ਕਿਤਾਬ ਸਮੀਖਿਆ- ਨਾਰੀਵਾਦ ਵਿਚ ਔਰਤ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਹੋਰ ਰਾਹ ਪੈਦਾ ਕਰਦੀਆਂ ਕਵਿਤਾਵਾਂ ਦਾ ਸੰਗ੍ਰਹਿ ‘ਕੰਧਾਂ ਦੇ ਓਹਲੇ’ - ਬਲਜਿੰਦਰ ਸੰਘਾ
ਕਿਤਾਬ ਦਾ ਨਾਮ: ‘ਕੰਧਾਂ ਦੇ ਓਹਲੇ’
ਲੇਖਿਕਾ : ਸੰਦੀਪ ਕੌਰ ‘ਰੂਹਵ’
ਪ੍ਰਕਾਸ਼ਕ : ਅਸੰਖ ਪਬਲੀਕੇਸ਼ਨ
ਚਰਚਾ ਕਰਤਾ: ਬਲਜਿੰਦਰ ਸੰਘਾ
ਇਸ ਕਿਤਾਬ ਦੀ ਚਰਚਾ ਲਈ ਲਿਖੇ ਇਸ ਲੇਖ ਦਾ ਇਹ ਵੀ ਟਾਈਟਲ ਰੱਖਿਆ ਜਾ ਸਕਦਾ ਸੀ ਕਿ ‘ਮਨ ਵਿਚੋਂ ਕਾਗਜਾਂ ਤੇ ਆਏ ਜਜ਼ਬਾਤਾਂ ਦੀਆਂ ਹੂਕ ਵੰਨੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ’ ‘ਤੇ ਸ਼ਾਇਦ ਕਿਸੇ ਹੋਰ ਪਾਠਕ ਨੂੰ ਪੂਰੀ ਕਿਤਾਬ ਪੜ੍ਹਨ ਤੋਂ ਬਾਅਦ ਇਹ ਜਿ਼ਆਦਾ ਢੁੱਕਦਾ ਲੱਗੇ। ਪਰ ਜਦੋਂ ਮੈਂ ਇਸ ਕਿਤਾਬ ਦੇ 8 ਭਾਗਾਂ ਦੀਆਂ ਕਵਿਤਾਵਾਂ ਵਿਚੋਂ ਤਿੰਨ ਭਾਗ ‘ਝੱਲੀਆਂ ਜਿਹੀਆਂ ਕੁੜੀਆਂ’ ‘ਮਸਲੇ’ ‘ਤਾਣਾ-ਬਾਣਾ’ ਪੜੇ ਤਾਂ ਉਪਰੋਤਕ ਟਾਈਟਲ ਜਿ਼ਆਦਾ ਢੁਕਵਾਂ ਲੱਗਿਆ ਤੇ ਮੇਰੀ ਇਸ ਕਿਆਬ ਬਾਰੇ ਬਹੁਤੀ ਚਰਚਾ ਦਾ ਵਿਸ਼ਾ ਇਹੀ ਤਿੰਨ ਭਾਗ ਹਨ। ਦੂਸਰਾ ਇਹ ਚਰਚਾ ਪਹਿਲਾ ਹੀ ਹੈਲਨ ਸਿਕਸੂ (ਫਰੈਂਚ ਲੇਖਿਕਾ) ਦੁਆਰਾ ਕਹੇ ਜਾ ਚੁੱਕੇ ਇਹਨਾਂ ਸ਼ਬਦਾਂ ਦੇ ਅਧਾਰਿਤ ਹੈ ਕਿ ‘ਔਰਤ ਨੂੰ ਮਰਦਾਂ ਦੁਆਰਾ ਬਣਾਈ ਗਈ ਦੁਨੀਆਂ ਦੇ ਘੇਰੇ ਤੋਂ ਬਾਹਰ ਆਕੇ ਆਪਣੇ ਵਿਚਾਰ ਪੇਸ਼ ਕਰਨੇ ਅਤੇ ਲਿਖਣਾ ਚਾਹੀਦਾ ਹੈ’ ਤੀਸਰਾ ਕਾਰਨ ਇਹ ਹੈ ਕਿ ਕਵਿਤਾਵਾਂ ਪੜਕੇ ਇਹ ਮਹਿਸੂਸ ਹੋਇਆ ਕਿ ਇਹਨਾਂ ਵਿਚ ਕਵਿੱਤਰੀ ਦਾ ਕੋਈ ਵਿਚਾਰਧਾਰਕ ਰਲੇਵਾ ਨਾ ਹੋਣ ਕਰਕੇ ਇਹ ਨਾਰੀਵਾਦ ਨੂੰ ਸਮਝਣ ਲਈ ਹੋਰ ਰਾਹ ਵੀ ਪੈਦਾ ਕਰਦੀਆਂ ਹਨ।
ਕਾਵਿ ਸੰਗ੍ਰਹਿ ‘ਕੰਧਾਂ ਦੇ ਓਹਲੇ’ਦੀਆਂ ਸਾਰੀਆਂ ਕਵਿਤਾਵਾਂ ਹੀ ਕੰਧਾਂ ਦੇ Eਹਲੇ ਜਾਂ ਆਖ ਲਈਏ ਸਾਡੇ ਸਮਾਜ ਦੀਆਂ ਪ੍ਰਪਰਾਵਾਂ ਦੇ ਬਣਾਏ ਅਦਿੱਖ ਪਰ ਕਿਲੇ ਦੀਆਂ ਕੰਧਾਂ ਨਾਲੋਂ ਵੀ ਮਜਬੂਤ ਅਦਿਸਦੇ ਪਰਦਿਆਂ ਦੇ ਪਿੱਛੋਂ ਹਿੰਮਤ ਕਰਕੇ ਕਾਗਜਾਂ ਦੀ ਹਿੱਕ ਤੇ ਵਾਹੇ ਔਰਤ ਦੇ ਉਹ ਮਸਲੇ ਹਨ ਜੋ ਆਰਥਿਕ,ਰਾਜਨੀਤਕ ਤੇ ਕਾਨੂੰਨੀ ਬਰਾਬਰਤਾ ਦੇ ਮਸਲੇ ਜੇਕਰ ਇਹ ਮੰਨ ਲਈਏ ਕਿ ਸੌ ਪ੍ਰਤੀਸ਼ਤ ਹੱਲ ਹੋ ਗਏ ਹਨ ਤਾਂ ਵੀ ਇਸ ਕਾਵਿ ਸੰਗ੍ਰਹਿ ਨੂੰ ਪੜਦਿਆਂ, ਮਹਿਸੂਸ ਕਰਦਿਆਂ ਤੇ ਸਮਝਦਿਆਂ ਲੱਗਦਾ ਹੈ ਕਿ ਔਰਤ ਦੀਆਂ ਸਮਾਜਿਕ ਖੁੱਲਾਂ ਦੇ ਮਸਲੇ ਅਜੇ ਵੀ ਉਵੇਂ ਹੀ ਬਰਕਰਾਰ ਹਨ ਅਤੇ ਉਹ ਰਵਾਇਤਾਂ ਵਿਚ ਘਿਰੀ ਹੋਈ ਹੈ। ਕਵਿਤਾਵਾਂ ਪੜਕੇ ਮਹਿਸੂਸ ਹੁੰਦਾ ਹੈ ਨਾਰੀਵਾਦ ਔਰਤ ਦੇ ਮਸਲਿਆਂ ਦਾ ਜੋ ਮੁਲ੍ਹਾਕਣ ਹੁਣ ਤੱਕ ਕਰ ਚੁੱਕਾ ਹੈ ਇਹ ਕਾਵਿ-ਸੰਗ੍ਰਿਹ ਦੀਆਂ ਲਿਖਤਾਂ ਇੱਕ ਖਿੱਤੇ ਦੇ ਸਰੋਕਾਰ ਸਮਝਣ ਵਿਚ ਸਹਾਈ ਹੋਰ ਸਹਾਈ ਹੋ ਸਕਦੀਆਂ ਹਨ। ਕਿਉਂਕਿ ਇਸ ਕਿਤਾਬ ਦੀਆਂ ਲਿਖ਼ਤਾਂ ਵਿਚ ਉਹ ਅੰਸ਼ ਮੌਜੂਦ ਹੈ ਜਦੋਂ ਔਰਤ ਸਮਾਜ ਦੇ ਜਾਂ ਮਰਦ ਪ੍ਰਧਾਨ ਸਮਾਜ ਦੇ ਬਣਾਏ ਲਿਖਣ ਦਾਇਰੇ ਦੇ ਰਿੰਗ ਵਿਚੋਂ ਬਾਹਰ ਆਕੇ ਕਲਮ ਚੁੱਕਦੀ ਹੈ।
ਸਾਡੇ ਮਰਦ ਪ੍ਰਧਾਨ ਸਮਾਜ ਨੇ ਕੁੜੀਆਂ ਨੂੰ ਹੀ ਬਾਬਲ ਦੀ ਪੱਗ ਤੇ ਘਰ ਦੀ ਇੱਜ਼ਤ ਦਾ ਸਾਰਾ ਭਾਰ ਚੁਕਾਇਆ ਹੋਇਆ ਹੈ। ਉਹਨਾਂ ਦੇ ਬਹੁਤੇ ਚਾਅ-ਮਲਾਰ ਇਸ ਭਾਰ ਥੱਲੇ ਹੀ ਦੱਬਕੇ ਮਰ ਜਾਂਦੇ ਹਨ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਾਤਵਾਂ ਰਾਹੀਂ ਸਮਝੀਏ ਤਾਂ ਕਵਿਤਾ ‘ਮੋਹੱਬਤ ਦੇ ਸਬੂਤ’ ਵਿਚ ਕਵਿੱਤਰੀ ਦੇ ਬੋਲ-
ਤੂੰ ਮਰਦ ਸੀ
ਮੋਹੱਬਤ ਸਾਬਿਤ ਕਰਨ ਲਈ
ਤੂੰ ਰਾਂਝਾ ਬਣਿਆ
ਫ਼ਕੀਰ ਹੋਇਆ
ਕਿਉਂਕਿ ਤੰ ਦੁਨੀਆਂ ਦੇ
ਬੰਧਨਾਂ, ਰਿਵਾਜ਼ਾਂ ਤੋਂ ਬਾਹਰ ਸੀ
ਮੈਂ ਕੁੜੀ ਸੀ
ਮੋਹੱਬਤ ਸਾਬਿਤ ਕਰਨ ਲਈ
ਚਾਹ ਕੇ ਵੀ ਮੈਂ
ਘਰ ਨਹੀਂ ਛੱਡ ਸਕੀ
ਕਿਉਂਕਿ ਮੇਰੇ ਮੋਢਿਆਂ ‘ਤੇ
ਘਰ ਦੀ ਇੱਜ਼ਤ ਦਾ ਭਾਰ ਸੀ…
ਬਹੁਤ ਕੁਝ ਬਦਲਗਿਆ ਹੈ ਅਤੇ ਬਦਲ ਰਿਹਾ ਹੈ। ਪਰ ਸਾਡਾ ਸਮਾਜ ਅਜੇ ਵੀ ਔਰਤ ਦਾ ਚਰਿੱਤਰ ਉਹਦੇ ਪਹਿਾਰਵੇ ਨਾਲ ਜੋੜਕੇ ਹੀ ਦੇਖਦਾ ਹੈ। ਕਵਿਤਾ ‘ਪਹਿਰਾਵਾ’ ਵਿਚ ਸਦੀਆਂ ਦੇ ਔਰਤ ਦੇ ਦਰਦ ਦੀ ਚੀਸ ਹੈ ਮਾਂ ਤੋਂ ਧੀ ਤੇ ਉਸ ਤੋਂ ਅੱਗੇ ਉਹਦੀ ਧੀ। ਚਾਹੇ ਦੇਸ਼ ਤੋਂ ਵਿਦੇਸ਼ ਤੱਕ ਦਾ ਸਫ਼ਰ ਤਹਿ ਹੋ ਚੁੱਕਾ ਹੈ। ਸਾਡਾ ਰਹਿਣ-ਸਹਿਣ, ਖਾਣ-ਪੀਣ, ਪਹਿਨਣ ਵੀ ਮੋਕਲਾ ਹੋਇਆ ਹੈ ਪਰ ਸਾਡੇ ਪੰਜਾਬੀ ਸਮਾਜ ਦਾ ਬਹੁਤਾ ਵਰਗ ਅਜਿਹਾ ਹੈ ਜਿਸ ਵਿਚ ਔਰਤ ਨੂੰ ਅਜੇ ਵੀ ਨਾਰੀਵਾਦ ਦੇ ਪਹਿਲੇ ਦੌਰ ਦੀਆਂ ਸਮੱਸਿਆਵਾਂ ਅਤੇ ਪਰੰਪਰਾਵਾਂ ਨਾਲ ਜੂਝਣਾ ਪੈ ਰਿਹਾ ਹੈ ਜੋ ਅਠਾਰਵੀਂ ਸਦੀ ਤੋਂ ਵੀਹਵੀਂ ਸਦੀ ਤੱਕ ਅੱਪੜਦਿਆਂ ਕਨੇਡਾ-ਅਮਰੀਕਾ ਵਰਗੇ ਦੇਸ਼ਾਂ ਦੇ ਸਥਾਨਿਕ ਲੋਕਾਂ ਵਿਚ ਤਾਂ ਵੇਲਾ-ਵਿਆਹ ਚੁੱਕੀਆ ਹਨ ਪਰ ਇਹਨਾਂ ਦੇਸ਼ਾਂ ਵਿਚ ਵੱਸਦੇ ਅਸੀਂ ਅਜੇ ਵੀ ਇਹਨਾਂ ਵਿਚ ਬੱਝੇ ਹਾਂ। ‘ਪਹਿਰਾਵਾ’ ਕਵਿਤਾ ਦੀਆਂ ਕੁਝ ਲਾਇਨਾਂ-
ਯੁੱਗ ਪਲਟਦੇ ਨੇ। ਸਦੀਆਂ ਅਗ੍ਹਾਂ ਹੀ ਨੂੰ ਤੁਰਦੀਆਂ ਨੇ
…………
ਵਰ੍ਹਿਆਂ ਦੇ ਵਰ੍ਹੇ ਬੀਤਣ ਤੇ ਵੀ ਸਾਡੀਆਂ ਸੋਚਾਂ ਇਕੋ ਥਾਂ ਜੰਮ ਕੇ ਖੜੀਆਂ ਨੇ
ਹਰ ਸਦੀ’ਚ ਕੁਝੀਆਂ ਦੇ ਪਹਿਰਾਵੇ ਤੋਂ ਉਹਨਾਂ ਦੇ ਚਰਿੱਤਰ ਦੇ ਲੱਖਣ ਲੱਗਦੇ ਸੀ
ਅਜੇ ਵੀ ਉਂਗਲਾਂ ੳੱਠਦੀਆਂ ਨੇ,
ਤੇ ਹਮੇਸ਼ਾਂ ਦੀ ਤਰਾਂ ! ਕੁੜੀਆਂ ਦੇ ਲੀੜੇ ਪਾਉਣ-ਹੰਢਾਉਣ ਦੇ ਚਾਅ
ਸੰਦੂਖਾਂ,ਪੇਟੀਆਂ। ਅਲਮਾਰੀਆਂ ‘ਚ ਇE ਹੀ ਦਫ਼ਨ ਹੁੰਦੇ ਰਹਿਣਗੇ…
ਕਵਿਤਾਵਾਂ ਵਿਚ ਜਿੱਥੇ ਸਮਾਜ ਦੇ ਔਰਤ ਨੂੰ ਰੂੜ੍ਹੀਵਾਦੀ ਪਰੰਪਰਾਵਾਂ ਰਾਹੀਂ ਦਿੱਤੇ ਮਾਨਸਿਕ ਤਨਾਓ ਅਤੇ ਖ਼ਹਾਇਸ਼ਾ ਦੇ ਘਾਣ ਦਾ ਦਰਦ ਹੈ ਉੱਥੇ ਹੀ ਰੂੜ੍ਹੀਵਾਦੀ ਪਰੰਪਰਾਵਾਂ ਦੇ ਜਲਦੀ ਹੀ ਟੁੱਟਣ ਦੇ ਸਬੰਧ ਵਿਚ ਆਸ਼ਾਵਾਦੀ ਸੋਚ ਵੀ ਹੈ। ਇਹ ਸੋਚ ਘਰ ਤੋਂ ਸ਼ੁਰੂ ਹੁੰਦੀ ਹੈ ਅਤੇ ਕੁੜੀਆਂ ਦੇ ਹੌਸਲੇ ਅਤੇ ਆਤਮ-ਵਿਸ਼ਵਾਸ਼ ਨੂੰ ਮਜ਼ਬੂਤ ਕਰਦੀ ਹੈ। ਜਿਵੇਂ ‘ਕੁੜੀਆਂ ਤੇ ਕਵਿਤਾਵਾਂ ਹੁੰਦੀਆਂ’ ਵਿਚ ਬਾਪ, ਰਿਸ਼ਤੇਦਾਰ, ਅਵਾਰਾ ਆਸ਼ਕ ਕਿਸਮ ਦੇ ਮਰਦ, ਆਂਢਣਾ-ਗੁਆਂਢਣਾਂ ਰੂੜ੍ਹੀਵਾਦੀ ਪਰੰਪਰਾਵਾਂ ਦੇ ਚਿੰਨ੍ਹ ਹਨ ਜੋ ਕਿਸੇ ਨਾ ਕਿਸੇ ਘੂਰ, ਤੌਹਮਤ ਜਾਂ ਮੱਤ ਰਾਹੀਂ ਇਹ ਕਹਿੰਦੇ ਹਨ ਕਿ ਚੰਗੀਆਂ ਕੁੜੀਆਂ ਉਹ ਹੁੰਦੀਆਂ ਹਨ, ਜੋ ਸਮਾਜ ਦੇ ਬਣਾਏ ਘੇਰੇ ਦੇ ਵਿਚ ਰਹਿਕੇ ਜੀਵਨ ਪੂਰਾ ਕਰਦੀਆਂ ਹਨ। ਉਹਨਾਂ ਦੀ ਆਪਣੀ ਮਰਜ਼ੀ, ਖਹਿਸ਼ ਜਾਂ ਮੌਜ ਤਾਂ ਹੀ ਪਰਵਾਨ ਹੁੰਦੀ ਹੈ ਜੇ ਉਹ ਇਸ ਘੇਰੇ ਵਿਚ ਫਿੱਟ ਬੈਠਦੀ ਹੈ। ਪਰ ਕਵਿੱਤਰੀ ਇਹ ਕਹਿੰਦੀ ਹੈ ਕਿ ਇਹ ਰੂੜ੍ਹੀਵਾਦੀ ਪਰੰਪਰਾਵਾਂ ਦੇ ਘੇਰੇ ਜਲਦੀ ਟੁੱਟ ਸਕਦੇ ਹਨ, ਜਦੋਂ ਇੱਕ ਧੀ ਦਾ ਮਾਂ ਸਾਥ ਦਿੰਦੀ ਹੈ ਅਤੇ ਭਰਾ ਨਾਲ ਖੜ੍ਹਦਾ ਹੈ। ਕਵਿਤੱਰੀ ਅਨੁਸਾਰ ਪਰਿਵਾਰਕ ਰਿਸ਼ਤਿਆਂ ਦੇ ਸਹਾਰੇ ਵੀ ਰੂੜ੍ਹੀਵਾਦੀ ਪਰੰਪਰਾਵਾਂ ਟੁੱਟ ਸਕਦੀਆਂ ਹਨ। ਇਸ ਵੱਲ ਇਸਾ਼ਰਾ ਹੈ। ਇੱਥੇ ਦੋ ਤਰ੍ਹਾਂ ਦੀ ਸੋਚ ਇਸ ਕਵਿਤਾ ਬਾਰੇ ਪੈਦਾ ਹੁੰਦੀ ਹੈ ਕਿ ਔਰਤ ਦੀ ਫਿਰ ਆਵਦੀ ਕੀ ਹਸਤੀ ਹੋਈ ਜੇ ਉਹ ਭਰਾ ਦੇ ਨਾਲ ਖੜ੍ਹਨ ਨਾਲ ਜਾਂ ਮਾਂ ਦੇ ਕਹਿਣ ਤੇ ਹੀ ਅੱਗੇ ਵੱਲ ਕਦਮ ਰੱਖ ਸਕਦੀ ਹੈ। ਕੀ ਕਦੇ ਕਿਸੇ ਭਰਾ ਨੇ ਕੋਈ ਕੰਮ ਕਰਨ ਲੱਗਿਆ ਇਹ ਆਸਰਾ ਤੱਕਿਆ ਹੈ?
ਇਸ ਕਵਿਤਾ ਵਿਚ ਦੂਸਰੀ ਸੋਚ ਇਹ ਹੈ ਕਿ ਇਹ ਆਸਰਾ ਇਕ ਪਗਡੰਡੀ ਤਾਂ ਪੈਦਾ ਕਰਦਾ ਹੈ ਜੋ ਰਾਹ ਬਣ ਸਕਦੀ ਹੈ ਚਾਹੇ ਹੌਲੀ ਹੀ ਸਹੀ। ਇਸ ਤਰਾਂ ਇਸ ਅਧਾਰ ਤੇ ਨਾਰੀਵਾਦ ਨੂੰ ਹੋਰ ਡੂੰਘੇਰਾ ਸਮਝਣ ਲਈ ਇਸ ਕਵਿਤਾ ਦੇ ਅਧਾਰ ਤੇ ਪੈਦਾ ਹੋਏ ਰਹਿਮਵਾਦੀ ਨਾਰੀਵਾਦ ਰਾਹੀ ਔਰਤ ਦੇ ਮਸਲੇ ਸਮਝਣ ਦੀ ਗੱਲ ਕਰਨੀ ਚਾਹੀਦੀ ਹੈ। ਕਿਉਂਕਿ ‘ਘਰ ਦੀ ਇੱਜ਼ਤ’ ‘ਆਮ ਜਿਹੀ ਕੁੜੀ’ ‘ਰੱਬ ਨੂੰ ਸਿ਼ਕਾਇਤਾਂ’ ਵਰਗੀਆਂ ਕਵਿਤਾਵਾਂ ਮਰਦ ਪ੍ਰਧਾਨ ਸਮਾਜ ਵਿਚ ਰੂੜ੍ਹੀਵਾਦੀ ਪਰੰਪਰਾਵਾਂ ਦਾ ਸਹਾਰਾ ਲੈ ਕੇ ਪਿੱਤਰਸੱਤਾ ਰਾਹੀਂ ਔਰਤ ਦੇ ਚਾਅ ਕੁਚਲਣ ਨੂੰ ਸਮਝਣ ਅਤੇ ‘ਕੁੜੀਆਂ ਤੇ ਕਵਿਤਾਵਾਂ ਹੁੰਦੀਆਂ’ ਰਾਹੀਂ ਇਸਦਾ ਹੱਲ ਸ਼ੁਰੂ ਕੀਤਾ ਜਾ ਸਕਦਾ ਹੈ।
ਕਵਿਤਾ ‘ਰੁੱਖੇ ਤੇ ਖੁਰਦਰੇ ਜਿਹੇ ਮਰਦ’ ਵਿਚ ਜੋ ਮਰਦ ਅਤੇ ਸਮਾਜ ਦਾ ਵਿਖਿਆਨ ਕਰਦਿਆਂ ਸਿੱਟਾ ਕੱਢਿਆ ਹੈ ਉਹ ਇਹ ਹੈ ਕਿ ਔਰਤ ਦਾ ਭਲਾ ਪਰਿਵਾਰ ਵਿਚ ਰਹਿੰਦਿਆਂ ਆਪਣੀਆਂ ਚਾਹਤਾਂ ਨੂੰ ਸਿਮਟ ਕੇ ਪਰ ਮਾਨਣ ਦਾ ਮੌਕਾ ਮਿਲਣ ਤੇ ਬੰਧਨਾਂ ਵਿਚ ਬੱਧਿਆ ਮਾਨਣ ਵਿਚ ਹੈ ਤੇ ਮੈਂਨੂੰ ਲੱਗਦਾ ਹੈ ਇਹ ਵੀ ਸਮਝੌਤਾਵਾਦੀ ਨਾਰੀਵਾਦ ਸਿਧਾਂਤ ਘੜਦੀ ਕਵਿਤਾ ਹੈ, ਜਾਂ ਇਸ ਵਿਚ ਪਰਿਵਾਰਕ ਸਮਝੌਤਾਵਾਦੀ ਨਾਰੀਵਾਦ ਨਾਮ ਦਾ ਇਕ ਨਵਾਂ ਭਾਗ ਬਣਾਕੇ ਵੀ ਨਾਰੀਵਾਦ ਹੋਰ ਡੂੰਘਾ ਵਿਸ਼ਲੇਸ਼ਣ ਕਰ ਸਕਦਾ ਹੈ।
ਦੂਸਰੇ ਪੱਖ ਤੋਂ ਸੋਚੀਏ ਤਾ ਚਾਹੇ ਇਹ ਮਰਦ ਪ੍ਰਧਾਨ ਸਮਾਜਕ ਵਿਵਸਥਾ ਵਿਚ ਬੱਿਝਆ ਹੈ ਪਰ ਜਿਸ ਦੇਸ਼ ਜਾਂ ਸਥਾਨ ਤੇ ਅਜੇ ਨਾਰੀਵਾਦ ਦਾ ਪਹਿਲਾ ਦੌਰ ਹੀ ਚੱਲ ਰਿਹਾ ਹੋਵੇ ਇਸ ਵਿਚ ਅੱਗੇ ਔਰਤ ਦੇ ਦੂਸਰੇ ਜਾਂ ਤੀਸਰੇ ਦੌਰ ਵਿਚ ਸਾ਼ਮਿਲ ਹੋਣ ਦੇ ਮੌਕੇ ਪੈਦਾ ਕਰਦਾ ਹੈ। ‘ਕੁੜੀਆਂ ਤੇ ਕਵਿਤਾਵਾਂ ਹੁੰਦੀਆਂ’ ‘ਮਾਵਾਂ ਤੇ ਧੀਆਂ’ ਕਵਿਤਾਵਾਂ ਨੂੰ ਇਸ ਕੈਟਾਗਿਰੀ ਵਿਚ ਰੱਖਕੇ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਜੋ ਪਹਿਲੀ ਨਹੀ ਤਾਂ ਔਰਤ ਦੀ ਦੂਸਰੀ ਪੀੜੀ ਤੱਕ ਜਾਕੇ ਤਾਂ ਔਰਤ ਦੀ ਹਾਲਤ ਸੰਭਾਲ ਸਕਦੀਆਂ ਹਨ। ਪਰ ‘ਪਹਿਰਾਵਾ’ ਕਵਿਤਾ ਵਿਚ ਇਸ ਅਧਾਰ ਤੇ ਆਸ ਦੀ ਕਿਰਨ ਔਰਤ ਵੱਲੋਂ ਤਾਂ ਬਿਕਲੁਲ ਨਹੀਂ ਹੈ ਪਰ ਸਥਾਨ ਬਦਲਣ ਨਾਲ ਸੰਭਵ ਹੈ।
ਇਸ ਕਾਵਿ ਸੰਗ੍ਰਹਿ ਦੀ ਰੈਡੀਕਲ ਨਾਰੀਵਾਦ ਦੀ ਕਵਿਤਾ ‘ਬਾਗੀ’ ਹੈ ਜੋ ਅਮਰੀਕਨ ਲੇਖਿਕਾ ਬੈਟੀ ਫਰੀਡਮ ਦੀ 1963 ਵਿਚ ਪ੍ਰਕਾਸਿ਼ਤ ਕਿਤਾਬ ‘ਫੈਨੀਨਿਨ ਮਿਸਟਿਕ’ਦੀ ਇਸ ਵਿਚਾਧਾਰਾ ਦੀ ਵੀ ਪਰੋੜਤਾ ਕਰਦੀ ਹੈ ਕਿ ਔਰਤ ਨੂੰ ਜਿ਼ੰਦਗੀ ਦਾ ਅਨੰਦ ਮਾਨਣ ਲਈ ਰਵਾਇਤੀ ਔਰਤਾਂ ਅਤੇ ਸਮਾਜ ਦੇ ਰਵਿਾਈਤੀ ਰੰਗਾਂ-ਢੰਗਾਂ ਤੋਂ ਬਚਕੇ ਨਿਕਲਣਾ ਹੋਵੇਗਾ। ਇੱਥੇ ਬਚਕੇ ਨਿਕਲਣ ਦਾ ਅਰਥ ਇਹ ਨਹੀਂ ਕਿ ਡਰ ਜਾਣਾ ਅਤੇ ਪਾਸਾ ਵੱਟ ਲੈਣਾ ਬਲਕਿ ਉਨਾਂ ਦੀਆਂ ਰਵਿਾੲਤਾਂ ਨੂੰ ਨਿਕਾਰਨਾ ਜਾਂ ਪਰਵਾਹ ਨਾ ਕਰਨੀ ਹੈ। ਬਾਗੀ ਕਵਿਤਾ ਵਿਚ ਇਹੀ ਵਿਚਾਰ ਹਨ ਜਿਵੇ :
ਚੁੱਲ੍ਹਾ-ਚੌਂਕਾ ਸਾਂਭਣ ਵਾਲੀ ਨੇ
ਜਦੋਂ ਕਲਮਾਂ ਨੂੰ ਹੱਥ ਪਾਇਆ
ਸਮਾਜ ਨੇ ਇਹਨਾਂ ਕੁੜੀਆਂ ਨੂੰ
ਸਮਾਜ ਤੋਂ ਬਾਗੀ ਠਹਿਰਾਇਆ
…………………
ਜਦੋਂ ਕੁੜੀਆਂ ਦੇ ਹੌਂਕਿਆ-ਹਾਵਾ ਦਾ
ਸ਼ੋਰ ਕਿਸੇ ਨੇ ਨਾ ਸੁਣਿਆ
ਓਦੋਂ ਹੀ ਫਿਰ ਕੁੜੀਆਂ ਨੇ
ਬਗਾਵਤ ਦਾ ਰਾਹ ਚੁਣਿਆ
ਇਸ ਲੰਬੀ ਕਵਿਤਾ ਵਿਚ ਇਹ ਪੇਸ਼ ਕੀਤਾ ਗਿਆ ਹੈ ਕਿ ਕੁੜੀਆਂ ਨੇ ਬਾਗੀ ਹੋਣ ਦਾ ਰਾਹ ਕਦੋ ਅਤੇ ਕਿਉਂ ਅਪਣਾਇਆ? ‘ਕਲਮਾਂ ਦੀ ਜ਼ੁਬਾਨ’ ਕਵਿਤਾ ਵੀ ਇਸੇ ਕੈਟਾਗਿਰੀ ਦੀ ਉਤਸ਼ਾਹਿਤ ਕਰਨ ਵਾਲੀ ਕਵਿਤਾ ਹੈ।
‘ਕਲਯੁਗੀ’ ਕਵਿਤਾ ਪੰਜਾਬ ਵਿਚਲੀਆਂ ਪਰੰਪਰਾਵਾਂ ਜਾਂ ਖੇਤੀ ਪ੍ਰਧਾਨ ਸੂਬਾ ਹੋਣ ਅਤੇ ਪੀੜ੍ਹੀ-ਦਰ-ਪੀੜ੍ਹੀ ਜੱਦੀ ਜਾਇਦਾਦ ਦੇ ਘੇਰੇ ਵਿਚ ਰਹਿਕੇ ਸੋਚੀਏ ਤਾਂ ਭਾਵੁਕ ਕਰ ਸਕਦੀ ਹੈ ਪਰ ਸੰਸਾਰਰਿਕ ਪੱਧਰ ਮਾਰਕਸਵਾਦ ਦੀ ਧਾਰਾ ਅਨੁਸਾਰ ਬੱਚੇ ਮਾਂ-ਬਾਪ ਦੀ ਜਾਇਦਾਦ ਨਹੀਂ ਹਨ ਅਤੇ ਨਾਂ ਹੀ ਬੱਚਿਆਂ ਲਈ ਜਰੂਰੀ ਹੈ ਕਿ ਉਹ ਆਪਣਾ ਕੰਮ ਛੱਡਕੇ ਅਤੇ ਭਵਿੱਖ ਬਣਾਉਣ ਦਾ ਸਮਾਂ ਬੁੱਢੇ ਮਾਪਿਆਂ ਦੀ ਸਾਂਭ-ਸੰਭਾਲ ਵਿਚ ਲਗਾ ਦੇਣ। ਸਹੀ ਵੀ ਲੱਗਦਾ ਹੈ ਕਿ ਜੇਕਰ ਸਾਰੀ ਨੌਜਵਾਨ ਪੀੜੀ ਸਰਬਣ ਪੁੱਤ ਬਣਕੇ ਬੁੱਢਿਆਂ ਦੀਆਂ ਵਹਿਗੀਆਂ ਚੱਕਕੇ ਤੀਰਥਾਂ ਤੇ ਤੁਰੀ ਫਿਰੇ ਤਾਂ ਦੇਸ਼ ਵਿਚ ਕਾਮਾ ਕਿਹੜਾ ਹੋਵੇਗਾ। ਮਾਂ-ਬਾਪ ਨੂੰ ਬੁਢਾਪੇ ਵਿਚ ਨਾ ਸਾਂਭਣ ਵਾਲੇ ਬੱਚੇ ਇਸ ਕਵਿਤਾ ਅਨੁਸਾਰ‘ਕਲਯੁਗੀ’ਹਨ ਜੋ ਕਿ ਇਕ ਗਾਹਲ ਦੇ ਤੌਰ ਤੇ ਸਾਡੇ ਸੱਭਿਅਕ ਸਮਾਜ ਵਿਚ ਵਰਤਿਆ ਜਾਂਦਾ ਸ਼ਬਦ ਹੈ। ਪਰ ਮਾਰਕਸਵਾਦ ਕਹਿੰਦਾ ਹੈ ਕਿ ਬੱਚੇ ਦੇਸ਼ ਦਾ ਧਨ ਹਨ ਉਹਨਾਂ ਨੂੰ ਸਹੀ ਇਨਸਾਨ ਅਤੇ ਕਾਮੇ ਬਣਾਉਣਾ ਸਰਕਾਰਾਂ ਦਾ ਕੰਮ ਹੈ। ਜਵਾਨ ਤਬਕਾ ਕੰਮ ਕਰੇ ਅਤੇ ਬੁਢਾਪੇ ਵਿਚ ਆਰਥਿਕ ਲੋੜਾਂ ਲਈ ਪੈਨਸ਼ਨ, ਸਾਂਭ-ਸੰਭਾਲ ਲਈ ਬਿਰਧ ਘਰ ਅਤੇ ਸਿਹਤ-ਸਹੂਲਤਾਂ ਸਰਕਾਰਾਂ ਦਾ ਕੰਮ ਹੈ। ਸਾਰੇ ਬਜ਼ਰੁਗ ਆਪਣੇ ਹਮ ਉਮਰਾਂ ਵਿਚ ਰਹਿਣ ਅਤੇ ਵਧੀਆਂ ਅਰਾਮਦਿਕ ਬੁਢਾਪਾ ਗੁਜ਼ਾਰਨ।
ਪਰ ਦੂਸਰੇ ਪਾਸੇ ਪੂੰਜੀਵਾਦ ਵਿਚ ਇਹੀ ਧਾਰਨਾਂ ਹੈ ਪਰ ਮੁਨਾਫ਼ੇ ਦੇ ਅਧਾਰਤ ਹੈ। ਪਰ ਮੁਨਾਫ਼ੇ ਦੇ ਅਧਾਰਤਿ ਹੋਣ ਦੇ ਬਾਵਜੂਦ ਵੀ ਵਿਕਸਤ ਦੇਸ਼ਾਂ ਦੇ ਬਜੁ਼ਰਗ ਇਹਨਾਂ ਵਿਚ ਰਹਿਣਾ ਪਸੰਦ ਕਰਦੇ ਹਨ ਕਿਉਂਕਿਂ ਇਕ ਪੂਰਾ ਸਹੀ ਸਿਸਟਮ, ਸਹੂਲਤਾਂ ਹਨ।
ਇਸਦੇ ਕਾਨੂੰਨੀ ਪੱਖ ਜਿਸ ਬਾਰੇ ਉੱਪਰ ਲਿਖਿਆ ਹੈ ਕਿ ਸਾਡੇ ਦੇਸ਼ ਦੇ ਕਾਨੂੰਨ ਅਨੁਸਰ ਮਾਂ-ਬਾਪ ਦੀ ਜਾਇਦਾਦ ਉਹਨਾਂ ਦੇ ਮਰਨ ਉਪਰੰਤ ਬੱਚਿਆਂ ਦੀ ਹੋ ਜਾਂਦੀ ਹੈ ਅਤੇ ਜਾਇਦਾਦ ਦੇ ਨਾਲ ਹੀ ਇਕ ਨੈਤਿਕ ਜਿੰ਼ਮੇਵਾਰੀ ਜਨਮ ਲੈਂਦੀ ਹੈ ਕਿ ਬੁਢਾਪੇ ਵਿਚ ਮਾਪਿਆਂ ਦੀ ਸੇਵਾ ਅਤੇ ਸਾਂਭ-ਸੰਭਾਲ ਬੱਚੇ ਕਰਨੀ। ਪਰ ਕਈ ਵਾਰ ਮਾਪੇ ਉਨੇ੍ ਦੀ ਤਾਂ ਜਾਇਦਾਦ ਨਹੀ ਛੱਡਕੇ ਜਾਂਦੇ ਜਿੰਨਾ ਖਰਚਾ ਬੱਚੇ ਉਹਨਾਂ ਦੀ ਬਿਮਾਰੀ ਅਤੇ ਸੰਭਾਲ ਤੇ ਲਗਾ ਦਿੰਦੇ ਹਨ। ਭਾਰਤ ਵਿਚ ਇਹ ਨਿੱਤ ਦਿਨ ਦੀਆਂ ਸ਼ੋਸਲ ਮੀਡੀਏ ਤੇ ਸੈਂਕੜੇ ਖਬਰਾਂ ਹਨ ਕਿ ਕਲਯੁਗੀ ਬੇਟਾ ਆਪਣੇ ਬਿਰਧ ਮਾਂ ਜਾਂ ਬਾਪ ਨੂੰ ਕਿਸੇ ਆਸ਼ਰਮ ਜਾਂ ਸੜਕ ਕੰਢੇ ਲਵਾਰਿਸ ਛੱਡ ਗਿਆ।ਪਰ ਵਿਕਸਤ ਦੇਸ਼ਾਂ ਵਿਚ ਮਾਂ-ਬਾਪ ਦੀ ਜਾਇਦਾਦ ਉਹਨਾਂ ਦੀ ਆਪਣੀ ਹੈ ਅਤੇ ਉਹ ਆਪਣੇ ਬੁਢਾਪੇ ਲਈ ਅਡਵਾਂਸ ਵਿਚ ਦਵਾਈਆਂ ਦੀਆਂ, ਕੇਅਰਵਿਸਟ ਹੋਮ ਦੇ ਖ਼ਰਚੇ ਦੀਆਂ, ਬਲਕਿ ਮਰਨ ਉਪਰੰਤ ਆਖ਼ਰੀ ਕਿਰਿਆ-ਕਰਮ ਦੇ ਖ਼ਰਚੇ ਤੱਕ ਦੀਆਂ ਇਨਸ਼ੋਰੈਸ ਪਾਲਸੀਆਂ ਹੱਡ ਪੈਰ ਚੱਲਦੇ ਹੀ ਲੈਕੇ ਫ਼ਰੀ ਕਰ ਲੈਂਦੇ ਹਨ। ਇਕ ਵਧੀਆ ਵਸੀਹਤ ਬਣਾਕੇ ਵਾਧੂ ਦੀ ਜਾਇਦਾਦ ਜੇਕਰ ਚਾਹੁੰਣ ਤਾਂ ਬੱਚਿਆਂ ਨਹੀਂ ਤਾਂ ਕਿਸੇ ਚਰਚ ਜਾਂ ਹਸਪਤਾਲ ਨੂੰ ਦਾਨ ਕਰ ਜਾਂਦੇ ਹਨ। ਕੋਈ ਬੱਚਾ ਡਾਂਗਾਂ ਚੁੱਕ-ਚੁੱਕ ਨਹੀਂ ਲੜਦਾ ਕਿ ਸਾਨੂੰ ਹਿੱਸਾ ਘੱਟ ਮਿਲਿਆ, ਬਲਕਿ ਆਪਣੇ ਦਮ ਤੇ ਬਹੁਤੇ ਆਪਣਾ ਘਰ ਬਣਾਉਂਦੇ ਹਨ ਇਸ ਕਰਕੇ ਇਹਨਾਂ ਦੇਸ਼ਾਂ ਵਿਚ ਇਸ ਤਰ੍ਹਾਂ ਦੇ ਗਾਣੇ ਨਹੀਂ ਹਨ ਕਿ ਬਾਪੂ ਤੇਰੇ ਜਾਂ ਬੇਬੇ ਤੇਰੇ ਕਰਕੇ। ਪਰ ਨੇੜੇ ਤੋਂ ਦੇਖੀਏ ਤਾਂ ਬਜ਼ੁਰਗਾਂ ਪ੍ਰਤੀ ਇਹਨਾਂ ਦਾ ਪਿਆਰ ਬਿਨਾਂ ਕਿਸੇ ਗਰਜ਼ ਤੋਂ ਹੈ ਨਾਂ ਕਿ ਸਾਡੇ ਵਾਂਗ ਬਨਵਾਟੀ। ਸਾਡੇ ਤਾਂ ਸਾਰੀ ਉਮਰ ਪਸ਼ੂਆਂ ਵਾਂਗ ਔਲਾਦ ਲਈ ਕੰਮ ਕਰਨ ਵਾਲੇ ਮਾਪੇ ਜੇਕਰ ਬੁਢਾਪੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਰੀ ਜਾਇਦਾਦ ਬੱਚਿਆਂ ਦੇ ਨਾਮ ਕਰਕੇ ਇਕ ਨਿੱਕਾ ਜਿਹਾ ਸੀਨੀਅਰ ਲੋੜਾਂ ਪੂਰੀਆਂ ਕਰਨ ਵਾਲਾ ਬਾਥਰੂਮ ਵੀ ਬਣਾਉਣ ਲਈ ਤਰਲੇ ਕਰਨ ਤਾਂ ਕੋਈ ਨਹੀਂ ਸੁਣਦਾ। ਜੇਕਰ ਬਾਪੂ ਪੈਨਸ਼ਨ ਜਾਂ ਜਾਇਦਾਦ ਦਾ ਹਿੱਸਾ ਦੇ ਦੇਵੇ ਤਾਂ ਦੇਵਤਾ,ਜੇਕਰ ਨਾਂਹ-ਨੁੱਕਰ ਕਰੇ ਤਾਂ ਕੰਜਰ ਬੁੜਾ।ਸਾਡਾ ਪਰਿਵਾਰਕ ਅਤੇ ਭਾਈਚਾਰੇ ਦਾ ਪਿਆਰ ਉੱਪਰੋਂ ਵੱਡੇ ਮਹਿਲ ਵਾਂਗ ਦਿਸਦਾ ਹੈ ਪਰ ਅੰਦਰੋਂ ਪਾਥੀਆਂ ਕੱਢੇ ਗਹੀਰੇ ਵਾਂਗ ਖੋਖਲਾ ਹੈ।
ਪਹਿਲੇ 5 ਭਾਗਾਂ ਦੀਆਂ ਕਵਿਤਾਵਾਂ ਵਿਚ ਜਜ਼ਬਾਤ, ਹੇਰਵਾ ਅਤੇ ਖਿਆਲੀ ਉਡਾਰੀ ਭਾਰੂ ਹੈ,ਜੋ ਆਪਣੇ ਘਰ,ਪਰਿਵਾਰ,ਪਿੰਡ ਅਤੇ ਮਹੁੱਬਤ ਲਈ ਹੈ। ਇਕ ਔਰਤ ਦੇ ਪੱਖ ਤੋਂ ਇਹ ਹੇਰਵੇਂ ਦੀਆਂ ਕਵਿਤਵਾਂ ਦੇ ਆਵਦੇ ਅਰਥ ਹਨ, ਕਿਉਂਕਿ ਇਹਨਾਂ ਵਿਚ ਬਹੁਤ ਸੂਖਮਤਾਂ, ਸੰਜਦੀਗੀ ਅਤੇ ਜਜ਼ਬਾਤਾਂ ਦੀ ਗਹਿਰਾਈ ਹੈ। ਪਰ ਜਵਾਨ ਉਮਰ ਦਾ ਪਿਆਰ ਜਦੋਂ ਸਿਰੇ ਚੜ੍ਹ ਜਾਵੇ ਅਤੇ ਕਬੀਲਦਾਰੀ ਦੀਆਂ ਤਲਖ-ਹਕੀਕਤਾਂ ਨੂੰ ਜਿ਼ੰਦਗੀ ਸਾਮਣੇ ਤੋਂ ਟੱਕਰੇ ਤਾਂ ਇਸ ਵਿਚੋਂ ਬਹੁਤ ਕੁਝ ਉੱਡ-ਪੁੱਡ ਜਾਂਦਾ ਹੈ। ਉਹੀ ਪਿਆਰ ਦੇ ਕਿੱਸੇ ਵਧੀਆ ਲੱਗਦੇ ਹਨ ਜੋ ਪਰਵਾਨ ਨਹੀਂ ਚੜੇ। ਕਿਹਾ ਜਾਂਦਾ ਹੈ ਕਿ ਜੇਕਰ ਹੀਰ-ਰਾਂਝੇ ਦਾ ਪਿਆਰ ਪਰਵਾਨ ਚੜਦਾ ਤਾਂ ਲਾਡਲੀ ਪਲੀ ਹੀਰ ਤੋਂ ਚੁੱਲ੍ਹੇ ਤੇ ਰੋਟੀ ਸੜ ਜਾਣੀ ਸੀ ਤੇ ਵਿਆਹ ਦੇ ਚਾਅ ਲਹਿਣ ਤੋਂ ਪਿੱਛੋ ਨੱਕੋ-ਨੱਕ ਘਰ ਦੀ ਕਬੀਲਦਾਰੀ ਵਿਚ ਡੁੱਬੇ ਰਾਂਝੇ ਨੇ ਚੌਂਤਰੇ ਤੇ ਬੈਠੀ ਹੀਰ ਦੇ ਦੋ-ਤਿੰਨ ਜੜ੍ਹ ਦੇਣੀਆਂ ਸਨ,ਉਸਨੇ ਰੁੱਸਕੇ ਅਜਿਹਾ ਆਵਦੇ ਬਾਪ ਦੇ ਘਰ ਜਾਣਾ ਸੀ ਕਿ ਕੈਦੋ ਚਾਚਾ ਵੀ ਸਮਝੋਤਾ ਨਾ ਕਰਾ ਸਕਦਾ ਅਤੇ ਇਹ ਕਿੱਸਾ ਵੀ ਨਾ ਬਣਦਾ। ਬਾਕੀ ਸਾਨੂੰ ਐਵੇ ਵਾਧੂ ਦੇ ਪੁਰਣੇ ਘਰਾਂ, ਥਾਵਾਂ, ਪਿੰਡਾਂ, ਧਾਰਮਿਕ ਸਥਾਨਾਂ ਦੇ ਹੇਰਵੇ ਨਹੀਂ ਕਰਨੇ ਚਾਹੀਦੇ। ਅਰਬਾਂ-ਖਰਬਾਂ ਦੀ ਗਿਣਤੀ ਵਿਚ ਮਾਂ-ਬਾਪ ਬਣ-ਬਣ ਲੋਕ ਉਮਰ ਭੋਗ ਕੇ ਚਲੇ ਹਨ, ਅਸੀਂ ਵੀ ਚਲੇ ਜਾਣਾ ਹੈ। ਜੋ ਵੱਡਿਆਂ ਲਈ ਵਧੀਆ ਕਰ ਸਕਦੇ ਹਾਂ ਉਹਨਾਂ ਦੇ ਜੀਂਦੇ-ਜੀਅ ਕਰੀਏ ਤਾਂ ਕਿ ਉਹਨਾਂ ਦੇ ਉਮਰ ਭੋਗ ਕੇ ਚਲੇ ਜਾਣ ਤੇ ਸਬਰ ਕਾਇਮ ਰਹੇ ਅਤੇ ਹੇਰਵਾ ਨਾ-ਮਾਤਰ ਹੋਵੇ। ਬਾਹਲੇ ਰੋਣੇ ਅਤੇ ਹੇਰਵੇ ਉਹ ਹੀ ਕਰਦੇ ਹਨ ਜੋ ਜਿਉਂਦੇ ਜੀਅ ਉਹਨਾਂ ਰਿਸ਼ਤਿਆਂ ਤੋ ਅਵੇਸਲੇ ਰਹਿੰਦੇ ਹਨ।
‘ਕਰਮਾਂ ਵਾਲੀਆਂ ਕੁੜੀਆਂ’ ਕਵਿਤਾ ਵੀ ਸਾਡੇ ਸਮਾਜ ਦੀ ਬਣਤਰ ਦੇ ਅੰਦਰ ਵਿਆਹ ਕਰਵਾਕੇ ਔਰਤ ਦੇ ਸੁਖੀ ਵਸਣ ਅਤੇ ਵਧੀਆ ਜੀਵਨ ਬਤੀਤ ਕਰਨ ਦੀ ਕਵਿਤਾ ਹੈ। ਇਕ ਕੁੜੀ ਦੀ ਸੋਚ ਹੈ ਕਿ ਜੇਕਰ ਉਸ ਦਾ ਹਮਸਫ਼ਰ ਉਸ ਨਾਲ ਘਰਦਾ ਕੰਮ ਕਰਵਾਵੇ, ਮਾਂ ਦੇ ਪਿੱਛੇ ਲੱਗਕੇ ਉਸ ਨਾਲ ਨਾ ਲੜੇ,ਉਸਨੂੰ ਰਾਣੀਆਂ ਵਾਂਗ ਰੱਖੇ, ਮਹਿਬੂਬਾ ਵਾਂਗ ਚਾਹੇ। ਪਰ ਅਸਲ ਵਿਚ ਅਜਿਹਾ ਸੰਭਵ ਨਹੀਂ, ਕਿਉਂਕਿ ਰਾਣੀਆਂ ਦੇ ਜੀਵਨ ਬਾਰੇ ਵੀ ਸਾਡੀ ਬਣੀ-ਬਣਾਈ ਧਾਰਨਾ ਹੈ,ਪਰ ਅਸਲੀਅਤ ਇਹ ਹੈ ਕਿ ਰਾਜਿਆਂ ਦੇ ਜੀਵਨ ਵਿਚ ਰਾਣੀਆਂ ਦੀ ਕੋਈ ਅਹਿਮੀਅਤ ਨਹੀਂ ਸੀ, ਕਿਉਂਕਿ ਇਤਿਹਾਸ ਗਵਾਹ ਹੈ ਕਿ ਇਕ-ਇਕ ਰਾਜਾ ਸੈਂਕੜੇ ਰਾਣੀਆਂ ਰੱਖਦਾ ਸੀ। ਉਹ ਖੁਦ ਉਹਨਾਂ ਦੇ ਨਾਮ ਨਹੀਂ ਜਾਣਦੇ ਸਨ ਬਲਕਿ ਨੰਬਰਾਂ ਵਿਚ ਗਿਣਤੀ ਹੁੰਦੀ ਸੀ। ਕੁੜੀ ਹੋਣ ਤੇ ਰਾਤੋ-ਰਾਤ ਰਾਣੀ ਅਤੇ ਨਵਜੰਮ ਬੱਚੀ ਨੂੰ ਅਫ਼ੀਮ ਦੀ ਡੋਜ ਦੇ ਕੇ ਰਾਣੀਆਂ ਵਾਲੇ ਮਹਿਲ ਦੇ ਪਿੱਛੇ ਲਗਾਤਾਰ ਬਲਦੀ ਅੱਗ ਵਿਚ ਸਿੱਟ ਕੇ ਖ਼ਤਮ ਕਰ ਦਿੱਤਾ ਜਾਂਦਾ ਸੀ ਤੇ ਹੋਰ ਵੀ ਢੰਗ ਸਨ। ਉਸ ਮਹਿਲ ਦੇ ਕਮਰੇ ਵਿਚ ਉਸੇ ਨੰਬਰ ਦੀ ਕੋਈ ਹੋਣ ਰਾਣੀ ਆ ਜਾਂਦੀ ਸੀ। ਬਹੁਤੀਆਂ ਰਾਣੀ ਦਾ ਪੂਰੇ ਜੀਵਨ ਵਿਚ ਇਕ ਵਾਰ ਹੀ ਰਾਜੇ ਨਾਲ ਮੇਲ ਹੁੰਦੇ ਸਨ ਅਤੇ ਬਾਕੀ ਦੀ ਉਮਰ ਉਸ ਦੀ ਉਡੀਕ ਵਿਚ ਕੱਢਦੀਆਂ ਪਾਗਲ ਹੋ ਕੇ ਮਹਿਲ ਤੋਂ ਛਾਲ ਮਾਰਕੇ ਜਾਂ ਜਹਿਰ ਖਾਕੇ ਜਾਂ ਵੱਧ ਅਫ਼ੀਮ ਖਾਕੇ ਆਪਣਾ ਅੰਤ ਕਰ ਲੈਂਦੀਆਂ ਸਨ। ਜੇਕਰ ਇਕ ਖਿੱਤੇ ਦੀ ਔਰਤ ਵਿਆਹ ਦੇ ਬੱਧਨ ਵਿਚ ਇਸ ਕਵਿਤਵਾਂ ਵਿਚ ਪੇਸ਼ ਕੀਤੀਆਂ ਇਛਾਵਾਂ ਦੇ ਪੂਰਾ ਹੋਣ ਤੇ ਖ਼ਸ ਹੈ ਤਾਂ ਇਹ ਵੀ ਨਾਰੀਵਾਦ ਦੀ ਹੋਰ ਖੋਜ ਦੀ ਵਿਸ਼ਾ ਹੈ। ਕਿਉਂਕਿ ਮਾਰਕਸਵਾਦੀ ਨਾਰੀਵਾਦ ਸਿਧਾਂਤ ਤਾਂ ਕਹਿੰਦਾ ਹੈ ਕਿ ਔਰਤ ਦੀ ਖੁਸ਼ੀ ਅਤੇ ਬਰਾਬਰਤਾ ਵਿਚ ਆਰਥਿਕ ਬਰਾਬਰੀ ਵੱਡਾ ਰੋਲ ਅਦਾ ਕਰ ਸਕਦੀ ਹੈ ਅਤੇ ਦੂਸਰਾ ਉਪਰੋਤਕ ਕਵਿਤਾ ਵਿਚਲੀ ਵਿਆਹ ਦੀ ਸੰਸਥਾ ਵਿਚ ਬਦਲ ਦੀ ਗੱਲ ਕਰਦਾ ਹੈ ਕਿ ਅਜੇ ਵੀ ਔਰਤ ਵਿਆਹ ਕਰਾਉਣ, ਬੱਚੇ ਪੈਦਾ ਕਰਨ ਅਤੇ ਉਹਨਾਂ ਦੀ ਸਾਂਭ-ਸੰਭਾਲ ਵਿਚ ਹੀ ਜਿ਼ੰਦਗੀ ਲੰਘਾ ਰਹੀ ਹੈ। ਮਾਕਸਵਾਦ ਵਿਚ ਬੱਚਿਆਂ ਦੀ ਪੜਾਈ ਅਤੇ ਉਹਨਾਂ ਨੂੰ ਸਹੀ ਮਨੁੱਖ ਬਣਾਉਣ ਵਿਚ ਸਾਂਝੇ ਸਮਾਜ ਅਤੇ ਸਕਰਾਰ ਦਾ ਰੋਲ ਜਿ਼ਆਦਾ ਹੈ ਤਾਂ ਕਿ ਔਰਤ ਇਹਨਾਂ ਬੋਝਾ ਥੱਲੇ ਹੀ ਨਾ ਨੱਪੀ ਰਹੇ। ਇਸ ਕਵਿਤਾ ਵਿਚ ਵੀ ਪਰਿਵਾਰਕ ਸਮਝੌਤਾਵਾਦੀ ਨਾਰੀਵਾਦ ਦੇ ਸਬੰਧ ਵਿਚ ਸੋਚ-ਵਿਚਾਰ ਦੀ ਧਾਰਣਾ ਪੈਦਾ ਹੁੰਦੀ ਹੈ।
ਆਸ ਹੈ ਕਿ ਕਵਿੱਤਰੀ ਸੰਦੀਪ ਕੌਰ ‘ਰੂਹਵ’ ਦੀ ਕਲਮ ਆਉਣ ਵਾਲੇ ਸਮੇਂ ਵਿਚ ਰੋਕਾਂ-ਟੋਕਾਂ, ਜਾਤਾਂ, ਗਲਤ ਧਾਰਮਿਕ ਪਖੰਡਾਂ ਨੂੰ ਨੰਗੇ ਕਰਨ ਅਤੇ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਨੂੰ ਗਲਤ ਕਹਿੰਦਿਆਂ ਮਾਰਕਸਵਾਦੀ ਵਿਚਾਰਾਂ ਰਾਹੀਂ ਸਮਾਜ ਨੂੰ ਸਭ ਦੇ ਰਹਿਣ ਲਈ ਬਰਾਬਰ ਦਾ ਬਣਾਉਣ ਉੱਪਰ ਕੰਮ ਕਰੇਗੀ। ਉਹਨਾਂ ਦੇ ਇਸ ਸੂਖ਼ਮ ਅਤੇ ਸੰਜੀਦਾ ਕਵਿਤਾਵਾਂ ਵਾਲੇ ਕਾਵਿ-ਸੰਗ੍ਰਹਿ ‘ਕੰਧਾਂ ਦੇ ਓਹਲੇ’ ਨੂੰ ਸਾਹਿਤਕ ਜਗਤ ਵਿਚ ਜੀ ਆਇਆ।
ਬਲਜਿੰਦਰ ਸੰਘਾ
403-680-3212