ਮਾਸੂਮੀਅਤ ਦੀ ਕੀਮਤ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਕਦੀ ਉਹ ਮਾਸੂਮ ਜਿਹੀ ਬੱਚੀ,
ਕੋਠੀ ਵਿੱਚ ਫ਼ਿਰਦੀ ਸੀ ਨੱਠੀ।
ਘਰ ਦੇ ਸਾਰੇ ਕੰਮ ਉਹ ਕਰਦੀ,
ਕੰਮ ਕਰਨ ਤੋਂ ਕਦੀ ਨਾ ਭੱਜਦੀ।
ਕਦੀ ਰਸੋਈ ਵਿੱਚ ਭਾਂਡੇ ਮਾਂਜੇ,
ਕਦੀ ਮਾਲਕਾਂ ਦੇ ਕੱਪੜੇ ਸਾਂਭੇ।
ਕਦੀ ਫ਼ੁੱਲਾਂ ਦੀ ਗੋਡੀ ਕਰਦੀ,
ਖੁਦ ਲੱਗੇ ਸੁੰਦਰ ਫ਼ੁੱਲ ਵਰਗੀ।
ਮੁਸਕਰਾਉਂਦਾ ਸੁੰਦਰ ਚਿਹਰਾ,
ਰੱਬ ਨੇ ਦਿੱਤਾ ਹੁਸਨ ਬਥੇਰਾ।
ਅੰਨ੍ਹੇਂ ਮਾਪਿਆਂ ਦਾ ਇੱਕੋ ਸਹਾਰਾ,
ਉਨ੍ਹਾਂ ਦੀਆਂ ਅੱਖਾਂ ਦਾ ਇੱਕੋ ਤਾਰਾ।
ਜਿਸ ਦੇ ਸਿਰੋਂ ਉਹ ਰੋਟੀ ਖਾਂਦੇ,
ਸਾਰੇ ਘਰ ਦਾ ਖਰਚ ਚਲਾਂਦੇ।
ਕੋਠੀ ਦੇ ਉਹ ਕੰਮ ਮੁਕਾ ਕੇ,
ਸ਼ੁਰੂ ਹੋ ਜਾਵੇ ਆਪਣੇ ਘਰ ਜਾਕੇ।
ਇੱਧਰ ਕੰਮ ਹੈ, ਉੱਧਰ ਕੰਮ ਹੈ,
ਉਸ ਨੂੰ ਤਾਂ ਕੰਮ ਨਾਲ ਹੀ ਕੰਮ ਹੈ।
ਅੱਜ ਵੀ ਬੱਸ ਉਹ ਮੂੰਹ ਹਨੇਰੇ,
ਆ ਪਹੁੰਚੀ ਮਾਲਕਾਂ ਦੇ ਡੇਰੇ।
ਬੀਬੀ ਜੀ ਉਸਨੂੰ ਕੰਮ ਸਮਝਾ ਕੇ,
ਬੈਠ ਗਏ ਗੱਡੀ ਵਿੱਚ ਜਾਕੇ।
ਜੇ ਕੋਈ ਹੋਰ ਕੰਮ ਹੈ ਪੁੱਛਣਾ,
ਕਾਕਾ ਘਰ ਹੈ ਉਸ ਨੂੰ ਦੱਸਣਾ।
ਚੌਵੀ ਸਾਲਾਂ ਦਾ ਇੱਕੋ ਕਾਕਾ,
ਪਾਉਂਦਾ ਰੋਜ਼ ਉਹ ਨਵਾਂ ਸਿਆਪਾ।
ਪੜ੍ਹਨ ਵੈਸੇ ਉਹ ਕਾਲਜ ਜਾਂਦਾ,
ਪਰ ਉਹ ਨਿੱਤ ਹੀ ਐਸ਼ ਉਡਾਂਦਾ।
ਠਹਿਰ ਗਿਆ ਅੱਜ ਵਿੱਚ ਹੀ ਕੋਠੀ,
ਮਨ ਵਿੱਚ ਰੱਖ ਕੇ ਨੀਯਤ ਖੋਟੀ।
ਹੁਣ ਕੋਠੀ ਦੀ ਛੱਤ ਉੱਤੇ,
ਪਈ ਹੈ ਲਾਸ਼ ਕੜਕਦੀ ਧੁੱਪੇ।
ਖੂਨ ਚ ਭਿੱਜੀ ਬਾਲੜੀ ਜਾਨ,
ਹੁਣ ਨਾ ਹੁੰਦੀ ਉਹ ਪਹਿਚਾਣ।
ਸੁਣ ਕੇ ਖਬਰ ਸਾਰੇ ਨੇ ਦੰਗ,
ਆਂਢ ਗੁਆਂਢ ‘ਤੇ ਸਾਕ ਸਬੰਧ।
ਅੰਨ੍ਹੇ ਮਾਪੇ ਹੋਏ ਬੇਹਾਲ,
ਲਾਸ਼ ਨੂੰ ਟੋਹ ਟੋਹ ਹੱਥਾਂ ਨਾਲ।
ਜਾਣਨਾ ਚਾਹੇ ਹਰ ਕੋਈ ਬੰਦਾ,
ਕਿਸ ਦਾ ਹੈ ਇਹ ਕਾਰਾ ਗੰਦਾ।
ਕਾਕਾ ਘਰੋਂ ਅਲੋਪ ਸੀ ਕੀਤਾ,
ਪੁਲਿਸ ਨੇ ਤਾਣਾ ਬਾਣਾ ਸੀਤਾ।
ਲਾਸ਼ ਦੀ ਕੀਮਤ ਪਾਈ ਸੀ ਜਾਂਦੀ,
ਪੁਲਿਸ ਮਾਪਿਆਂ ਤਾਂਈਂ ਸਮਝਾਉਂਦੀ।
ਬੇਜ਼ਾਰ ਬੇਬਸ 'ਤੇ ਅੰਨ੍ਹੇ ਮਾਪੇ,
ਬੇਹਾਲ ਕਰਨ ਕਾਨੂੰਨ ਦੇ ਸਿਆਪੇ।
ਕਿਸ ਨੂੰ ਦਿਲ ਦਾ ਹਾਲ ਸੁਣਾਵਣ,
ਕਿਸ ਅੱਗੇ ਰੋਵਣ ਕੁਰਲਾਵਣ?
ਗ਼ਰੀਬਾਂ ਦੀ ਕੋਈ ਨੀ ਸੁਣਨੇ ਵਾਲ਼ਾ,
ਪੈਸਾ ਕਰੇ ਸਭ ਘਾਲ਼ਾ ਮਾਲ਼ਾ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ