ਪਛਤਾਵਾ ਗੋਸ਼ਟੀ - ਰਵਿੰਦਰ ਸਿੰਘ ਕੁੰਦਰਾ
ਕਿਹੜੇ ਕਿਹੜੇ ਪੰਥਕ ਮਸਲੇ,
ਕਿਹੜੀ ਕਿਹੜੀ ਵਿਚਾਰ ਗੋਸ਼ਟੀ?
ਕੌਣ ਤੁਹਾਡੇ ਨਾਲ ਕਰੇਗਾ,
ਬੇ ਅਕਲੇ ਕਾਲੀਓ ਹੁਣ ਦੋਸਤੀ?
ਕਿਹੜਾ ਪੰਥ ਹੈ ਤੁਹਾਡੇ ਪਿੱਛੇ,
ਕਿਹੜੀ ਮਰਿਯਾਦਾ ਦੀਆਂ ਗੱਲਾਂ,
ਤੁਹਾਨੂੰ ਹੁਣ ਤੇ ਡੋਬ ਦੇਣਗੀਆਂ,
ਵਿਰੋਧ ਵਾਲੀਆਂ ਮਾਰੂ ਛੱਲਾਂ।
ਕਾਲੀਓ ਪਾਣੀ ਸਿਰਾਂ ਤੋਂ ਲੰਘ ਗਿਆ!
ਵਕਤ ਤੁਹਾਡੇ ਹੱਥ ਨੀਂ ਆਣਾ,
ਹੁਣ ਤੇ ਤੁਹਾਡੇ ਪੱਲੇ ਰਹਿ ਗਿਆ,
ਪਿੱਟਣਾ ਅਤੇ ਰੋਣਾ ਕੁਰਲਾਣਾ।
ਕਰਤੂਤਾਂ ਕਾਲੀਆਂ ਕਾਲੇ ਹਿਰਦੇ,
ਚਿੱਟੇ ਕੱਪੜੇ ਕੀ ਕਰਨਗੇ?
ਤੁਹਾਡੀਆਂ ਕੀਤੀਆਂ ਦਾ ਡੰਨ ਹੁਣ,
ਤੁਹਾਡੇ ਬੱਚੇ ਭਰਦੇ ਮਰਨਗੇ।
ਜਿੱਥੇ ਮਰਜ਼ੀ ਜਾ ਨੱਕ ਰਗੜੋ,
ਭੁੱਲਾਂ ਹੁਣ ਬਖਸ਼ਾ ਨਹੀਂ ਹੋਣੀਆਂ,
ਪਲੀਤ ਹੋਈਆਂ ਹੁਣ ਤੁਹਾਡੀਆਂ ਰੂਹਾਂ, ਗੋਸ਼ਟੀਆਂ ਨਾਲ ਵੀ ਧੋ ਨਹੀਂ ਹੋਣੀਆਂ।
ਅਮ੍ਰਿਤਸਰ ਵੀ ਰੁੱਸ ਗਿਆ ਹੈ,
ਨਾ ਆਨੰਦ ਪੁਰ ਹੁਣ ਤੁਹਾਡੇ ਪੱਲੇ,
ਨੱਠ ਲਓ ਜਿੱਥੇ ਤੱਕ ਨੱਠਣਾ,
ਬਹਿ ਨਹੀਂ ਸਕੋਗੇ ਹੁਣ ਨਿਚੱਲੇ।
ਤਰਕ ਤੁਹਾਨੂੰ ਦੁਰਕਾਰ ਰਿਹਾ ਹੈ,
ਅਸੂਲਾਂ ਦੀ ਤਾਂ ਗੱਲ ਹੀ ਛੱਡੋ,
ਧਰਮ ਨੂੰ ਧੁਰਾ ਬਣਾਉਣ ਲਈ ਹੁਣ,
ਜਿਹੜਾ ਮਰਜ਼ੀ ਸੱਪ ਤੁਸੀਂ ਕੱਢੋ।
ਆਪਣੇ ਧਰਮ ਨੂੰ ਦਾਅ ਤੇ ਲਾ ਕੇ,
ਸਿਰਸੇ ਜਾ ਕੇ ਗੋਡੇ ਟੇਕੇ,
ਕੁਰਸੀਆਂ ਖਾਤਰ ਸਾਰੇ ਪਾਸੇ,
ਵਿੰਗੇ ਟੇਢੇ ਕੀਤੇ ਕਈ ਠੇਕੇ।
ਜਥੇਦਾਰਾਂ ਦੇ ਵੱਡੇ ਸ਼ਮਲੇ,
ਕਦੀ ਹੁੰਦੇ ਸੀ ਸ਼ਾਨਾਂ ਮੱਤੇ,
ਘੋਨ ਮੋਨ ਜਿਹੇ ਕਾਕੇ ਬਿੱਟੂ,
ਨਿੱਤ ਲੱਗਦੇ ਨੇ ਸਾਡੇ ਮੱਥੇ।
ਅਕਾਲ ਦਾ ਐੜਾ ਉਡ ਗਿਆ ਹੈ,
ਕਾਲ ਹੁਣ ਸਿਰ ਤੁਹਾਡੇ ਕੂਕੇ,
ਕਾਲਖ ਦਾ ਨ੍ਹੇਰਾ ਤੁਹਾਡੇ ਦੁਆਲੇ,
ਉਮੀਦ ਦੀ ਚਿੜੀ ਕਿਤੇ ਨਾ ਚੂਕੇ।