰਿਹਾ। ਇਸੇ ਕਾਰਨ ਹੀ ਪੰਜਾਬੀ ਬੋਲੀ ਨੂੰ ਪੰਜਾਬੀਆਂ ਤੋਂ ਦੂਰ ਕਰਨ ਦੀ ਨਜ਼ਰ ਲੱਗੀ ਰਹੀ। ਉਂਝ 1952 ਵਿੱਚ ਪੰਜਾਬ ਵਿੱਚ ਮਰਦਮਸ਼ੁਮਾਰੀ ਵੇਲੇ ਆਪਣੀ ਮਾਤ-ਭਾਸ਼ਾ ਪੰਜਾਬੀ ਲਿਖਵਾਉਂਣ ਵਿੱਚ ਹੀ ਅਸੀਂ ਬੌਂਦਲ ਗਏ ਸਾਂ। ਲਛਮਣ ਸਿੰਘ ਗਿੱਲ ਤਤਕਾਲੀ ਮੁੱਖ ਮੰਤਰੀ ਨੇ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਕਦਮ ਚੁੱਕੇ ਪਰ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਪੰਜਾਬੀ ਬੋਲੀ ਦਾ ਪਹਿਰੇਦਾਰ ਬਣਨ ਲਈ ਸਿਹਰਾ ਨਹੀਂ ਲਿਆ ਕਾਰਨ ਇਹ ਹੈ ਕਿ ਪੰਜਾਬੀ ਮਾਂ-ਬੋਲੀ ਨੂੰ ਲਾਗੂ ਕਰਨ ਲਈ ਸਖਤੀ ਅਤੇ ਸ਼ਖਤ ਸਜ਼ਾ ਦਾ ਪ੍ਰਬੰਧ ਨਹੀਂ ਹੈ। ਇਸੇ ਕਰਕੇ ਪੰਜਾਬ ਬੋਲੀ ਤੋਂ ਬਾਅਦ ਬਹੁਪਰਤੀ ਸਮੱਸਿਆਵਾਂ ਵਿੱਚ ਘਿਰਦਾ ਗਿਆ। ਪਿਛੋਕੜ ਤੇ ਝਾਤ ਮਾਰੀਏ ਤਾਂ ਦਾਨਿਸ਼ਵੰਦਾ ਦੇ ਕਥਨ ਅਨੁਸਾਰ, “ਜਿਵੇਂ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਅਤੇ ਸੁਹੱਪਣ ਕਰਕੇ ਹੁੰਦੀ ਹੈ ਇਸੇ ਅਨੁਸਾਰ ਪੰਜਾਬ ਦੀ ਕੀਮਤ ਵੀ ਇਸ ਦੀ ਨੈਤਿਕ ਨਾਬਰੀ ਅਤੇ ਖੁਸ਼ਹਾਲੀ ਲਈ ਹੈ” ਜਦੋਂ ਡਾਲੀ ਨਾਲੋਂ ਟੁੱਟਕੇ ਫੁੱਲ ਮੁਰਝਾ ਜਾਂਦਾ ਹੈ ਤਾਂ ਉਸਦੀ ਖੁਸ਼ਬੂ ਖਤਮ ਹੋ ਜਾਂਦੀ ਹੈ। ਅੱਜ ਲੜੀਵਾਰ ਦੁੱਖਾਂ ਨੇ ਪੰਜਾਬ ਨੂੰ ਘੇਰ ਕੇ ਮੁਰਝਾਉਣ ਦੀ ਕੋਸ਼ਿਸ ਕੀਤੀ ਹੈ। ਸਾਰੇ ਮੁੱਦਿਆਂ ਤੋਂ ਅੱਜ ਪੰਜਾਬ ਦੀ ਨਸਲ, ਬਾਂਝਪਣ, ਨਾਮਰਦੀ ਅਤੇ ਟੈਸਟ ਟਿਊਬ ਸੈਂਟਰਾਂ ਦਾ ਮੁੱਦਾ ਸਭ ਤੋਂ ਉਪਰ ਹੋ ਗਿਆ ਹੈ। ਪ੍ਰੋਫੈਸਰ ਮੋਹਨ ਸਿੰਘ ਨੇ ਕਾਵਿਕ ਰਚਨਾ ਰਾਹੀ ਨਕਸ਼ਾ ਪੇਸ਼ ਕੀਤਾ ਸੀ “ਪਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ, ਖੇੜੇ ਦੇ ਵਿੱਚ ਲਿਆਈਏ ਮੁੜ ਫੁੱਲ ਗੁਲਾਬ ਦੀ”। “ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਨੀ ਸਈਓ”। ਇਸੇ ਤਰਜ਼ ਤੇ ਦੇਖਿਆ ਜਾਵੇ ਤਾਂ ਪੰਜਾਬ ਸਿਰ ਦੁੱਖਾਂ ਦਾ ਕਾਰਵਾਂ ਵੱਧਦਾ ਗਿਆ। ਸਪਤ ਸਿੰਧੂ ਤੋਂ ਅੱਜ ਤੱਕ ਇਤਿਹਾਸਿਕ ਝਰੋਖੇ ਵਿੱਚੋਂ ਪੰਜਾਬ ਨੂੰ ਦੇਖਿਆ ਜਾਵੇ ਤਾਂ ਤਰ੍ਹਾਂ-ਤਰ੍ਹਾਂ ਦੇ ਦੁੱਖ ਹੰਢਾ ਕੇ ਫਿਰ ਵੀ ਖੁਸ਼ਹਾਲ ਰਿਹਾ। ਸਾਜ਼ਿਸੀ ਅਤੇ ਬਦਕਿਸਮਤੀ ਵਾਲਾ ਵਰਤਾਰਾ ਨਾਲ ਦੀ ਨਾਲ ਚੱਲਦਾ ਰਿਹਾ ਪਰ ਆਪਣੇ ਸੁਭਾਅ ਅਤੇ ਆਦਤ ਸਦਕੇ ਦੁੱਖਾਂ ਦਾ ਪਹਾੜ ਢਾਉਂਦਾ ਰਿਹਾ। ਬੋਲੀ ਤੋਂ ਬਾਅਦ ਪੰਜਾਬ ਨੂੰ ਹਰੀਕ੍ਰਾਂਤੀ ਰਾਹੀਂ ਉਤਸ਼ਾਹਿਤ ਕੀਤਾ ਗਿਆ ਇਸ ਨਾਲ ਪੰਜਾਬ ਵੱਲੋਂ ਕੇਂਦਰੀ ਪੂਲ ਵਿੱਚ ਵੱਡਾ ਹਿੱਸਾ ਅਨਾਜ ਦਾ ਭੇਜਿਆ ਗਿਆ। ਪੰਜਾਬ ਵਿੱਚ ਝੌਨੇ ਨੂੰ ਉਤਸ਼ਾਹਿਤ ਕੀਤਾ ਗਿਆ ਜਦੋਂ ਕਿ ਇਹ ਪੰਜਾਬ ਦੀ ਵਿਰਾਸਤੀ ਅਤੇ ਜੱਦੀ ਫਸਲ ਨਹੀਂ ਸੀ। ਇਸ ਵਰਤਾਰੇ ਨੇ ਪੰਜਾਬ ਦੀ ਜ਼ਰਖੇਜ਼ ਜ਼ਮੀਨ ਨੂੰ ਲੱਖਾਂ ਮਣ ਖਾਂਦਾਂ, ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਰਾਹੀ ਬਰਬਾਦ ਕੀਤਾ ਗਿਆ ਇਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਹਮੇਸ਼ਾ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਉਸ ਦੇ ਮਾੜੇ ਪ੍ਰਭਾਵ ਵੀ ਦੇਖੇ ਜਾਂਦੇ ਹਨ। ਹਰੀਕ੍ਰਾਂਤੀ ਗੁਲਾਮੀ ਦਾ ਝੁੱਲ ਲਾਉਣ ਤੋਂ ਬਾਅਦ ਜਰੂਰੀ ਤਾਂ ਸੀ ਪਰ ਇਸ ਦੇ ਭੱਵਿਖਮੁੱਖੀ ਨਾਂਹ-ਪੱਖੀ ਪ੍ਰਭਾਵ ਦੇਖੇ ਹੀ ਨਹੀਂ ਗਏ। ਇਸ ਲਈ ਪੰਜਾਬ ਦੀ ਜਰਖੇਜ਼ ਜ਼ਮੀਨ, ਪੰਜਾਬ ਦਾ ਸੁਗੰਧਮਈ ਵਾਤਾਵਰਨ ਅਤੇ ਪੰਜਾਬੀਆਂ ਦੀ ਸਿਹਤ ਨਾਲ ਜੋ ਧੋਖਾ ਹੋਇਆ ਹੈ ਉਸ ਨੇ ਪੰਜਾਬੀਅਤ ਨੂੰ ਧੋਖਾ ਝੱਲਣ ਲਈ ਮਜਬੂਰ ਕੀਤਾ ਹੈ। ਝੋਨੇ ਅਤੇ ਖਾਂਦਾਂ ਦਵਾਈਆਂ ਕਰਕੇ ਪਾਣੀ ਦਾ ਪੱਧਰ ਬਹੁਤ ਨੀਵਾਂ ਅਤੇ ਬਹੁਤ ਦੂਸ਼ਿਤ ਹੋ ਚੁੱਕਿਆ ਹੈ। ਇਸ ਨਾਲ ਤਰ੍ਹਾਂ-ਤਰ੍ਹਾਂ ਦੀਆਂ ਚੁਣੌਤੀਆਂ ਉਤਪੰਨ ਹੋ ਰਹੀਆਂ ਹਨ ਜਿਹਨਾਂ ਦਾ ਮੁਕਾਬਲਾ ਕਰਨ ਲਈ ਵੀ ਪੰਜਾਬ ਸਮੱਰਥ ਨਹੀਂ ਰਿਹਾ। ਬੇਰੁਜਗਾਰੀ ਦੇ ਆਲਮ ਨੇ ਪੰਜਾਬ ਨੂੰ ਹਾਸ਼ੀਆਗਤ ਕੀਤਾ ਇਸ ਵਿੱਚੋਂ ਦੋ ਰੋਗ ਨਸ਼ਾ ਅਤੇ ਪਰਵਾਸ ਪੈਂਦਾ ਹੋਏ। ਨਸ਼ੇ ਦੇ ਆਲਮ ਨੇ ਪੰਜਾਬ ਨੂੰ ਉੜਦਾ ਪੰਜਾਬ ਬਣਾਇਆ ਇਸ ਪਿੱਛੇ ਪੰਜਾਬੀ ਸੱਥਾਂ ਵਿੱਚ ਵੱਡੀ ਪਲਾਨਿੰਗ ਵਿਚਾਰੀ ਜਾਂਦੀ ਹੈ। ਜਿਸ ਤਰੀਕੇ ਨਾਲ ਨਸ਼ੇ ਦਾ ਕਹਿਰ ਪੰਜਾਬ ਵਿੱਚ ਭਾਰੂ ਰਿਹਾ ਉਸ ਤੋਂ ਮਾਪੇ ਘਬਰਾ ਕੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਲਈ ਹੀ ਜ਼ਿੰਦਗੀ ਦਾ ਮਕਸਦ ਸਮਝਣ ਲੱਗੇ। ਬੇਰੁਜਗਾਰੀ ਅਤੇ ਨਸ਼ੇ ਦੇ ਝੰਬੇ ਪੰਜਾਬ ਨੇ ਪਰਵਾਸ ਦਾ ਰੁੱਖ ਅਖਤਿਆਰ ਕੀਤਾ। ਇਸ ਨਾਲ ਪੰਜਾਬੀ ਜਵਾਨੀ ਦੀ ਬੁੱਧੀ ਅਤੇ ਪੈਸਾ ਬਾਹਰਲੇ ਮੁਲਕਾਂ ਵਿੱਚ ਚਲਾ ਗਿਆ। ਜੋ ਲਗਾਤਾਰ ਜਾਰੀ ਹੈ। ਇਸ ਸਮੱਸਿਆ ਨੇ ਪਿੱਛੇ ਰਹਿ ਰਹੇ ਬਜੁਰਗਾਂ ਲਈ ਇਕੱਲਤਾ ਦਾ ਰੋਗ ਪੈਂਦਾ ਕੀਤਾ ਜਿਸ ਨਾਲ ਉਹਨਾਂ ਦਾ ਬੁਢਾਪਾ ਸਰਾਪਿਆ ਗਿਆ। ਬੱਚੇ ਵਿਦੇਸ਼ ਵਿੱਚ ਅਤੇ ਮਾਪੇ ਪੰਜਾਬ ਵਿੱਚ ਝੂਰਦੇ ਹਨ। ਆਪਣੇ ਦਿਲ ਦੇ ਪੱਥਰ ਧਰਨ ਲਈ ਇਸ ਗੱਲ ਦਾ ਸਹਾਰਾ ਲੈ ਲੈਂਦੇ ਹਨ ਕਿ ਚੱਲੋਂ ਇੱਥੋਂ ਤਾਂ ਚੰਗੇ ਹੀ ਹਨ। ਜਿਹੜੇ ਪੰਜਾਬ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਨਸ਼ਾ, ਬੇਰੁਜਗਾਰੀ ਅਤੇ ਸਿਹਤ ਦਾ ਭੂਤ ਹਰ ਪਲ ਸਤਾ ਰਿਹਾ ਹੈ। ਸਰਕਾਰੀ ਉਪਰਾਲੇ ਵੀ ਜਾਰੀ ਹਨ ਪਰ ਬੇਵਸੀ ਦਾ ਆਲਮ ਚਾਰੇ ਪਾਸੇ ਫੈਲਿਆ ਹੋਇਆ ਹੈ। ਇਸ ਸਾਰੇ ਦਾ ਨਿਚੋੜ ਇਹ ਨਿਕਲਦਾ ਹੈ ਕਿ ਪੰਜਾਬ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਗ੍ਰਹਿਣ ਲੱਗਿਆ ਹੈ। ਡਾਕਟਰ ਸੁਰਜੀਤ ਪਾਤਰ ਦੀ ਕਲਮ ਨੂੰ ਮਜਬੂਰ ਹੋਕੇ ਲਿਖਣਾ ਪਿਆ “ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ”
ਸੰਸਾਰ, ਸੰਤਾਨ, ਉੱਤਪਤੀ ਅਨੁਸਾਰ ਪੀੜ੍ਹੀ ਦਰ ਪੀੜ੍ਹੀ ਦੇ ਪਾੜੇ ਦਾ ਨਿਰੰਤਰ ਵਰਤਾਰਾ ਚੱਲਦਾ ਰਿਹਾ। ਜਣਨ ਪ੍ਰਕਿਰਿਆ ਦੁਆਰਾ ਨਵੇਂ ਜੀਵ ਪੈਦਾ ਹੁੰਦੇ ਹਨ ਇਹ ਕੁਦਰਤ ਦਾ ਅਨਮੋਲ ਤੋਹਫਾ ਹੁੰਦਾ ਹੈ। ਜੀਵ ਵਿਗਿਆਨਿਕ ਤੌਰ ਤੇ ਚਾਰਲਸ ਡਾਰਵਿਨ ਦਾ ਸਿਧਾਂਤ ਵੀ ਉੱਤਪਤੀ ਤੇ ਅਧਾਰਿਤ ਹੈ। ਪੰਜਾਬ ਅਤੇ ਮੁੱਦਿਆਂ ਅਤੇ ਚੁਣੋਤੀਆਂ ਦੀ ਹਾਲਤ ਇਹ ਬਣੀ ਹੈ ਕਿ ਕੋਈ ਮਾਂਵਾਂ ਨੂੰ ਰੋ ਰਿਹਾ ਕੋਈ ਮਾਸੀਆਂ ਨੂੰ ਰੋ ਰਿਹਾ ਹੈ। ਬੇਰੁਜਗਾਰੀ, ਨਸ਼ਾ, ਬੇਇਨਸਾਫੀ, ਖੇਤੀ ਸੰਕਟ ਅਤੇ ਪਰਵਾਸ ਤੋਂ ਇਲਾਵਾ ਅੱਜ ਭੱਖਦਾ ਮਸਲਾ ਬੇਗਾਨਾ ਵੀਰਜ ਅਤੇ ਬੇਗਾਨੀ ਕੁੱਖ ਨੇ ਪੰਜਾਬ ਦੀ ਸੱਭਿਅਤਾ ਨੂੰ ਨਿਗਲਣ ਦੀ ਕੋਸ਼ਿਸ ਕੀਤੀ ਹੋਈ ਹੈ। ਮਨੁੱਖੀ ਵਿਕਾਸ ਲਈ ਅੱਜ ਸੈਕਸੂਅਲ ਸਿਹਤ ਦੀ ਜਾਣ-ਪਹਿਚਾਣ ਦੀ ਸਖਤ ਜਰੂਰਤ ਹੈ। ਜਦੋਂ ਕਦੇ ਸੈਕਸੂਅਲ ਸਿਹਤ ਵਿਗੜਦੀ ਹੈ ਤਾਂ ਸਭ ਪਾਸੇ ਰੁਕਾਵਟਾਂ, ਚਿੰਤਾ, ਬੇਚੈਨੀ ਅਤੇ ਅਸੁਰੱਖਿਆ ਵੱਧ ਜਾਂਦੀ ਹੈ। ਸਮਾਜਿਕ ਹਿੰਸਾ ਅਤੇ ਸ਼ੰਕਾ ਸ਼ੁਰੂ ਹੋ ਜਾਂਦੀ ਹੈ। ਸਵੈਮਾਣ ਅਤੇ ਨੈਤਿਕ ਨਾਬਰੀ ਦਾ ਪ੍ਰਤੀਕ ਪੰਜਾਬ ਅੱਜ ਨਸਲਾਂ ਅਤੇ ਫਸਲਾਂ ਨੂੰ ਉਜਾੜਨ ਵਾਲੇ ਵਿਰੁੱਧ ਲੜਾਈ ਲੜ ਰਿਹਾ ਹੈ ਨਾਲ ਦੀ ਨਾਲ ਸੁਚੇਤ ਹੋਕੇ ਵੀ ਚੱਲ ਰਿਹਾ ਹੈ। ਇਸ ਪ੍ਰਤੀ ਹਰ ਪੰਜਾਬੀ ਨੂੰ ਜਾਗਰੂਕ ਹੋਣ ਦੀ ਬੇਹੱਦ ਲੋੜ ਹੈ। ਸੱਪ ਲੰਘਣ ਤੋਂ ਬਾਅਦ ਲੀਕ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਪੰਜਾਬ ਦੇ ਜੰਮੇ ਨਿੱਤ ਨਵੀਆਂ ਮੁਹਿੰਮਾਂ ਵਿੱਚ ਖੜ੍ਹਦੇ ਸਨ। ਸਰੀਰਿਕ, ਮਰਦਾਨਗੀ ਅਤੇ ਸਮਾਜਿਕ ਪੱਖੋਂ ਤਕੜੇ ਮੁਜੱਸਮੇ ਵਾਲੇ ਹੁੰਦੇ ਸਨ। ਪੰਜਾਬੀ ਮਾਵਾਂ ਦੀ ਕੁੱਖ ਵਿੱਚੋਂ ਦਾਤੇ, ਭਗਤ ਅਤੇ ਸੂਰਮੇ ਜੰਮਦੇ ਸਨ। ਅੰਗਰੇਜ਼ੀ ਕਾਲ ਦੌਰਾਨ ਸਿੱਖ, ਪੰਜਾਬ ਅਤੇ ਜੱਟ ਰਜਮੈਂਟਾ ਦੀ ਚੜ੍ਹਤ ਅੱਜ ਵੀ ਲੁਕੀ ਛਿਪੀ ਨਹੀਂ ਹੈ। ਅੱਜ ਪੈਦਾ ਹੋ ਰਹੀ ਪੀੜ੍ਹੀ ਬਾਰੇ ਪੜ੍ਹਿਆ ਸੁਣਿਆ ਅਤੇ ਦੇਖਿਆ ਜਾਂਦਾ ਹੈ ਤਾਂ ਲੱਗਦਾ ਹੈ ਕਿ ਇਸ ਪਿੱਛੇ ਜਰੂਰ ਕੋਈ ਤਾਣਾ-ਬਾਣਾ ਬੁਣਿਆ ਗਿਆ ਹੈ। ਪਹਿਲੇ ਪੰਜਾਬ ਵਿੱਚ ਹਰ ਜੋੜੇ ਦੇ ਪੰਜ-ਸੱਤ ਬੱਚੇ ਹੁੰਦੇ ਸਨ ਫੇਰ ਭੇਡ ਚਾਲ ਨਾਲ ਦੋ ਤੱਕ ਸੀਮਿਤ ਹੋਏ। ਖੁੱਦ ਸਹੇੜੀਆਂ ਅਲਾਮਤਾਂ, ਖਾਂਦਾ, ਕੀਟ ਨਾਸ਼ਕਾਂ, ਨਦੀਨ ਨਾਸ਼ਕਾਂ, ਨਸ਼ਾ ਅਤੇ ਜੀਵਨ ਜੀਊਣ ਦੀ ਜਾਂਚ ਨੇ ਗਰਭ ਅਵਸਥਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਅੱਠ ਜੋੜਿਆ ਪਿੱਛੇ ਇੱਕ ਜੋੜੇ ਨੂੰ ਗਰਭ ਧਾਰਨ ਦੀ ਸਮੱਸਿਆ ਆ ਰਹੀ ਹੈ। ਇਛੁੱਕ ਜੋੜੇ ਇੱਕ ਸਾਲ ਤੱਕ ਔਲਾਦ ਪੈਦਾ ਨਾ ਕਰਨ ਤਾਂ ਉਹਨਾਂ ਨੂੰ ਬੇ-ਔਲਾਦਪਣ ਵੱਲ ਦੇਖਿਆ ਜਾਂਦਾ ਹੈ। ਬੇ-ਔਲਾਦਪਣ ਸਿਰਫ ਔਰਤਾਂ ਦੀ ਸਮੱਸਿਆ ਨਹੀਂ ਮਰਦਾਂ ਦੀ ਸਮੱਸਿਆ ਵੀ ਹੈ। ਦੋਵੇਂ ਲਿੰਗ 35-35 ਫੀਸਦੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਸਮਾਜਿਕ ਸਬੰਧ ਅਣ-ਸੁਖਾਵੇਂ ਬਣ ਰਹੇ ਹਨ। ਕੁਦਰਤੀ ਤੌਰ ਤੇ ਤੰਦਰੁਸਤ ਜੋੜਿਆ ਨੂੰ ਗਰਭ ਧਾਰਨ ਅਤੇ ਬੱਚੇ ਪੈਦਾ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਇਸ ਲਈ ਜਵਾਨੀ ਨੂੰ ਇਸ ਬਾਰੇ ਖਾਸ ਸੂਝ ਹੋਣੀ ਚਾਹੀਦੀ ਹੈ। ਔਰਤ ਵਿੱਚ ਅੰਡਾ ਨਾ ਬਣਨਾ, ਵਾਰ-ਵਾਰ ਗਰਭ ਗਿਰਨਾ, ਟਿਊਬਾਂ ਵਿੱਚ ਨੁਕਸ, ਬੱਚੇ ਦਾਨੀ ਵਿੱਚ ਸੋਜ ਆਦਿ ਨੁਕਸ ਹੁੰਦੇ ਹਨ ਜਦੋਂ ਕਿ ਮਰਦਾਂ ਵਿੱਚ ਸੁਕਰਾਣੂਆਂ ਦੀ ਕਮੀ, ਜਣਨ ਹਾਰਮੋਨ ਦੀ ਕਮੀ ਅਤੇ ਜਣਨ ਕਿਰਿਆ ਹੋਰ ਕਾਰਨਾਂ ਕਰਕੇ ਪ੍ਰਭਾਵਿਤ ਹੈ। ਇਸ ਸਭ ਵਰਤਾਰੇ ਪਿੱਛੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਉੱਠਦੀਆਂ ਹਨ ਕਿ ਪੰਜਾਬੀਆਂ ਦੀ ਨਸਲ ਖਰਾਬ ਕਰਨ ਦੀ ਸਾਜ਼ਿਸ ਹੈ। ਇਸ ਪਿੱਛੇ ਆਪ ਸਹੇੜੀਆਂ ਕਰਤੂਤਾਂ ਤੋਂ ਅਸੀਂ ਪੱਲਾ ਝਾੜਕੇ ਗੇਂਦ ਦੂਜੇ ਦੇ ਪਾਲੇ ਵਿੱਚ ਸੁੱਟ ਦਿੰਦੇ ਹਾਂ। ਪਿੱਛੇ ਜਿਹੇ ਸਾਡੀ ਸਰੋਮਣੀ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਸਲਾਂ ਅਤੇ ਫਸਲਾਂ ਬਚਾਉਣ ਲਈ ਪੰਜਾਬੀਆਂ ਨੂੰ ਆਵਾਜ਼ ਮਾਰੀ ਇਕ ਵਾਰ ਤਾਂ ਤਹਿਲਕਾ ਮਚ ਗਿਆ ਸੀ ਪਰ ਹੋਲੀ-ਹੋਲੀ ਮੱਧਮ ਪੈ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦਾ ਫਰਮਾਨ ਦੁਨਿਆਵੀ ਫੁਰਮਾਣਾਂ ਤੋਂ ਉੱਚਾ ਹੈ ਇਸ ਲਈ ਇਸ ਸੰਦੇਸ਼ ਤੇ ਸਦਾ ਬਹਾਰ ਪਹਿਰਾ ਦੇ ਕੇ ਨਸਲ ਬਚਾਈ ਜਾ ਸਕਦੀ ਹੈ। ਸਿੰਘ ਸਾਹਿਬ ਨੇ ਇੱਥੋਂ ਤੱਕ ਕਿਹਾ ਸੀ ਕਿ ਇਹ ਅਣਡਿੱਠਾ ਜ਼ੁਲਮ ਸਾਨੂੰ ਆਪਣੀ ਧਰਤੀ ਛੱਡਣ ਲਈ ਮਜਬੂਰ ਕਰ ਰਿਹਾ ਹੈ। ਉਹਨਾਂ ਆਕੜਾਂ ਦਿੱਤਾ ਸੀ ਕਿ ਪੰਜਾਬ ਵਿੱਚ 625 ਟੈਸਟ ਟਿਊਬ ਬੇਬੀ ਸੈਂਟਰ ਖੁੱਲੇ ਹੋਏ ਹਨ। ਉਹਨਾਂ ਵੱਲੋਂ ਵਿਚਾਰ ਪੇਸ਼ ਕੀਤਾ ਗਿਆ ਸੀ ਕਿ ਟਿਊਬ ਸੈਂਟਰਾਂ ਵਿੱਚ ਵੀਰਜ ਗੈਰਾਂ ਦਾ ਹੁੰਦਾ ਹੈ ਜਦੋਂ ਕਿ ਲੜਕੀ ਦੀ ਕੁੱਖ ਪੰਜਾਬੀ ਦੀ ਹੁੰਦੀ ਹੈ। ਸਿੰਘ ਸਾਹਿਬ ਦਾ ਇਹ ਫੁਰਮਾਣ ਇੱਕ ਲੋਕ ਲਹਿਰ ਵਾਂਗ ਚਿੰਤਾ ਦਾ ਵਿਸ਼ਾ ਬਣਨਾ ਚਾਹੀਦਾ ਹੈ ਤਾਂ ਜੋ ਸਾਰੀ ਕੌਮ ਸਿਰ ਜੋੜਕੇ ਨਸਲ ਖਰਾਬੀ ਦੀ ਬੁਰਾਈ ਦਾ ਮੁਕਾਬਲਾ ਕਰ ਸਕੇ। ਪੰਜਾਬੀਆਂ ਨੂੰ ਇਸ ਚਿੰਤਾ ਦਾ ਨਤੀਜਾ ਅਤੇ ਮੁਕਬਲਾ ਦੇਣਾ ਚਾਹੀਦਾ ਹੈ। ਸਭ ਤੋਂ ਦੁਨਿਆਵੀ ਬੁਰਾਈ ਟੈਸਟ ਟਿਊਬ ਬੇਬੀ ਦੀ ਇਹ ਹੈ ਕਿ ਪੰਜਾਬੀਆਂ ਦੇ ਸਮਾਜਿਕ ਅਤੇ ਸੱਭਿਆਚਾਰ ਨਾਲ ਇਹ ਵਿਸ਼ਾ ਮੇਲ ਨਹੀਂ ਖਾਂਦਾ। ਪਰ ਮਜਬੂਰ ਹੋਣਾ ਪੈ ਰਿਹਾ ਹੈ ਇਹਨਾਂ ਤਕਨੀਕਾ ਨਾਲ ਵਿਆਹ ਵਾਲੇ ਜੋੜਿਆ ਦੇ ਸੰਭੋਗ ਤੋਂ ਬਿਨ੍ਹਾਂ ਲੈਬੋਰਟੀ ਦੀ ਮਦਦ ਨਾਲ ਮਾਨਵੀ ਸਪਰਮਾਂ ਅਦਾਨ-ਪ੍ਰਦਾਨ ਕਰਕੇ ਮੁੱਢਲੀ ਪ੍ਰਜਨਣ ਕਿਰਿਆ ਪੂਰੀ ਕੀਤੀ ਜਾਂਦੀ ਹੈ। ਪੰਜਾਬੀਆਂ ਦੇ ਮਨ ਵਿੱਚ ਇਸ ਕਿਰਿਆ ਪ੍ਰਤੀ ਤਰ੍ਹਾਂ-ਤਰ੍ਹਾਂ ਸ਼ੰਕੇ ਅਤੇ ਮਾਨਸਿਕ ਬੋਝ ਰਹਿੰਦਾ ਹੈ। ਵਿਗਿਆਨਿਕ ਸੋਝੀ ਵੀ ਮਾਨਸਿਕਤਾ ਨੂੰ ਮੋੜਾ ਨਹੀਂ ਦੇ ਰਹੀ। ਮੈਡੀਕਲ ਰਿਪੋਰਟ ਅਨੁਸਾਰ ਭਾਰਤ ਚ ਬਾਂਝਪਣ ਨਾਲ ਜੁੜੇ ਮਾਹਰ ਇਸਤਰੀ ਰੋਗਾਂ ਦੇ ਹੀ ਮਾਹਰ ਹੁੰਦੇ ਹਨ। ਇਸ ਨਾਲ ਸੂਝ ਤੋਂ ਬਿਨਾਂ ਮਸਲਾ ਹੋਰ ਗੁੰਝਲਦਾਰ ਬਣ ਜਾਂਦਾ ਹੈ। ਜਿਸ ਪਿੱਛੇ ਖਦਸ਼ਾ ਲੱਗਦਾ ਹੈ ਕਿਰਾਏ ਦੀ ਕੁੱਖ ਦਾ ਕੌੜਾ ਸੱਚ ਵੀ ਮੈਡੀਕਲ ਮਾਹਰ ਅਤੇ ਜਨਤਾ ਜਾਣਦੀ ਹੈ। ਜਨਣ ਅੰਗਾਂ ਉੱਤੇ ਜਹਿਰਾਂ ਦਾ ਇੰਨਾ ਪ੍ਰਭਾਵ ਹੈ ਕਿ ਬਾਲਗ ਅਤੇ ਨਬਾਲਿਗ ਇਸ ਦੀ ਜਕੜ ਵਿੱਚ ਆ ਚੁੱਕੇ ਹਨ। ਪੰਜਾਬੀਆਂ ਦੀ ਸੰਤਾਨ ਉੱਤਪਤੀ ਜੰਮਦੀ ਸਾਰ ਹੀ ਦਵਾਈਆਂ ਨਾਲ ਲੜਨ ਲੱਗ ਪੈਦੀ ਹੈ ਜਦੋਂ ਕਿ ਪਹਿਲਾ ਖਾਧ ਖੁਰਾਕਾਂ ਨਾਲ ਲੜਕੇ ਦੁਸ਼ਮਣਾਂ ਨੂੰ ਮਾਰ ਮੁਕਾਉਂਦੀ ਸੀ। ਇੱਕ ਮੋਟੇ ਅੰਦਾਜੇ ਅਨੁਸਾਰ 5 ਤੋਂ 20 ਜੋੜੇ ਬੇ-ਔਲਾਦੇ ਪਾਏ ਜਾਂਦੇ ਹਨ। ਔਰਤਾਂ 20 ਤੋਂ 25 ਫੀਸਦੀ ਤੱਕ ਗਰਭ ਗਿਰਨ ਅਤੇ ਗਰਭ ਠਹਿਰਣ ਤੋਂ ਪੀੜਤ ਹਨ। ਡਾਕਟਰ ਤੋਂ ਹਾਰਮੋਨ ਦੇ ਟੀਕੇ ਲਗਵਾ ਕੇ ਸੈਕਸ ਲਾਈਫ ਕਮਜੋਰ ਹੋ ਜਾਂਦੀ ਹੈ। ਪੰਜਾਬ ਵਿੱਚ ਆਮ ਧਾਰਨਾ ਕੰਮ ਕਰਦੀ ਹੈ ਕਿ ਪੋਤੇ ਦੇ ਵੀਰਜ ਸ਼ੁਕਰਾਣੂ ਦਾਦੇ ਨਾਲੋਂ ਅੱਜ ਘੱਟ ਹੁੰਦੇ ਹਨ। ਮਨੁੱਖੀ ਜੀਨਜ਼ ਨਾਲ ਖਿਲਵਾੜ ਅਤੇ ਬਿਗਾੜ ਪੈਦਾ ਹੋ ਚੁੱਕਿਆ ਹੈ। ਪੰਜਾਬ ਦੀ ਅਣਖ ਨੂੰ ਖੋਰਾ ਵੀ ਲੱਗਿਆ ਹੈ। ਪੀ.ਜੀ.ਆਈ. ਚੰਡੀਗੜ੍ਹ ਨੇ ਰਿਪੋਰਟ ਦਿੱਤੀ ਸੀ ਕਿ ਪੰਜਾਬੀਆਂ ਦੇ ਜੀਨਸ਼ ਵੱਡੀ ਪੱਧਰ ਤੇ ਖਰਾਬ ਹੋ ਰਹੇ ਹਨ। ਇਹ ਵੀ ਭੱਵਿਖੀ ਖਤਰੇ ਦੀ ਘੰਟੀ ਹੈ। ਖਿਲਵਾੜ ਹੋਣ ਤੋਂ ਬਾਅਦ ਆਯੂਰਵੈਦਿਕ ਅਤੇ ਤੰਤਰਿਕਾਂ ਦੇ ਜਾਲ ਵਿੱਚ ਫਸਕੇ ਪੰਜਾਬੀ ਹੋਰ ਵੀ ਨੀਵੇਂਪਣ ਵੱਲ ਜਾ ਰਹੇ ਹਨ। ਟੈਸਟ ਟਿਊਬ ਸੈਂਟਰ ਅਤੇ ਤਕਨੀਕ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਲੋਕਾਂ ਲਈ ਸਹੂਲਤਾਂ ਵੀ ਮਿਲਦੀਆਂ ਹਨ। ਪਰ ਜਿਹੜੇ ਸ਼ੰਕਾਵਾਂ ਅਤੇ ਹਨੇਰੇ ਵਿੱਚ ਰੱਖਕੇ ਗੁੰਮਰਾਹ ਕਰਦੇ ਹਨ ਉਹ ਪੰਜਾਬੀਆਂ ਦੀ ਨਸਲ ਨੂੰ ਖਰਾਬ ਕਰਨ ਦੇ ਮੁੱਖ ਜਿੰਮੇਵਾਰ ਹਨ। ਪੰਜਾਬ ਦੀ ਪ੍ਰਜਣਨ ਦਰ 1.6 ਹੈ। ਪੰਜਾਬੀ ਮਰਦ ਨੂੰ ਮਰਦਾਨਗੀ ਅਤੇ ਔਰਤ ਨੂੰ ਜਨਣ ਸਮਰੱਥਾ ਕਾਇਮ ਰੱਖਣੀ ਸ਼ੋਕ ਅਤੇ ਆਦਤ ਬਣਨੀ ਚਾਹੀਦੀ ਹੈ। ਇਸ ਨਾਲ ਮਿਲਗੋਭਾ ਜਿਨਸ਼ ਪੈਦਾ ਹੋਣ ਦੀ ਬਜਾਏ ਆਪਣੀ ਆਬਰੂ ਪੈਦਾ ਹੋਵੇਗੀ। ਟੈਸਟ ਟਿਊਬ ਬੇਬੀ ਦਾ ਸੱਚ ਅਤੇ ਹੋਂਦ ਸਬੱਬੀ ਨਹੀਂ ਹੁੰਦੀ ਇਹ ਸਾਡੇ ਕਿਰਦਾਰ ਅਤੇ ਸੱਭਿਅਤਾ ਦੀ ਗਵਾਹੀ ਹੁੰਦੀ ਹੈ। ਕਿਸਮਤ ਵਾਲੇ ਹੈ ਉਹ ਜੋੜੇ ਜੋ ਕੁਦਰਤੀ ਤਰੀਕੇ ਨਾਲ ਆਪਣੀ ਸੰਤਾਨ ਪੈਦਾ ਕਰਦੇ ਹਨ ਮਾਨਸਿਕ ਬੋਝ ਤੋਂ ਮੁਕਤ ਰਹਿੰਦੇ ਹਨ। ਅੱਜ ਮੁੰਡੇ ਕੁੱੜੀਆਂ ਵਿਆਹ ਤੋਂ ਪਹਿਲਾ ਹੀ ਸੈਕਸ ਸਬੰਧ ਬਣਾ ਲੈਦੇ ਹਨ ਫਿਰ ਗਰਭਪਾਤ ਕਰਵਾਉਂਦੇ ਹਨ ਆਖਿਰ ਇਹਨਾਂ ਸੈਟਰਾਂ ਦੀ ਝੋਲੀ ਗਿਰ ਕੇ ਜੀਵਨ ਖਰਾਬ ਕਰਦੇ ਹਨ। 1978 ਵਿੱਚ ਪਹਿਲਾ ਟੈਸਟ ਟਿਊਬ ਬੱਚਾ ਹੋਇਆ ਸੀ ਉਦੋਂ ਮਿਸਰ ਦੀ ਅਲਅੱਜਹਰ ਯੂਨੀਵਰਸਿਟੀ ਨੇ ਪਤੀ ਪਤਨੀ ਦੇ ਅੰਡੇ ਹੋਣ ਨੂੰ ਜਾਇਜ਼ ਕਿਹਾ ਸੀ। ਪਤੀ ਪਤਨੀ ਦੇ ਅੰਡੇ ਤੋਂ ਬਿਨਾਂ ਜਾਇਜ਼ ਨਹੀਂ ਸੀ। ਪਾਕਿਸਤਾਨ ਵਿੱਚ 1989 ਵਿੱਚ ਟੈਸਟ ਟਿਊਬ ਬੇਬੀ ਪੈਦਾ ਹੋਈ ਸੀ ਮੌਲਵੀਆਂ ਨੇ ਇਸ ਨੂੰ ਹਰਾਮ ਅਤੇ ਅਮਰੀਕਾ ਦੀ ਸਾਜਿਸ ਦੱਸਿਆ ਸੀ। ਬਾਂਝਪਣ ਰੋਕਣ ਲਈ ਟੈਸਟ ਟਿਊਬ ਸੈਂਟਰ ਵਿਗਿਆਨਿਕ ਅਤੇ ਮੈਡੀਕਲੀ ਤਰੱਕੀ ਤਾਂ ਹੈ ਇਸ ਦਾ ਲਾਭ ਲੋੜਵੰਦ ਅਤੇ ਜਾਣਕਾਰ ਲੈ ਰਹੇ ਹਨ ਜੋ ਉਹਨਾਂ ਲਈ ਠੀਕ ਵੀ ਹੈ ਪਰ ਜਦੋਂ ਵੀ ਕਿਸੇ ਤਰੱਕੀ ਵਿੱਚ ਸ਼ੰਕਾ ਜਾ ਪ੍ਰਤੱਖ ਪ੍ਰਮਾਣ ਹੋ ਜਾਂਦੇ ਹਨ ਤਾਂ ਸਭ ਕਾਸੀ ਕੇ ਪੋਚਾ ਫਿਰ ਜਾਂਦਾ ਹੈ। ਪੰਜਾਬੀ ਸਮਾਜ ਵਿੱਚ ਜੋ ਇਸ ਵਿਸ਼ੇ ਤੇ ਸ਼ੰਕੇ ਹਨ ਉਹ ਵਿਗਿਆਨਿਕ ਅਤੇ ਮੈਡੀਕਲ ਸੋਝੀ ਨਾਲ ਨਵਿਰਤ ਹੋਣੇ ਚਾਹੀਦੇ ਹਨ ਇਹ ਦੱਸਣਾ ਵੀ ਸਭ ਤੋਂ ਪਹਿਲਾ ਹੋਣਾ ਚਾਹੀਦਾ ਹੈ ਜੇ ਬੰਦੇ ਵਿੱਚ ਬਿਲਕੁੱਲ ਨੁਕਸ ਹੈ ਤਾਂ ਵੀਰਜ਼ ਕਿੱਥੋਂ ਆਵੇਗਾ? ਪਤੀ ਦੇ ਵੀਰਜ਼ ਅਤੇ ਪਤਨੀ ਦੀ ਕੁੱਖ ਤੋਂ ਬਿਨਾਂ ਅਗਰ ਕੋਈ ਹੋਰ ਮੈਡੀਕਲ ਤੌਰ ਤਰੀਕਾ ਅਪਣਾਇਆ ਜਾਂਦਾ ਹੈ ਫਿਰ ਇਹ ਪੰਜਾਬ ਨੂੰ ਮੁਆਫਿਕ ਆਉਂਣਾ ਜ਼ਰੂਰੀ ਨਹੀ ਹੈ। ਇਸ ਨਾਲ ਲੋਕ ਮੁਰਝਾ ਜਾਣਗੇ ਉਹਨਾਂ ਦੀਆਂ ਨਜ਼ਰਾਂ ਮਿਲਣੀਆਂ ਔਖੀਆਂ ਹੋ ਜਾਣਗੀਆਂ। ਇਹਨਾਂ ਸੈਂਟਰਾਂ ਲਈ ਪੰਜਾਬ ਦੇ ਸਮਾਜਿਕ ਅਤੇ ਮਾਨਸਿਕ ਪੱਖ ਨੂੰ ਸੰਜੀਦਗੀ ਨਾਲ ਵਿਚਾਰਨਾ ਚਾਹੀਦਾ ਹੈ। ਪੰਜਾਬ ਵਿੱਚ ਨਪੁੰਸ਼ਕਤਾ ਦੀ ਦਰ ਵੀ 50 ਪ੍ਰਤੀਸ਼ਤ ਹੈ ਨਵੇਂ ਜੋੜੇ ਵੀ ਇਸ ਦੇ ਸ਼ਿਕਾਰ ਹਨ। ਪਤੀ ਪਤਨੀ ਕੁਦਰਤੀ ਔਲਾਦ ਪੈਦਾ ਕਰਨ ਤੋਂ ਬਿਨਾਂ ਅਧੂਰਾ ਲੱਗਦੇ ਹਨ। ਸਭ ਤੋਂ ਖਤਰਨਾਕ ਕੁਦਰਤੀ ਖਿਲਵਾੜ ਇਹ ਹੋ ਚੁੱਕਿਆ ਹੈ ਕਿ ਸੈਕਸ ਤੋਂ ਬਿਨਾਂ ਹੀ ਗਰਭ ਧਾਰਨ ਹੋ ਜਾਂਦਾ ਹੈ। ਮੁੱਕਦੀ ਗੱਲ ਇਹ ਹੈ ਕਿ ਗੁਲਾਬ ਰੂਪੀ ਪੰਜਾਬ ਤਰ੍ਹਾਂ – ਤਰ੍ਹਾਂ ਦੇ ਦੁੱਖ ਹੰਢਾ ਰਿਹਾ ਹੈ। ਸਾਹਮਣਾ ਕਰਕੇ ਜੇਤੂ ਵੀ ਹੋ ਰਿਹਾ ਹੈ। ਪੰਜਾਬੀਆਂ ਦੀ ਨਸ਼ਲਕੁਸੀ ਅਤੇ ਮਿਲਗੋਭਾ ਪੈਦਾਇਸ਼ ਬਾਰੇ ਸਭ ਕਿਸਮ ਦੇ ਸ਼ੰਕੇ ਅਤੇ ਚਿੰਤਾਵਾਂ ਖਤਮ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਪੰਜਾਬੀਆਂ ਦੀ ਨਸਲ ਬਚਾਉਣ ਲਈ ਗੰਭੀਰ ਅਤੇ ਚਿੰਤਾਜਨਕ ਮੁੱਦੇ ਨੂੰ ਸਰਕਾਰ, ਸਮਾਜ ਅਤੇ ਧਾਰਮਿਕ ਖੇਤਰ ਅੰਦਰ ਲੰਬਿਤ ਛੱਡਣ ਦੀ ਬਜਾਏ ਤੁਰੰਤ ਹੱਲ ਕਰਕੇ ਖੁਸ਼ ਗਵਾਰ ਸੁਨੇਹਾ ਪੰਜਾਬੀਆਂ ਨੂੰ ਦੇਣਾ ਚਾਹੀਦਾ ਹੈ ਇਸ ਤੋਂ ਬਿਨਾਂ ਦੁੱਖਾਂ ਦੀ ਦਾਸਤਾਨ ਲੰਬੀ ਹੁੰਦੀ ਹੋਈ ਗੁਰਦਾਸ ਮਾਨ ਦੀ ਬੋਲੀ ਨੂੰ ਤਾਜਾ ਰੱਖਦੀ ਰਹੇਗੀ “ਕਿਹੜਾ-ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ”। ਹੁਣ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਆਪਣੇ ਉਪਰਾਲਿਆ ਨਾਲ ਪੰਜਾਬੀਆਂ ਨੂੰ ਸੰਭਲਣ ਅਤੇ ਜਾਗਣ ਦਾ ਹੋਕਾ ਦਿੱਤਾ ਹੈ ਇਸ ਨੂੰ ਸਵੀਕਾਰ ਕਰਨਾ ਪੰਜਾਬੀਆਂ ਦੇ ਹਿੱਤ ਵਿੱਚ ਹੈ। ਸਿੰਘ ਸਹਿਬਾਨ ਦੇ ਸੰਦੇਸ਼ ਨਹੀਂ ਬਲਕਿ ਹੁਕਮ ਹੁੰਦੇ ਹਨ। ਇਸ ਲਈ ਜੋ ਹੁਕਮ ਹੋਏ ਹਨ ਉਹਨਾਂ ਨੂੰ ਮੰਨਕੇ ਲਾਗੂ ਕਰਨਾ ਸਾਡਾ ਫਰਜ਼ ਹੈ। ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਜਾਗੋ ਆਪਣੀ ਮਾਂ-ਬੋਲੀ, ਆਪਣੇ ਪੰਜਾਬ ਲਈ ਦਰਪੇਸ਼ ਵੰਗਾਰਾਂ ਦਾ ਹਰ ਪੱਖੋਂ ਮੁਕਾਬਲਾ ਕਰੀਏ। ਸਿੰਘ ਸਹਿਬਾਨ ਦੇ ਹੁਕਮ ਅਨੁਸਾਰ ਅੱਜ ਤੋਂ ਪੰਜਾਬੀਆਂ ਦੀ ਨਸਲ, ਫਸਲ ਅਤੇ ਬਹੁਪੱਖੀ, ਬਹੁਪਰਤੀ ਚੁਣੌਤੀਆਂ ਨੂੰ ਕਬੂਲ ਕਰਕੇ ਇਹਨਾਂ ਦਾ ਨਿਵਾਰਨ ਕਰਨਾ ਹਰ ਪੰਜਾਬੀ ਦੀ ਜਿੰਮੇਵਾਰੀ ਹੈ। ਸਰਕਾਰਾਂ ਵੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਮੁੜ ਲੀਹਾਂ ਵੱਲ ਲਿਆ ਸਕਦੀਆਂ ਹਨ। ਪੰਜਾਬੀਓ ਜਾਗਦੇ ਕਿ ਸੁੱਤੇ ਦੇ ਸੰਕਲਪ ਵਿੱਚੋਂ ਪੰਜਾਬੀਅਤ ਲਈ ਇਕ ਪ੍ਰਮਾਣਿਤ ਅਤੇ ਸਰਬਪੱਖੀ ਲੋਕ ਲਹਿਰ ਅਰੰਭੀਏ ਇਸ ਨਾਲ ਹੀ ਪੰਜਾਬ ਭਾਰਤ ਮਾਤਾ ਦੀ ਮੁੰਦਰੀ ਦਾ ਨਗ ਬਣਿਆ ਰਹੇਗਾ ਅਤੇ ਪੁਰਾਤਨ ਪੰਜਾਬ ਨੂੰ ਲੱਭਿਆ ਜਾ ਸਕੇਗਾ