ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)
ਮੈਂ ਅਦਾਲਤ ‘ਚ ਕੇਸ ਲੜਾਂਗੀ ਤੇ ਬਿਨਾਂ ਕੱਟ ਤੋਂ ਫ਼ਿਲਮ ਰਿਲੀਜ਼ ਕਰਾਂਗੀ- ਕੰਗਣਾ ਰਣੌਤ
ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭਰਿੰਡ ਬਣ ਕੇ।
8 ਸਤੰਬਰ ਦੇ ਹਰਿਆਣਾ ਸਿੱਖ ਸੰਮੇਲਨ ‘ਤੇ ਸਰਕਾਰ ਦੀ ਨਜ਼ਰ ਰਹੇਗੀ- ਇਕ ਖ਼ਬਰ
ਛੜੇ ਜੇਠ ਦੀ ਮੈਂ ਅੱਖ ਵਿਚ ਰੜਕਾਂ, ਕੰਧ ਉੱਤੋਂ ਰਹੇ ਝਾਕਦਾ।
ਕਾਨੂੰਨ ਦੀ ਉਚਿਤ ਪ੍ਰਕ੍ਰਿਆ ਬਿਗ਼ੈਰ ਮਕਾਨ ਕਿਵੇਂ ਢਾਏ ਜਾ ਸਕਦੇ ਹਨ?- ਸੁਪਰੀਮ ਕੋਰਟ
ਜ਼ੋਰਾਵਰ ਦਾ ਸੱਤੀਂ ਵੀਹੀਂ ਸੌ ਹੁੰਦੈ ਸੁਪਰੀਮ ਕੋਰਟ ਜੀ।
ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਹਰਨਾਮ ਸਿੰਘ ਧੁੰਮਾ ਨੂੰ ਦਮਦਮੀ ਟਕਸਾਲ ਦਾ ਆਗੂ ਮੰਨਣ ਤੋਂ ਇਨਕਾਰ- ਇਕ ਖ਼ਬਰ
ਸਭੇ ਕੰਨ ਪੜਵਾ ਕੇ ਬੈਠ ਜਾਂਦੇ, ਮੁਸ਼ਕਿਲ ਜੋਗ ਦਾ ਤੋੜ ਚੜ੍ਹਾਉਣ ਬੇਟਾ।
ਵਿਵਾਦ ਛਿੜਨ ਤੋਂ ਬਾਅਦ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਅਕਾਲੀ ਦਲ ਨੇ ਵਾਪਸ ਲਈ- ਇਕ ਖ਼ਬਰ
ਕੋਈ ਪਾਸਾ ਸਿੱਧਾ ਨਹੀਂ ਪੈਂਦਾ, ਥੁੱਕ ਕੇ ਹੁਣ ਚੱਟਣਾ ਪਿਆ।
ਪਾਕਿਸਤਾਨ ‘ਚ ਡਾਕੂਆਂ ਨੇ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ-ਇਕ ਖ਼ਬਰ
ਵਿਹੜੇ ਲਾ ਤ੍ਰਿਵੈਣੀ, ਛਾਂਵੇਂ ਬਹਿ ਕੇ ਕੱਤਿਆ ਕਰੂੰ।
ਮਾਨਸੂਨ ਸੈਸ਼ਨ ‘ਚ ਅਹਿਮ ਮੁੱਦਿਆਂ ‘ਤੇ ਸਾਰਥਕ ਬਹਿਸ ਨਹੀਂ ਹੋਈ- ਪਰਤਾਪ ਸਿੰਘ ਬਾਜਵਾ
ਮੈਂ ਰੱਜ ਨਾ ਗੱਲਾਂ ਕੀਤੀਆਂ, ਮੇਰੇ ਮਨੋ ਨਾ ਲੱਥਾ ਚਾਅ।
ਵਿਧਾਨ ਸਭਾ ‘ਚ ਕੁੰਵਰ ਵਿਜੈ ਪ੍ਰਤਾਪ ਨੇ ਬੇਅਦਬੀ ਸਬੰਧੀ ਕਈ ਤੱਥ ਪੇਸ਼ ਕੀਤੇ- ਇਕ ਖ਼ਬਰ
ਮੈਂ ਬੇਰੀਆਂ ਤੋਂ ਬੇਰ ਲਿਆਇਆ, ਭਾਬੀ ਤੇਰੀ ਗੱਲ੍ਹ ਵਰਗਾ।
ਮਾਂ ਬੋਲੀ ਪੰਜਾਬੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ- ਸਤੀਸ਼ ਕੁਮਾਰ ਵਰਮਾ
ਮਾਂ ਬੋਲੀ ਜੇ ਭੁੱਲ ਜਾਉਗੇ, ਕੱਖਾਂ ਵਾਂਗੂੰ ਰੁਲ਼ ਜਾਉਗੇ।
ਕੰਗਨਾ ਦੀ ‘ਐਮਰਜੈਂਸੀ’ ਨੂੰ ਹਾਈ ਕੋਰਟ ਤੋਂ ਵੀ ਨਹੀਂ ਮਿਲੀ ਰਾਹਤ- ਇਕ ਖ਼ਬਰ
ਨੀ ਐਡਾ ਤੇਰਾ ਕਿਹੜਾ ਦਰਦੀ, ਜੋ ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।
ਕਾਂਗਰਸ ‘ਚ ਸ਼ਾਮਲ ਹੋਏ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ- ਇਕ ਖ਼ਬਰ
ਮਿੱਠੇ ਯਾਰ ਦੇ ਬਰੋਬਰ ਬਹਿ ਕੇ, ਮਿੱਠੇ ਮਿੱਠੇ ਬੇਰ ਚੁਗੀਏ।
ਜੇ ਚਾਹੇ ਤਾਂ ‘ਆਪ’ ਹਰਿਆਣੇ ‘ਚ ਕਾਂਗਰਸ ਤੋਂ ਬਿਨਾਂ ਵੀ ਚੋਣ ਲੜ ਸਕਦੀ ਹੈ- ਭਗਵੰਤ ਮਾਨ
ਫਿਰ ਗਾਂ ਦੇ ਵੱਛੈ ਵਾਂਗ ਕਾਂਗਰਸ ਦੇ ਮਗਰ ਮਗਰ ਕਿਉਂ ਘੁੰਮ ਰਹੇ ਹੋ ਬਾਈ ਸਿਆਂ?
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਭ੍ਰਿਸ਼ਟ ਅਫ਼ਸਰਾਂ ਨੂੰ ਦਿਤੀ ਚਿਤਾਵਨੀ- ਇਕ ਖ਼ਬਰ
ਕੈਦ ਕਰਾ ਦਊਂਗੀ ਮੈ ਡਿਪਟੀ ਦੀ ਸਾਲ਼ੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੇਅਦਬੀਆਂ ਦਾ ਇਨਸਾਫ਼ ਦਿਤਾ ਜਾਵੇਗਾ- ਇਕ ਖ਼ਬਰ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।
ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚ ਹੋਈ ਇੰਟਰਵਿਊ ਬਾਰੇ ਕੀ ਕੀਤਾ ਸਰਕਾਰ ਨੇ? –ਹਾਈ ਕੋਰਟ
ਰੱਜ ਕੇ ਝੂਠ ਬੋਲਿਆ ਸਰਕਾਰ ਨੇ, ਪੁਲਿਸ ਨੇ, ਹੋਰ ਕੀ ਕਰ ਸਕਦੇ ਸੀ।
====================================================