ਮੇਰੀ ਫੱਤੋ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਕਈ ਭੈੜੇ ਭੈੜੇ ਯਾਰ ਨੇ ਮੇਰੀ ਫੱਤੋ ਦੇ,
ਅਫਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਦੇਖਣ ਨੂੰ ਤਾਂ ਸੂਰਤ ਬੜੀ ਹੀ ਭੋਲ਼ੀ ਹੈ,
ਪਰ ਅੰਦਰੋਂ ਜ਼ਹਿਰ ਦੀ ਸਮਝੋ ਮਿੱਠੀ ਗੋਲ਼ੀ ਹੈ।
ਕਈ ਗੱਲਾਂ ਬਾਤਾਂ ਕਰਨ ਚ ਬੜੀ ਹੀ ਲੋਹਲੀ ਹੈ,
ਕਹਿਣੀ ਤੇ ਕਰਨੀ ਵਿੱਚ ਬੜੀ ਹੀ ਛੋਹਲੀ ਹੈ।
ਕੁੱਝ ਸ਼ੱਕੀ ਜਿਹੇ ਇਕਰਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਕਈ ਐਰਿਆਂ ਗੈਰਿਆਂ ਨਾਲ ਇਹ ਯਾਰੀ ਪਾ ਬਹਿੰਦੀ,
ਬਿਨਾ ਸੋਚੇ ਸਮਝੇ ਪੁਆੜੇ ਹੋਰ ਵਧਾ ਲੈਂਦੀ,
ਰਾਹ ਜਾਂਦੀਆਂ ਕਈ ਬਲਾਵਾਂ ਅਪਣੇ ਗਲ਼ ਪਾ ਲੈਂਦੀ,
ਅਣਭੋਲ ਜਿਹੇ ਵਿੱਚ ਚੱਕਰ ਕਈ ਚਲਾ ਬਹਿੰਦੀ।
ਕਈ ਵੱਖਰੇ ਜਿਹੇ ਵਿਚਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਅਕਲ ਦੀ ਗੱਲ ਸਮਝਾਵਾਂ ਅੱਗੋਂ ਹੈ ਲੜਦੀ,
ਖੋਪਰੀ ਵਿੱਚ ਚੰਗੀ ਗੱਲ ਸਹਿਜੇ ਨਹੀਂ ਵੜਦੀ,
ਹਰ ਗਲੀ ਵਿੱਚ ਭਾਗੋ ਦੇ ਵਾਂਗੂ ਜਾ ਖੜ੍ਹਦੀ,
ਕਸੂਰ ਆਪਣਾ ਦੂਜੇ ਦੇ ਗਲ਼ ਨਿੱਤ ਮੜ੍ਹਦੀ।
ਐਸੇ ਗੁਣ ਬੇ ਸ਼ੁਮਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਪੰਜ ਨਵਾਜ਼ਾਂ ਪੜ੍ਹ ਕੇ ਖ਼ੁਦਾ ਧਿਆ ਲੈਂਦੀ,
ਮੁਸੱਲੇ ਦੀਆਂ ਚੀਕਾਂ ਖ਼ੂਬ ਕਢਾ ਲੈਂਦੀ,
ਤਸਬੀ ਤਾਈਂ ਵਖ਼ਤ ਬੜਾ ਹੀ ਪਾ ਲੈਂਦੀ,
ਮੌਲਵੀਆਂ ਦੀ ਤੋਬਾ ਖ਼ੂਬ ਕਰਾ ਲੈਂਦੀ।
ਉਹ ਮੱਥੇ ਲੱਗਣੋਂ ਇਨਕਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਹਰ ਮੰਦਰ ਗੁਰਦਵਾਰੇ ਉਸ ਦਾ ਗੇੜਾ ਹੈ,
ਭਾਈਆਂ ਪੰਡਤਾਂ ਨਾਲ ਨਿੱਤ ਝਗੜਾ ਝੇੜਾ ਹੈ,
ਨਾ ਜਾਣੀਏ ਉਸ ਦਾ ਰਾਮ ਤੇ ਵਾਹਿਗੁਰੂ ਕਿਹੜਾ ਹੈ,
ਅਸੂਲਾਂ ਨਾਲ ਹਮੇਸ਼ਾਂ ਉਸ ਦਾ ਬਖੇੜਾ ਹੈ,
ਕਈ ਭਲਿਆਂ ਨਾਲ ਤਕਰਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਭਲਾ ਬੰਦਾ ਰਾਹ ਛੱਡ ਕੇ ਉਸ ਤੋਂ ਤੁਰਦਾ ਹੈ,
ਪਰ ਬੁਰਾ ਸੌ ਵਲ਼ ਪਾਕੇ ਉਸ ਤੱਕ ਪੁੱਜਦਾ ਹੈ,
ਮਾੜੀ ਢਾਣੀ ਵਿੱਚ ਉਸਦਾ ਹੀ ਜੱਸ ਪੁੱਗਦਾ ਹੈ,
ਲਫੰਗਾ ਲਾਣਾ ਉਸ ਦੀ ਝੋਲੀ ਚੁੱਕਦਾ ਹੈ।
ਕਈ ਗੁੰਡਿਆਂ ਦੇ ਸਰਦਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਕਈ ਲੱਲੂ ਪੰਜੂ ਉਸਦੇ ਬੜੇ ਹੀ ਡੰਗੇ ਹੋਏ,
ਪਿਆਰ ਦੀ ਸੂਲ਼ੀ ਉੱਤੇ ਅਜੇ ਵੀ ਟੰਗੇ ਹੋਏ,
ਕਈ ਮੁੜ ਸੁਧਰਨ ਦੀ ਹੱਦ ਤੋਂ ਬੱਸ ਲੰਘੇ ਹੋਏ,
ਕਈ ਮੁੜ ਪੈਰੀਂ ਨਹੀਂ ਆਏ ਉਸਦੇ ਝੰਬੇ ਹੋਏ।
ਕਈ ਦਰ ਤੇ ਖੜੇ ਬੀਮਾਰ ਨੇ ਮੇਰੀ ਫੱਤੋ ਦੇ।
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਕਈ ਭੈੜੇ ਭੈੜੇ ਯਾਰ ਨੇ ਮੇਰੀ ਫੱਤੋ ਦੇ,
ਅਫਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ