ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

30.09.2024

ਮੈਂ ਜੋ ਵੀ ਹਾਂ, ਉਸ ‘ਚ ਹਰਿਆਣਾ ਦਾ ਵੱਡਾ ਯੋਗਦਾਨ ਹੈ- ਪ੍ਰਧਾਨ ਮੰਤਰੀ ਮੋਦੀ

ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ।

ਸ਼ੰਭੂ ਬਾਰਡਰ ਬੰਦ ਹੋਣ ਨਾਲ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹੈ- ਖੱਟਰ

ਖੱਟਰ ਸਾਹਿਬ ਤੁਹਾਡੇ ਹੀ ਬੀਜੇ ਹੋਏ ਕੰਡੇ ਹਨ।

ਭਾਰਤ ਭੂਸ਼ਨ ਮਾਮਲੇ ‘ਚ ਈ.ਡੀ. ਨੇ ਉਸ ਦੀ ਕਰੋੜਾਂ ਰੁਪਏ ਦੀ ਜਾਇਦਾਦ ਕੀਤੀ ਕੁਰਕ-ਇਕ ਖ਼ਬਰ

ਇਨ੍ਹਾਂ ਸੁਹਣਿਆਂ ਮੂੰਹਾਂ ‘ਤੇ ਖ਼ਾਕ ਪੈਣੀ, ਕੁੰਡੇ ਲੱਗਣੇ ਅੰਤ ਹਵੇਲੀਆਂ ਨੂੰ

ਕਾਂਗਰਸੀ ਕੌਂਸਲਰਾਂ ਨੂੰ ਭਾਜਪਾ ‘ਚ ਸ਼ਾਮਲ ਹੋਣ ਵੇਲੇ ਗੰਗਾ ਜਲ ਅਤੇ ਗਊ ਮੂਤਰ ਛਿੜਕ ਕੇ ਸ਼ੁੱਧ ਕੀਤਾ ਗਿਆ- ਇਕ ਖ਼ਬਰ

ਡਿਜੀਟਲ ਇੰਡੀਆ ਜ਼ਿੰਦਾਬਾਦ

ਪਸ਼ੂ ਪਾਲਣ ਵਿਭਾਗ ਨੇ ਗਊ ਭਲਾਈ ਕੈਂਪ ਲਗਾਇਆ- ਇਕ ਖ਼ਬਰ

ਬਾਕੀ ਪਸ਼ੂਆਂ ਨੇ ਕੀ ਜ਼ੁਰਮ ਕਰ ਲਿਆ ਬਈ?

ਸਿੰਗਾਪੁਰ ਦੇ ਭਾਰਤੀ ਮੂਲ ਦੇ ਸਾਬਕਾ ਮੰਤਰੀ ਈਸ਼ਵਰਨ ਦੋਸ਼ੀ ਕਰਾਰ- ਇਕ ਖ਼ਬਰ

ਰੁਕਨਦੀਨਾ ਨਾ ਆਦਤਾਂ ਜਾਂਦੀਆਂ ਨੇ, ਜਾਈਏ ਸਿੰਘਾਪੁਰ ਭਾਵੇਂ ਚੀਨ ਮੀਆਂ।

ਅੰਮ੍ਰਿਤਸਰ ਦੇ ਜੱਜ ਨੂੰ ‘ਹਾਈਕੋਰਟ ਵਲੋਂ ਝਾੜ’ - ਇਕ ਖ਼ਬਰ

ਦੋ ਪਈਆਂ ਕਿਧਰ ਗਈਆਂ, ਸਦਕਾ ਢੂਈ ਦਾ।

ਹੁਣ ਸ਼੍ਰੋਮਣੀ ਕਮੇਟੀ ਨੇ ਸੌਦਾ ਸਾਧ ਦੇ ਸਵਾਂਗ ਕੇਸ ਨੂੰ ਰੱਦ ਕਰਨ ਦੀ ਵਿਰੋਧਤਾ ਕੀਤੀ- ਇਕ ਖ਼ਬਰ

ਬੜੀ ਦੇਰ ਕਰ ਦੀ ਮੇਹਰਬਾਂ ਆਤੇ ਆਤੇ।

ਇੰਦੌਰ ‘ਚ ਗੁਰਦੁਆਰਾ ਚੋਣਾਂ ਨੂੰ ਲੈ ਕੇ ਭਖਿਆ ਵਿਵਾਦ, ਕੁਲੈਕਟਰ ਨੂੰ ਸ਼ਿਕਾਇਤ- ਇਕ਼ ਖ਼ਬਰ

ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।

ਇਕ ਪਰਵਾਰ ਦੀ ਪਾਰਟੀ, ਅਕਾਲੀ ਦਲ ਦਾ ਇੰਜਨ ਬਦਲਣ ਦੀ ਲੋੜ- ਭਗਵੰਤ ਮਾਨ

ਇੰਜਨ ਤਾਂ ਤੁਹਾਡਾ ਵੀ ਬਦਲਣ ਦੀਆਂ ਕਨਸੋਆਂ ਹਵਾ ਵਿਚ ਤੈਰ ਰਹੀਆਂ, ਬਈ।

ਬਾਬਾ ਫਰੀਦ ਸਾਹਿਤ ਮੇਲੇ ‘ਚ 30 ਲੱਖ ਦੀਆਂ ਕਿਤਾਬਾਂ ਖ਼ਰੀਦੀਆਂ ਪੰਜਾਬੀਆਂ ਨੇ- ਇਕ ਖ਼ਬਰ

ਅਜੇ ਕਹਿੰਦੇ ਪੰਜਾਬੀ ਕਿਤਾਬਾਂ ਨਹੀਂ ਪੜ੍ਹਦੇ।

ਭਾਰਤ ‘ਚ ਪੈਰਾਸੀਟਾਮੋਲ ਸਮੇਤ 53 ਦਵਾਈਆਂ ਕੁਆਲਿਟੀ ਦੇ ਟੈਸਟ ‘ਚ ਫੇਲ੍ਹ- ਇਕ ਖ਼ਬਰ

ਖੂਹ ਟੋਭੇ ਤੇਰੀ ਚਰਚਾ ਹੁੰਦੀ, ਚਰਚਾ ਨਾ ਕਰਵਾਈਏ।

ਕੇਜਰੀਵਾਲ ਨੇ ਹੰਝੂਆਂ ਨਾਲ ਲਿਖ ਕੇ ਚਿੱਠੀ ਮੋਹਨ ਭਾਗਵਤ ਨੂੰ ਪਾਈ- ਇਕ ਖ਼ਬਰ

ਦੁੱਖ ਮਿੱਤਰਾਂ ਕੋਲ਼ ਰੋਵਾਂ, ਕੰਤ ਨਿਆਣੇ ਦਾ।

ਜੇ ਮੈਂ ਰਾਸ਼ਟਰਪਤੀ ਬਣ ਗਿਆ ਤਾਂ ਯੂਕਰੇਨ-ਰੂਸ ਯੁੱਧ ਰੁਕਵਾ ਦਿਆਂਗਾ- ਟਰੰਪ

ਨਹੀਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ।

ਟਰੂਡੋ ਖ਼ਿਲਾਫ਼ ਬੇਭਰੋਸਗੀ ਦਾ ਮਤਾ ਠੁੱਸ ਹੋ ਗਿਆ, ਬਚ ਗਈ ਸਰਕਾਰ- ਇਕ ਖ਼ਬਰ

ਬਾਜ਼ੀ ਮਾਰ ਗਿਆ ਬਠਿੰਡੇ ਵਾਲ਼ਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ।

=================================================