ਮਾਇਆਧਾਰੀ ਅਤਿ ਅੰਨਾ ਬੋਲਾ - ਨਿਰਮਲ ਸਿੰਘ ਕੰਧਾਲਵੀ
ਰੇਡੀਓ ‘ਤੇ ਖ਼ਬਰ ਆ ਰਹੀ ਸੀ ਕਿ ਮੋਟਰਵੇਅ ‘ਤੇ ਕੋਈ ਦੁਰਘਟਨਾ ਹੋਣ ਕਰ ਕੇ ਆਵਾਜਾਈ ਹੌਲੀ ਚਲ ਰਹੀ ਸੀ। ਮੈਂ ਇਕ ਬਹੁਤ ਹੀ ਜ਼ਰੂਰੀ ਮੀਟਿੰਗ ‘ਤੇ ਜਾਣਾ ਸੀ, ਸੋ ਮੈਂ ਕਾਫ਼ੀ ਸਮਾਂ ਪਹਿਲਾਂ ਹੀ ਚਲ ਪਿਆ ਤਾਂ ਕਿ ਜੇ ਮੋਟਰਵੇਅ ‘ਤੇ ਕੁਝ ਵਾਧੂ ਸਮਾਂ ਲੱਗਿਆ ਤਾਂ ਫੇਰ ਵੀ ਮੀਟਿੰਗ ‘ਚ ਸਮੇਂ ਸਿਰ ਪਹੁੰਚ ਜਾਵਾਂਗਾ।
ਸ਼ਾਇਦ ਮਾਮੂਲੀ ਘਟਨਾ ਹੀ ਹੋਈ ਸੀ, ਸੋ ਮੋਟਰਵੇਅ ‘ਤੇ ਆਵਾਜਾਈ ਆਮ ਵਾਂਗ ਹੀ ਚਲ ਰਹੀ ਸੀ, ਮੇਰੇ ਪਾਸ ਹੁਣ ਕਾਫ਼ੀ ਸਮਾਂ ਵਾਧੂ ਸੀ। ਮੈਂ ਸੋਚਿਆ ਕਿ ਰਾਹ ‘ਚ ਪੈਂਦੇ ਗੁਰਦੁਆਰਾ ਸਾਹਿਬ ‘ਚ ਕਿਉਂ ਨਾ ਗੁਰੂ ਮਹਾਰਾਜ ਨੂੰ ਨਮਸਕਾਰ ਕਰ ਲਈ ਜਾਵੇ। ਗੁਰਦੁਆਰੇ ਦੇ ਗਰਾਊਂਡ ਫਲੋਰ ਦੇ ਮੇਨ ਹਾਲ ‘ਚ ਮੁਰੰਮਤ ਦਾ ਕੰਮ ਚਲ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਪਰਲੇ ਹਾਲ ‘ਚ ਸੀ ਤੇ ਉੱਥੇ ਬੀਬੀਆਂ ਆਪਣਾ ਹਫ਼ਤਾਵਾਰੀ ਕੀਰਤਨ ਦਾ ਪ੍ਰੋਗਰਾਮ ਕਰ ਰਹੀਆਂ ਸਨ। ਮੈਂ ਮੱਥਾ ਟੇਕ ਕੇ ਕੀਰਤਨ ਦਾ ਆਨੰਦ ਲੈਣ ਲੱਗਾ। ਮੈਨੂੰ ਬੜੀ ਬੇਚੈਨੀ ਹੋਈ ਜਦੋਂ ਮੈਂ ਦੇਖਿਆ ਕਿ ਬੀਬੀਆਂ ਗੁਰਬਾਣੀ ਦੀਆਂ ਤੁਕਾਂ ਦੇ ਨਾਲ ਆਪਣੀਆਂ ਮਨਘੜਤ ਤੁਕਾਂ ਵੀ ਜੋੜ ਕੇ ਪੜ੍ਹ ਰਹੀਆਂ ਸਨ।
ਉੱਥੇ ਪੰਜ ਚਾਰ ਬਜ਼ੁਰਗ ਬੈਠੇ ਬੈਠੇ ਉਂਘਲਾ ਰਹੇ ਸਨ। ਮੈਂ ਇਕ ਬਜ਼ੁਰਗ ਨੂੰ ਜਦੋਂ ਇਸ ਬਾਰੇ ਦੱਸਿਆ ਤਾਂ ਉਸ ਨੇ ਕੁੱਕੜ ਵਾਂਗ ਅੱਧੀਆਂ ਕੁ ਅੱਖਾ ਖੋਲ੍ਹੀਆਂ ਤੇ ਆਪਣੀ ਅਣਜਾਣਤਾ ਪ੍ਰਗਟ ਕੀਤੀ। ਮੈਂ ਸਮਝ ਗਿਆ ਕਿ ਇਹ ਵਿਚਾਰੇ ਇਸ ਬਾਰੀਕੀ ਨੂੰ ਨਹੀਂ ਸਮਝ ਸਕਦੇ, ਇਹਨਾਂ ਨੂੰ ਤਾਂ ਵਾਜਾ ਢੋਲਕੀ ਵੱਜਦੀ ਹੀ ਸੁਣਦੀ ਹੈ।
ਮੈਂ ਸੋਚਿਆ ਕਿ ਕਿਸੇ ਜ਼ਿੰਮੇਵਾਰ ਕਮੇਟੀ ਮੈਂਬਰ ਨਾਲ ਹੀ ਗੱਲ ਕੀਤੀ ਜਾਵੇ ਤਾਂ ਠੀਕ ਰਹੇਗਾ। ਹੇਠਾਂ ਲੰਗਰ ਹਾਲ ‘ਚ ਤਿੰਨ ਚਾਰ ਸੱਜਣ ਬੈਠੇ ਪੰਜਾਬ ਦੀ ਸਿਆਸਤ ਦਾ ਕਚੀਰਾ ਕਰ ਰਹੇ ਸਨ। ਮੈਂ ਜਦੋਂ ਕਿਸੇ ਕਮੇਟੀ ਮੈਂਬਰ ਨੂੰ ਮਿਲਣ ਦੀ ਗੱਲ ਕਹੀ ਤਾਂ ਇਕ ਸੱਜਣ ਨੇ ਦੱਸਿਆ ਕਿ ਪ੍ਰਧਾਨ ਹੋਰੀਂ ਪੰਜ ਸੱਤ ਮਿੰਟ ‘ਚ ਹੀ ਆਉਣ ਵਾਲੇ ਹਨ। ਮੈਂ ਵੀ ਇਕ ਕੁਰਸੀ ‘ਤੇ ਬੈਠ ਕੇ ਪ੍ਰਧਾਨ ਹੋਰਾਂ ਨੂੰ ਉਡੀਕਣ ਲੱਗਾ।
ਦਸ ਕੁ ਮਿੰਟ ਬਾਅਦ ਹੀ ਪ੍ਰਧਾਨ ਹੋਰੀਂ ਆ ਗਏ। ਮੈਂ ਬੜੀ ਨਿਮਰਤਾ ਨਾਲ ਫ਼ਤਿਹ ਬੁਲਾਈ ਤੇ ਅਪਣੀ ਗੱਲ ਦੱਸੀ ਕਿ ਕਿਵੇਂ ਬੀਬੀਆਂ ਗੁਰਬਾਣੀ ਦੇ ਨਾਲ ਆਪਣੀਆਂ ਮਨਘੜਤ ਤੁਕਾਂ ਜੋੜ ਕੇ ਗੁਰਬਾਣੀ ਦਾ ਨਿਰਾਦਰ ਕਰ ਰਹੀਆਂ ਹਨ। ਪ੍ਰਧਾਨ ਹੋਰਾਂ ਦੇ ਚਿਹਰੇ ਦਾ ਰੰਗ ਬਦਲਿਆ ਤੇ ਉਹ ਬੋਲੇ,” ਭਾਈ ਸਾਹਿਬ, ਕੀ ਤੁਹਾਨੂੰ ਪਤੈ ਕਿ ਇਹ ਬੀਬੀਆਂ ਸਾਲ ਦੀ ਕਿੰਨੀ ਮਾਇਆ ਕੀਰਤਨ ਰਾਹੀਂ ਇਕੱਠੀ ਕਰ ਕੇ ਗੁਰਦੁਆਰੇ ਨੂੰ ਦਿੰਦੀਆਂ ਨੇ, ਇਹੋ ਜਿਹੀਆਂ ਵਾਧੂ ਦੀਆਂ ਗੱਲਾਂ ਹੀ ਸੰਗਤਾਂ ਨੂੰ ਗੁਰੂ ਘਰ ਨਾਲੋਂ ਤੋੜਦੀਆਂ ਨੇ ਭਾਈ ਸਾਹਿਬ, ਸੰਗਤਾਂ ਨੂੰ ਗੁਰੂ-ਘਰ ਨਾਲ ਜੋੜੋ, ਤੋੜੋ ਨਾ।”
ਪ੍ਰਧਾਨ ਹੋਰਾਂ ਦੀ ਦਲੀਲ ਸੁਣ ਕੇ ਮੈਂ ਸਮਝ ਗਿਆ ਕਿ ਜਿਸ ਵਿਅਕਤੀ ਦੇ ਸਿਰ ਦੀ ਸੂਈ ਮਾਇਆ ‘ਤੇ ਹੀ ਅਟਕੀ ਹੋਈ ਹੈ, ਉਸ ਨਾਲ ਸਿੱਖ- ਸਿਧਾਂਤ ਦੀ ਗੱਲ ਕਰਨੀ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਹੋਵੇਗੀ। ਮੈਂ ਜਾਣ ਲਿਆ ਕਿ ਜੇ ਗੱਲ ਅਗ਼ਾਂਹ ਵਧਾਈ ਤਾਂ ਹੋ ਸਕਦੈ ਕਿ ਪ੍ਰਧਾਨ ਹੋਰੀਂ ਮੇਰੀ ਵੀ ਲਾਹ ਪਾਹ ਕਰ ਦੇਣ, ਸੋ ਮੈਂ ਝੱਟ ਪੱਟ ਗੱਲ ਦਾ ਰੁਖ਼ ਬਦਲਿਆ।
ਪ੍ਰਧਾਨ ਹੋਰੀਂ ਜੇਤੂ ਅੰਦਾਜ਼ ‘ਚ ਮੇਰੇ ਵਲ ਦੇਖ ਰਹੇ ਸਨ। ਮੈਂ ਫ਼ਤਿਹ ਬੁਲਾਈ ਤੇ ਆਪਣੇ ਰਾਹ ਪਿਆ।
ਨਿਰਮਲ ਸਿੰਘ ਕੰਧਾਲਵੀ