ਤੀਜੀ ਸੰਸਾਰ ਜੰਗ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਤੀਜੀ ਸੰਸਾਰ ਜੰਗ ਤਾਂ, ਪਹਿਲਾਂ ਹੀ ਜਾਰੀ ਹੈ,
ਹੁਣ ਤਾਂ ਸਿਰਫ ਤਾਰੀਖ, ਮਿਥਣ ਦੀ ਤਿਆਰੀ ਹੈ।

ਧੁਰ ਅਸਮਾਨੀਂ ਹੈ ਧੂਆਂ, ਬੰਬਾਂ ਦਾ ਗਹਿਰਾ,
ਵਾਤਾਵਰਨ ਬਚਾਉਣ ਦਾ, ਫੁਰਮਾਨ ਵੀ ਜਾਰੀ ਹੈ।

ਚੱਲਦੀਆਂ ਨੇ ਮਾਹਲਾਂ, ਬਾਰੂਦ ਦੀਆਂ ਭਰੀਆਂ,
ਸਰਮਾਏਦਾਰ ਦੀ ਜੇਬ, ਨਿੱਤ ਹੋ ਰਹੀ ਭਾਰੀ ਹੈ।

ਪਿਛਲੀਆਂ ਜੰਗਾਂ ਦਾ, ਕਰਜ਼ਾ ਹਾਲੇ ਨਹੀਂ ਲੱਥਾ,
ਉਜੜੀ ਹੋਈ ਧਰਤੀ ਵੀ, ਹੁਣ ਕਰਜ਼ਦਾਰ ਸਾਰੀ ਹੈ।

ਬੰਬਾਂ ਅਤੇ ਅੰਗਾਂ ਦਾ, ਵਪਾਰ ਹੈ ਚੱਲ ਰਿਹਾ,
ਮਾਸੂਮਾਂ ਦੇ ਹੰਝੂਆਂ ਦੀ, ਹਰੇਕ ਥਾਂ ਬੇਜ਼ਾਰੀ ਹੈ।

ਕਿਹੜਾ ਉਹ ਹੈ ਹਿੱਸਾ, ਜਿਥੇ ਜੰਗ ਦਾ ਅਸਰ ਨਹੀਂ,
ਬੇ ਲਗਾਮ ਮਹਿੰਗਾਈ ਨੇ, ਹਰ ਇੱਕ ਦੀ ਮੱਤ ਮਾਰੀ ਹੈ।

ਮਨੁੱਖਤਾ ਨੇ ਕੋਈ ਸਬਕ, ਨਹੀਂ ਸਿੱਖਿਆ ਅਤੀਤ ਕੋਲੋਂ,
ਹੁਣ ਹੇਠਲੀ ਮਿੱਟੀ ਉੱਤੇ, ਆਉਣ ਦੀ ਬੱਸ ਵਾਰੀ ਹੈ।

ਨੰਗ ਧੜੰਗਾ ਮਨੁੱਖ, ਬੈਠਾ ਬਾਰੂਦੀ ਢੇਰ ਉੱਤੇ,
ਮਾਸ ਨੋਚਣ ਲਈ ਚੁੰਝ, ਗਿਰਝ ਦੀ ਤੇਜ਼ ਤਰਾਰੀ ਹੈ।

ਭੋਲ਼ੇ ਲੋਕੋ ਭੁੱਲ ਜਾਓ, ਤੁਹਾਨੂੰ ਕੋਈ ਪੁੱਛ ਕੇ ਤੁਰੇ,
ਇਸ ਧਰਤੀ 'ਤੇ ਗੁੰਡਿਆਂ ਦੀ, ਹੀ ਕੁੱਲ ਸਰਦਾਰੀ ਹੈ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ