ਬੂਬਨੇ ਬਾਬੇ - ਨਿਰਮਲ ਸਿੰਘ ਕੰਧਾਲਵੀ

ਰਾਤੋ- ਰਾਤੀN ਉੱਗਦੇ  ਬਾਬੇ,  ਡਾਰਾਂ ਬੰਨ੍ਹ  ਬੰਨ੍ਹ  ਆਈ ਜਾਂਦੇ।

ਚਿਮਟੇ,ਤੀਰਾਂ,ਗੜਵਿਆਂ ਵਾਲ਼ੇ, ਵੱਖ ਵੱਖ ਨਾਮ ਧਰਾਈ ਜਾਂਦੇ।,

ਕਈ ਹਜ਼ਾਰ  ਪੰਜਾਬ ‘ਚ  ਬੈਠੇ, ਚੂੰਡ ਚੂੰਡ  ਸਭ ਖਾਈ ਜਾਂਦੇ।

ਗੁਰੂ ਗਰੰਥ  ਦੀ ਤਾਬਿਆ ਬਹਿ ਕੇ, ਪੈਰੀਂ ਹੱਥ ਲੁਆਈ ਜਾਂਦੇ।

ਬਾਂਹ ਨਾਲ ਜੋ ਨਲ਼ੀ ਪੂੰਝਦੇ, ਬ੍ਰਹਮ ਗਿਆਨੀ ਅKਵਾਈ ਜਾਂਦੇ।

ਅੰਨ ਦਾਣੇ  ਨੂੰ ਮੂੰਹ  ਨਹੀਂ ਲਾਉਂਦੇ, ਗਰੀ ਛੁਆਰੇ ਖਾਈ ਜਾਂਦੇ।

ਚਰਦੇ ਰਹਿੰਦੇ ਵਿਹਲੇ ਰਹਿ  ਕੇ, ਗੋਗੜ  ਖ਼ੂਬ  ਵਧਾਈ ਜਾਂਦੇ।

ਜਨਤਾ  ਬੈਠੀ  ਮੂੰਹ  ਧੋਣ ਤੋਂ,  ਬਾਬੇ  ਮਲ਼ ਮਲ਼  ਨ੍ਹਾਈ ਜਾਂਦੇ।

ਸੁਰਗਾਂ ਦੇ  ਲਾ ਝੂਠੇ  ਲਾਰੇ, ਆਪਣਾ  ਸੁਰਗ  ਬਣਾਈ   ਜਾਂਦੇ।

ਉੱਲੂ  ਸਿੱਧਾ  ਰੱਖਦੇ  ਆਪਣਾ,  ਕਲ੍ਹਾ  ਕਲੇਸ਼  ਕਰਾਈ  ਜਾਂਦੇ।

ਵਿਚ ਟੱਬਰਾਂ ਦੇ ਪਾਉਣ ਲੜਾਈ, ਲਾਉਂਦੇ ਕਿਤੇ ਬੁਝਾਈ ਜਾਂਦੇ।

ਬ੍ਰਹਮਚਰਜ  ਦਾ ਹੋਕਾ  ਦੇ ਕੇ, ਖਰੇ ’ਚ  ਖੋਟ ਰਲ਼ਾਈ  ਜਾਂਦੇ।

ਸੰਗਮਰਮਰ ਦੇ  ਇਹ ਦੀਵਾਨੇ, ਹਰੇਕ  ਨਿਸ਼ਾਨੀ  ਢਾਈ ਜਾਂਦੇ।

ਕਾਰ-ਸੇਵਾ ਦਾ ਝੂਰਲੂ ਲੈ ਕੇ, ਸਿੱਖ- ਇਤਿਹਾਸ ਮਿਟਾਈ ਜਾਂਦੇ।

ਸੋਨਾ ਸੋਨਾ ਕੂਕਣ ਹਰ ਵੇਲੇ,  ਸਿਧਾਂਤ ‘ਤੇ  ਮਿੱਟੀ ਪਾਈ ਜਾਂਦੇ।

ਲੰਘੇ ਨਹੀਂ  ਸਕੂਲ ਦੇ ਅੱਗਿਉਂ, ਕਥਾ ਵਿਖਿਆਨ ਸੁਣਾਈ ਜਾਂਦੇ।

ਬਾਣੀ  ਦੀ ਤੁਕ  ਇਕ ਨਹੀਂ ਪੜ੍ਹਦੇ, ਟੱਪੇ  ਜੋੜ  ਸੁਣਾਈ ਜਾਂਦੇ।

ਅੱਠ  ਅੱਠ  ਚਿਮਟੇ  ਵੱਜਣ ਨਾਲ਼,  ਰੌਲ਼ਾ  ਰੱਪਾ  ਪਾਈ  ਜਾਂਦੇ।

ਕਹਿੰਦੇ  ਮਾਇਆ ਹੁੰਦੀ  ਨਾਗਣ, ਆਪ ਜੇਬ ਵਿਚ ਪਾਈ ਜਾਂਦੇ।

ਪੈਸਾ, ਧੇਲਾ, ਜੜੀ-ਜ਼ਮੀਨ,  ਜੋ ਹੱਥ  ਆਉਂਦਾ  ਖਾਈ  ਜਾਂਦੇ।

ਹਰ  ਲੀਡਰ  ਨੂੰ  ਚੋਣਾਂ ਵੇਲੇ,  ਲਾਰੇ  ਵੋਟਾਂ  ਦੇ  ਲਾਈ  ਜਾਂਦੇ।

ਧਰਮ- ਕਰਮ, ਸਿਆਸਤ  ਉੱਤੇ,  ਹਰ  ਥਾਂ ਬਾਬੇ ਛਾਈ ਜਾਂਦੇ।

ਮਹਿੰਗੀਆਂ ਮਹਿੰਗੀਆਂ ਕਾਰਾਂ ਉੱਤੇ, ਬੱਤੀ ਲਾਲ ਲਗਾਈ ਜਾਂਦੇ।

ਕਬਜ਼ੇ  ਕਰਨ  ਜ਼ਮੀਨਾਂ  ਉੱਪਰ, ਡੇਰੇ  ਬਹੁਤ  ਵਧਾਈ  ਜਾਂਦੇ।

ਚੁੱਕੀ ਫਿਰਨ ਮਰਯਾਦਾ ਆਪਣੀ, ਤੇਲ ਜੜ੍ਹਾਂ ਵਿਚ ਪਾਈ ਜਾਂਦੇ।

ਗੁਰ-ਸਿਧਾਂਤ  ਦੇ ਇਹ  ਨੇ ਦੋਖੀ,  ਢਾਅ ਪੰਥ  ਨੂੰ ਲਾਈ ਜਾਂਦੇ।

ਏਹਨਾਂ ਪਿੱਛੇ  ਬਿਲਕੁਲ ਨਾ  ਲੱਗੋ, ਹੁਕਮ ਸਤਿਗੁਰ  ਦਾ ਮੰਨੋ।

ਬੂਬਨਿਆਂ ਤੋਂ ਬਚ  ਜਾਉ ਸਿੱਖੋ, ਸਿਰਫ਼ ਸਿੱਖ-ਸਿਧਾਂਤ ਨੂੰ ਮੰਨੋ।

ਪੰਥ-ਪ੍ਰਵਾਣਿਤ ਰਹਿਤ ਮਰਯਾਦਾ, ਇਹ ਗੁਰੂ ਪੰਥ ਦਾ ਹੋਕਾ ਹੈ।

ਕੂੜ- ਕਿਰਿਆ  ਹੈ ਬਾਕੀ  ਸਾਰੀ, ਤੇ ਗੁਰੂ  ਪੰਥ ਨਾਲ਼ ਧੋਖਾ ਹੈ।