ਕੱਲਾ ਨਾ ਹੋਵੇ ਪੁੱਤ ਜੱਟ ਦਾ ! - ਬਿੱਟੂ ਅਰਪਿੰਦਰ ਸਿੰਘ ਫਰੈੰਕਫ਼ੋਰਟ ਜਰਮਨੀ
ਮੂਰਤ ਵਿਚਲਾ ਟੇਡੀ ਪੱਗ ਆਲ਼ਾ ਬਾਈ, ਪੁਰਾਣੀ ਡੀ ਗੱਡੀ ਦਾ ਕਲੀੰਡਰ ਹੋਰ ਕੋਈ ਨਈਂ ਜੋ ! ਇਹ ਆਪਣਾ ਵੱਡਾ ਵੀਰ ਜੱਗੀ ਕੁੱਸਾ ਜੋ ਸ਼ਿਵਚਰਨ ਵਲੈਤ ਆਲ਼ਾ ! ਪਹਿਲੀ ਨਜ਼ਰੇ ਈ ਬਾਈ ਦੀ ਅੱਖ ਮੱਲਵਈਆਂ ਆਲੀ ਟੇਡੀ ਤੱਕਣੀ ਤੇ (ਇ) ਲਾਕਾ ਜ਼ਾਹਰ ਕਰ ਦਿੰਦੀ ਆ ! ਨਹੀਂ ਤੇ “ਇੱਕ ਮੇਰੀ ਅੱਖ ਕਾਸ਼ਨੀ” ਨਾਵਲ ਲਿੱਖ ਮਾਰਨਾ ਖ਼ਾਲ਼ਾ ਜੀ ਦਾ ਵਾੜਾ ਕਿੱਤੇ ! ਨਜ਼ਰਾਂ ਦਾ ਪਾਰਖੂ ਆ ਵੀਰ ਜੱਗੀ !
ਲੱਖਾਂ ਹਰਫ਼ ਮਾਂ ਬੋਲੀ ਦੇ ਪੰਜਾਬੀ ਸਹਿਤ ਦੀ ਝੋਲੀ ਪਾਉਣ ਵਾਲੇ ਇਸ ਅਲਬੇਲੇ ਪੰਜਾਬ ਦੇ ਜਾਏ ਤੋਂ ਬਲਿਹਾਰੇ ਜਾਣ ਨੂੰ ਜੀਅ ਕਰਦਾ ਵਾ ! ਕਈ ਵਾਰ ਸੋਚਨਾਂ ਵਾਂ ਕਿ ਜਿਦਾਂ ਹਾਢਾ ਵੀਰ ਸ਼ਿਵਚਰਨ ਪੰਜਾਬੀ ਨਾਲ ਮੋਹ ਕਰਦਾ ਵਾ ! ਜੇ ਕਿਤੇ ਏਹਦੇ ਵਾਂਗਰ ਹਰ ਪੰਜਾਬੀ ਮਰਦਮਸ਼ੁਮਾਰੀ ਵੇਲੇ ਮਾਂ ਦੀ ਬੋਲੀ ਪੰਜਾਬੀ ਲਿਖਾ ਦਿੰਦਾ ਤੇ ਆਹ ਸਾਰੇ ਸਿੜੀ ਸਿਆਪੇ ਪੰਜ ਪਾਣੀਆਂ ਨੂੰ ਗੰਧਲਾ ਨਾ ਕਰਦੇ ! ਖ਼ੈਰ ਪੰਜਾਬ ਤੋਂ ਦੂਰ ਰਹਿਕੇ ਜਿਹੜੇ ਪੰਜਾਬ ਨੂੰ ਵੀਰ ਨੇ ਲੋਕ ਚੇਤਿਆਂ ਵਾੜ ਦਿੱਤਾ, ਬੱਸ ਉਹ ਖਿੱਚ ਈ ਮਾਂ ਬੋਲੀ ਦੀ ਉੱਤਮ ਸੇਵਾ ਏ ! ਬਿਨਾਂ ਸ਼ੱਕ ਬਾਈ ਦੇ ਸਾਰੇ ਸਾਹਿਤ ਦਾ ਸਿਹਰਾ ਵੀਰ ਦੇ ਮਾਤਾ ਸ੍ਰੀ ਨੂੰ ਜਾਂਦਾ ਜਿਨ ਨਿੱਕੇ ਹੁੰਦੇ ਨੂੰ ਚਮਟਾ, ਵੇਲਣਾ, ਘੋਟਣਾ ਤੇ ਮਾਂਜਾ ਫੇਰਿਆ ! ਹੋਰ ਕਿੱਤੇ ਸਹਿਤ ਦੇ ਸ਼ਬਦ ਸਕੂਲਾਂ ਚ, ਸਿਖਾਲ਼ੇ ਜਾਂਦੇ ਆ ! ਘੋੜੀਆਂ, ਸਿੱਠਣੀਆਂ , ਵੈਣ , ਵਹੀਣੇ ਇਹਨੇ ਚੋਂ, ਤੇ ਸਹਿਤ ਨਿਕਲਦਾ ! ਜੋ ਜੱਗੀ ਦੇ ਚੇਤਿਆਂ ਚ, ਵੱਸਿਆ ਪਿਆ !
ਇਸ ਬੱਗੇ ਸ਼ੇਰ ਨੂੰ ਪੰਜਾਬ ਦਾ ਹਰ ਪਹਿਲੂ ਚੇਤੇ ਈ ਨਈਂ, ਇਨ ਕਾਗਜ਼ਾਂ ਤੇ ਉੱਕਰਿਆ ਵੀ ਆ ! ਜੋ ਇਤਹਾਸ ਹੈ ! ਖਾੜਕੂਵਾਦ ਦੇ ਇਤਹਾਸ ਨੂੰ ਉਲੀਕਣਾ ਤੇ ਰੂਪਮਾਨ ਕਰਨਾ ਖੰਡੇ ਦੀ ਧਾਰ ਤੇ ਨੱਚਣ ਬਰੋਬਰ ਏ ! ਪਰ ਇਹ ਸ਼ੇਰ ਨੱਚਿਆ ! ਬੜੇ ਘੱਟ ਲੋਕਾਂ ਨੂੰ ਪਤਾ ਹਾਕਮਾਂ ਦੀ ਨਰਾਜ਼ਗੀ ਵੀ ਝੱਲੀ ਵੀਰ ਨੇ ਨਹੀਂ ਤੇ ਵੱਡੇ ਸਨਮਾਨ ਵੀ ਝੋਲੇ ਚ, ਹੁੰਦੇ ! ਪਰ ਉਹਦੇ ਲਈ ਉਹਦੇ ਪਾਠਕ ਈ ਨਗੀਨੇ ਨੇ ਤੇ ਚਾਹੁਣ ਆਲੇ ਯਾਰ, ਕੋਹੇਨੂਰ ਹੀਰੇ !
ਇਸ ਖੁੱਲ ਦਿੱਲੀਏ ਮਲਵਈ ਨੂੰ ਜੱਟ ਕਹਾਂ ਕੇ ਬਾਣੀਆਂ ਪਰ ਹੈ ਬੜਾ ਸ਼ਾਤਰ ! ਇੱਕ ਨਾਵਲ ਦੇ ਪੈਹੇ ਬੋਜੇ ਚੋ, ਡਿੱਗਣ ਡਹੇ ਹੁੰਦੇ, ਦੂਜਾ ਲਿਖ ਮਾਰਦਾ ! ਅਖੇ, “ਕੱਲਾ ਨਾ ਹੋਵੇ ਪੁੱਤ ਜੱਟ ਦਾ” ! ਰਿਹਾ ਮੈਂ ਵੀ ਕੱਲਾ ਹਮਾਤੜ ਜੱਟ ਦਾ ਪੁੱਤ ਸੋਚਿਆ ਪਤਾ ਨੀ ਕਿਹਦਾ ਤਵਾ ਲਾਤਾ ਹੋਣਾ ਬਾਈ ਨੇ ! ਨਾਵਲ ਤੇ ਮੈਂ ਅਜੇ ਨਈਂ ਜੋ ਪੜਿਆ ਪਰ ਸਿਆਣੇ ਵਿਦਵਾਨ ਪੁਰਖਾਂ ਦੇ ਵਿਚਾਰ ਪੜ ਹਿਸਾਬ ਲਾ ਲਿਆ ਕਿ ਸ਼ਿਵ ਜੱਗੀ ਨਵਾਂ ਬੰਬ ਸਹਿਤ ਦੇ ਵੇਹੜੇ ਸੁੱਟ ਗਿਆ ! ਸੋ ਵੀਰੋ ਪੜੋ ਤੇ ਪੰਜਾਬੀ ਨੂੰ ਮੋਹ ਕਰਣ ਵਾਲਿਆਂ ਨੂੰ ਤੋਹਫ਼ਾ ਵੀ ਦਿਓ !
ਯੂਰਪ ਤੇ ਹੋਰ ਮਹਾਂਦੀਪਾਂ ਦੇ ਪੰਜਾਬੀ ਸੱਜਣਾ ਨੂੰ ਬੇਨਤੀ ਹੈ ਕਿ ਇਸ ਜੂਝਾਰੂ ਤੇ ਚੜਦੀ ਕਲਾ ਵਾਲੀ ਬਿਰਤੀ ਵਾਲੇ ਪੰਜਾਬੀ ਪੁੱਤ ਦੇ ਹਰਫ਼ਾਂ ਦਾ ਲਾਹਾ ਲੈ ਕੇ ਕੋਈ ਫਿਲਮ ਬਣਾ ਘੱਤੋ ! ਨਾਵਲ ਬਥੇਰੇ ਆ ਭਾਅ ਦੇ ਚੜਦੀ ਕਲਾ ਵਾਲੇ ! ਬਾਬਾ ਲੰਮੀਆਂ ਉਮਰਾਂ ਕਰੇ ਭਰਾ ਦੀਆਂ ਤੇ ਹਰਫ਼ਾਂ ਚ, ਬਰਕਤਾਂ ਪਾਵੇ !
ਬਿੱਟੂ ਅਰਪਿੰਦਰ ਸਿੰਘ ਫਰੈੰਕਫ਼ੋਰਟ ਜਰਮਨੀ !