ਸੁਰਿੰਦਰ ਰਾਮਪੁਰੀ ਦੀ ‘ਕਿਸੇ ਬਹਾਨੇ’ ਵਾਰਤਕ ਦੀ ਪੁਸਤਕ ਸਮਾਜਿਕਤਾ ਦਾ ਪ੍ਰਤੀਕ - ਉਜਾਗਰ ਸਿੰਘ
ਸੁਰਿੰਦਰ ਰਾਮਪੁਰੀ ਬਹੁ-ਪੱਖੀ ਤੇ ਬਹੁ-ਵਿਧਾਵੀ ਸਾਹਿਤਕਾਰ ਹੈ। ਉਹ ਸਾਹਿਤਕਾਰਾਂ ਦੀ ਜ਼ਰਖ਼ੇਜ ਧਰਤੀ ਲੁਧਿਆਣਾ ਜ਼ਿਲ੍ਹੇ ਦੇ ਰਾਮਪੁਰ ਪਿੰਡ ਦਾ ਵਸਨੀਕ ਹੈ। ਉਸ ਦੀਆਂ ਹੁਣ ਤੱਕ ਡੇਢ ਦਰਜਨ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 6 ਕਹਾਣੀ ਸੰਗ੍ਰਹਿ, 3 ਕਾਵਿ ਸੰਗ੍ਰਹਿ, 4 ਆਲੋਚਨਾ, ਇੱਕ ਸ਼ਬਦ ਚਿਤਰ, ਇੱਕ ਅਨੁਵਾਦ ਅਤੇ ਉਸ ਦੀਆਂ ਕਹਾਣੀਆਂ ਹਿੰਦੀ ਵਿੱਚ ਅਨੁਵਾਦ ਵਾਲੀ ਇੱਕ ਪੁਸਤਕ ਸ਼ਾਮਲ ਹੈ। ਚਰਚਾ ਅਧੀਨ ‘ਕਿਸੇ ਬਹਾਨੇ’ ਉਸਦੀ ਵਾਰਤਕ ਦੀ ਪੁਸਤਕ ਹੈ। ਇਸ ਪੁਸਤਕ ਵਿੱਚ ਉਸ ਦੇ 26 ਲੇਖ ਹਨ। ਇਨ੍ਹਾਂ ਲੇਖਾਂ ਵਿੱਚ ਸੁਰਿੰਦਰ ਰਾਮਪੁਰੀ ਨੇ ਆਪਣੇ ਜੀਵਨ ਦੀ ਜਦੋਜਹਿਦ ਦੇ ਤਜ਼ਰਬਿਆਂ ਦੀ ਜਾਣਕਾਰੀ ਦਿੱਤੀ ਹੈ। ਇਸ ਪੁਸਤਕ ਨੂੰ ਪੜ੍ਹਦਿਆਂ ਕਈ ਵਾਰ ਇਉਂ ਲੱਗਦਾ ਹੈ ਜਿਵੇਂ ਇਹ ਸੁਰਿੰਦਰ ਰਾਮਪੁਰੀ ਦੀ ਸਵੈ-ਜੀਵਨੀ, ਸਫਰਨਾਮਾ ਅਤੇ ਰੇਖਾ ਚਿਤਰਾਂ ਦਾ ਸੰਗ੍ਰਹਿ ਵੀ ਹੋਵੇ ਕਿਉਂਕਿ ਉਸ ਨੂੰ ਜ਼ਿੰਦਗੀ ਬਤੀਤ ਕਰਦਿਆਂ ਜਿਹੜੇ ਹਾਲਾਤ ਦਾ ਸਾਹਮਣਾ ਕਰਨਾ ਪਿਆ, ਉਸ ਸਮੇਂ ਸਮਾਜ ਦਾ ਕੀ ਵਰਤਾਰਾ ਸੀ, ਲੋਕਾਂ ਦੇ ਸੁਭਾਅ, ਕਿਰਦਾਰ ਅਤੇ ਰਹਿਤਲ, ਖਾਣ ਪੀਣ ਅਤੇ ਕਿੱਤਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਨੂੰ ਸਾਹਿਤਕ ਸਵੈ-ਜੀਵਨਂੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਇਸ ਪੁਸਤਕ ਵਿੱਚ ਆਪਣੇ ਸਾਹਿਤਕ ਸਫ਼ਰ ਦਾ ਬਚਪਨ ਵਿੱਚ ਲੱਗੀ ਚਿਣਗ ਤੋਂ ਅਖ਼ੀਰ ਤੱਕ ਲਿਖੇ ਸਾਹਿਤ ਬਾਰੇ ਜਾਣਕਾਰੀ ਦਿੱਤੀ ਹੈ। ਸਾਹਿਤਕ ਚਿਣਗ ਤਾਂ ਪਰਿਵਾਰ ਵਿੱਚੋਂ ਹੀ ਲੱਗੀ ਸੀ ਪ੍ਰੰਤੂ ਉਸਦਾ ਵਿਕਾਸ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਦੇਣ ਮੰਨਦਾ ਹੈ। ਉਹ ਪੰਜਾਬੀ ਲਿਖਾਰੀ ਸਭਾ ਰਾਮਪੁਰ ਦਾ 14 ਸਾਲ ਪ੍ਰਧਾਨ ਅਤੇ 20 ਸਾਲ ਜਨਰਲ ਸਕੱਤਰ ਰਿਹਾ ਹੈ। ਇਸ ਸਮੇਂ ਵੀ ਉਹ ਇਸ ਸਭਾ ਦਾ ਸਰਗਰਮ ਮੈਂਬਰ ਹੈ। ਉਸ ਨੇ ਦੱਸਿਆ ਹੈ ਕਿ ਪੁਸਤਕਾਂ ਪੜ੍ਹਨ ਨਾਲ ਜਿਥੇ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ, ਉਥੇ ਹੀ ਜੀਵਨ ਜਾਚ ਆਉਂਦੀ ਹੈ ਅਤੇ ਇਨਸਾਨ ਦਾ ਮਾਨਸਿਕ ਵਿਕਾਸ ਹੁੰਦਾ ਹੈ। ਉਨ੍ਹਾਂ ਦੇ ਲੇਖਾਂ ਵਿੱਚ ਰਾਮਪੁਰੀ ਨੇ ਆਪਣੀਆਂ ਸਾਹਿਤਕ ਸਰਗਰਮੀਆਂ ਦਾ ਵਿਵਰਣ ਦਿੱਤਾ ਹੈ। 21 ਭਾਸ਼ਾਵਾਂ ਦੇ ਸਾਹਿਤ ਅਕਾਦਮੀ ਦਿੱਲੀ ਦੇ ਇਨਾਮ ਪ੍ਰਾਪਤ ਨੌਜਵਾਨ ਲੇਖਕਾਂ ਨਾਲ ਵੀ ਵਿਚਰਣ ਦਾ ਮੌਕਾ ਮਿਲਿਆ। ਇਸ ਪੁਸਤਕ ਵਿੱਚ ਪਿੰਡ ਰਾਮਪੁਰ ਦੇ ਲਗਪਗ ਸਾਰੇ ਸਾਹਿਤਕਾਰਾਂ ਦੇ ਜੀਵਨ ਅਤੇ ਉਨ੍ਹਾਂ ਦੀ ਸਾਹਿਤਕ ਦੇਣ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈ ਪ੍ਰੰਤੂ ਪਿੰਡ ਰਾਮਪੁਰ ਦੇ ਅਤੇ ਹੋਰ ਵੱਡੇ ਕੁਝ ਸਾਹਿਤਕਾਰਾਂ ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ, ਸੁਖਮਿੰਦਰ ਰਾਮਪੁਰੀ ਅਤੇ ਕੁਲਵੰਤ ਨੀਲੋਂ ਬਾਰੇ ਆਲੋਚਨਾਤਮਿਕ ਲੇਖ ਲਿਖੇ ਗਏ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸਾਹਿਤਕ ਰੇਖਾ-ਚਿਤਰ ਵੀ ਕਿਹਾ ਜਾ ਸਕਦਾ ਹੈ। ਇੱਕ ਕਿਸਮ ਨਾਲ ਜ਼ਿੰਦਗੀ ਦੇ ਖੱਟੇ ਮਿੱਠੇ ਤਜਰਬਿਆਂ ਦਾ ਡੂੰਘੀ ਨੀਝ ਨਾਲ ਬ੍ਰਿਤਾਂਤ ਦਿੱਤਾ ਗਿਆ ਹੈ। ਇਨ੍ਹਾਂ ਤਜਰਬਿਆਂ ਨੇ ਲੇਖਕ ਨੂੰ ਜ਼ਿੰਦਗੀ ਜਿਓਣ ਦੇ ਸੂਖ਼ਮ ਤਰੀਕਿਆਂ, ਜਿਨ੍ਹਾਂ ਵਿੱਚ ਅਨੁਸ਼ਾਸਨ, ਮਿਹਨਤ, ਸਮੇਂ ਦੀ ਪਾਬੰਦੀ ਅਤੇ ਧੋਖੇਬਾਜ਼ਾਂ ਤੋਂ ਬਚ ਕੇ ਰਹਿਣ ਦੀ ਪ੍ਰੇਰਨਾ ਦਿੱਤੀ ਹੈ।
ਸੁਰਿੰਦਰ ਰਾਮਪੁਰੀ ਨੂੰ ਛੋਟੀ ਉਮਰ ਵਿੱਚ ਹੀ ਪਰਿਵਾਰਿਕ ਮਜ਼ਬੂਰੀਆਂ ਕਰਕੇ ਨੌਕਰੀ ਕਰਨੀ ਪਈ। ਬਾਕੀ ਪੜ੍ਹਾਈ ਨੌਕਰੀ ਦੇ ਨਾਲ ਹੀ ਕੀਤੀ। ਉਨ੍ਹਾਂ ਦੀ ਇਹ ਪੁਸਤਕ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੋਵੇਗੀ। ਸੁਰਿੰਦਰ ਰਾਮਪੁਰੀ ਦੀ ਬੋਲੀ ਤੇ ਸ਼ੈਲੀ ਸਰਲ ਤੇ ਸਪਸ਼ਟ ਹੈ। ਸੁਰਿੰਦਰ ਰਾਮਪੁਰੀ ਨੇ ਆਪਣੀ ਜ਼ਿੰਦਗੀ ਬਾਰੇ ਬੜੀ ਬਾਰੀਕੀ ਨਾਲ ਹਰ ਨਿੱਕੀ ਤੋਂ ਨਿੱਕੀ ਘਟਨਾ ਬਾਰੇ ਅਜਿਹੇ ਢੰਗ ਨਾਲ ਲਿਖਿਆ ਹੈ ਕਿ ਉਸ ਨੂੰ ਪੜ੍ਹਦਿਆਂ ਇਉਂ ਮਹਿਸੂਸ ਹੋ ਰਿਹਾ ਹੈ ਕਿ ਉਸ ਸਮੇਂ ਪਿੰਡਾਂ ਵਿੱਚ ਰਹਿਣ ਵਾਲੇ ਹਰ ਵਿਅਕਤੀ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਸਨ। ਸੁਰਿੰਦਰ ਰਾਮਪੁਰੀ ਨੇ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਲਿਖਕੇ ਉਨ੍ਹਾਂ ਨੂੰ ਲੋਕਾਈ ਦੀਆਂ ਘਟਨਾਵਾਂ ਬਣਾ ਦਿੱਤਾ ਹੈ। ਭਾਵ ਇਹ ਸਵੇ-ਜੀਵਨੀ ਨਿੱਜੀ ਦੀ ਥਾਂ ਲੋਕਾਈ ਦੀ ਬਣਾ ਦਿੱਤੀ ਹੈ। ਇਹੋ ਸੁਰਿੰਦਰ ਰਾਮਪੁਰੀ ਦੀ ਵੱਖਰੀ ਗੱਲ ਹੈ। ਆਪਣੀ ਪਤਨੀ ਸੰਤੋਸ਼ ਬਾਰੇ ਲਿਖਦਾ ਹੈ ਕਿ ਉਸਦੇ ਸਹਿਯੋਗ ਬਿਨਾਂ ਉਸਦੀ ਜ਼ਿੰਦਗੀ ਸਫਲ ਨਹੀਂ ਹੋ ਸਕਦੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਲੜਕਾ ਗਗਨਦੀਪ ਸ਼ਰਮਾ ਵੀ ਇੱਕ ਕਵੀ ਹੈ, ਜਿਸ ਨੂੰ ਸਾਹਿਤ ਅਕਦਮੀ ਦਾ ਯੁਵਾ ਪੁਰਸਕਾਰ ਮਿਲ ਚੁੱਕਾ ਹੈ। ਉਸਦਾ ਪਹਿਲਾ ਲੇਖ ਆਪਣੇ ਪਿਤਾ ਬਾਰੇ ‘ ਗੂੜ੍ਹੀ ਛਾਂ ਵਾਲਾ ਰੁੱਖ’ ਹੈ, ਜਿਸ ਵਿੱਚ ਰਾਮਪੁਰੀ ਨੇ ਪਰਿਵਾਰ ਦੀ ਜਦੋਜਹਿਦ ਅਤੇ ਪਿਤਾ ਵੱਲੋਂ ਦਿੱਤੀ ਸਾਹਿਤਕ ਗੁੜ੍ਹਤੀ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਪਿਤਾ ਨੂੰ ਗੂੜ੍ਹੀ ਛਾਂ ਵਾਲਾ ਰੁੱਖ ਕਹਿਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਤਾ ਪਰਿਵਾਰ ਦਾ ਮੁੱਖੀ ਹੋਣ ਕਰਕੇ ਪਰਿਵਾਰ ਲਈ ਹਰ ਦੁੱਖ ਸੁੱਖ ਦਾ ਮੁਕਾਬਲਾ ਕਰਕੇ ਬੱਚਿਆਂ ਲਈ ਮਾਰਗ ਦਰਸ਼ਕ ਬਣਦਾ ਹੈ। ਅਜੋਕੀ ਵਿਗੜੀ ਨੌਜਵਾਨ ਪੀੜ੍ਹੀ ਲਈ ਇਹ ਲੇਖ ਆਪਣੇ ਮਾਪਿਆਂ ਦੀ ਸਰਪ੍ਰਸਤੀ ਨੂੰ ਕਬੂਲਣ ਲਈ ਪ੍ਰੇਰਦਾ ਹੈ। ‘ਮਨ ਦੀ ਤਾਸੀਰ’ ਲੇਖ ਪ੍ਰਵਾਸੀ ਬੱਚਿਆਂ/ਵਿਦਿਆਰਥੀਆਂ ਦੀ ਤਰ੍ਹਾਂ ਆਪਣਾ ਖ਼ਰਚਾ ਆਪ ਚੁੱਕਣ ਦੀ ਨਸੀਹਤ ਦਿੰਦਾ ਹੈ। ‘ਸ਼ਬਦ ਦੇ ਅਰਥ ਦੀ ਤਲਾਸ਼’ ਲੇਖ ਜ਼ਿੰਦਗੀ ਵਿੱਚ ਸੋਚ ਸਮਝਕੇ ਵਿਚਰਣ ਦੀ ਲੋੜ ਤੇ ਜ਼ੋਰ ਦਿੰਦਾ ਹੈ ਕਿਉਂਕਿ ਲੋਕ ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਹਨ ਭਾਵ ਲੋਕ ਦੋਹਰੀ ਜ਼ਿੰਦਗੀ ਜਿਉਂਦੇ ਹਨ। ‘ਕਿਤਾਬਾਂ ਦਾ ਸਾਥ’ ਲੇਖ ਦਾ ਭਾਵ ਹੈ ਕਿ ਪੁਸਤਕਾਂ ਪੜ੍ਹਨ ਨਾਲ ਇਨਸਾਨ ਦੇ ਵਿਅਕਤਿਤਵ ਦਾ ਵਿਕਾਸ ਹੁੰਦਾ ਹੈ। ‘ਸੁਪਨਿਆਂ ਦੇ ਦੀਪ’ ਲੇਖ ਵਿੱਚ ਦਰਸਾਇਆ ਹੈ ਕਿ ਅਧਿਆਪਕ ਸੁਪਨੇ ਸਿਰਜਨ ਵਾਲੇ ਦੀਵੇ ਹੁੰਦੇ ਹਨ। ‘ਲਿਖਾਰੀ ਸਭਾ ਨਾਲ ਦੋਸਤੀ’ ਵਾਲਾ ਲੇਖ ਵੀ ਸਾਹਿਤ ਸਭਾਵਾਂ ਦੇ ਯੋਗਦਾਨ ਬਾਰੇ ਹੈ। ‘ਕਿਸੇ ਬਹਾਨੇ’ ਲੇਖ ਜੋ ਪੁਸਤਕ ਦਾ ਨਾਮ ਵੀ ਹੈ, ਇਸਤਰੀਆਂ ਦੇ ਦਰਦ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ਇੱਕ ਉਦਾਹਰਣ ਆਪਣੀ ਮਾਂ ਰਾਹੀਂ ਦਿੰਦਾ ਹੈ ਕਿ ਔਰਤਾਂ ਮਕਾਣਾ ਜਾਂਦੀਆਂ ਖ਼ੁਸ਼ਮਿਜਾਜ ਹੁੰਦੀਆਂ ਹਨ ਪ੍ਰੰਤੂ ਪਿੰਡ ਵੜਨ ਲਗੀਆਂ ਕਿਵੇਂ ਫੁਟ ਫੁਟ ਰੋਣ ਲੱਗ ਜਾਂਦੀਆਂ ਹਨ। ‘ਕਵਿਤਾ ਇੰਜ ਵੀ ਆਉਂਦੀ ਹੈ’ ਲੇਖ ਤੋਂ ਜ਼ਾਹਰ ਹੁੰਦਾ ਹੈ ਕੋਈ ਵੀ ਘਟਨਾ ਕਵਿਤਾ ਲਿਖਣ ਦਾ ਸਾਧਨ ਬਣਦੀ ਹੈ। ‘ਨੌਜਵਾਨ ਭਾਰਤੀ ਲੇਖਕਾਂ ਦਾ ਮੇਲਾ’ ਅਤੇ ‘ਗੁਹਾਟੀ ਤੋਂ ਸ਼ਿਲੌਂਗ’ ਲੇਖਾਂ ਤੋਂ ਸਾਬਤ ਹੁੰਦਾ ਹੈ ਕਿ ਅੜਿਚਣਾ ਦੇ ਬਾਵਜੂਦ ਜੇ ਚਾਹ ਹੋਵੇ ਤਾਂ ਰਾਹ ਬਣ ਜਾਂਦਾ ਹੈ। ‘ਮਨ ਦਾ ਪ੍ਰਦੂਸ਼ਣ’ ਲੇਖ ਇਸਤਰੀ ਮਰਦ ਦੀ ਇਕਸੁਰਤਾ ਨਾ ਹੋਣ ਬਾਰੇ ਹੈ। ‘ਗੁਰਬਖ਼ਸ਼ ਸਿੰਘ ਪ੍ਰੀਤਲੜੀ, ਮੁਹਿੰਦਰ ਸਿੰਘ ਕੈਦੀ ਅਤੇ ਮੁਹਿੰਦਰ ਸਿੰਘ ਚੀਮਾ’ ਦੇ ਸਾਹਿਤਕ ਯੋਗਦਾਨ ਬਾਰੇ ਲਿਖਿਆ ਹੈ। ‘ਮੂੰਹ-ਜ਼ੋਰ ਪਾਤਰਾਂ ਦੀ ਸਿਰਜਣਾ’ ਲੇਖ ਵਿੱਚ ਸੁਰਿੰਦਰ ਰਾਮਪੁਰੀ ਨੇ ਆਪਣੀਆਂ ਕਹਾਣੀਆਂ ਵਿੱਚ ਉਹ ਪਾਤਰ ਕਿਵੇਂ ਸਿਰਜਦਾ ਹੈ, ਦੀ ਜਾਣਕਾਰੀ ਦਿੱਤੀ ਹੈ। ‘ਨੇ੍ਹਰੀ ਰਾਤ ਦਾ ਕਹਿਰ’ ਪੁਸਤਕ ਦੀ ਸੰਪਾਦਨਾ ਅਤੇ ਨੌਜਵਾਨ ਹਿੰਦੀ ਲੇਖਕਾਂ ਦੀ ਸ਼ਾਇਰੀ ਦੇ ਅਨੁਵਾਦ ਦੇ ਅਨੁਭਵ ਲਿਖੇ ਹਨ। ‘ਵੈਰਨ ਬਣੀ ਚਾਬੀ’ ਲੇਖ ਵਿੱਚ ਲੇਖਕਾਂ ਦੇ ਕਿਰਦਾਰ ਬਾਰੇ ਸ਼ੱਕ ਦੀ ਗੁੰਜ਼ਾਇਸ਼ ਦਾ ਜ਼ਿਕਰ ਕੀਤਾ ਹੈ। ‘ਸਾਹਿਤ ਤੇ ਸੰਗੀਤਕ ਵਿਰਾਸਤ’ ਲੇਖ ਵਿੱਚ ਰਾਮਪੁਰ ਪਿੰਡ ਦੀ ਸਾਹਿਤਕ ਅਤੇ ਸੰਗੀਤਕ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਵਰਣਨ ਕੀਤਾ ਗਿਆ ਹੈ। ‘ਮਿੱਤਰਚਾਰੀ’ ਲੇਖ ਵਿੱਚ ਹਰ ਵਿਅਕਤੀ ਦੀ ਆਪੋ ਆਪਣੀ ਸੋਚ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕੁਲ ਮਿਲਾਕੇ ਕਿਹਾ ਜਾ ਸਕਦਾ ਹੈ ਕਿ ਸੁਰਜੀਤ ਰਾਮਪੁਰੀ ਦਾ ਇਹ ਉਦਮ ਪਿੰਡ ਰਾਮਪੁਰ ਦੇ ਸਮੁੱਚੇ ਸਾਹਿਤਕਾਰਾਂ ਦੇ ਯੋਗਦਾਨ ਦਾ ਦਸਤਾਵੇਜ ਹੈ। ਸੁਰਿੰਦਰ ਰਾਮਪੁਰੀ ਨੇ ਆਪਣੇ ਪਿੰਡ ਦੀ ਮਿੱਟੀ ਦੀ ਖ਼ੁਸ਼ਬੋ ਸਮੁਚੇ ਸੰਸਾਰ ਵਿੱਚ ਫ਼ੈਲਾ ਦਿੱਤੀ ਹੈ। ਭਵਿਖ ਵਿੱਚ ਉਸ ਕੋਲੋਂ ਹੋਰ ਬਿਹਤਰੀਨ ਪੁਸਤਕ ਦੀ ਉਮੀਦ ਕੀਤੀ ਜਾ ਸਕਦੀ ਹੈ।
132 ਪੰਨਿਆਂ, 175 ਰੁਪਏ ਕੀਮਤ ਵਾਲੀ ਇਹ ਪੁਸਤਕ ਆਟਮ ਆਰਟ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com