ਚੁੰਝਾਂ-ਪ੍ਹੌਂਚੇ

07.10.2024

ਸੌਦਾ ਸਾਧ ਨੂੰ 26 ਦਿਨਾਂ ਮਗਰੋਂ ਹੀ ਫਿਰ ਐਮਰਜੈਂਸੀ ਪੇਰੋਲ ਦਿਤੀ ਸਰਕਾਰ ਨੇ - ਇਕ ਖ਼ਬਰ

ਨਿੱਕਾ ਦਿਉਰ ਭਾਬੀਆਂ ਦਾ ਗਹਿਣਾ, ਪੱਟਾਂ ਵਿਚ ਖੇਡਦਾ ਫਿਰੇ।

ਪੰਜਾਬੀ ਭਾਸ਼ਾ ‘ਚ ਕੰਮ ਨਾ ਕਰਨ ‘ਤੇ ਭਾਸ਼ਾ ਵਿਭਾਗ ਨੇ ਪਾਵਰਕਾਮ ਨੂੰ ਨੋਟਿਸ ਜਾਰੀ ਕੀਤਾ-ਇਕ ਖ਼ਬਰ

ਨੜੇ ਨੋਟਿਸਾਂ ਦੀ ਕੋਈ ਪਰਵਾਹ ਨਾਹੀਂ, ਤੇਰੇ ਹੁਕਮਾਂ ਨੂੰ ਟਿੱਚ ਕਰ ਕੇ ਜਾਣਦੇ ਹਾਂ।

ਭਾਰਤ ਸਿੱਖਾਂ ਦਾ ਯੋਗਦਾਨ ਕਦੇ ਨਹੀਂ ਭੁਲਾ ਸਕਦਾ- ਰਾਜਨਾਥ ਸਿੰਘ

ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ।

ਸ਼ਕਤੀਸ਼ਾਲੀ ਦੇਸ਼ਾਂ ਨੇ ਯੂ.ਐਨ. ਨੂੰ ਸ਼ਕਤੀਹੀਣ ਤੇ ਅਰਥਹੀਣ ਵਿਸ਼ਵ ਸੰਸਥਾ ਬਣਾ ਕੇ ਰੱਖ ਦਿਤਾ ਹੈ- ਦਲ ਖ਼ਾਲਸਾ

ਕੋਈ ਊਠਾਂ ਵਾਲ਼ੇ ਨੀ, ਲੁੱਟ ਕੇ ਸੇਜ ਸੱਸੀ ਦੀ ਲੈ ਗਏ।

ਵਧਦੀ ਮਹਿੰਗਾਈ ਨੇ ਤੋੜਿਆ ਮੱਧਵਰਗੀ ਲੋਕਾਂ ਦਾ ਲੱਕ- ਇਕ ਖ਼ਬਰ

ਥੋੜ੍ਹਾ ਸਬਰ ਕਰੋ ਬਈ! ਵਿਤ ਮੰਤਰੀ ਨੇ ਕਿਹਾ ਤਾਂ ਹੈ ਕਿ ਕੁਝ ਦਹਾਕਿਆਂ ਤੱਕ ਅੱਛੇ ਦਿਨ ਆਨੇ ਵਾਲੇ ਹੈਂ’।

ਕੰਗਨਾ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੇ- ਮਲਵਿੰਦਰ ਸਿੰਘ ਕੰਗ

ਘੁੱਗੂਆਂ ਨੂੰ ਟੱਕਰੀ, ਤੈਨੂੰ ਟੱਕਰੂ ਬੰਸਰੀ ਵਾਲਾ।

ਵਿਵਾਦਾਂ ‘ਚ ਰਹੇ ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ ‘ਚ ਵਾਪਸੀ- ਇਕ ਖ਼ਬਰ

ਛੱਡ ਮਿੱਤਰਾ ਫੁਲਕਾਰੀ, ਹਾਕਾਂ ਘਰ ਵੱਜੀਆਂ।

ਮੋਦੀ ਅਤੇ ਸ਼ਾਹ ਦਾ ਵਤੀਰਾ ਕਦੀ ਵੀ ਪੰਜਾਬ ਪ੍ਰਤੀ ਚੰਗਾ ਨਹੀਂ ਰਿਹਾ- ਨੀਲ ਗਰਗ

ਉੱਜੜੀਆਂ ਭਰਜਾਈਆਂ, ਵਲੀ ਜਿਨ੍ਹਾਂ ਦੇ ਜੇਠ।

ਭਾਰਤ ਦੀਆਂ ਜੇਲ੍ਹਾਂ ਵਿਚ 76 ਫ਼ੀ ਸਦੀ ਕੈਦੀ ਬਿਨਾਂ ਕਿਸੇ ਜ਼ੁਰਮ ਦੇ ਜੇਲ੍ਹਾਂ ‘ਚ ਬੰਦ- ਇਕ ਖ਼ਬਰ

ਰੁਕਨਦੀਨਾਂ ਅਦਾਲਤੀਂ ਕੂੜ ਵਿਕਦਾ, ਹੁੰਦੇ ਫ਼ੈਸਲੇ ਨਹੀਂ ਹੁੰਦਾ ਇਨਸਾਫ਼ ਮੀਆਂ।

ਸੰਯੁਕਤ ਰਾਸ਼ਟਰ ਮੁਖੀ ਗੁਤਰੇਸ ਦੇ ਇਜ਼ਰਾਈਲ ’ਚ ਦਾਖ਼ਲ ਹੋਣ ‘ਤੇ ਪਾਬੰਦੀ- ਇਕ ਖਬਰ

ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

ਬੀਬੀ ਜਗੀਰ ਕੌਰ ਦੇ ਹੱਕ’ਚ ਡਟੀ ਬੀਬੀ ਕਿਰਨਜੋਤ ਕੌਰ- ਇਕ ਖ਼ਬਰ

ਤੇਰੀ ਮੇਰੀ ਇਕ ਜਿੰਦੜੀ, ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ।

ਸਾਡੇ ਬੰਦੀ ਸਿੰਘਾਂ ਲਈ ਸਮਰੱਥ ਅਥਾਰਟੀ ਕਿਹੜੀ ਹੈ?- ਡਾ. ਕੁਲਵੰਤ ਕੌਰ

ਬੋਤਾ ਵੀਰ ਦਾ ਨਜ਼ਰ ਨਾ ਆਵੇ, ਉਡਦੀ ਧੂੜ ਦਿਸੇ।

ਕਾਂਗਰਸ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਅਸਤੀਫ਼ਾ ਮੰਗਿਆ- ਇਕ ਖ਼ਬਰ

ਚੁੱਕ ਚਰਖ਼ਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨਣ੍ਹਾਂ।

ਨਸ਼ਾ ਤਸਕਰਾਂ ਤੇ ਹੋਰ ਅਪਰਾਧੀਆਂ ’ਤੇ ਸਖ਼ਤੀ ਵਰਤਣ ਦਾ ਫ਼ੈਸਲਾ ਕੀਤਾ ਪੰਜਾਬ ਪੁਲਿਸ ਨੇ-ਇਕ ਖ਼ਬਰ

ਕੀ ਗੱਲ ਬਈ, ਪਹਿਲਾਂ ਨਾਨਕਿਆਂ ਦੇ ਗਏ ਹੋਏ ਸੀ।

ਪੱਛਮੀ ਬੰਗਾਲ’ਚ ਹੜ੍ਹਾਂ ਦੀ ਹਾਲਤ ਚਿੰਤਾਜਨਕ, ਕੇਂਦਰ ਮਦਦ ਨਹੀਂ ਕਰ ਰਿਹਾ- ਮਮਤਾ ਬੈਨਰਜੀ

ਮੇਰੀ ਰੋਂਦੀ ਨਾ ਵਰਾਈ ਕਰਤਾਰੋ, ਕੀ ਲੱਪ ਰਿਉੜੀਆਂ ਦੀ।

=================================================