ਨੌਜਵਾਨ ਪੀੜ੍ਹੀ ਦਾ ਅੰਤ - ਗੌਰਵ ਧੀਮਾਨ

ਨੌਜਵਾਨ ਪੀੜ੍ਹੀ ਦਾ ਅੰਤ ਜਲਦੀ ਹੀ ਹੋ ਰਿਹਾ ਹੈ। ਪੰਜਾਬ ਦੇ ਹਰ ਵਰਗ ' ਚ ਨਸ਼ਾ ਵਿਕਾਊ ਸ਼ਰ੍ਹੇਆਮ ਚੱਲਦਾ ਹੈ ਜਿੱਥੇ ਪੁਲਿਸ ਪ੍ਰਸ਼ਾਸ਼ਨ ਹੱਥ ਉੱਤੇ ਹੱਥ ਧਰ ਗਲੀਆਂ ਵਿੱਚ ਘੁੰਮਣਘੇਰੀ ਕਰ ਰਹੀ ਹੈ। ਜਿਸ ਥਾਂ ਤੋਂ ਨਸ਼ਾ ਤਸਕਰ ਨੂੰ ਫੜ੍ਹਿਆ ਜਾ ਸਕਦਾ ਹੈ ਉਸ ਥਾਂ ਜਾਣ ਦਾ ਪੁਲਿਸ ਕੋਲ਼ ਵਕ਼ਤ ਨਹੀਂ ਹੈ। ਸਰਕਾਰਾਂ ਦੇ ਬੋਲ ਮੁਤਾਬਿਕ ਦੁਕਾਨਾਂ ਦੇ ਅੱਗੇ ਲੱਗੇ ਬੋਰਡ ਹਟਾਉਣ ਦਾ ਕੰਮ ਪੁਲਿਸ ਪ੍ਰਸ਼ਾਸ਼ਨ ਬਾਖੂਬੀ ਕਰਨਾ ਜਾਣਦੀ ਹੈ। ਇੱਥੋਂ ਹੀ ਗੱਲ ਖ਼ਤਮ ਨਹੀਂ ਹੁੰਦੀ.. ਫ਼ਾਲਤੂ ਦੀ ਬਹਿਸ ਬਸਾਈ ਤੇ ਬੇਗੁਨਾਹਾਂ ਉੱਤੇ ਝੂਠੇ ਪਰਚੇ ਆਮ ਤੌਰ ' ਤੇ ਪੁਲਿਸ ਪ੍ਰਸ਼ਾਸ਼ਨ ਕਰਦੀ ਨਜ਼ਰ ਵੀ ਆਉਂਦੀ ਹੈ। ਜਿੱਥੇ ਹਰ ਘਰ ਦਾ ਦੀਵਾ ਬੁੱਝ ਰਿਹਾ ਹੈ ਉੱਥੇ ਪੁਲਿਸ ਨੂੰ ਆਪਣੀ ਡਿਊਟੀ ਨਜ਼ਰ ਨਹੀਂ ਆਉਂਦੀ ਹੈ। ਸਰਕਾਰਾਂ ਦੇ ਬਿਆਨ ਕਿੰਨੇ ਸਹੀ ਹਨ ਕਿੰਨੇ ਗਲਤ ਇਸਦਾ ਪਤਾ ਲਗਾਉਣ ਦੀ ਕੋਈ ਲੋੜ ਨਹੀਂ...ਜਿੱਥੇ ਨਸ਼ਾ ਤਸਕਰ ਨੂੰ ਖੁੱਲ੍ਹ ਹੋਵੇ ਉਥੇ ਸਰਕਾਰਾਂ ਦਾ ਰਲਿਆ ਮਿਲਿਆ ਰਹਿਣਾ ਨਜਾਇਜ਼ ਹੈ। ਇਸ ਲਈ ਸਰਕਾਰਾਂ ਵੱਲ ਤੰਦ ਕੱਸਣ ਨਾਲੋਂ ਚੰਗਾ ਹੈ ਆਪਣੀ ਇੱਕ ਲਹਿਰ ਬਣਾਓ ਕਿ ਪੰਜਾਬ ਦੇ ਇੱਕ ਪਿੰਡ ਤੋਂ ਨਸ਼ਾ ਮੁੱਕੇ ਤੇ ਸਾਰੇ ਪਿੰਡ ਇੱਕ ਹੋ ਜਾਵਣ। ਜਿਸ ਨਾਲ ਪੰਜਾਬ ਦੇ ਹਰ ਵਰਗ ' ਚ ਨਸ਼ਾ ਤਸਕਰ ਖ਼ਤਮ ਹੋ ਜਾਵੇਗਾ।
            ਨਸ਼ਿਆਂ ਦਾ ਦੌਰ ਤਾਂ ਮੁੱਦਤਾਂ ਤੋਂ ਚੱਲਦਾ ਆ ਰਿਹਾ ਹੈ ਤੇ ਸਰਕਾਰਾਂ ਦੇ ਬੋਲਾਂ ਵਿੱਚ ਰੋਜ਼ ਆ ਸੁਣਨ ਵਿੱਚ ਆਉਂਦਾ ਹੈ ਕਿ ਨਸ਼ਾ ਤਸਕਰਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਹੁਣ ਤੱਕ ਇਹੋ ਜਾ ਕੁਝ ਵੀ ਨਹੀਂ ਹੋਇਆ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਬਚੀ ਹੋ। ਸ਼ਰਾਬ ਦੇ ਠੇਕੇ ਸ਼ਰ੍ਹੇਆਮ ਚੱਲਦੇ ਹਨ ਤੇ ਹਰ ਥਾਂ ਨਸ਼ਾ ਤਸਕਰ ਖੜ੍ਹਾ ਹੈ। ਜਦੋਂ ਇਹ ਸਭ ਸ਼ਰ੍ਹੇਆਮ ਚੱਲ ਰਿਹਾ ਹੈ ਤਾਂ ਫਿਰ ਇਸਨੂੰ ਰੋਕਿਆ ਕਿਉਂ ਨਹੀਂ ਜਾਂਦਾ ਹੈ। ਸ਼ਰਾਬ ਦੇ ਠੇਕੇ ਸੁਣਨ ਵਿੱਚ ਆਇਆ ਹੈ ਕਿ ਸਰਕਾਰਾਂ ਵੱਲੋਂ ਹੀ ਨਿਯੁੱਕਤ ਕੀਤੇ ਜਾਂਦੇ ਹਨ ਜਿਹਨਾਂ ਕੋਲ਼ ਬਕਾਇਦਾ ਲਾਇਸੈਂਸ ਹੁੰਦਾ ਹੈ। ਜੋ ਸਮਾਜ ਲਈ ਗੰਦਗੀ ਹੈ ਤੇ ਇਨਸਾਨ ਦੇ ਜਿਊਣਯੋਗ ਨਹੀਂ ਹੈ ਇਸਨੂੰ ਬੰਦ ਕਰਵਾ ਦੇਣਾ ਚਾਹੀਦਾ ਹੈ। ਜੋ ਸਰਕਾਰਾਂ ਨੇ ਫ਼ਾਲਤੂ ਦੇ ਲਾਇਸੈਂਸ ਤਿਆਰ ਕੀਤੇ ਹਨ ਜਿਹਨਾਂ ਨਾਲ ਇਨਸਾਨ ਦੀ ਮੌਤ ਹੈ ਉਸਨੂੰ ਰੱਦ ਕਰ ਦੇਣਾ ਚਾਹੀਦਾ ਹੈ। ਸਮਾਜ ਵਿੱਚ ਇਸਦਾ ਅਸਰ ਸਭ ਤੋਂ ਬੁਰਾ ਹੈ।
            ਸਰਕਾਰਾਂ ਦੇ ਆਦੇਸ਼ ਮੁਤਾਬਿਕ ਕੋਈ ਵੀ ਕੰਮ ਸਾਲੋਂ ਸਾਲ ਨਹੀਂ ਚੱਲਦਾ ਹੈ। ਸਰਕਾਰਾਂ ਦੇ ਬਣਾਏ ਨਿਯਮ ਇੱਕ ਦੋ ਦਿਨ ਲਈ ਬਰਕਰਾਰ ਰਹਿੰਦੇ ਹਨ ਤੇ ਤੀਜੇ ਦਿਨ ਜਾ ਬਦਲ ਜਾਂਦੇ ਹਨ। ਸਰਕਾਰ ਤਾਂ ਆਪ ਨਿਯਮ ਅਨੁਸਾਰ ਨਹੀਂ ਚੱਲਦੀ ਫਿਰ ਕਿਵੇਂ ਸਰਕਾਰ ਨੌਜਵਾਨ ਪੀੜ੍ਹੀ ਨੂੰ ਬਚਾ ਲਵੇਗੀ। ਪੁਲਿਸ ਅਫ਼ਸਰ ਮਹਿਲਾਂ ਜੋ ਕਿ ਇੱਕ ਵੱਡੀ ਅਫ਼ਸਰ ਹੈ। ਜਿਸਨੂੰ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਸਮਾਜ ਵਿੱਚ ਗ਼ੈਰ ਕਾਨੂੰਨੀ ਕੰਮ ਨੂੰ ਬੰਦ ਕੀਤਾ ਜਾਵੇ। ਉਹ ਆਪਣੀ ਡਿਊਟੀ ਨਿਭਾਉਣ ਲਈ ਤੀਹ ਤੋਂ ਚਾਲੀ ਪੁਲਿਸ ਬਲ ਲੈ ਕੇ ਤੁਰ ਪੈਂਦੀ ਹੈ। ਜੋ ਵੀ ਦੁਕਾਨਦਾਰ ਆਪਣੀ ਰੋਜ਼ੀ ਰੋਟੀ ਉੱਤੇ ਬੈਠਾ ਹੁੰਦਾ ਹੈ ਉਸਦੀ ਦੁਕਾਨ ਨੂੰ ਉਜਾੜ ਕੇ ਕਹਿ ਦਿੱਤਾ ਜਾਂਦਾ ਹੈ ਕਿ ਆਉਂਦੇ ਜਾਂਦੇ ਪ੍ਰਸ਼ਾਸ਼ਨ ਨੂੰ ਪ੍ਰੇਸ਼ਾਨੀ ਹੁੰਦੀ ਹੈ ਤੇ ਇਹ ਗ਼ੈਰ ਕਾਨੂੰਨੀ ਹੈ। ਸੜਕ ਦੇ ਕਿਨਾਰੇ ਉੱਤੇ ਕਿਸੇ ਦਾ ਵੀ ਰੇਹੜੀ ਠੇਲਾ ਨਹੀਂ ਹੋਣਾ ਚਾਹੀਦਾ ਹੈ।
            ਪੁਲਿਸ ਪ੍ਰਸ਼ਾਸ਼ਨ ਦੀ ਸਖ਼ਤੀ ਵੇਖ ਦੁਕਾਨਦਾਰਾਂ ਵਿੱਚ ਭਾਰੀ ਹੰਗਾਮਾ ਵੀ ਹੁੰਦਾ ਹੈ ਤੇ ਤਿੱਖੀ ਬਹਿਸ ਵੀ ਹੁੰਦੀ ਹੈ। ਪੁਲਿਸ ਅਫ਼ਸਰ ਆਪਣਾ ਪੁਰਾ ਜੋਰ ਲਗਾਉਂਦੇ ਹਨ ਤੇ ਨਜ਼ਾਇਜ ਕਾਰਵਾਈ ਵੀ ਕਰਦੇ ਹਨ। ਗ਼ਰੀਬ ਦੁਕਾਨਦਾਰ ਹੱਥ ਜੋੜਦੇ ਵੀ ਹਨ ਪਰ ਪੁਲਿਸ ਕਿਸੇ ਦੀ ਨਹੀਂ ਸੁਣਦੀ। ਜੋ ਥਾਂ ਨਸ਼ਾ ਤਸਕਰ ਨੇ ਲਈ ਹੈ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖ਼ਤਮ ਕਰ ਰਹੀ ਹੈ ਉਸਨੂੰ ਰੋਕਣ ਦੀ ਥਾਂ ਪੁਲਿਸ ਬੇਗੁਨਾਹਾਂ ' ਤੇ ਪਰਚੇ ਪਾਉਂਦੀ ਹੈ। ਜਿਸਦੇ ਚੱਲਦੇ ਆਮ ਲੋਕਾਂ ਨੂੰ ਵਧੇਰੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
             ਨਸ਼ੇ ਨੇ ਨੌਜਵਾਨ ਪੀੜ੍ਹੀ ਨੂੰ ਖੋਖਲਾ ਕਰ ਦਿੱਤਾ ਹੈ। ਜਿਸ ਕਰਕੇ ਉਹ ਦਿਨਦਿਹਾੜੇ ਕਿਸੇ ਵੀ ਔਰਤ ਤੋਂ ਸੋਨਾ,ਚਾਂਦੀ ਖੋਹ ਫ਼ਰਾਰ ਹੋ ਜਾਂਦੇ ਹਨ। ਜਿਹਨਾਂ ਨੂੰ ਪੁਲਿਸ ਦਾ ਕੋਈ ਖੌਫ ਵੀ ਨਹੀਂ ਹੁੰਦਾ ਹੈ। ਨਸ਼ਾ ਤਸਕਰਾਂ ਦਾ ਇੰਝ ਪੰਜਾਬ ਵਿੱਚ ਪੈਦਾ ਹੁੰਦਾ ਰਹਿਣਾ ਹੀ ਨੌਜਵਾਨ ਪੀੜ੍ਹੀ ਦਾ ਅੰਤ ਹੈ। ਜਿਸ ਥਾਂ ਨਸ਼ਾ ਰੋਕ ਦੀ ਆਵਾਜ਼ ਚੁੱਕੀ ਜਾਂਦੀ ਹੈ ਉਸ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ ਤੇ ਉਸ ਉੱਤੇ ਝੂਠੀ ਕਾਰਵਾਈ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸ਼ਨ ਕੰਮ ਕਰ ਰਿਹਾ ਹੈ ਉਸ ਤਰ੍ਹਾਂ ਕਦੇ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ। ਜੋ ਸਰਕਾਰ ਦੇ ਫ਼ੈਸਲੇ ਹਨ ਉਸ ਵਿੱਚ ਕੋਈ ਖ਼ਾਸ ਨਤੀਜ਼ਾ ਨਜ਼ਰ ਨਹੀਂ ਆਉਂਦਾ ਹੈ। ਉਹਨਾਂ ਦੇ ਫ਼ੈਸਲਿਆਂ ਵਿੱਚ ਨਸ਼ਾ ਤਸਕਰਾਂ ਨੂੰ ਪੂਰੀ ਖੁੱਲ੍ਹ ਲੱਗਦੀ ਹੈ ਤੇ ਦੂਜੇ ਪਾਸੇ ਹਰ ਦੁਕਾਨਦਾਰ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਵਿੱਚ ਉਹਨਾਂ ਦਾ ਵਧੇਰੇ ਨੁਕਸਾਨ ਵੀ ਹੁੰਦਾ ਹੈ। ਪੰਜਾਬ ਦੇ ਹਰ ਕਸਬੇ ਵਿੱਚੋਂ ਨਸ਼ਾ ਮੁਕਤ ਦੀ ਆਵਾਜ਼ ਚੁੱਕਣੀ ਚਾਹੀਦੀ ਹੈ ਤੇ ਪੁਲਿਸ ਪ੍ਰਸ਼ਾਸ਼ਨ ਦੀ ਤਾਨਾਸ਼ਾਹੀ ਨੂੰ ਰੋਕ ਕੇ ਉਹਨਾਂ ਨੂੰ ਖ਼ਾਸ ਨਸ਼ਾ ਤਸਕਰਾਂ ਨੂੰ ਫੜ੍ਹਨ ਦਾ ਫ਼ਰਜ਼ ਦੱਸਣਾ ਚਾਹੀਦਾ ਹੈ।
ਗੌਰਵ ਧੀਮਾਨ
ਚੰਡੀਗੜ੍ਹ ਜ਼ੀਰਕਪੁਰ
ਸਪੰਰਕ 7626818016