ਇਨਕਲਾਬ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਇਨਕਲਾਬ ਤਾਂ ਆਕੇ ਚਲਾ ਗਿਆ,
ਹੁਣ ਫ਼ੇਰ ਨ੍ਹੀਂ ਆਉਣਾ,
ਛੱਡ ਦਿਓ ਲੋਕੋ ਇਸ ਦਾ ਨਾਹਰਾ,
ਹੁਣ ਗਰਜਮਾ ਲਾਉਣਾ।

ਇਹ ਸੀ ਇੱਕ ਛਲਾਵਾ ਜੋ ਕਦੀ,
ਹੱਥ ਨਹੀਂ ਮੁੜ ਆਉਣਾ,
ਜੋ ਹਕੀਕਤ ਨਾ ਬਣ ਸਕਿਆ,
ਹੁਣ ਪਿਆ ਸਭ ਨੂੰ ਪਛਤਾਉਣਾ।

ਫ਼ਲਸਫ਼ੇ ਹੀ ਘੜਦਾ ਰਹਿ ਗਿਆ,
ਮਾਰਕਸ ਬੜਾ ਸਿਆਣਾ,
ਵੇਚ ਕੇ ਖਾ ਗਿਆ ਫ਼ਲਸਫ਼ੇ ਨੂੰ,
ਸਾਰਾ ਰੂਸੀ ਲਾਣਾ।
 
ਲੈਨਿਨ ਕਰ ਕਰ ਥੱਕ ਗਿਆ ਸੀ,
ਅਣਥੱਕ ਹੀ ਚਾਰਾਜੋਈ,
ਲਾਲ ਫ਼ੌਜ ਦੀ ਦੁਨੀਆ ਵਿੱਚ ਸੀ,
ਬੜੀ ਹੀ ਵਾਹ ਵਾਹ ਹੋਈ।

ਕਿੰਨੇ ਕਾਮੇ ਸ਼ਹੀਦ ਹੋ ਗਏ,
ਕਿੰਨਿਆਂ ਦੀ ਰੱਤ ਚੋਈ,
ਕਿਸ ਦੇ ਹੱਥੋਂ ਕਿਸ ਕਿਸ ਦੀ,
ਸੀ ਕਿੰਨੀ ਦੁਰਗਤ ਹੋਈ।

ਜ਼ਾਰ ਆਪਣੇ ਮਹਿਲ ਖੁਹਾ ਕੇ,
ਜ਼ਾਰ ਜ਼ਾਰ ਸੀ ਰੋਇਆ,
ਲੋਕਾਂ ਦੇ ਅਥਾਹ ਹੜ੍ਹ ਅੱਗੇ,
ਖ਼ੁਆਰ ਬੜਾ ਸੀ ਹੋਇਆ।
 
ਰੂਸ ਨੇ ਦੁਨੀਆ ਦੇ ਵਿੱਚ ਜਾਕੇ,
ਇਨਕਲਾਬ ਦਾ ਕੀਤਾ ਧੰਦਾ,
ਦੋਹੀਂ ਹੱਥੀਂ ਹੀ ਲੁੱਟ ਖਾਧਾ,
ਦੁਨਿਆਵੀ ਭੋਲ਼ਾ ਬੰਦਾ।

ਅਮੀਰ ਹੋਰ ਅਮੀਰ ਹੋ ਗਿਆ,
ਗ਼ਰੀਬ ਹੋਰ ਵੀ ਭੁੱਖਾ,
ਨਾ ਬਰਾਬਰੀ ਦਾ ਪਾੜਾ ਵਧਿਆ,
ਜੋ ਕਦੀ ਵੀ ਨਹੀਂ ਮੁੱਕਾ।

ਮਹਿੰਗੇ ਭਾਅ 'ਤੇ ਸਮਾਜਵਾਦ,
ਵਿਕਿਆ ਬੋਲੀ 'ਤੇ ਚੜ੍ਹ ਕੇ,
ਕਾਮਰੇਡਾਂ ਦੇ ਢੱਠੇ ਘਰਾਂ ਵਿੱਚ,
ਬੱਸ ਖਾਲੀ ਪੀਪੇ ਖੜਕੇ।
 
ਸਰਮਾਏਦਾਰ ਤਾਂ ਹਰ ਵਾਰ ਹੀ,
ਜਿੱਤਿਆ ਕਰ ਕੋਝੇ ਹੀਲੇ,
ਜਿਹੜਾ ਇਸ ਦੇ ਅੱਗੇ ਅੜਿਆ,
ਉਹਦੇ ਮੂਧੇ ਪਏ ਪਤੀਲੇ।

ਢਿੱਡ ਦੀ ਭੁੱਖ ਨਹੀਂ ਪੂਰੀ ਹੁੰਦੀ,
ਸੁੱਕੀਆਂ ਨੀਤੀਆਂ ਘੜ ਕੇ,
ਪੈਸੇ ਨਾਲ ਹੀ ਰੋਟੀ ਮਿਲਦੀ,
ਸਵਾਦੀ ਲਾ ਲਾ ਤੜਕੇ।

ਸਾੜ ਦਿਓ ਹੁਣ ਸਾਰੇ ਪੋਥੇ,
ਜੋ ਸਿਰ ਖਪਾ ਗਏ ਸਾਡਾ,
ਇਨਕਲਾਬ ਦਾ ਹੁਣ ਭੋਗ ਪਾ ਦਿਓ,
ਛੱਡ ਦਿਓ ਲਾਉਣਾ ਆਢਾ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ