ਪਿਆਰ ਦੀ ਨਜ਼ਰ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਇੱਕ ਨਜ਼ਰ ਜੇ ਇਧਰ ਵੀ,
ਕੋਈ ਮੇਰੀ ਨਜ਼ਰੇ ਕਰ ਦੇਵੇ,
ਮਿਹਰਬਾਨੀਆਂ ਦੇ ਲਾ ਕੇ ਢੇਰ,
ਮੇਰਾ ਵਿਹੜਾ ਭਰ ਦੇਵੇ।
ਮਸਤੀਆਂ ਦੇ ਵੇਗ ਵਿੱਚ,
ਗੁਜ਼ਰੇ ਮੇਰਾ ਦਿਨ 'ਤੇ ਰਾਤ,
ਨੈਣਾਂ ਦੇ ਦੋ ਪਿਆਲੇ ਭਰ,
ਕੋਈ ਮੇਰੇ ਅੱਗੇ ਧਰ ਦੇਵੇ।
ਪੱਤਝੜਾਂ ਤੋਂ ਬਹਾਰਾਂ ਦਾ,
ਵਕਫ਼ਾ ਪਲਾਂ ਵਿੱਚ ਹੋਵੇ ਖ਼ਤਮ,
ਮਹਿਕਾਂ ਭਰਿਆ ਗੁਲਸ਼ਨ ਕੋਈ,
ਨਾਮ ਮੇਰੇ ਜੇ ਕਰ ਦੇਵੇ।
ਰੰਗੀਨੀਆਂ ਹਰਿਆਲੀਆਂ 'ਚ,
ਮੇਲ੍ਹਦੀ ਰਹੇ ਰੂਹ ਮੇਰੀ,
ਦਸਤਕ ਜੇ ਕੋਈ ਆਣ ਕਦੇ,
ਉਡੀਕਾਂ ਦੇ ਮੇਰੇ ਦਰ ਦੇਵੇ।
ਰਿਸ਼ਤਿਆਂ ਦੀ ਦੁਨੀਆ ਵਿੱਚ,
ਕਮੀ ਨਹੀਂ ਹੈ ਚੀਜ਼ਾਂ ਦੀ,
ਹਰ ਚੀਜ਼ ਫਿੱਕੀ ਪੈ ਜਾਵੇਗੀ,
ਜੇ ਰੱਬ ਇਸ਼ਕ ਦਾ ਵਰ ਦੇਵੇ।
ਤਸੱਵਰ ਦੀ ਇਸ ਦੁਨੀਆ ਵਿੱਚ,
ਤਸਵੀਰ ਅਨੋਖੀ ਬਣ ਜਾਵੇ,
ਜੇਕਰ ਕੋਈ ਸੁਪਨਿਆਂ ਦਾ,
ਕਟੋਰਾ ਮੇਰਾ ਭਰ ਦੇਵੇ।
ਤਮੰਨਾ ਹੈ ਕਿਸੇ ਦਾ ਬਣਨੇ ਦੀ,
ਕਿਸੇ ਨੂੰ ਆਪਣਾ ਕਹਿਣੇ ਦੀ,
ਕਾਸ਼ ਕੋਈ ਹੁਸੀਨ ਜਿਹਾ ਦਿਲ,
ਵਸੀਹਤ ਮੇਰੇ ਨਾਂ ਕਰ ਦੇਵੇ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ