ਦਸ ਦਾ ਨੋਟ - ਸੁਖਪਾਲ ਸਿੰਘ ਗਿੱਲ
ਦਸ ਦਾ ਨੋਟ ਅਹਿਸਾਨ ਚੜ੍ਹਾਉਣ ਦਾ ਅਹਿਸਾਸ ਹੁੰਦਾ ਹੈ।ਨੋਟ ਬੰਦੀ ਤਾਂ ਖਾਹਮਖਾਹ ਬਦਨਾਮ ਹੋ ਗਈ। ਚੰਗਾ ਹੁੰਦਾ ਜੇ ਸਿਰਫ ਦਸ ਦਾ ਨੋਟ ਹੀ ਬੰਦ ਕਰ ਦਿੰਦੇ।ਅੱਜ ਛੋਟੀ ਅਤੇ ਸਹਿਣਯੋਗ ਰਾਸ਼ੀ ਦਸ ਦੇ ਨੋਟ ਵਿੱਚ ਛੁਪੀ ਪਈ ਹੈ। ਹਾਂ ਇੱਕ ਗੱਲ ਜ਼ਰੂਰ ਹੈ ਕਿ ਦਸ ਦਾ ਨੋਟ ਪਰਦੇ ਢਕ ਲੈਂਦਾ ਹੈ। ਅਸੀਂ ਜਦੋਂ ਧਾਰਮਿਕ ਅਸਥਾਨ ਜਾਂ ਸਮਾਗਮ ਵਿੱਚ ਜਾਂਦੇ ਹਾਂ, ਤਾਂ ਸਭ ਤੋਂ ਪਹਿਲਾਂ ਜੇਬ ਵਿੱਚ ਦਸ ਦਾ ਨੋਟ ਫਰੋਲਦੇ ਹਾਂ।ਦਸ ਦਾ ਨੋਟ ਜੇ ਨਾ ਹੋਵੇ ਤਾਂ ਵੱਡਾ ਨੋਟ ਤੁੜਵਾਉਣ ਲਈ ਕਈ ਥਾਵਾਂ ਤੇ ਜਾਂਦੇ ਹਾਂ ਨਾਲ ਹੀ ਸ਼ਰਤ ਲਾਉਂਦੇ ਹਾਂ ਕਿ ਦਸ ਦਾ ਨੋਟ ਜ਼ਰੂਰ ਹੋਵੇ।ਉਹੀ ਦਸ ਰੁਪਏ ਲੈ ਕੇ ਸਮਾਗਮ ਵਿੱਚ ਜਾਂਦੇ ਹਾਂ। ਸਮਾਜਿਕ ਪੈਂਠ ਅਤੇ ਮਾਲੀ ਨੁਕਸਾਨ ਬਚਾਉਣ ਲਈ ਦਸ ਦਾ ਨੋਟ ਸਹਾਈ ਹੁੰਦਾ ਹੈ। ਗੁਰੂ ਘਰ ਦੇ ਪਾਠੀਆਂ ਬਾਰੇ ਤਨਖਾਹ ਅਤੇ ਹੋਰ ਘਾਟਾਂ ਬਾਰੇ ਚਰਚਾਵਾਂ ਚਲਦੀਆਂ ਹਨ। ਚੜਾਉਂਦੇ ਅਸੀਂ ਦਸ ਹੀ ਹਾਂ। ਲਾਗੀਆਂ ਨੂੰ ਵੀ ਸਿਰਫ਼ ਦਸ ਰੁਪਏ ਦੇਣ ਦਾ ਮਾਪਦੰਡ ਹੈ। ਬੱਚੇ ਨੂੰ ਵਰਾਉਣ ਲਈ ਵੀ ਦਸ ਰੁਪਏ ਦਿੰਦੇ ਹਾਂ।ਇਸ ਸਭ ਕੁੱਝ ਦਾ ਅੰਤ ਹੋ ਜਾਂਦਾ ਜੇ ਨੋਟ ਬੰਦੀ ਦਸ ਰੁਪਏ ਦੀ ਕਰਕੇ ਸਿੱਧਾ ਸੌ ਦਾ ਨੋਟ ਸ਼ੁਰੂ ਕਰ ਦਿੰਦੇ। ਦਸ ਦਾ ਨੋਟ ਸੁੱਟ ਕੇ ਅਹਿਸਾਨ ਕਰ ਦਿੰਦੇ ਹਾਂ।ਇਹ ਨੋਟ ਦੋਵੇਂ ਪੱਖ ਢੱਕ ਵੀ ਲੈਂਦਾ ਹੈ। ਅਮੀਰ ਗਰੀਬ ਦੇ ਪਾੜੇ ਨੂੰ ਵੀ ਦਸ ਦਾ ਨੋਟ ਦਰਸ਼ਾ ਦਿੰਦਾ ਹੈ। ਖਾਧੀ ਪੀਤੀ ਵਿੱਚ ਵੀ ਇਹ ਸਭ ਤੋਂ ਵੱਧ ਉਲਰਦਾ ਹੈ। ਸ਼ਰਾਬੀ ਵੀ ਦਸ ਦੀ ਸੋਝੀ ਰੱਖਦਾ ਹੈ।
ਦਸ ਦਾ ਨੋਟ ਗ਼ਰੀਬ ਦਾ ਸਹਾਰਾ ਅਤੇ ਅਮੀਰ ਦਾ ਕੰਜੂਸਪੁਣਾ ਦਰਸਾਉਣ ਦਾ ਇੱਕ ਮਾਤਰ ਸਾਧਨ ਹੈ।
ਕੁੱਝ ਸਾਲ ਪਹਿਲਾਂ ਦਸ ਦਸ ਪਾ ਕੇ ਸ਼ਰਾਬ ਪੀਤੀ ਜਾਂਦੀ ਸੀ। ਹੁਣ ਮਹਿੰਗਾਈ ਕਰਕੇ ਸ਼ਰਾਬ ਦੀ ਦਸੀ ਬੰਦ ਹੋ ਚੁੱਕੀ ਹੈ। ਉਂਝ ਦਸ ਤੋਂ ਬਾਅਦ ਹੀ ਸੋ ਬਣਦਾ ਹੈ,ਪਰ ਜਦੋਂ ਦਸ ਦੇ ਨੋਟ ਨੂੰ ਇੱਕ ਮਾਪਦੰਡ ਵਿੱਚ ਨਿਰਧਾਰਤ ਕੀਤਾ ਜਾਂਦਾ ਹੈ ਤਾਂ ਵਿਅੰਗ ਮੱਲੋ ਮੱਲੀ ਫੁਰਦਾ ਹੈ ਕਿ ਦਸ ਦੀ ਨੋਟ ਬੰਦੀ ਹੋਵੇ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445