30 ਸਤੰਬਰ ਨੂੰ ਅਹੁਦਾ ਸੰਭਾਲਣ ਸਮੇਂ - ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਨਵੇਂ ਏਅਰ ਚੀਫ਼ ਮਾਰਸ਼ਲ ਨਿਯੁਕਤ - ਉਜਾਗਰ ਸਿੰਘ
ਪੰਜਾਬੀ/ਸਿੱਖ ਬਹਾਦਰ, ਦਲੇਰ, ਮਿਹਨਤੀ, ਸਿਰੜ੍ਹੀ, ਦ੍ਰਿੜ੍ਹ ਇਰਾਦੇ ਵਾਲੇ ਅਤੇ ਦੇਸ਼ ਭਗਤ ਹੁੰਦੇ ਹਨ। ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਸਮੇਂ ਅਤੇ ਦੇਸ਼ ਦੀਆਂ ਸਰਹੱਦਾਂ ਤੇ ਕੁਰਬਾਨੀਆਂ ਦੇਣ ਵਾਲੇ ਵੀ ਬਹੁਤੇ ਪੰਜਾਬੀ/ਸਿੱਖ ਹੀ ਹੁੰਦੇ ਹਨ। ਪੰਜਾਬੀਆਂ/ਸਿੱਖਾਂ ਨੂੰ ਦੇਸ਼ ਵਿੱਚ ਬਹੁਤ ਹੀ ਸਿਵਲ ਅਤੇ ਫ਼ੌਜ ਵਿੱਚ ਮਹੱਤਵਪੂਰਨ ਅਹੁਦਿਆਂ ਤੇ ਸੇਵਾ ਕਰਨ ਦਾ ਮਾਣ ਜਾਂਦਾ ਹੈ। ਫ਼ੌਜ ਵਿੱਚ ਸੇਵਾ ਨਿਭਾਉਣੀ ਪੰਜਾਬੀਆਂ/ਸਿੱਖਾਂ ਦਾ ਮਨਭਾਉਂਦਾ ਸ਼ੌਕ ਹੈ। ਦੇਸ਼ ਦੀ ਪ੍ਰਭੁਸਤਾ ਬਰਕਰਾਰ ਰੱਖਣਾ ਉਹ ਆਪਣਾ ਫ਼ਰਜ਼ ਸਮਝਦੇ ਹਨ। ਭਾਰਤੀ ਫ਼ੌਜ ਦੇ ਮੁੱਖੀ ਬਣਨ ਦਾ ਮਾਣ ਵੀ ਪੰਜਾਬੀਆਂ/ਸਿੱਖਾਂ ਨੂੰ ਮਿਲਦਾ ਰਿਹਾ ਹੈ। ਭਾਰਤੀ ਹਵਾਈ ਫ਼ੌਜ ਦੇ ਮੁੱਖੀ ਏਅਰ ਚੀਫ਼ ਮਾਰਸ਼ਲ ਦੇ ਵਕਾਰੀ ਅਹੁਦੇ ‘ਤੇ ਪਹਿਲਾਂ ਵੀ ਤਿੰਨ ਪੰਜਾਬੀ/ਸਿੱਖ ਅਧਿਕਾਰੀ ਏਅਰ ਮਾਰਸ਼ਲ ਅਰਜਨ ਸਿੰਘ, ਏਅਰ ਮਾਰਸ਼ਲ ਦਿਲਬਾਗ ਸਿੰਘ ਅਤੇ ਏਅਰ ਮਾਰਸ਼ਲ ਬੀਰੇਂਦਰ ਸਿੰਘ ਧਨੋਆ ਰਹੇ ਹਨ। ਪੰਜਾਬੀਆਂ/ਸਿੱਖਾਂ ਵਿੱਚੋਂ ਅਮਰਪ੍ਰੀਤ ਸਿੰਘ ਚੌਥੇ ਅਤੇ ਦੇਸ਼ ਦੇ 47ਵੇਂ ਏਅਰ ਚੀਫ਼ ਮਾਰਸ਼ਲ ਹਨ। ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਪੰਜ ਸਟਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਫ਼ੌਜ ਦੇ ਇੱਕੋ-ਇੱਕ ਅਧਿਕਾਰੀ ਹਨ। ਇਸ ਤੋਂ ਇਲਾਵਾ ਜਨਰਲ ਜੋਗਿੰਦਰ ਜਸਵੰਤ ਸਿੰਘ (ਜੇ.ਜੇ.ਸਿੰਘ), ਜਨਰਲ ਬਿਕਰਮ ਸਿੰਘ ਅਤੇ ਜਨਰਲ ਦਲਵੀਰ ਸਿੰਘ ਸੁਹਾਗ ਵੀ ਆਰਮੀ ਦੇ ਮੁੱਖੀ ਜਨਰਲ ਰਹੇ ਹਨ। ਲੈਫ਼ਟੀਨੈਂਟ ਜਨਰਲ ਵੀ ਬਹੁਤ ਸਾਰੇ ਪੰਜਾਬੀ/ਸਿੱਖ ਹੋਏ ਹਨ। ਅਮਰਪ੍ਰੀਤ ਸਿੰਘ ਦਾ ਆਪਣੀ ਏਅਰ ਫੋਰਸ ਦੀ ਨੌਕਰੀ ਦੌਰਾਨ ਬਿਹਤਰੀਨ ਯੋਗਦਾਨ ਰਿਹਾ। ਇਸ ਲਈ ਬਿਹਤਰੀਨ ਸੇਵਾਵਾਂ ਕਰਕੇ ਉਨ੍ਹਾਂ ਨੂੰ 2019 ਵਿੱਚ ਪਰਮ ਵਸ਼ਿਸ਼ਟ ਸੇਵਾ ਮੈਡਲ ਅਤੇ 2023 ਵਿੱਚ ਅਤੀ ਵਸ਼ਿਸ਼ਟ ਸੇਵਾ ਮੈਡਲ ਮਿਲੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਮਾਨਿਆ ਸੇਵਾ ਮੈਡਲ, ਸੈਨਿਆ ਸੇਵਾ ਮੈਡਲ ਅਤੇ 50ਵਾਂ ਇਨਡੀਪੈਂਡੈਂਸ ਮੈਡਲ ਮਿਲੇ ਹੋਏ ਹਨ। ਉਹ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ 30 ਸਤੰਬਰ ਨੂੰ ਹੋਣ ਵਾਲੀ ਦੀ ਸੇਵਾ ਮੁਕਤੀ ਤੋਂ ਬਾਅਦ ਸੰਸਾਰ ਦੀ ਚੌਥੀ ਸਭ ਤੋਂ ਵੱਡੀ ਏਅਰ ਫ਼ੋਰਸ ਦੀ ਕਮਾਂਡ ਸੰਭਾਲਣਗੇ। ਉਨ੍ਹਾਂ ਦੀ ਇਸ ਸਨਮਾਨ ਯੋਗ ਅਹੁਦੇ ‘ਤੇ ਨਿਯੁਕਤੀ ਪੰਜਾਬੀਆਂ/ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੂੰ ਫਰਵਰੀ 2023 ਵਿੱਚ ਵਾਈਸ ਏਅਰ ਚੀਫ਼ ਮਾਰਸ਼ਲ ਬਣਾਇਆ ਗਿਆ ਸੀ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਅਜਿਹੇ ਨਾਜ਼ੁਕ ਸਮੇਂ ਏਅਰ ਚੀਫ ਮਾਰਸ਼ਲ ਦਾ ਅਹੁਦਾ ਸੰਭਾਲਣ ਜਾ ਰਹੇ ਹਨ, ਜਦੋਂ ਆਧੁਨਿਕ ਸਮੇਂ ਦੀ ਲੋੜ ਅਨੁਸਾਰ ਏਅਰ ਫੋਰਸ ਦੀ ਮਾਡਰਨਾਈਜੇਸ਼ਨ ਕਰਨ ਦੀ ਅਤਿਅੰਤ ਲੋੜ ਹੈ। ਉਹ ਆਪਣੀ ਅਗਵਾਈ ਅਧੀਨ ਹਵਾਈ ਫ਼ੌਜ ਦੀ ਰਣਨੀਤੀ ਤਿਆਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਕੇ ਹਵਾਈ ਫ਼ੌਜ ਦੀ ਕਾਰਗੁਜ਼ਾਰੀ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦੀ ਸਮਰੱਥਾ ਰੱਖਣ ਵਾਲੇ ਮਾਹਿਰ ਏਅਰ ਮਾਰਸ਼ਲ ਹਨ। ਇੱਕ ਕਿਸਮ ਨਾਲ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਲਈ ਵੰਗਾਰ ਦਾ ਸਮਾਂ ਹੈ ਕਿਉਂਕਿ ਐਲ ਸੀ ਏ, ਐਸ ਕੇ-1ਏ (ਅਡਵਾਂਸ ਵੇਰੀਐਂਟ ਆਫ ਦਾ ਐਮ ਕੇ ਕਰਾਫਟ) ਟੈਸਟਿੰਗ ਪ੍ਰੋਗਰਾਮ ਵਿੱਚ ਦੇਰੀ ਹੋ ਗਈ ਹੈ। ਇੰਡੀਅਨ ਏਅਰ ਫੋਰਸ ਨੂੰ ਚਿੰਤਾ ਹੈ ਕਿ ਇਸ ਦੇ ਕੰਬੈਟ ਇਫੈਕਟਿਵਨੈਸ ਵਿੱਚ ਰਿਸਕ ਹੋ ਸਕਦਾ ਹੈ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਸੁਲਝੇ ਹੋਏ ਤਜਰਬੇਕਾਰ ਫਾਈਟਰ ਪਾਇਲਟ ਹਨ, ਇਸ ਲੲਂੀ ਉਹ ਮੌਕੇ ਦੀ ਨਜ਼ਾਕਤ ਅਨੁਸਾਰ ਕਦਮ ਚੁੱਕਣਗੇ। ਇਹ ਸਮਾਂ ਉਨ੍ਹਾਂ ਲਈ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਰਨ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਦਾ ਫਿਕਸਡ ਰੋਟਰੀ ਵਿੰਗ ਏਅਰ ਕਰਾਫਟ ਤੇ ਕਈ ਤਰ੍ਹਾਂ ਦੇ ਲੜਾਕੂ ਜ਼ਹਾਜਾਂ ਨੂੰ 5000 ਘੰਟੇ ਤੋਂ ਵੱਧ ਸਮਾਂ ਉੜਾਉਣ ਦਾ ਤਜ਼ਰਬਾ ਵੀ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਦੀ ਕਾਰਜ਼ਕੁਸ਼ਲਾ ਦਾ ਇੱਕ ਨਮੂਨਾ ਹੈ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਦਾ 38 ਸਾਲ ਦਾ ਬਿਹਤਰੀਨ ਫਲਾਇੰਗ ਕੈਰੀਅਰ ਹੈ। ਇਸ ਤੋਂ ਪਹਿਲਾਂ ਉਹ ਪ੍ਰਯਾਗਰਾਜ ਵਿੱਚ ਕੇਂਦਰੀ ਹਵਾਈ ਕਮਾਨ ਦੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼ ਸਨ। ਉਨ੍ਹਾਂ ਦਾ ਹਵਾਈ ਫ਼ੌਜ ਦਾ ਕੈਰੀਅਰ 21 ਦਸੰਬਰ 1984 ਨੂੰ ਸ਼ੁਰੂ ਹੋਇਆ ਸੀ, ਜਦੋਂ ਉਨ੍ਹਾਂ ਨੂੰ ਕਮਿਸ਼ਨ ਮਿਲਿਆ। ਉਸ ਤੋਂ ਬਾਅਦ ਉਹ ਆਪਣੀ ਯੋਗਤਾ ਕਰਕੇ ਲਗਾਤਾਰ ਤਰੱਕੀਆਂ ਪ੍ਰਾਪਤ ਕਰਦੇ ਰਹੇ ਹਨ। ਉਹ 21 ਦਸੰਬਰ 1985 ਨੂੰ ਫਲਾਇੰਗ ਆਫ਼ੀਸਰ ਅਤੇ 4 ਸਾਲ ਬਾਅਦ 21 ਦਸੰਬਰ 1989 ਨੂੰ ਫਲਾਈਟ ਲੈਫਟੀਨੈਂਟ, 21 ਦਸੰਬਰ 1995 ਨੂੰ ਸਕੁਐਡਰਨ ਲੀਡਰ, 14 ਮਈ 2001 ਨੂੰ ਵਿੰਗ ਕਮਾਂਡਰ, 5 ਨਵੰਬਰ 2007 ਨੂੰ ਗਰੁਪ ਕੈਪਟਨ, 30 ਦਸੰਬਰ 2010 ਨੂੰ ਐਕਟਿੰਗ ਤੇ 1 ਅਪ੍ਰੈਲ 2011 ਨੂੰ ਏਅਰ ਕਮੋਡੋਰ, 1 ਅਗਸਤ 2016 ਨੂੰ ਏਅਰ ਵਾਈਸ ਮਾਰਸ਼ਲ, 1 ਫਰਵਰੀ 2021 ਨੂੰ ਏਅਰ ਮਾਰਸ਼ਲ ਅਤੇ 30 ਸਤੰਬਰ 2024 ਨੂੰ ਬਾਅਦ ਦੁਪਹਿਰ ਏਅਰ ਚੀਫ਼ ਮਾਰਸ਼ਲ ਦਾ ਵਕਾਰੀ ਅਹੁਦਾ ਸੰਭਾਲਣ ਜਾ ਰਹੇ ਹਨ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਮਹੱਤਵਪੂਰਨ ਵੰਗਾਰ ਵਾਲੀਆਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦਿਆਂ ਹਮੇਸ਼ਾ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਆਪਣੇ ਕੈਰੀਅਰ ਦੌਰਾਨ ਇੱਕ ਆਪ੍ਰੇਸ਼ਨਲ ਫਾਈਟਰ ਸਕੁਐਡਰਨ ਅਤੇ ਇੱਕ ਫਰੰਟ ਲਾਈਨ ਏਅਰ ਬੇਸ ਦੀ ਕਮਾਨ ਸੰਭਾਲੀ ਹੈ। ਇੱਕ ਪ੍ਰੀਖਣ ਪਾਇਲਟ ਦੇ ਰੂਪ ਵਿੱਚ ਉਨ੍ਹਾਂ ਨੇ ਮਾਸਕੋ ਵਿੱਚ ਮਿਗ-29 ਫਾਈਟਰ ਅਪਗ੍ਰੇਡ ਪ੍ਰਾਜੈਕਟ ਪ੍ਰਬੰਧਨ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਵੀ ਕਈ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਬਾਖ਼ੂਬੀ ਨਾਲ ਨਿਭਾਇਆ ਹੈ। ਉਹ ਸਵਦੇਸ਼ੀ ਤੇਜਸ ਲਾਈਟ ਕੰਬੈਟ ਏਅਰ ਕ੍ਰਾਫ਼ਟ ਦੇ ਪ੍ਰਾਜੈਕਟ ਡਾਇਰੈਕਟਰ (ਫਲਾਈਟ ਟੈਸਟ) ਵੀ ਸਨ। ਅਮਰਪ੍ਰੀਤ ਸਿੰਘ ਨੂੰ ਸਵਦੇਸ਼ੀ ਤੇਜਸ ਜਹਾਜ ਨੂੰ ਉੜਾਉਣ ਦਾ ਵੀ ਮਾਣ ਜਾਂਦਾ ਹੈ। ਉਹ ਸੀਨੀਅਰ ਏਅਰ ਸਟਾਫ ਆਫੀਸਰ ਈਸਟਰਨ ਏਅਰ ਕਮਾਂਡ ਅਤੇ ਏਅਰ ਡਿਫੈਂਸ ਕਮਾਂਡਰ ਸਾਊਥ ਵੈਸਟਰਨ ਵਿਖੇ ਰਹੇ ਹਨ। ਉਹ ਏਅਰ ਕਮਾਂਡ ਕੁਆਲੀਫਾਈਡ ਫਲਾਇੰਗ ਇਨਸਟਰਕਟਰ ਅਤੇ ਤਜਰਬੇਕਾਰ ਪਾਇਲਟ ਹਨ। ਵਿੰਗ ਕਮਾਂਡਰ ਹੁੰਦਿਆਂ ਉਨ੍ਹਾਂ ਨੇ 2 ਏਅਰ ਡਿਫੈਂਸ ਕੰਟਰੋਲ ਸੈਂਟਰ ਦੀ 22 ਸਕੁਐਡਰਨ ਦੀ ਅਗਵਾਈ ਕੀਤੀ ਹੈ। ਵਾਈਸ ਏਅਰ ਮਾਰਸ਼ਲ ਦੀ ਤਰੱਕੀ ਤੋਂ ਬਾਅਦ ਉਨ੍ਹਾਂ ਬਤੌਰ ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਫਲਾਈਟ ਟੈਸਟ ਸੈਂਟਰ, ਐਰੋਨਾਟੀਕਲ ਡਿਵੈਲਪਮੈਂਟ ਏਜੰਸੀ ਅਤੇ ਏਅਰ ਆਫੀਸਰ ਕਮਾਂਡਿੰਗ ਆਫ 2 ਏਅਰ ਡੀਫੈਂਸ ਕੰਟਰੋਲ ਸੈਂਟਰ ਗਾਂਧੀਨਗਰ ਦੀ ਅਗਵਾਈ ਕੀਤੀ ਹੈ। ਏਅਰ ਮਾਰਸ਼ਲ ਬਣਨ ਤੋਂ ਬਾਅਦ ਉਨ੍ਹਾਂ ਨੂੰ ਸੀਨੀਅਰ ਸਟਾਫ ਆਫੀਸਰ ਆਫ ਈਸਟਰਨ ਏਅਰ ਕਮਾਂਡ ਸੀਲੌਂਗ ਨਿਯੁਕਤ ਕੀਤਾ ਗਿਆ। 1 ਜੁਲਾਈ 2022 ਨੂੰ ਉਨ੍ਹਾਂ ਨੇ ਏਅਰ ਆਫੀਸਰ ਕਮਾਂਡਿੰਗ-ਇਨ-ਚੀਫ ਸੈਂਟਰਲ ਏਅਰ ਕਮਾਂਡ ਦਾ ਅਹੁਦਾ ਏਅਰ ਮਾਰਸ਼ਲ ਰਿਚਰਡ ਜੌਹਨ ਡਕਵਰਥ ਤੋਂ ਬਾਅਦ ਸੰਭਾਲਿਆ। ਵਾਈਸ ਚੀਫ਼ ਏਅਰ ਸਟਾਫ ਹੁੰਦੇ ਹੋਏ ਮਲਟੀਨੈਸ਼ਨਲ ਏਅਰ ਐਕਸਰਸਾਈਜ ਤਰੰਗ ਸ਼ਕਤੀ ਦੇ ਮੌਕੇ ਤੇ ਮੋਹਰੀ ਦੀ ਭੂਮਿਕਾ ਨਿਭਾਈ। ਚੀਨ ਦੀ ਸਰਹੱਦ ‘ਤੇ ਤਣਾਅ ਦੀ ਸਥਿਤੀ ਸਮੇਂ ਅਰੁਣਾਚਲ ਦੇ ਨੇੜੇ ਭਾਰਤੀ ਸਰਹੱਦ ‘ਤੇ ਜੋ ਭਾਰਤੀ ਹਵਾਈ ਜਹਾਜ ਤਾਇਨਾਤ ਕੀਤੇ ਗਏ ਉਨ੍ਹਾਂ ਦੀ ਅਗਵਾਈ ਅਮਰਪ੍ਰੀਤ ਸਿੰਘ ਕਰਦੇ ਰਹੇ। ਹਰ ਨਾਜ਼ਕ ਸਥਿਤੀ ਮੌਕੇ ਉਨ੍ਹਾਂ ਨੇ ਬਾਖ਼ੂਬੀ ਆਪਣੇ ਫ਼ਰਜ ਨਿਭਾਏ। ਉਹ ਸ਼ਾਂਤੀ ਜਾਂ ਯੁਧ ਦੀ ਸਥਿਤੀ ਵਿੱਚ ਰਣਨੀਤੀ ਤਿਆਰ ਕਰਨ ਦੇ ਵੀ ਮਾਹਿਰ ਗਿਣੇ ਜਾਂਦੇ ਹਨ।
ਅਮਰਪ੍ਰੀਤ ਸਿੰਘ ਦਾ ਜਨਮ 27 ਅਕਤੂਰ 1964 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਐਸ.ਬੀ.ਐਮ ਸਕੂਲ ਦਿੱਲੀ ਤੋਂ ਕੀਤੀ ਸੀ। ਉਹ ਆਪਣੀ ਪੜ੍ਹਾਈ ਵਿੱਚ ਸੰਜੀਦਾ ਤੇ ਹੁਸ਼ਿਆਰ ਵਿਦਿਆਰਥੀਆਂ ਵਿੱਚ ਗਿਣੇ ਜਾਂਦੇ ਸਨ। ਸਕੂਲ ਦੀ ਪੜ੍ਹਾਈ ਤੋਂ ਬਾਅਦ ਉਹ ਏਅਰ ਫੋਰਸ ਦੀ ਫਾਈਟਰ ਪਾਇਲਟ ਸਟਰੀਮ ਵਿੱਚ ਭਰਤੀ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨੈਸ਼ਨਲ ਡਿਫੈਂਸ ਅਕਾਡਮੀ ਖੜਕਵਾਸਲਾ, ਏਅਰ ਫੋਰਸ ਅਕਾਡਮੀ ਡੂੰਡੀਗਲ, ਡਿਫ਼ੈਸ ਸਰਵਿਸਜ ਸਟਾਫ ਕਾਲਜ ਵÇਲੰਗਟਨ ਅਤੇ ਨੈਸ਼ਨਲ ਡਿਫੈਸ ਕਾਲਜ ਦਿੱਲੀ ਤੋਂ ਵੀ ਸਿਖਿਆ ਪ੍ਰਾਪਤ ਕੀਤੀ। ਅਮਰਪ੍ਰੀਤ ਸਿੰਘ ਦਾ ਵਿਆਹ ਸਰੀਤਾ ਸਿੰਘ ਨਾਲ ਹੋਇਆ । ਉਨ੍ਹਾਂ ਦੇ ਇੱਕ ਲੜਕਾ ਅਤੇ ਲੜਕੀ ਹੈ।
ਤਸਵੀਰ: ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com