ਬਿੰਦਰ ਸਿੰਘ ਖੁੱਡੀ ਕਲਾਂ ਦਾ ‘ਆਓ ਗਾਈਏ’ ਬਾਲ ਕਾਵਿ ਸੰਗ੍ਰਹਿ ਬੱਚਿਆਂ ਲਈ ਪ੍ਰੇਰਨਾਸ੍ਰੋਤ - ਉਜਾਗਰ ਸਿੰਘ
ਬੱਚਿਆਂ ਨੂੰ ਬੱਚੇ ਮਨ ਦੇ ਸੱਚੇ ਕਿਹਾ ਜਾਂਦਾ ਹੈ। ਬੱਚਿਆਂ ਦੇ ਮਨ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੁੰਦੇ ਹਨ। ਉਹ ਵੱਡਿਆਂ ਦੀ ਹਰ ਗੱਲ ਨੂੰ ਸਵੀਕਾਰ ਕਰ ਲੈਂਦੇ ਹਨ ਕਿਉਂਕਿ ਪਾਕਿ ਤੇ ਪਵਿਤਰ ਹੁੰਦੇ ਹਨ। ਇਸ ਲਈ ਉਨ੍ਹਾਂ ਦੇ ਸੱਚੇ-ਸੁੱਚੇ ਬਾਲ ਮਨਾਂ ਨੂੰ ਚੰਗੇ ਪਾਸੇ ਲਗਾਉਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ‘ਤੇ ਦੱਸੀ ਤੇ ਕਹੀ ਹਰ ਗੱਲ ਦਾ ਪ੍ਰਭਾਵ ਪੈਂਦਾ ਹੈ। ਇਸ ਲਈ ਬਾਲ ਮਨਾਂ ਨੂੰ ਸਿੱਧੇ ਰਸਤੇ ਪਾਉਣ ਲਈ ਉਨ੍ਹਾਂ ਨੂੰ ਚੰਗੇ ਸਿਹਤਮੰਦ ਬਾਲ ਸਾਹਿਤ ਨਾਲ ਜੋੜਨਾ ਚਾਹੀਦਾ ਹੈ। ਕਵਿਤਾ ਤੇ ਗੀਤ ਬੱਚਿਆਂ ਦੇ ਮਨਾਂ ਨੂੰ ਬਹੁਤ ਪ੍ਰਭਾਵਤ ਕਰਦੇ ਹਨ ਕਿਉਂਕਿ ਉਨ੍ਹਾਂ ਵਿੱਚ ਸੰਗੀਤ ਹੁੰਦਾ ਹੈ। ਸੰਗੀਤ ਬੱਚਿਆਂ ਦੇ ਮਨ ਨੂੰ ਮੋਂਹਦਾ ਹੈ। ਬੱਚਿਆਂ ਦਾ ਸਾਹਿਤ ਰਚਣ ਲਈ ਲੇਖਕ ਨੂੰ ਮਾਨਸਿਕ ਤੌਰ ‘ਤੇ ਬਾਲ ਅਵਸਥਾ ਵਿੱਚ ਪਹੁੰਚਕੇ ਲਿਖਣਾ ਪੈਂਦਾ ਹੈ। ਬਿੰਦਰ ਸਿੰਘ ਖੁੱਡੀ ਕਲਾਂ ਨੇ ਇੱਕ ਬਾਲ ਕਾਵਿ/ ਗੀਤ ਸੰਗ੍ਰਹਿ ਦੀ ਰਚਨਾ ਕੀਤੀ ਹੈ। ਉਨ੍ਹਾਂ ਨੇ ਉਸ ਦਾ ਨਾਮ ਵੀ ਬੱਚਿਆਂ ਨੂੰ ਪ੍ਰਭਾਵਤ ਕਰਨ ਵਾਲਾ ‘ਆਓ ਗਾਈਏ’ ਰੱਖਿਆ ਹੈ। ਗਾਉਣਾ ਬੱਚਿਆਂ ਨੂੰ ਚੰਗਾ ਲਗਦਾ ਹੁੰਦਾ ਹੈ। ਇਸ ਬਾਲ ਕਾਵਿ/ ਗੀਤ ਸੰਗ੍ਰਹਿ ਵਿੱਚ ਉਸ ਨੇ 35 ਕਵਿਤਾਵਾਂ/ਗੀਤ ਸ਼ਾਮਲ ਕੀਤੇ ਹਨ। ਇਹ ਕਵਿਤਾਵਾਂ/ਗੀਤ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਤ ਹਨ। ਇਨ੍ਹਾਂ ਨੂੰ ਪੜ੍ਹਕੇ ਬੱਚਿਆਂ ਦੇ ਮਨ ਵਿੱਚ ਚੰਗੀਆਂ ਆਦਤਾਂ ਗ੍ਰਹਿਣ ਕਰਨ ਦੀ ਪ੍ਰਵਿਰਤੀ ਪੈਦਾ ਹੁੰਦੀ ਹੈ। ਇਹ ਕਵਿਤਾਵਾਂ/ਗੀਤ ਬੱਚਿਆਂ ਨੂੰ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੰਦੇ ਹਨ ਤਾਂ ਜੋ ਉਹ ਵੱਡੇ ਹੋ ਕੇ ਉਚ ਅਹੁਦਿਆਂ ‘ਤੇ ਪਹੁੰਚਕੇ ਆਪਣਾ ਸੁੱਖਮਈ ਜੀਵਨ ਬਤੀਤ ਕਰ ਸਕਣੇ। ਵਰਤਮਾਨ ਨੈਟ/ਆਧੁਨਿਕਤਾ ਦੇ ਜ਼ਮਾਨੇ ਵਿੱਚ ਬੱਚਿਆਂ ਨੂੰ ਸਹੀ ਸੇਧ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਰੋਜ਼ਾਨਾ ਜੀਵਨ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਣ। ਇਸ ਸੰਗ੍ਰਹਿ ਵਿੱਚਲੀਆਂ ਕਵਿਤਾਵਾਂ/ਗੀਤ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰਹਿਣ, ਜ਼ਾਤਪਾਤ ਅਤੇ ਧਾਰਮਿਕ ਬੰਧਨਾ ਤੋਂ ਉਪਰ ਉਠਕੇ ਸਦਭਾਵਨਾ ਦਾ ਵਾਤਾਵਰਨ ਬਣਾਉਣ ਵਿੱਚ ਸਹਾਈ ਹੋਣਗੀਆਂ। ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ/ਗੀਤ ਬੱਚਿਆਂ ਦੀ ਮਾਨਸਿਕਤਾ ਨੂੰ ਖ਼ੁਰਾਕ ਦੇਣ ਵਾਲੀਆਂ ਹਨ। ਜ਼ਿੰਦਗੀ ਬਸਰ ਕਰਨ ਦੇ ਗੁਣ ਦੱਸੇ ਗਏ ਹਨ। ਇਹ ਕਵਿਤਾਵਾਂ/ਗੀਤ ਭਾਵੇਂ ਉਪਦੇਸ਼ ਦੇਣ ਦੇ ਮੰਤਵ ਨਾਲ ਲਿਖੀਆਂ ਗਈਆਂ ਹਨ ਪ੍ਰੰਤੂ ਇਨ੍ਹਾਂ ਦਾ ਪ੍ਰਭਾਵ ਮਨੋਰੰਜਨ ਕਰਨਾ ਵੀ ਹੈ। ਭਾਵ ਮਨੋਰੰਜਨ ਰਾਹੀਂ ਬੱਚੇ ਬਹੁਤ ਸਾਰੀਆਂ ਨਵੀਂਆਂ ਗੱਲਾਂ ਸਿੱਖਣ ਦੇ ਸਮਰੱਥ ਹੋਣਗੇ। ਦੇਸ਼ ਪਿਆਰ ਦੀ ਭਾਵਨਾ ਵੀ ਪੈਦਾ ਕਰਨਗੀਆਂ। ‘ਸਾਡਾ ਕੈਰੀ’ ਕਵਿਤਾ ਇਸ ਪ੍ਰਕਾਰ ਹੈ:
ਦੇਸ਼ ਪਿਆਰ ਉਹ ਮਨ ਵਿੱਚ ਰੱਖਦਾ,
ਧਰਮ ਤੇ ਜ਼ਾਤ ਦੇ ਭੇਦ ਨੂੰ ਫ਼ਜ਼ੂਲ ਦੱਸਦਾ।
ਕਰਨ ਲਈ ਵਤਨ ਦੀ ਰਾਖੀ,
ਕਹਿੰਦਾ ਮੈਂ ਸਰਹੱਦ ‘ਤੇ ਜਾਣਾ।
ਕੈਰੀ ਸਾਡਾ ਬੜਾ ਸਿਆਣਾ. . . . . . .।
Êਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਦਾ ਪ੍ਰਕੋਪ ਨੌਜਵਾਨਾ ਦਾ ਭਵਿਖ ਖ਼ਤਰੇ ਵਿੱਚ ਪਾ ਰਿਹਾ ਹੈ। ਇਹ ਵੀ ਮੰਦਭਾਗੀਆਂ ਖ਼ਬਰਾਂ ਆ ਰਹੀਆਂ ਹਨ ਕਿ ਸਕੂਲਾਂ ਦੇ ਬੱਚੇ ਵੀ ਨਸ਼ਿਆਂ ਵਿੱਚ ਗ੍ਰਸਤ ਹੁੰਦੇ ਜਾ ਰਹੇ ਹਨ। ਇਸ ਲਈ ਅੱਲ੍ਹੜ ਮਨਾ ਨੂੰ ਸਹੀ ਮਾਰਗ ਦਰਸ਼ਨ ਕਰਨਾ ਅਤਿਅੰਤ ਜ਼ਰੂਰੀ ਹੈ। ਚੰਗੀਆਂ ਆਦਤਾਂ ਗ੍ਰਹਿਣ ਕਰਨ, ਵੱਡਿਆਂ ਦਾ ਸਤਿਕਾਰ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ‘ਨਵੇਂ ਵਰ੍ਹੇ ਦੇ ਜਸ਼ਨ’ ਕਵਿਤਾ ਵਿੱਚ ਕਵੀ ਲਿਖਦਾ ਹੈ:
ਨਸ਼ੇ ਸਿਹਤ ਦਾ ਕਰਦੇ ਨਾਸ਼, ਗੱਲ ਇਹ ਸਮਝਣ ਵਾਲੀ ਖਾਸ।
ਖ਼ੁਦ ਵੀ ਰਹੀਏ ਦੂਰ ਇਹਨਾਂ ਤੋਂ, ਸਾਥੀਆਂ ਨੂੰ ਵੀ ਸਮਝਾਈਏ।
ਨਵੇਂ ਵਰ੍ਹੇ ਦੇ ਜਸ਼ਨ ਮਨਾਈਏ. . . . . . . ।
ਪਹਾੜੇ ਯਾਦ ਕਰਨਾ ਬੱਚਿਆਂ ਨੂੰ ਔਖਾ ਲੱਗਦਾ ਹੁੰਦਾ ਹੈ। ਇਸ ਲਈ ਵਾਰ-ਵਾਰ ਦੁਹਰਾ ਕੇ ਪਹਾੜੇ ਯਾਦ ਕਰਵਾਏ ਜਾਂਦੇ ਹਨ। ਇਹ ਪਹਾੜੇ ਸਾਰੀ ਜ਼ਿੰਦਗੀ ਕੰਮ ਆਉਂਦੇ ਹਨ। ਕਵੀ ਨੇ ‘ਸਿਖਿਆਦਾਇਕ ਪਹਾੜਾ’ ਦੇ ਸਿਰਲੇਖ ਵਾਲੀ ਕਵਿਤਾ ਵਿੱਚ ਤਾਂ ਕਮਾਲ ਹੀ ਕਰ ਦਿੱਤੀ। ਪਹਾੜੇ ਵੀ ਯਾਦ ਕਰਵਾ ਦਿੱਤੇ ਨਾਲ ਹੀ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਨਸੀਅਤ ਦੇ ਦਿੱਤੀ। ਇੱਕ ਕਵਿਤਾ ਵਿੱਚ ਨਾਲੇ ਪਹਾੜਾ ਯਾਦ ਕਰਨ ਦਾ ਢੰਗ ਦੱਸ ਦਿੱਤਾ ਨਾਲੇ ਚੰਗੇ ਗੁਣ ਪੈਦਾ ਕਰਨ ਦੇ ਗੁਰ ਦੱਸ ਦਿੱਤੇ:
ਇੱਕ ਦੂਣੀ ਦੂਣੀ, ਦੋ ਦੂਣੀ ਚਾਰ,
ਨਫ਼ਰਤਾਂ ਦਾ ਛੱਡ ਖਹਿੜਾ,
ਕਰੀਏ ਸਭਨਾ ਤਾਈਂ ਪਿਆਰ।
ਸਾਡੇ ਸਮਾਜ ਵਿੱਚ ਲੜਕੇ ਅਤੇ ਲੜਕੀਆਂ ਵਿੱਚ ਭੇਦ ਭਾਵ ਕੀਤਾ ਜਾਂਦਾ ਹੈ। ਲੜਕੀਆਂ ਵਿੱਚ ਮਾਤਵਾਂ ਹੀ ਹੀਣ ਭਾਵਨਾ ਪੈਦਾ ਕਰਨ ਵਾਲੀਆਂ ਗੱਲਾਂ ਕਰਦੀਆਂ ਹਨ, ਜਿਹੜੀਆਂ ਲੜਕੀਆਂ ਨੂੰ ਜ਼ਿੰਦਗੀ ਭਰ ਸਤਾਉਂਦੀਆਂ ਰਹਿੰਦੀਆਂ ਹਨ। ਬਿੰਦਰ ਸਿੰਘ ਖੁੱਡੀ ਕਲਾਂ ਨੇ ਲੜਕੇ ਤੇ ਲੜਕੀਆਂ ਵਿੱਚ ਅੰਤਰ ਰੱਖਣ ਦੀ ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ ‘ਲੋਹੜੀ ਨਵੇਂ ਜੀਅ ਦੀ’ ਵਿੱਚ ਲਿਖਿਆ ਹੈ:
ਪੁੱਤਾਂ ਦੇ ਵਾਂਗ ਹੀ ਧੀਆਂ ਦੀ, ਲੋਹੜੀ ਮਨਾਈਏ ਸਭ ਨਵੇਂ ਜੀਆਂ ਦੀ।
ਬਿੰਦਰ ਮੱਤਭੇਦ ਦੀ ਗੱਲ ਮੁਕਾਈ, ਲੋਹੜੀ ਆਈ ਲੋਹੜੀ ਆਈ।
ਵਾਤਾਵਰਨ ਨੂੰ ਬਹੁਤ ਸਾਰੇ ਢੰਗਾਂ ਨਾਲ ਗੰਧਲਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਬਹੁਤ ਸਾਰੀਆਂ ਬੀਮਾਰੀਆਂ ਪੈਦਾ ਹੋ ਰਹੀਆਂ ਹਨ। ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਬੱਚੇ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਪੰਜਾਬ ਵਿੱਚ ਬਹੁਤ ਸਾਰੇ ਤਿਓਹਾਰ ਮਨਾਏ ਜਾਂਦੇ ਹਨ, ਉਨ੍ਹਾਂ ਤਿਓਹਾਰਾਂ ਵਿੱਚ ਪਟਾਕੇ ਚਲਾਉਣਾ ਆਮ ਜਹੀ ਗੱਲ ਹੋ ਗਈ ਹੈ। ਪਟਾਕੇ ਵੀ ਬੱਚੇ ਹੀ ਚਲਾਉਂਦੇ ਹਨ। ਇਸ ਲਈ ਪਟਾਕੇ ਨਾ ਚਲਾਉਣ ਦੀ ਨਸੀਅਤ ਅਤੇ ਸ਼ੁਧ ਵਾਤਾਰਨ ਰੱਖਣ ਦੇ ਲਾਭ ਦਰਸਾਉਂਦੀ ‘ਦੀਪ ਜਗਾਈਏ ਪਿਆਰਾਂ ਦੇ’ ਕਵਿਤਾ ਵਿੱਚ ਕਵੀ ਨੇ ਲਿਖਿਆ ਹੈ:
ਨਵੀਂਆਂ ਪਿਰਤਾਂ ਪਾਵਾਂਗੇ, ਪਟਾਕੇ ਨਹੀਂ ਚਲਾਵਾਂਗੇ।
ਵਾਤਾਵਰਨ ਲਈ ਖ਼ਤਰਾ ਇਹ, ਦੁਸ਼ਮਣ ਨੇ ਬੀਮਾਰਾਂ ਦੇ।
‘ਘਟਾਵਾਂ ਕਾਲੀਆਂ’ ਸਿਰਲੇਖ ਵਾਲੀ ਕਵਿਤਾ ਵੀ ਰੁੱਖ ਲਗਾਉਣ ਅਤੇ ਬਿਮਾਰੀਆਂ ਭਜਾਉਣ ਦੀ ਗੱਲ ਕਰਦੀ ਹੈ:
ਂਰੁੱਖਾਂ ਨਾਲ ਜੇ ਪਾ ਲਈਏ ਯਾਰੀ, ਸੁਖੀ ਵਸੇ ਫਿਰ ਖਲਕਤ ਸਾਰੀ।
ਬਿਮਾਰੀਆਂ ਤੋਂ ਵੀ ਮਿਲ ਜੇ ਮੁਕਤੀ, ਪ੍ਰਦੂਸ਼ਣ ਨੇ ਹਨ ਜੋ ਫੈਲਾਈਆਂ।
ਘਟਾਵਾਂ ਕਾਲੀਆਂ ਆਈਆਂ. . ।
72 ਪੰਨਿਆਂ, 150 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ਪਰੀਤ ਪਬਲੀਕੇਸ਼ਨ ਨਾਭਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com