ਚੁੰਝਾਂ-ਪ੍ਹੌਂਚੇ (ਨਿਰਮਲ ਸਿੰਘ ਕੰਧਾਲਵੀ)
ਸੁਖਬੀਰ ਬਾਦਲ ਨੇ ਮੁੜ ਕੋਰ ਕਮੇਟੀ ਦਾ ਕੀਤਾ ਗਠਨ, 27 ਮੈਂਬਰ ਸ਼ਾਮਲ- ਇਕ ਖ਼ਬਰ
ਮਰ ਜਾਉ ਚਿੜੀਓ, ਜੀ ਪਉ ਚਿੜੀਓ।
ਅਕਾਲੀ ਦਲ ਦੀ ਬਰਬਾਦੀ ਲਈ ਸੁਖਬੀਰ ਬਾਦਲ ਹੀ ਹੈ ਦੋਸ਼ੀ- ਬੰਨੀ ਜੌਲੀ
ਪਿੰਡ ‘ਚ ਪੁਆੜੇ ਪਾਉਂਦਾ ਨੀਂ ਮਰ ਜਾਣਾ ਅਮਲੀ।
ਜਥੇਦਾਰਾਂ ਦੀ ਮੀਟਿੰਗ ਤੋਂ ਪਹਿਲਾਂ ਅਕਾਲੀਆਂ ਦੇ ਦੋਵੇਂ ਧੜੇ ਹੋਏ ਸਰਗਰਮ- ਇਕ ਖ਼ਬਰ
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਬਾਦਸ਼ਾਹੀ ਫੌਜਾਂ ਦੋਵੇਂ ਭਾਰੀਆਂ ਨੇ।
ਕੇਂਦਰ ਦੇ ਫ਼ੈਸਲੇ ਘੱਟ ਗਿਣਤੀਆਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਂਦੇ ਨੇ- ਸੁਖਬੀਰ ਬਾਦਲ
ਜਦੋਂ ਕੇਂਦਰ ਦੇ ਗੋਡੇ ਮੁੱਢ ਬੈਠ ਕੇ ਘੱਟ ਗਿਣਤੀਆਂ ਖ਼ਿਲਾਫ਼ ਫ਼ੈਸਲੇ ਕਰਵਾਉਂਦੇ ਸੀ, ਭੁੱਲ ਗਏ?
ਸੌਦਾ ਸਾਧ ਦੀ ਫ਼ਰਲੋ ‘ਤੇ ਜੇਲ੍ਹ ਮੈਨੁਅਲ ਅਨੁਸਾਰ ਫ਼ੈਸਲਾ ਲਵੇ ਸਰਕਾਰ- ਹਾਈ ਕੋਰਟ
ਜੇਲ੍ਹ ਮੈਨੁਅਲ ਵੀ ਸਰਕਾਰ ਨੇ ਹੀ ਬਣਾਉਣੈ, ਹਾਈ ਕੋਰਟ ਜੀ।
ਕੀ ਜਥੇਦਾਰ ਨਿਰਪੱਖ ਹੋ ਕੇ ਫ਼ੈਸਲਾ ਲੈ ਸਕਣਗੇ?- ਇਕ ਸਵਾਲ
ਸੱਪ ਦੇ ਮੂੰਹ ਵਿਚ ਕਿਰਲੀ।
10 ਸਤੰਬਰ ਨੂੰ ਕਮਲਾ ਹੈਰਿਸ ਅਤੇ ਟਰੰਪ ਵਿਚਕਾਰ ਹੋਵੇਗੀ ਪਹਿਲੀ ਬਹਿਸ- ਇਕ ਖ਼ਬਰ
ਕੁੰਢੀਆਂ ਦੇ ਸਿੰਙ ਫ਼ਸਣੇ, ਕੋਈ ਨਿੱਤਰੂ ਵੜੇਵੇਂ ਖਾਣੀ।
ਪਟਿਆਲਾ ‘ਚ ‘ਸਿੱਟ’ ਵਲੋਂ ਬਿਕਰਮ ਮਜੀਠੀਆ ਤੋਂ ਡੇਢ ਘੰਟਾ ਪੁੱਛ-ਗਿੱਛ- ਇਕ ਖ਼ਬਰ
ਪੁੱਛ-ਗਿੱਛ ਨਹੀਂ ਇਹ ‘ਪੂਛ-ਗੀਛ’ ਹੈ, ਯਾਨੀ ਕਿ ਇਹ ਪੂਛ ਲੰਮੀ ਹੀ ਹੋਈ ਜਾ ਰਹੀ ਹੈ।
ਰਾਜ ਸਭਾ ‘ਚ ਜਯਾ ਬੱਚਨ ਨੇ ਧਨਖੜ ‘ਤੇ ਮੰਦੀ ਭਾਸ਼ਾ ਬੋਲਣ ਦਾ ਇਲਜ਼ਾਮ ਲਾਇਆ- ਇਕ ਖ਼ਬਰ
ਤੂੰ ਕੀ ਜਾਣੇ ਪਤੀਲੇ ਦਿਆ ਢੱਕਣਾ, ਰਾਮ ਸੱਤ ਕੁੜੀਆਂ ਦੀ।
ਪੰਜਾਬ ਸਰਕਾਰ ਨੇ ਰਾਜ ਮਾਰਗਾਂ ‘ਤੇ ਬੰਦ ਕੀਤੇ ਦੋ ਹੋਰ ਟੌਲ ਪਲਾਜ਼ੇ- ਮੰਤਰੀ ਹਰਭਜਨ ਸਿੰਘ
ਗੋਰੇ ਰੰਗ ਨੇ ਸਦਾ ਨਹੀਂ ਰਹਿਣਾ, ਭਰ ਭਰ ਵੰਡ ਮੁੱਠੀਆਂ।
ਸੁਪਰੀਮ ਕੋਰਟ ਨੇ ਅੰਮ੍ਰਿਤਪਾਲ ਸਿੰਘ ਦੀ ਚੋਣ ਵਿਰੁੱਧ ਦਿਤੀ ਪਟੀਸ਼ਨ ਕੀਤੀ ਖ਼ਾਰਜ-ਇਕ ਖ਼ਬਰ
ਜਲ ਡੋਬੇ ਨਾ ਅਗਨੀ ਸਾੜੇ, ਜਿਨ੍ਹਾਂ ਨੇ ਤੇਰਾ ਨਾਮ ਜਪਿਆ।
ਅਮਰੀਕੀ ਯੂਨੀਵਰਸਿਟੀ ‘ਚ ਦਾਖ਼ਲਾ ਲੈਣ ਲਈ ਭਾਰਤੀ ਵਿਦਿਆਰਥੀ ਨੇ ਕੀਤੀ ਧੋਖਾਧੜੀ- ਇਕ ਖ਼ਬਰ
ਵਾਦੜੀਆਂ ਸਜਾਦੜੀਆਂ, ਨਿਭਣ ਸਿਰਾਂ ਦੇ ਨਾਲ਼।
ਉਮੀਦ ਹੈ ਕਿ ਪ੍ਰਧਾਨ ਮੰਤਰੀ ਨੂੰ ਮਨੀਪੁਰ ਜਾਣ ਦਾ ਸਮਾਂ ਮਿਲੇਗਾ- ਕਾਂਗਰਸ ਆਗੂ ਜੈਰਾਮ ਰਮੇਸ਼
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।
ਸ਼੍ਰੋਮਣੀ ਕਮੇਟੀ ਵਿਰੁੱਧ ਖੱਟੜਾ ਦੀ ਬਿਆਨਬਾਜ਼ੀ ਗੁੰਮਰਾਹਕੁਨ ਤੇ ਤੱਥਹੀਣ- ਸਕੱਤਰ ਸ਼੍ਰੋਮਣੀ ਕਮੇਟੀ
ਲਾ ਕੇ ਦੋਸਤੀਆਂ, ਪਾ ਗਈ ਚੁੱਲ੍ਹੇ ਵਿਚ ਪਾਣੀ।
ਸੇਬੀ ਬਾਰੇ ਹਿੰਡਨਬਰਗ ਦੀਆ ਤਾਜ਼ਾ ਰਿਪੋਰਟਾਂ ਮਗਰੋਂ ਸਿਆਸੀ ਅਤੇ ਵਪਾਰ ਜਗਤ ਵਿਚ ਤਰਥੱਲੀ-ਇਕ ਖ਼ਬਰ
ਸੋਨੇ ਦੇ ਤਵੀਤ ਵਾਲੀਏ, ਤੇਰੀ ਹਰ ਮੱਸਿਆ ਬਦਨਾਮੀ।
ਬੰਗਲਾਦੇਸ਼ ਦੀ ਹਿੰਸਾ ਲਈ ਚੀਨ ਅਤੇ ਅਮਰੀਕਾ ਜ਼ਿੰਮੇਵਾਰ- ਸ਼ੇਖ਼ ਹੁਸੀਨਾ
ਗੋਰੇ ਰੰਗ ‘ਤੇ ਝਰੀਟਾਂ ਵੱਜੀਆ, ਨੀਂ ਬੇਰੀਆਂ ਦੇ ਬੇਰ ਖਾਣੀਏਂ।