ਸੰਸਕ੍ਰਿਤ ਭਾਸ਼ਾ ਦੇ ਗਿਆਤਾ ਪਹਿਲੇ ਕਵੀ-ਮਹਾਰਿਸ਼ੀ ਬਾਲਮੀਕ ਜੀ - ਇੰਜੀ. ਸਤਨਾਮ ਸਿੰਘ ਮੱਟੂ
(24 ਅਕਤੂਬਰ ਪ੍ਰਕਾਸ਼ ਦਿਵਸ ਤੇ ਵਿਸ਼ੇਸ਼)
ਹਿੰਦੁਸਤਾਨ ਦੀ ਧਰਤੀ ਨੂੰ ਇਹ ਸ਼ੁਭ ਮਾਣ ਪ੍ਰਾਪਤ ਹੈ ਕਿ ਇਸ ਧਰਤੀ ਤੇ ਚਾਰ ਵੇਦਾਂ ਦੀ ਸਿਰਜਣਾ ਹੋਈ ਹੈ।ਮਹਾਨ ਰਮਾਇਣ ਦਾ ਸਿਰਜਣਹਾਰ ਮਹਾਂਰਿਸ਼ੀ ਬਾਲਮੀਕ ਜੀ ਨੂੰ ਮੰਨਿਆ ਜਾਂਦਾ ਹੈ ਅਤੇ ਮਹਾਂਂਭਾਰਤ ਦੀ ਰਚਨਾ ਵੇਦ ਵਿਆਸ ਜੀ ਨੇ ਇਸੇ ਨੂੰ ਆਧਾਰ ਬਣਾਕੇ ਕੀਤੀ ਸੀ।ਮਹਾਂਂਰਿਸ਼ੀ ਬਾਲਮੀਕ ਜੀ ਨੇ ਰਮਾਇਣ ਦੀ ਰਚਨਾ ਕਰਦਿਆਂ ਸੰਸਕ੍ਰਿਤ ਭਾਸ਼ਾ ਨੂੰ ਕਾਵਿ ਰੂਪ ਪੇਸ਼ ਕੀਤਾ ਸੀ,ਇਸੇ ਕਰਕੇ ਸੰਸਕ੍ਰਿਤ ਸਾਹਿਤ ਵਿੱਚ ਉਚਾਰੀ ਰਮਾਇਣ ਇੱਕ ਮਹਾਨ "ਆਦਿ ਕਾਵਿ" ਹੈ।ਰਮਾਇਣ ਦੀ ਰਚਨਾ ਸੰਸਕ੍ਰਿਤ ਭਾਸ਼ਾ ਚ ਹੋਈ ਹੋਣ ਕਾਰਣ ਮਹਾਂਰਿਸ਼ੀ ਬਾਲਮੀਕ ਜੀ ਨੂੰ ਸੰਸਕ੍ਰਿਤ ਭਾਸ਼ਾ ਦੇ ਜਨਮ ਦਾਤਾ ਮੰਨਿਆ ਜਾਂਦਾ ਹੈ।
ਮਹਾਂਰਿਸ਼ੀ ਬਾਲਮੀਕ ਜੀ ਦਾ ਪੁਰਾਣਾਂ ਮੁਤਾਬਿਕ ਪੂਰਾ ਨਾਮ "ਰਤਨਾਕਰ ਪ੍ਰਚੇਤਾ ਵਾਲਮੀਕੀ" ਸੀ।ਭਾਵੇਂ ਉਹਨਾਂ ਦੇ ਜਨਮ ਸੰਬੰਧੀ ਇਤਿਹਾਸਕਾਰਾਂ ਚ ਮੱਤਭੇਦ ਹਨ, ਉਂਝ ਉਹਨਾਂ ਦਾ ਜਨਮ ਸਰਦ ਪੂਰਨਮਾਸ਼ੀ ਨੂੰ ਹੋਇਆ ਮੰਨਿਆ ਜਾਂਦਾ ਹੈ।ਇਸ ਤਰ੍ਹਾ ਹਰ ਸਾਲ ਮਹਾਨ ਤਵੱਸਵੀ,ਵਿਦਵਾਨ, ਧਰਮ ਦੇ ਗਿਆਤਾ, ਸੰਸਕ੍ਰਿਤ ਦੇ ਮੋਢੀ,ਮਹਾਂਕਵੀ,ਰਮਾਇਣ ਦੇ ਸਿਰਜਕ ਮਹਾਂਰਿਸ਼ੀ ਬਾਲਮੀਕ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਰਮਾਇਣ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਗ੍ਰੰਥ ਦੀ ਰਚਨਾ ਸੰਸਕ੍ਰਿਤ ਅਤੇ ਕਾਵਿ ਰੂਪ 'ਚ ਹੋਈ ਹੋਵੇ।ਇਸ ਬਾਲਮੀਕੀ ਭਾਈਚਾਰੇ ਦੇ ਗੁਰੂ,ਸਰਬ ਗਿਆਤਾ,ਤੇਜਸਵੀ ਦੇ ਜਨਮ ਸਥਾਨ ਬਾਰੇ ਇਤਿਹਾਸਕ ਪੁਸ਼ਟੀ ਨਹੀਂ ਮਿਲਦੀ,ਪਰ ਉਹਨਾਂ ਬੁਦੇਲਖੰਡ ਦੀਆਂ ਚਿਤ੍ਰਕੂਟ ਪਹਾੜੀਆਂ ਚ ਭਗਤੀ ਸਥਾਨ ਮੰਨਿਆ ਜਾਂਦਾ ਹੈ।ਮਹਾਂਰਿਸ਼ੀ ਬਾਲਮੀਕ ਚ ਤ੍ਰੇਤੇ ਯੁੱਗ ਦੇ ਸਰਵਸ਼੍ਰੇਸ਼ਟ ਅਤੇ ਭਗਵਾਨੀ ਦਿੱਬ ਦ੍ਰਿਸ਼ਟੀ ਵਾਲੇ ਮਹਾਨ ਰਿਸ਼ੀ ਹੋਏ ਹਨ।
ਉਹਨਾਂ ਦੇ ਜੀਵਣ ਸੰਬੰਧੀ ਜਾਣਕਾਰੀ ਉਹਨਾਂ ਦੁਆਰਾ ਰਚਿਤ ਗ੍ਰੰਥ "ਰਮਾਇਣ" ਚੋਂ ਮਿਲਦੀ ਹੈ।ਰਮਾਇਣ ਦੇ ਉੱਤਰ ਕਾਂਡ ਸਲੋਕ 24 ਅਧਿਆਇ 19 ਮੁਤਾਬਿਕ ਮਹਾਂਰਿਸ਼ੀ ਬਾਲਮੀਕ ਜੀ ਨੇ ਫੁਰਮਾਇਆ ਹੈ:-
"ਪ੍ਰਚੇਤੇ ਸੋਹੰ ਦਸਮ ਪੁਤਰ ਰਾਘਵ ਨੰਦਨ।
ਨਾ ਸਿੰਗਰਾਮ ਯੰਤ੍ਰ ਵਾਕ ਮਮੋਤੇ ਤਵ ਪੁਤਰੋ।।
ਇਸ ਸਲੋਕ ਮੁਤਾਬਿਕ ਉਹ ਪ੍ਰਚੇਤਾ ਜੀ ਦੇ ਦਸਵੇਂ ਪੁੱਤਰ ਅਤੇ ਮਾਤਾ ਦਾ ਨਾਮ ਚਰਸ਼ਨੀ ਜੀ ਹੈ।ਕੁੱਝ ਵਿਦਵਾਨ ਇਹ ਸੁਝਾਅ ਦਿੰਦੇ ਹਨ ਕਿ ਪ੍ਰਚੇਤਾ ਜੀ ਰਤਨਾਪੁਰੀ (ਮੁਲਤਾਨ) ਦੇ ਰਾਜਾ ਸਨ।
ਮਹਾਰਿਸ਼ੀ ਵੇਦ ਵਿਆਸ ਨੇ 'ਸਕੰਦ ਪੁਰਾਣ' ਮਹਾਰਿਸ਼ੀ ਬਾਲਮੀਕ ਦੀ ਜੀਵਨੀ ਦਾ ਵਰਣਨ ਕਰਦਿਆਂ ਉਹਨਾਂ ਨੂੰ ਪੁਰਾਣੇ ਗੁਰੂ ਅਤੇ ਇਸ ਜੀਵ ਬ੍ਰਹਿਮੰਡ ਦੇ ਗੁਰੂ ਮੰਨਿਆ ਹੈ।ਉਹ ਭਗਤੀ ਵਿੱਚ ਇਤਨੇ ਲੀਨ ਹੋਏ ਕਿ ਉਹਨਾਂ ਪ੍ਰਮਾਤਮਾ ਨਾਲ ਲਿਵ ਲੱਗ ਗਈ ਸੀ। ਉੱਥੋਂ ਜੰਗਲ ਚੋਂ ਗੁਜਰਦੇ ਸਾਧੂਆਂ ਦੀ ਟੋਲੀ ਨੇ ਉਹਨਾਂ ਨੂੰ ਵਰਮੀ ਚੋਂ ਕੱਢ ਕੇ ਉਜਾਗਰ ਕੀਤਾ ਸੀ।ਉਹਨਾਂ ਉਸ ਵੇਲੇ ਇਸ ਧਰਤੀ ਤੇ ਪ੍ਰਕਾਸ਼ ਧਾਰਿਆ, ਜਦੋਂ ਹਿੰਦੂਵਾਦੀ ਤਾਕਤਾਂ ਦੇ ਜ਼ੋਰ ਗਰੀਬਾਂ ,ਸੂਦਰਾਂ ਮਰਜੀਵੜਿਆਂ ਤੇ ਧਰਮ ਦੇ ਨਾਂ ਜ਼ੁਲਮ ਅਤੇ ਵਿਤਕਰੇ ਭਰਿਆ ਵਿਵਹਾਰ ਕੀਤਾ ਜਾਂਦਾ ਸੀ।ਹਰ ਪਾਸੇ ਕੂੜ ਪ੍ਰਧਾਨ ਅਤੇ ਅੱਤਿਆਚਾਰ ਦਾ ਬੋਲਬਾਲਾ ਸੀ।ਉਹਨਾਂ ਰਮਾਇਣ ਦੀ ਸਿਰਜਣਾ ਕਰਕੇ ਇੱਕ ਨਵੇਂ ਅਧਿਆਏ ਦੀ ਸ਼ੂਰੁਆਤ ਕੀਤੀ।
"ਰਘੁਕੁਲ ਰੀਤ ਸਦਾ ਚਲੀ ਆਈ,
ਪ੍ਰਾਣ ਜਾਇ ਪਰ ਬਚਨ ਨਾ ਜਾਈ।" ਨੂੰ ਆਧਾਰ ਬਣਾ ਕੇ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ। ਇੱਕ ਆਮ ਵਿਆਕਤੀ ਦੇ ਮਿਹਣਾ ਮਾਰਣ ਤੇ ਰਾਮ ਵੱਲੋਂ ਸੀਤਾ ਨੂੰ ਘਰੋਂ ਕੱਢ ਦੇਣ ਤੇ ਉਸਨੂੰ ਆਪਣੀ ਗਰੀਬ ਅਤੇ ਭਗਤੀ ਵਾਲੀ ਕੁਟੀਆ ਚ ਨਿਵਾਸ ਦੇ ਕੇ ਇਸਤਰੀ ਜਾਤੀ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਦਾ ਸੰਦੇਸ਼ ਦਿੱਤਾ।
ਉਹਨਾਂ ਦੁਆਰਾ ਰਚਿਤ ਰਮਾਇਣ ਦੇ ਅਧਿਐਨ ਨਾਲ ਧਰਮ, ਕਰਮ, ਸੰਸਕ੍ਰਿਤੀ, ਪਿਆਰ, ਸੰਯੋਗ,ਵਿਯੋਗ,ਯੋਗ,ਪਤੀ-ਪਤਨੀ, ਮਾਤਾ-ਪਿਤਾ,ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ, ਧਾਰਮਿਕ ਅਤੇ ਰਾਜਨੀਤਕ ਰਣਨੀਤੀਆਂ ਦੀ ਸੂਝ ਬੂਝ ਲਈ ਜਾ ਸਕਦੀ ਹੈ।ਇਸ ਦੇ ਡੂੰਘਾਈ ਨਾਲ ਕੀਤੇ ਅਧਿਐਨ ਨਾਲ ਮਾਨਵਤਾਵਾਦੀ,ਗੁਰੂ-ਚੇਲਾ, ਸੇਵਾ ਭਾਵਨਾ, ਤਿਆਗ ਦੀ ਭਾਵਨਾ ਅਤੇ ਮਿੱਤਰਤਾ ਦੀ ਆਧਾਰਸ਼ਿਲਾ ਨੂੰ ਪ੍ਰਫੁਲਿਤ ਕਰਨ ਦੀ ਸ਼ਕਤੀ ਪ੍ਰਦਾਨ ਹੁੰਦੀ ਹੈ।ਜਗਤ ਗੁਰੂ, ਮਹਾਂਪੁਰਖ ਗਿਆਨੀ ਮਹਾਂਰਿਸ਼ੀ ਬਾਲਮੀਕ ਮਨੁੱਖੀ ਜੀਵਣ ਦਾ ਕਲਿਆਣ ਕਰਨ,ਦੀਨ ਦੁਖੀਆਂ ਦੇ ਦੁੱਖ ਹਰਣ, ਸੱਤਿਅਮ ਸ਼ਿਵਮ ਸੁੰਦਰਮ ਆਦਿ ਦਾ ਸੰਦੇਸ਼ ਦੇਣ ਇਸ ਧਰਤੀ ਤੇ ਆਏ ਸਨ।ਉਹਨਾਂ ਦੀ ਕਰੜੀ ਅਤੇ ਘੋਰ ਤਪੱਸਿਆ ਕਾਰਨ ਹੀ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਅਤੇ ਪ੍ਰਮਾਤਮਾ ਦਾ ਗਿਆਨ ਹੋਇਆ ਸੀ।ਬਾਲਮੀਕ ਜੀ ਨੂੰ ਹਿੰਦੁਸਤਾਨ ਦੇ ਪਹਿਲੇ ਮਹਾਂਰਿਸ਼ੀ ਹੋਣ ਦਾ ਮਾਣ ਪ੍ਰਾਪਤ ਹੈ।
ਇੱਕ ਦਿਨ ਉਹ ਤਮਸਾ ਨਦੀ ਵੱਲ ਸੰਘਣੇ ਚੋਂ ਗੁਜਰ ਰਹੇ ਸਨ।ਸ਼ਿਕਾਰੀ ਦੇ ਤੀਰ ਨਾਲ ਨਰ ਪੰਛੀ ਦੇ ਮੁਰਛਤ ਹੋਣ ਤੇ ਮਾਦਾ ਪੰਛੀ ਦੀ ਦਰਦਨਾਕ ਆਵਾਜ਼ ਨੇ ਉਹਨਾਂ ਦੇ ਦਿਲ ਨੂੰ ਵਲੂੰਧਰ ਦਿੱਤਾ।ਉਹਨਾਂ ਆਪਣੇ ਕੋਮਲ ਵਲੂੰਧਰੇ ਮਨ ਨਾਲ ਜੋ ਸ਼ਿਕਾਰੀ ਨੂੰ ਸਰਾਪ ਦਿੱਤਾ, ਉਹ ਸ਼ਬਦ ਸੰਸਕ੍ਰਿਤ ਦਾ ਪਹਿਲਾ ਸਲੋਕ ਬਣੇ ਸਨ।ਮਿੱਥ ਮੁਤਾਬਿਕ ਬ੍ਰਹਮਾ ਦੇਵਤਾ ਦੀ ਪ੍ਰੇਰਨਾ ਸਦਕਾ ਨਾਰਦ ਮੁਨੀ ਦੇ ਕਹਿਣ ਤੇ ਉਹਨਾਂ ਅਯੁੱਧਿਆ ਦੇ ਰਾਜਾ ਰਾਮ ਚੰਦਰ ਦਾ ਜੀਵਨ ਬਿਰਤਾਂਤ ਲਿਖਿਆ ,ਜਿਸਨੂੰ "ਰਮਾਇਣ " ਦਾ ਨਾਮ ਦਿੱਤਾ ਗਿਆ।ਤ੍ਰੈਕਾਲ ਦਰਸ਼ੀ ਮਹਾਰਿਸ਼ੀ ਆਪਣੀ ਦੂਰਦ੍ਰਿਸ਼ਟੀ ਨਾਲ ਸਾਰੀਆਂ ਘਟਨਾਵਾਂ ਨੂੰ ਵਾਚ ਕੇ ਹੂਬਹੂ ਪੇਸ਼ ਕੀਤਾ ਹੈ।
ਮਹਾਂਰਿਸ਼ੀ ਬਾਲਮੀਕ ਵਿੱਚ ਭਗਵਾਨ ਵਾਲੀਆਂ ਸਾਰੀਆਂ ਖੂਬੀਆਂ ਸਨ।ਇਸੇ ਕਰਕੇ ਉਹਨਾਂ ਨੂੰ ਭਗਵਾਨ ਬਾਲਮੀਕ ਦੀ ਸੰਗਿਆ ਵੀ ਦਿੱਤੀ ਜਾਂਦੀ ਹੈ।ਭਗਵਾਨ ਬਾਲਮੀਕੀ ਰਮਾਇਣ ਤੋਂ ਸਾਰੇ ਵਿਸ਼ਵ ਨੂੰ ਸਮਾਜਿਕ, ਰਾਜਨੀਤਕ,ਵਿਗਿਆਨਕ, ਧਾਰਮਿਕ ਦ੍ਰਿਸ਼ਟੀਕੋਣ ਤੋਂ ਵਡਮੁੱਲੀ ਸੇਧ ਮਿਲਦੀ ਹੈ।ਆਓ ਅੱਜ ਉਹਨਾਂ ਦੇ ਪ੍ਰਕਾਸ਼ ਦਿਵਸ ਤੇ ਉਹਨਾਂ ਦੀ ਸਿੱਖਿਆਵਾਂ ਨੂੰ ਜੀਵਨ ਚ ਧਾਰਨ ਕਰਕੇ ਸੁਚੱਜਾ ਅਤੇ ਇਨਸਾਨੀਅਤ ਭਰਿਆ ਜੀਵਣ ਜਿਉਣ ਦਾ ਪ੍ਰਣ ਕਰੀਏ।
ਇੰਜੀ. ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257
23 Oct. 2018