ਜਗਜੀਤ ਸੰਧੂ ਦਾ ‘ਤਾਪਸੀ’ ਕਾਵਿ ਸੰਗ੍ਰਹਿ ਔਰਤਾਂ ਦੀ ਤਰਜਮਾਨੀ ਦੀ ਕਵਿਤਾ -  ਉਜਾਗਰ ਸਿੰਘ

ਜਗਜੀਤ ਸੰਧੂ ਕੈਨੇਡਾ ਵਿੱਚ ਰਹਿ ਰਿਹਾ ਹੈ। ਉਸਦੀ ਵਿਰਾਸਤ ਪੰਜਾਬ ਤੇ ਪੰਜਾਬੀ ਹੈ। ਉਸਨੇ ਪੰਜਾਬ ਵਿੱਚ ਔਰਤਾਂ ‘ਤੇ ਹੁੰਦੇ ਅਤਿਆਚਾਰ ਅਤੇ ਦਿਹਾਤੀ ਔਰਤਾਂ ਦੀ ਮਾਨਸਿਕਤਾ ਨੂੰ ਅਨੁਭਵ ਕੀਤਾ ਹੈ ਕਿ ਉਹ ਪਿਤਰੀ ਸਮਾਜ ਦਾ ਸੰਤਾਪ ਭੋਗ ਰਹੀਆਂ ਹਨ ਪ੍ਰੰਤੂ ਪਰਵਾਸ ਵਿੱਚ ਔਰਤ ਦੀ ਆਜ਼ਾਦੀ ਦਾ ਵੱਖਰਾ ਹੀ ਰੰਗ-ਢੰਗ ਵੇਖ ਕੇ ਉਹ ਆਪਣੀ ਵਿਰਾਸਤ ਤੇ  ਪਰਵਾਸ ਦੀਆਂ ਔਰਤਾਂ ਦੇ ਮਨ ਦੀ ਸਥਿਤੀ ਨੂੰ ਕਵਿਤਾਵਾਂ ਦਾ ਰੂਪ ਦਿੰਦਾ ਹੈ। ਜੇ ਇਉਂ ਕਹਿ ਲਿਆ ਜਾਵੇ ਕਿ ਔਰਤ ਉਸ ਦੀ ਮਾਨਸਿਕਤਾ ਨੂੰ ਕੁਰੇਦ ਰਹੀ ਹੈ ਕਿ ਅਸੀਂ ਸਮਾਜ ਦਾ ਕੀ ਵਿਗਾੜਿਆ ਹੈ? ਸਾਡੇ ਨਾਲ ਪਿਤਰੀ ਸਮਾਜ ਵੱਲੋਂ ਇਸ ਤਰ੍ਹਾਂ ਕਿਉਂ ਵਿਵਹਾਰ ਕੀਤਾ ਜਾਂਦਾ ਹੈ? ਜਗਜੀਤ ਸੰਧੂ ਔਰਤ ਦੀ ਤਰਜਮਾਨੀ ਕਰਦਾ ਹੋਇਆ ਉਸਦਾ ਮਰਦਾਂ ਦੀ ਉਤਪਤੀ ਦਾ ਮੁੱਲ ਮੋੜਨਾ ਚਾਹੁੰਦਾ ਹੈ। ਉਸ ਦੀਆਂ ਕਵਿਤਾਵਾਂ ਮਰਦ ਨੂੰ ਔਰਤ ਦੀ ਮਾਨਸਿਕਤਾ ਅਨੁਸਾਰ ਚਲਣ ਦੀ ਤਾਕੀਦ ਕਰਦੀਆਂ ਹਨ। ਔਰਤ ਮਰਦ ਕੋਲੋਂ ਪਿਆਰ ਦਾ ਹੁੰਗਾਰਾ ਭਾਲਦੀ ਹੈ, ਜੇ ਮਰਦ ਥੋੜ੍ਹਾਂ ਜਿਹਾ ਵੀ ਪਿਆਰ ਦੇ ਦੇਵੇ ਤਾਂ ਉਹ ਪੂਰੀ ਦੀ ਪੂਰੀ ਉਸਦੀ ਝੋਲੀ ਵਿੱਚ ਡਿਗਣ ਨੂੰ ਤਿਆਰ ਹੋ ਜਾਂਦੀ ਹੈ ਪ੍ਰੰਤੂ ਮਰਦ ਉਸਦਾ ਨਜ਼ਾਇਜ ਲਾਭ ਉਠਾਉਣ ਤੋਂ ਪ੍ਰਹੇਜ ਨਹੀਂ ਕਰਦੇ। ਔਰਤ ਆਪਣੀ ਮਾਂ ਨੂੰ ਅਜਿਹੇ ਮਰਦ ਢੂੰਡਣ ਦੀ ਬੇਨਤੀ ਕਰਦੀ ਹੈ, ਜਿਹੜਾ ਉਸਦੀ ਕਦਰ ਕਰਦਾ ਹੋਵੇ, ਉਸਦੇ ਹੰਝੂ ਵਗਣ ਹੀ ਨਾ ਦੇਵੇ। ਮਰਦ ਧੋਖੇ ਕਰਨ ਤੋਂ ਹਟਦੇ ਨਹੀਂ। ਮਰਦ ਔਰਤ ਨੂੰ ਸਿਰਫ ਵਰਤਦਾ ਹੈ, ਉਸ ਲਈ ਔਰਤ ਸਿਰਫ ਤੇ ਸਿਰਫ ਵਰਤਣ ਦੀ ਚੀਜ਼ ਹੈ। ਔਰਤ ਮਰਦ ਦੇ ਪਿਆਰ ਨੂੰ ਤਰਸਦੀ ਰਹਿੰਦੀ ਹੈ ਪ੍ਰੰਤੂ ਮਰਦ ਸਿਰਫ ਤੇ ਸਿਰਫ ਆਪਣੀ ਤ੍ਰਿਪਤੀ ਲਈ ਔਰਤ ਦੀ ਮੁਹੱਬਤ ਦਾ ਨਜ਼ਾਇਜ਼ ਲਾਭ ਉਠਾਉਂਦਾ ਹੈ। ਕਵੀ ਮਰਦਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਲਿਖਦਾ ਹੈ ਕਿ ਉਹ ਹਰ ਪ੍ਰਕਾਰ ਦੇ ਲੋਭੀ ਹੁੰਦੇ ਹਨ। ਮੁੱਢਲੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਜਗਜੀਤ ਸੰਧੂ ਨੇ ਆਪਣੇ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦਾ ਸਾਰੰਸ਼ ‘ਮੇਰੇ ਲਈ ਨਾਰੀਮੁਖੀ ਕਵਿਤਾ ਲਿਖਣ ਤੋਂ ਵਧੀਆ ਕਥਾਰਸਿਸ ਕੋਈ ਨਹੀਂ. .’ ਸਿਰਲੇਖ ਵਿੱਚ ਲਿਖ ਦਿੱਤਾ ਹੈ। ਕਵੀ ਦੀਆਂ ਸਾਰੀਆਂ ਹੀ ਕਵਿਤਾਵਾਂ ਸਿੰਬਾਲਿਕ ਹਨ। ਉਸਨੇ ਘਰੇਲੂ ਅਤੇ ਕੰਮ ਕਾਜੀ ਇਸਤਰੀਆਂ ਦੀ ਰੋਜ-ਮਰ੍ਹਾ ਦੀ ਜ਼ਿੰਦਗੀ ਵਿੱਚ ਕਦਮ-ਦਰ-ਕਦਮ ‘ਤੇ ਜਿਹੜੀਆਂ ਦੁਸ਼ਾਵਰੀਆਂ ਆ ਰਹੀਆਂ ਹਨ, ਉਨ੍ਹਾਂ ਬਾਰੇ ਆਪਣੀਆਂ ਕਵਿਤਾਵਾਂ ਵਿੱਚ ਬਾਕਮਾਲ ਦਾ ਵਰਣਨ ਕੀਤਾ ਹੈ। ਉਸ ਦੀਆਂ ਕਵਿਤਾਵਾਂ ਪੜ੍ਹਕੇ ਇਉਂ ਮਹਿਸੂਸ ਹੋ ਰਿਹਾ ਹੈ ਕਿ ਕਵੀ ਨੇ ਔਰਤ ਦੇ ਅੰਤਰਮਨ ਦੀ ਸਥਿਤੀ ਨੂੰ ਪੜ੍ਹਕੇ ਕਵਿਤਾਵਾਂ ਦਾ ਰੂਪ ਦੇ ਕੇ ਲੋਕਾਈ ਨੂੰ ਇਸਤ੍ਰੀ ਦੀ ਤ੍ਰਾਸਦੀ ਨੂੰ ਦੂਰ ਕਰਨ ਦੀ ਪ੍ਰੇਰਨਾ ਕੀਤੀ ਹੋਵੇ। ਜਗਜੀਤ ਸੰਧੂ ਆਪਣੇ ਮਨ ਦੀ ਗੱਲ ਅਸਿੱਧੇ ਢੰਗ ਨਾਲ ਕਵਿਤਾਵਾਂ ਵਿੱਚ ਲਿਖਦਾ ਹੈ। ‘ਘਾਹ, ਚਿੜੀਆਂ, ਬਾਲ, ਬਿਰਧ’ ਕਵਿਤਾ ਵਿੱਚ ਔਰਤ ਨੂੰ ਆਪਣੇ ਸੁਪਨੇ ਸਿਰਜਕੇ ਆਪੇ ‘ਚੋਂ ਬਾਹਰ ਆ ਕੇ ਆਪਣੀ ਅਹਿਮੀਅਤ ਸਮਝਣ ਲਈ ਪ੍ਰੇਰਦਾ ਹੈ। ਦੂਜੀ ਕਵਿਤਾ ‘ਰਿਸ਼ਟ ਪੁਸ਼ਟ ਅਤੇ ਖ਼ੁਸ਼’ ਪਰਵਾਸ ਵਿਚਲੀ ਇਸਤਰੀ ਦੀ ਆਜ਼ਾਦੀ ਦੇ ਵੱਖਰੇ ਰੰਗਾਂ ਬਾਰੇ ਲਿਖਦਾ ਹੋਇਆ ਦੱਸਦਾ ਹੈ ਕਿ ਉਹ ਆਪਣਾ ਸ਼ੋਸ਼ਣ ਖੁਦ ਕਰਵਾਕੇ ਖ਼ੁਸ਼ ਹੁੰਦੀਆਂ ਹਨ। ਸਮਾਜ ਔਰਤ ਪਿੱਛੇ ਲੜਾਈਆਂ ਕਰਦੈ ਤੇ ਧਾਰਮਿਕ ਲੋਕ ਉਸ ਦੀ ਭਲਾਈ ਬਾਰੇ ਸੋਚਦੇ ਹਨ। ‘ਟਰੌਪੀਕਲ’ ਕਵਿਤਾ ਵਿੱਚ ਉਹ ਮਰਦਾਂ ਨੂੰ ਸਲਾਹ ਦਿੰਦਾ ਹੈ ਕਿ ਔਰਤ ਦੀ ਸੁੰਦਰਤਾ ਹੀ ਨਾ ਵੇਖੋ ਸਗੋਂ ਉਸ ਦੀਆਂ ਭਾਵਨਾਵਾਂ ਨੂੰ ਸਮਝੋ। ਔਰਤ ਦੀ ਹਮਦਰਦੀ ਲਈ ਦਲੇਰੀ ਦਾ ਪਾਖੰਡ ਕਰਨ ਦੀ ਥਾਂ ਪਿਆਰ ਤੇ ਸਤਿਕਾਰ ਦਿਓ। ਔਰਤ ਦੇ ਮਨ ਨੂੰ ਪੜ੍ਹੋ ਤੇ ਖੁਲ੍ਹੇ ਦਿਮਾਗ ਨਾਲ ਵੇਖਣ ਦੀ ਕੋਸ਼ਿਸ਼ ਕਰੋ। ਕਾਵਿ ਸੰਗ੍ਰਹਿ ਦੇ ਨਾਮ ਵਾਲੀ ‘ਤਾਪਸੀ’ ਕਵਿਤਾ ਵੀ ਸਿੰਬਾਲਿਕ ਹੈ, ਕਵੀ ਮਰਦ ਦੀ ਮਾਨਸਿਕਤਾ ਨੂੰ ਤਪ ਕਰਕੇ ਮੋਕਸ ਪਾਉਣ ਵਾਲੇ ਸਾਧ ਸੰਤਾਂ ਵਰਗੀ ਦਸਦਾ ਹੈ, ਜਿਹੜਾ ਇਸਤਰੀ ‘ਤੇ ਡੋਰੇ ਡਾਲਣ ਲਈ ਤਪ ਕਰ ਰਿਹਾ ਹੁੰਦਾ ਜਦੋਂ ਕਿ ਔਰਤ ਉਸ ਦੀਆਂ ਚਾਲਾਂ ਤੋਂ ਬੇਖ਼ਬਰ ਹੁੰਦੀ ਹੈ।  ਔਰਤ ਨੂੰ 366 ਚਲਿਤਰਾਂ ਵਾਲੀ ਕਹਿ ਕੇ ਨੀਵਾਂ ਵਿਖਾਇਆ ਜਾਂਦਾ ਹੈ, ਹਾਲਾਂ ਕਿ ਮਰਦ ਨੂੰ ਉਹ ਨਹੀਂ ਖਾਂਦੀ, ਸਗੋਂ ਮਰਦ ਹੀ ਉਸਨੂੰ ਨਿਘਾਰ ਜਾਣਾ ਚਾਹੁੰਦਾ ਹੈ। ਮਰਦ ਔਰਤ ਰਾਹੀਂ ਆਪਣੀ ਉਦਾਸੀ ਦੂਰ ਕਰਦਾ ਹੈ। ਔਰਤ ਦੇ ਜੀਵਨ ਪੰਧ ਵਿੱਚ ਆਉਣ ਵਾਲੀ ਹਰ ਮੁਸ਼ਕਲ ਬਾਰੇ ਕਵੀ ਨੇ ਆਪਣੀਆਂ ਕਵਿਤਾਵਾਂ ਵਿੱਚ ਦੱਸਿਆ ਹੈ। ਔਰਤ ਸੰਜਮੀ ਹੁੰਦੀ ਹੈ ਤੇ ਮਰਦ ਦੀ ਹਰ ਹਰਕਤ ਨੂੰ ਸਹਿੰਦੀ ਰਹਿੰਦੀ ਹੈ। ਮਰਦ ਉਸਨੂੰ ਹਮੇਸ਼ਾ ਗ਼ਲਤ ਭਾਸ਼ਾ ਨਾਲ ਵਿਵਹਾਰ ਕਰਦੇ ਹਨ। ਉਸ ਲਈ ਸੁਆਣੀ ਬਣਨਾ ਔਖਾ ਹੈ, ਪਰ ਉਹ ਫਿਰ ਵੀ ਸੁਆਣੀ ਤੇ ਸਿਆਣੀ ਬਣਦੀ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜ਼ਰੂਰਤ ਲਈ ਜਲਦੀ ਕੰਮ ਕਰਨੇ ਪੈਂਦੇ ਹਨ। ਸਵੇਰੇ ਉਠਦਿਆਂ ਹੀ ਰਾਤ ਦੀਆਂ ਗੱਲਾਂ ਭੁਲਾਕੇ ਤਾਜ਼ਾ ਤਰੀਨ ਬਣਕੇ ਕੰਮਾ ਵਿੱਚ ਰੁਝ ਜਾਣਾ ਹੁੰਦਾ ਹੈ। ਉਸਨੂੰ ਪੀੜਾ ਦਿਲ ਵਿੱਚ ਹੀ ਜ਼ਜ਼ਬ ਕਰਨੀ ਪੈਂਦੀ ਹੈ। ਸਭ ਤੋਂ ਔਖਾ ਧੀ ਬਣਨਾ ਹੁੰਦਾ ਹੈ। ਔਰਤ ਮਰਦ ਦੇ ਗਿਰਗਿਟ ਵਾਂਗੂੰ ਬਦਲਦੇ ਰੰਗਾਂ ਨੂੰ ਸਮਝਦੀ ਹੈ ਪ੍ਰੰਤੂ ਬੇਬਸ ਹੁੰਦੀ ਹੈ। ਮਰਦ ਮਖੌਟਾ ਪਹਿਨ ਕੇ ਔਰਤ ਨਾਲ ਵਿਚਰਦਾ ਹੈ ਪ੍ਰੰਤੂ ਬਲਾਤਕਾਰ ਕਰਨ ਮੌਕੇ ਅਸਲੀ ਰੂਪ ਵਿੱਚ ਆ ਜਾਂਦੈ। ਔਰਤ ਮਰਦ ਦੀ ਹਰ ਕੋਝੀ ਹਰਕਤ ਬਰਦਾਸ਼ਤ ਕਰਦੀ ਹੈ, ਬੱਸਾਂ ਵਿੱਚ, ਕਲਾਸਾਂ ਵਿੱਚ, ਡਾਕਟਰਾਂ ਕੋਲ ਅਤੇ ਹੋਰ ਬਹੁਤ ਥਾਵਾਂ ‘ਤੇ, ਮਰਦ ਔਰਤ ਦੀ ਉਮਰ ਦਾ ਵੀ ਧਿਆਨ ਨਹੀਂ ਰੱਖਦਾ ਪ੍ਰੰਤੂ ਉਸਦੀ ਹਵਸ ਪੂਰੀ ਹੋਣੀ ਚਾਹੀਦੀ ਹੈ। ਕਵੀ ਦੀ ਸੋਚ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ, ਜਦੋਂ ਉਹ ਔਰਤ ਦੇ ਸੰਤਾਪ ਨੂੰ ਬਹੁਤ ਹੀ ਵਿਲੱਖਣ ਢੰਗ ਨਾਲ ਕਾਵਿਕ ਰੂਪ ਦਿੰਦਾ ਹੈ। ਸੰਤਾਪ ਭੋਗਦੀ ਔਰਤ ਸਿਗਰਟ ਦੀਆਂ ਚੁਸਕੀਆਂ ਲੈਂਦੀ ਮਰਦ ਨੂੰ ਪਿਆਰ ਦੀ ਗੁਹਾਰ ਲਗਾਉਂਦੀ ਹੋਈ ਕਹਿੰਦੀ ਹੈ, ਜੇ ਇਸੇ ਤਰ੍ਹਾਂ ਮੋਹ ਦੀਆਂ ਤੰਦਾਂ ਕਾਇਮ ਰੱਖੇਂਗਾ ਤਾਂ ਸਿਗਰਟ ਵਰਗੀ ਬਿਮਾਰੀ ਤੋਂ ਖਹਿੜਾ ਛੁੱਟ ਸਕਦਾ ਹੈ। ਸ਼ਾਇਰ ਕਵਿਤਾਵਾਂ ਵਿੱਚ ਅਜਿਹੇ ਤੀਰ ਮਾਰਕੇ ਮਰਦਾਂ ਨੂੰ ਝੰਜੋੜਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਮਰਦ ਵੀ ਮੋਮ ਦੇ ਪੁਤਲੇ ਬਣਨ ਲੱਗਦੇ ਹਨ। ਕਵੀ ਵਿਆਹ ਦੇ ਪਵਿਤਰ ਬੰਧਨਾ, ਰਸਮਾ ਤੇ ਕਟਾਖਸ਼ ਕਰਦਾ ਲਿਖਦਾ ਹੈ ਅਹੁਦਿਆਂ ਤੇ ਚਾਵਾਂ ਨਾਲ ਹੋਏ ਵਿਆਹ ਵੀ ਪੂਰ ਨਹੀਂ ਚੜ੍ਹਦੇ ਸਗੋਂ ਅਲਾਮਤਾਂ ਲੱਗ ਜਾਂਦੀਆਂ ਹਨ। ਨਵੇਂ ਸ਼ਾਇਰਾਂ ਤੇ ਵੀ ਕਿੰਤੂ ਪ੍ਰੰਤੂ ਕਰਦਾ ਹੈ। ਮੁਖੌਟੇ ਪਾ ਕੇ ਔਰਤਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਵੀ ਆੜੇ ਹੱਥੀਂ ਲੈਂਦਾ ਹੈ। ਨੌਜਵਾਨ ਲੜਕੀਆਂ ਵਿੱਚ ਜਿੰਮ ਜਾਣ ਦੀ ਪ੍ਰਵਿਰਤੀ, ਸ਼ਰਾਬ, ਮਨੀ ਪਲਾਂਟ, ਆਦਿ ਆਧੁਨਿਕਤਾ ਦਾ ਸੰਤਾਪ ਬਦ ਤੋਂ ਬਦਤਰ ਬਣਦਾ ਜਾ ਰਿਹਾ ਹੈ। ਮਰਦ ਔਰਤ ਨੂੰ ਖ਼ੁਸ਼ ਕਰਨ ਲਈ ਨਹੀਂ ਸਗੋਂ ਆਪਣੇ ਅਧੀਨ ਕਰਨ ਲਈ ਤੋਹਫ਼ੇ ਵਿੱਚ ਮੁੰਦਰੀ ਤੇ ਕੋਠੀ ਦਿੰਦਾ ਹੈ। ‘ਸਰਦਲ’ ਬਹੁਤ ਹੀ ਭਾਵਨਾਤਮਿਕ ਕਵਿਤਾ ਹੈ, ਜਿਸ ਵਿੱਚ ਮਰਦ ਆਪਣੀ ਹਓਮੈ ਦਾ ਸ਼ਿਕਾਰ ਹੈ ਤੇ ਔਰਤ ਨੂੰ ਪਤਿਆਉਂਦਾ ਹੈ ਪ੍ਰੰਤੂ ਔਰਤ ਸੰਜਮੀ ਹੁੰਦੀ ਚੁੱਪ ਰਹਿੰਦੀ ਹੈ, ਉਸ ਨੂੰ ਪਤਾ ਹੈ ਕਿ ਇਹ ਹੁਣ ਆਪਣੀ ਹਵਸ ਪੂਰੀ ਕਰਕੇ ਵਾਪਸ ਚਲਾ ਜਾਵੇਗਾ ਤੇ ਉਸਨੂੰ ਉਡੀਕ ਦੀ ਦਲਦਲ ਵਿੱਚ ਫਸਾ ਜਾਵੇਗਾ। ਪਿਆਰ ਦਾ ਛਲਾਵਾ ਔਰਤ ਨੂੰ ਮੰਝਧਾਰ ਵਿੱਚ ਲਟਕਾਈ ਰੱਖਦਾ ਹੈ। ਔਰਤ ਏਸੇ ਕਰਕੇ ਸ਼ਕਤੀਸ਼ਾਲੀ ਹੈ ਕਿ ਉਹ ਮਰਦ ਦੀ ਹਰ ਜ਼ਿਆਦਤੀ ਸਹਿ ਲੈਂਦੀ ਹੈ। ਮਰਦ ਆਪਣੀ ਖੁਦਗਰਜੀ ਲਈ ਔਰਤ ਦੀ ਖੂਬਸੂਰਤੀ ਦੀ ਪ੍ਰਸੰਸਾ ਦੇ ਪੁਲ ਬੰਨ੍ਹ ਦਿੰਦਾ ਹੈ। ਕਵੀ ਕਹਿੰਦਾ ਹੈ ਕਿ ਕਦੀ ਤਾਂ ਉਸਦੀ ਅੰਦਰਲੀ ਖੂਬਸੂਰਤੀ ਦੀ ਕਦਰ ਕਰ ਲਓ। ਭਾਵੇਂ ਔਰਤ ਕਿਤਨੀ ਹੀ ਮੁਸ਼ਕਲ ਵਿੱਚ ਹੋਵੇ ਉਹ ਹਮੇਸ਼ਾ ਹੰਝੂ ਲੁਕਾਉਂਦੀ ਰਹਿੰਦੀ ਹੈ। ਮਰਦ ਔਰਤ ਨੂੰ ਮੈਸਜ ਦੇ ਕੇ ਪਰਚਾਉਂਦਾ ਰਹਿੰਦਾ ਹੈ। ਸ਼ਾਇਰਾਂ ਨੂੰ ਲੇਖਕ ਉਨ੍ਹਾਂ ਦੀਆਂ ਔਰਤਾਂ ਸੰਬੰਧੀ ਸੋਚਾਂ ਤੇ ਟਕੋਰਾਂ ਕਰਦਾ ਹੈ। ਮਾਡਰਨ ਔਰਤਾਂ ਵਾਈਨ ਦਾ ਸੇਵਨ ਕਰਨ ਵਿੱਚ ਵੀ ਸ਼ਰਮ ਮਹਿਸੂਸ ਨਹੀਂ ਕਰਦੀਆਂ ਪ੍ਰੰਤੂ ਫਿਰ ਸ਼ੋਸ਼ਲਿਜ਼ਮ ਦੇ ਚਕਰ ਵਿੱਚ ਵਰਗਲਾਈਆਂ ਜਾਂਦੀਆਂ ਹਨ। ਸ਼ਰਾਬ ਤੇ ਸਿਗਰਟ ਮਰਦ ਦੇ ਸ਼ੌਕ ਤੇ ਔਰਤ ਦਾ ਨਾਸ ਕਰਦੇ ਹਨ। ਸ਼ਾਇਰ ਨੇ ਪਰਵਾਸੀ ਔਰਤਾਂ ਤੇ ਮਰਦਾਂ ਦੀਆਂ ਕਮਜ਼ੋਰੀਆਂ ਨੂੰ ਬਾਖ਼ੂਬੀ ਦਰਸਾਇਆ ਹੈ। ਪੁਸਤਕ ਵਿਚਲੇ ਕੁਝ ਚਿਤਰ ਔਰਤ ਦੀ ਮਾਨਸਿਕਤਾ ਅਤੇ ਕਵਿਤਾਵਾਂ ਅਰਥਾਂ ਬਾਰੇ ਸੰਕੇਤ ਕਰਦੇ ਹਨ। ਕੁਲ ਮਿਲਾਕੇ ਕਿਹਾ ਜਾ ਸਕਦਾ ਹੈ ਕਿ ਇਸ ਕਾਵਿ ਸੰਗ੍ਰਹਿ ਵਿੱਚ ਜਗਜੀਤ ਸਿੰਘ ਸੰਧੂ ਨੇ ਔਰਤਾਂ ਦੇ ਦਿਲ ਦੀ ਹੂਕ ਦਾ ਪ੍ਰਗਟਾਵਾ ਕੀਤਾ ਹੈ। ਭਵਿਖ ਵਿੱਚ ਕਵੀ ਤੋਂ ਹੋਰ ਬਿਹਤਰੀਨ ਕਾਵਿ ਸੰਗ੍ਰਹਿ ਦੀ ਉਮੀਦ ਕੀਤੀ ਜਾ ਸਕਦੀ ਹੈ।
 87 ਪੰਨਿਆਂ, ਸੁੰਦਰ ਮੁੱਖ ਕਵਰ, ਭਾਰਤ ਵਿੱਚ 225 ਰੁਪਏ ਤੇ ਪਰਵਾਸ ਵਿੱਚ 12 ਡਾਲਰ ਕੀਮਤ ਵਾਲਾ, ਤਾਪਸੀ  ਕਾਵਿ ਸੰਗ੍ਰਹਿ ਸ਼ਬਦਲੋਕ ਪਬਲੀਕੇਸ਼ਨਜ਼ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
 ujagarsingh48@yahoo.com