ਮੇਰੇ ਪੰਜ ਵਿਦਿਆਰਥੀ ਪੜ੍ਹਨ ਵਿਚ ਬਰਾਬਰ ਦੀ ਦਿੰਦੇ ਸਨ ਟੱਕਰ - ਜਸਪਾਲ ਸਿੰਘ ਲੋਹਾਮ
ਕਈ ਸਾਲ ਹੋ ਗਏ ਇੱਕ ਗੱਲ ਯਾਦ ਆ ਗਈ ਜਿਹੜੀ ਸਾਂਝੀ ਕਰ ਰਿਹਾ ਹਾਂ। ਮੈਂ ਸਰਕਾਰੀ ਸਕੂਲ ਵਿਚ ਸਾਇੰਸ ਮਾਸਟਰ ਵਜੋਂ ਕੰਮ ਕਰ ਰਿਹਾ ਸੀ। ਉਦੋਂ ਮੇਰੇ ਕੋਲ ਦਸਵੀਂ ਜਮਾਤ ਸੀ ਅਤੇ ਸਾਇੰਸ ਦੀ ਪੜ੍ਹਾਈ ਕਰਾਉਂਦਾ ਸੀ। ਮੈਨੂੰ ਛੁੱਟੀ ਲੈਣ ਦਾ ਚਾਅ ਹੀ ਨਹੀਂ ਹੁੰਦਾ ਸੀ ਅਤੇ ਫ਼ਾਲਤੂ ਦੀਆਂ ਡਿਊਟੀਆਂ ਤੋਂ ਦੂਰ ਰਹਿੰਦਾ ਸੀ। ਪਰ ਕਈ ਵਾਰ ਮਹਿਕਮੇ ਦਾ ਜਿੰਨ ਹੀ ਮਗਰ ਪੈ ਜਾਂਦਾ ਸੀ। ਮੇਰੀਆਂ ਹੋਰ ਸਕੂਲਾਂ ਵਿਚ ਸਾਲਾਨਾ ਪ੍ਰੀਖਿਆਵਾਂ ਵਿਚ ਡਿਊਟੀ ਬਤੌਰ ਡਿਪਟੀ ਸੁਪਰਡੈਂਟ ਲੱਗ ਜਾਂਦੀ ਸੀ ਹੋਰ ਭਾਵੇਂ ਕਿਸੇ ਦੀ ਲੱਗੇ ਨਾ ਲੱਗੇ ਮੇਰੀ ਜਰੂਰ ਲੱਗਦੀ ਸੀ। ਪਰ ਆਪਣੇ ਸਕੂਲ ਵਿਚ ਰਹਿ ਕੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਦੱਬ ਕੇ ਪੜ੍ਹਾ ਕੇ ਜੋ ਖੁਸ਼ੀ ਹੁੰਦੀ ਸੀ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸੀ। ਵਿਭਾਗ ਦੇ ਕੰਮ ਤਾਂ ਸਾਰੇ ਕਰਨੇ ਪੈਂਦੇ ਹਨ। ਕਿਸੇ ਨੂੰ ਜਵਾਬ ਨਹੀਂ ਦਿੱਤਾ ਜਾਂਦਾ। ਮੇਰਾ ਨਾਂਅ ਤਾਂ ਵੱਟ ਤੇ ਪਿਆ ਹੁੰਦਾ ਸੀ। ਡਿਊਟੀਆਂ ਆ ਜਾਣ ਦੇ ਬਾਵਜੂਦ ਵੀ ਮੈਂ ਬੱਚਿਆਂ ਦੀ ਪੜ੍ਹਾਈ ਤੋਂ ਕਦੇ ਵੀ ਪਾਸੇ ਨਹੀਂ ਗਿਆ। ਇਸ ਲਈ ਮੈਂ ਆਪਣੇ ਕੇਂਦਰ ਸੁਪਰਡੈਂਟ ਨਾਲ ਗੱਲਬਾਤ ਕਰਕੇ ਮੈਂ ਖੁਦ ਡਿਊਟੀਆਂ ਘੱਟ ਕਰਵਾ ਲੈਂਦਾ ਅਤੇ ਹੋਰ ਚਾਹਵਾਨ ਅਧਿਆਪਕਾਂ ਦੀ ਡਿਊਟੀ ਵੱਧ ਕਰਵਾ ਲੈਂਦਾ। ਇਸ ਤਰ੍ਹਾਂ ਰਲਮਿਲ ਕੇ ਮਸਲਾ ਹੱਲ ਕਰ ਲਈਦਾ ਸੀ। ਇਸ ਲਈ ਬੱਚਿਆਂ ਨੂੰ ਪਤਾ ਉਦੋਂ ਹੀ ਲੱਗਦਾ ਸੀ ਕਿ ਸਾਡੇ ਮਾਸਟਰ ਸਕੂਲ ਆ ਗਏ ਹਨ। ਬੱਸ ਫਿਰ ਕਿ ਉਹ ਉਦੋਂ ਹੀ ਮੇਰੇ ਦਿੱਤੇ ਘਰ ਦੇ ਕੰਮ ਵਾਲੇ ਪ੍ਰਸ਼ਨਾਂ ਦੇ ਉੱਤਰ ਪੱਕੀ ਕਾਪੀ ਤੋਂ ਯਾਦ ਕਰਨ ਲੱਗ ਜਾਂਦੇ। ਉਨ੍ਹਾਂ ਨੂੰ ਵੀ ਤਾਅ ਚੜ ਜਾਂਦਾ। ਇਸ ਸਾਲ ਤਾਂ ਤਹੱਈਆ ਕਰ ਲਿਆ ਕਿ ਮੈਂ ਆਪਣੀ ਜਮਾਤ ਦਾ ਨਤੀਜਾ 100 ਫ਼ੀਸਦੀ ਦੇ ਨਾਲ ਨਾਲ ਬੱਚਿਆਂ ਦੇ ਵੱਧ ਨੰਬਰ ਲਿਆ ਕੇ ਦਿਖਾਵਾਂਗਾ। ਇਸ ਲਈ ਪਹਿਲਾਂ ਵਾਂਗ ਹੀ ਦੱਬ ਕੇ ਮਿਹਨਤ ਕਰਨ ਦਾ ਫੈਸਲਾ ਕੀਤਾ। ਸਲੇਬਸ ਸਮੇਂ ਸਿਰ ਖਤਮ ਕਰਨਾ, ਰੋਜ਼ਾਨਾ ਪ੍ਰਸ਼ਨ ਯਾਦ ਕਰਾਉਣੇ, ਸੁਣਨੇ, ਟੈਸਟ ਲੈਣੇ, ਪ੍ਰਯੋਗ ਨਾਲ ਦੀ ਨਾਲ ਕਰਾਉਣ ਦਾ ਸਿਲਸਲਾ ਜਾਰੀ ਕਰ ਦਿੱਤਾ। ਇਸ ਮਿਸ਼ਨ ਨੂੰ ਲੈ ਕੇ ਮੈਂ ਦੱਬ ਕੇ ਮਿਹਨਤ ਕਰਾਉਂਦਾ, ਰੋਜ਼ਾਨਾ ਹਾਜਰੀ ਦੇਖਦਾ, ਗੈਰਹਾਜਰਾਂ ਨੂੰ ਹਾਜਰ ਕਰਾਉਂਦਾ, ਬੱਚਿਆਂ ਦੇ ਘਰਾਂ ਵਿਚ ਸੁਨੇਹੇ ਭੇਜਦਾ। ਫਿਰ ਤਾਂ ਮਾਪੇ ਵੀ ਆਪਣੇ ਜੁਆਕਾਂ ਨੂੰ ਛੁੱਟੀ ਦਿਵਾਉਣ ਵੀ ਨਹੀਂ ਆਉਂਦੇ ਸੀ ਉਹ ਵੀ ਸੋਚਣ ਲੱਗ ਪਏ ਕਿ ਸਾਡੇ ਬੱਚੇ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਬੱਚਿਆਂ ਦੀ ਵੀ ਰੁਟੀਨ ਬਣ ਗਈ। ਕਲਾਸ ਟੈਸਟ ਲੈ ਕੇ, ਮੈਂ ਬੱਚਿਆਂ ਦੇ ਨੰਬਰ ਲਾਉਂਦਾ। ਕਲਾਸ ਵਿਚ ਪੰਜ ਬੱਚੇ ਬਹੁਤ ਹੁਸ਼ਿਆਰ ਸਨ। ਜਦੋਂ ਮੈਂ ਟੈਸਟ ਚੈਕ ਕਰਕੇ ਵੰਡਦਾ ਤਾਂ ਪੰਜਾਂ ਵਿਚੋਂ ਕਈ ਚੰਗੇ ਨੰਬਰ ਲੈ ਜਾਂਦੇ ਇੱਕ ਦੋ ਪਛੜ ਜਾਂਦੇ। ਜਿਸ ਬੱਚੇ ਦੇ ਨੰਬਰ ਘਟ ਜਾਂਦੇ ਸੀ ਉਹ ਕਲਾਸ ਵਿਚ ਹੀ ਆਪਣੇ ਹੰਝੂ ਭਰ ਆਉਂਦਾ। ਉਹਦੇ ਮਨ ਵਿਚ ਇਹ ਆਉਂਦਾ ਕਿ ਮੇਰੇ ਨੰਬਰ ਦੂਜਿਆਂ ਨਾਲੋਂ ਘਟ ਗਏ। ਉਹ ਉਦਾਸ ਹੋ ਜਾਂਦੇ। ਅਗਲੇ ਦਿਨ ਫਿਰ ਪੜ੍ਹਾਈ ਤੋਂ ਬਾਅਦ ਕਲਾਸ ਟੈਸਟ ਤੇ ਫਿਰ ਉਹੀ ਬੱਚੇ ਅੱਗੇ ਨਿੱਕਲ ਜਾਂਦੇ। ਸਿਲਸਲਾ ਇਸ ਤਰ੍ਹਾਂ ਚੱਲਦਾ ਰਿਹਾ। ਇੱਕ ਗੱਲ ਪੱਕੀ ਸੀ ਕਿ ਟੈਸਟ ਦੇ ਸਮੇਂ ਪੰਜੇ ਬੱਚੇ ਕਿਸੇ ਨੂੰ ਵੀ ਨਹੀਂ ਦੱਸਦੇ ਸੀ ਤੇ ਨਾ ਕਿਸੇ ਤੋਂ ਪੁੱਛਦੇ ਸੀ। ਇਹ ਉਨ੍ਹਾਂ ਦਾ ਪੱਕਾ ਨਿਯਮ ਸੀ। ਮੇਰੀ ਕਲਾਸ ਵਿਚ ਕੁੱਝ ਕੁ ਬੱਚੇ ਹੀ ਢਿੱਲੇ ਸਨ ਪਰ ਉਨ੍ਹਾਂ ਦੀ ਪੜ੍ਹਾਈ ਦੀ ਰਫਤਾਰ ਵੀ ਬਣਾ ਦਿੱਤੀ। ਕੁੱਝ ਬੱਚਿਆਂ ਦੇ ਗਰੁੱਪ ਬਣਾ ਦਿੱਤੇ। ਇੱਕ ਹੁਸ਼ਿਆਰ ਬੱਚੇ ਦੇ ਨਾਲ ਦੂਜੇ ਪੰਜ ਬੱਚੇ ਲਾ ਦਿੱਤੇ। ਇਨ੍ਹਾਂ ਨੂੰ ਗਰੁੱਪ ਦੇ ਕਮਾਂਡਰ ਬਣਾ ਦਿੱਤਾ। ਗਰੁੱਪ ਦੇ ਬੱਚੇ ਵੀ ਰਲਮਿਲ ਕੇ ਪੜ੍ਹਨ ਲੱਗ ਪਏ। ਇੱਕ ਦੂਸਰੇ ਤੋਂ ਪੁੱਛਣ ਦੱਸਣ ਲੱਗ ਪਏ। ਕਮਾਂਡਰ ਖੁਦ ਦੱਬ ਕੇ ਪੜ੍ਹਦੇ ਤੇ ਦੂਜੇ ਗਰੁੱਪ ਦੇ ਬੱਚਿਆਂ ਨੂੰ ਵੀ ਯਾਦ ਕਰਾਉਂਦੇ ਅਤੇ ਧਿਆਨ ਰੱਖਦੇ। ਜਦੋਂ ਮੇਰਾ ਸਾਰੀ ਕਲਾਸ ਵੱਲ ਇੱਕ ਇੱਕ ਬੱਚੇ ਵੱਲ ਧਿਆਨ ਜਾਂਦਾ ਤਾਂ ਦੇਖਦਾ ਹਾਂ ਕਿ ਸਾਰੇ ਬੱਚੇ ਪੜ੍ਹਾਈ ਵਿਚ ਮਗਨ ਹੁੰਦੇ ਸਨ। ਇਸ ਤਰ੍ਹਾਂ ਕਮਾਂਡਰ ਬੱਚੇ ਕਦੇ ਕੋਈ ਅੱਗੇ ਤੇ ਕਦੇ ਕੋਈ ਇਸ ਤਰ੍ਹਾਂ ਸਿਲਸਲਾ ਚੱਲਦਾ ਰਿਹਾ। ਸਾਰਾ ਸਾਲ ਬੱਚਿਆਂ ਨੇ ਵੀ ਸਖਤ ਮਿਹਨਤ ਕੀਤੀ। ਹੁਣ ਉਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਉਂਗਲਾਂ ਤੇ ਸਨ। ਸਾਲਾਨਾ ਪ੍ਰੀਖਿਆਵਾਂ ਸਿਰ ਤੇ ਆ ਗਈਆਂ। ਬੱਚਿਆਂ ਨੂੰ ਫਿਰ ਸਮਝਾ ਦਿੱਤਾ ਕਿ ਬੇਟਾ ਪ੍ਰੀਖਿਆਵਾਂ ਅਸੀਂ ਨਹੀਂ ਲੈਣੀਆਂ ਬਾਹਰਲੇ ਸਕੂਲਾਂ ਦੇ ਅਧਿਆਪਕ ਆ ਕੇ ਤੁਹਾਡੇ ਪੇਪਰ ਲੈਣਗੇ। ਉਹ ਵੀ ਸਾਡੇ ਵਰਗੇ ਹਨ ਪਰ ਤੁਸੀਂ ਘਬਰਾਉਣਾ ਨਹੀਂ, ਡਰਨਾ ਨਹੀਂ, ਝਿਜਕਣਾ ਨਹੀਂ, ਤੁਸੀਂ ਕਿਸੇ ਕਿਸਮ ਦੀ ਚਿੰਤਾ ਨਹੀਂ ਕਰਨੀ। ਤੁਸੀਂ ਸਾਰਾ ਸਾਲ ਤਿਆਰੀ ਕੀਤੀ ਹੈ ਸਾਰੇ ਪ੍ਰਸ਼ਨ ਤੁਹਾਨੂੰ ਆਉਂਦੇ ਹਨ। ਤੁਹਾਨੂੰ ਯਾਦ ਹਨ। ਪੇਪਰ ਵਿਚ ਜਦੋਂ ਤੁਸੀਂ ਲਿਖੋਗੇ ਤਾਂ ਤੁਹਾਡੇ ਯਾਦਾਂ ਦੇ ਸ੍ਰੋਤ ਵਿਚੋਂ ਪ੍ਰਸ਼ਨਾਂ ਦੇ ਉੱਤਰ ਭੱਜੇ ਆਉਣਗੇ ਤੇ ਤੁਸੀਂ ਵਧੀਆ ਪੇਪਰ ਕਰਕੇ ਆਉਗੇ। ਬੱਚਿਆਂ ਦੇ ਮਨ ਵਿਚ ਮੇਰੀਆਂ ਗੱਲਾਂ ਪੱਲੇ ਪੈ ਗਈਆਂ। ਪੇਪਰਾਂ ਦੇ ਦਿਨ ਆ ਗਏ ਤੇ ਬੱਚੇ ਪੇਪਰਾਂ ਵਿਚ ਵਿਅਸਥ ਹੋ ਗਏ। ਜਿਸ ਦਿਨ ਸਾਇੰਸ ਦਾ ਪੇਪਰ ਸੀ ਉਸ ਦਿਨ ਬੱਚੇ ਪੇਪਰ ਤੋਂ ਬਾਅਦ ਮੇਰੇ ਕੋਲ ਆਏ ਤੇ ਸਾਰੇ ਬੱਚਿਆਂ ਨੇ ਆਪਣੇ ਪ੍ਰਸ਼ਨ ਪੱਤਰ ਦਿਖਾ ਕੇ ਆਪਣੇ ਹੱਲ ਕੀਤੇ ਪੇਪਰਾਂ ਬਾਰੇ ਜਿਕਰ ਕੀਤਾ। ਮੈਂ ਇੱਕ ਇੱਕ ਬੱਚੇ ਨਾਲ ਗੱਲਬਾਤ ਕੀਤੀ। ਸਾਰੇ ਖੁਸ਼ ਸਨ। ਬਾਗੋਬਾਗ ਸਨ। ਸਰ! ਆਹ ਵੀ ਕੀਤਾ, ਸਰ ਆਹ ਵੀ ਕੀਤਾ, ਸਾਰੇ ਚੱਕਤੇ, ਸਾਰੇ ਕਰਤੇ। ਕਈ ਬੱਚਿਆਂ ਨੇ ਆਪਣੇ ਪੇਪਰ ਦੇ ਅੰਦਾਜਨ ਨੰਬਰ ਵੀ ਲਗਾ ਲਏ। ਉਨ੍ਹਾਂ ਕਮਾਲ ਕਰ ਦਿੱਤੀ। ਉਨ੍ਹਾਂ ਦੇ ਹਾਵ ਭਾਵ ਦੇਖਕੇ ਮੈਂ ਵੀ ਬਹੁਤ ਖੁਸ਼ ਹੋਇਆ। ਅੰਤ ਮੈਂ ਬੱਚਿਆਂ ਨੂੰ ਕਿਹਾ ਕਿ ਬੇਟਾ ਤੁਸੀਂ ਆਪਣੀ ਜਿੰਦਗੀ ਵਿਚ ਕਦੇ ਵੀ ਰੁਕਣਾ ਨਹੀਂ ਸਦਾ ਚੱਲਦੇ ਜਾਣਾ ਹੈ, ਲਹਿਰਾਂ ਦੇ ਵਾਂਗ ਸਦਾ ਅੱਗੇ ਵਧਦੇ ਜਾਣਾ ਹੈ ਤੇ ਇੱਕ ਦਿਨ ਤੁਸੀਂ ਆਪਣੇ ਨਿਸ਼ਾਨੇ ਤੇ ਜਰੂਰ ਪਹੁੰਚਣਾ। ਆਪਣੀ ਇਹ ਹਿੰਮਤ ਬਣਾਈ ਰੱਖਣੀ ਹੈ। ਇਸ ਤਰ੍ਹਾਂ ਬੱਚਿਆਂ ਦੇ ਲਿਖਤੀ ਪ੍ਰਯੋਗੀ ਪੇਪਰ ਹੋ ਗਏ। ਕਾਫੀ ਸਮੇਂ ਬਾਅਦ ਦਸਵੀਂ ਦਾ ਨਤੀਜਾ ਆਇਆ। ਸਾਰੇ ਬੱਚੇ ਪਾਸ ਹੋ ਗਏ ਅਤੇ ਪੰਜ ਬੱਚਿਆਂ ਨੇ ਸ਼ਾਨਦਾਰ ਨੰਬਰ ਹਾਸਿਲ ਕੀਤੇ। ਨਤੀਜੇ ਵਾਲੇ ਦਿਨ ਸਾਰੇ ਬੱਚੇ ਮੈਨੂੰ ਮਿਲ ਕੇ ਗਏ। ਮੈਂ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ। ਮੇਰੇ ਪੰਜ ਟਾਪਰ ਵਿਦਿਆਰਥੀ ਬੱਚਿਆਂ ਵਿਚ ਚਾਰ ਕੁੜੀਆਂ ਅਤੇ ਇੱਕ ਮੁੰਡਾ ਸੀ। ਇਹ ਮੁੰਡਾ ਹੁਣ ਲੇਖਕ ਵੀ ਹੈ ਅਤੇ ਪੰਜਾਬੀ ਅਖ਼ਬਾਰਾਂ ਵਿਚ ਬਹੁਤ ਵਧੀਆ ਲੇਖ ਵੀ ਲਿਖਦਾ ਹੈ। ਰੱਬ ਖੈਰ ਕਰੇ। ਮੇਰੇ ਇਹ ਬੱਚੇ ਤਰੱਕੀ ਦੀਆਂ ਮੰਜ਼ਲਾਂ ਸਰ ਕਰਨ।
ਪਤਾ: ਮਕਾਨ ਨੰਬਰ: 166, ਵਾਰਡ ਨੰਬਰ: 29, ਗਲੀ ਹਜਾਰਾ ਸਿੰਘ, ਮੋਗਾ-142001
ਈਮੇਲ: jaspal.loham@gmail.com
ਮੋਬਾਇਲ: 97-810-40140