ਥੋੜ੍ਹੇ ਵਕ਼ਤ ਦੀ ਜਿੰਦੜੀ -  ਗੌਰਵ ਧੀਮਾਨ

ਇੱਕ ਕਤਾਰ ਰਹਿ ਚੱਲਣਾ ਜਾਣਦੀ,
ਦਾਣਾ ਮੂੰਹ ਵਿੱਚ ਲੈ ਸੰਭਲਣਾ ਜਾਣਦੀ।
ਡਿੱਗ ਕੇ ਫਿਰ ਉੱਠ ਖੜ੍ਹਨਾ ਜਾਣਦੀ,
ਮਿਹਨਤ ਦੇ ਨਾਲ ਕੰਮ ਕਰਨਾ ਜਾਣਦੀ।
ਮਿੱਟੀ ਹੋ ਕੇ ਭਾਵੇਂ ਤੂੰ ਖੁਰ ਜਾਣਾ ਜਿੰਦਗੀ,
ਥੋੜ੍ਹੇ ਵਕ਼ਤ ਦੀ ਜਿੰਦੜੀਏ ਮਰਨਾ ਜਾਣਦੀ।

ਇਸ਼ਕ ਜਾਤ ਦੇ ਰੰਗ ਨੂੰ ਜਾਨਣਾ ਚਾਵੇ,
ਕੀੜੀ ਮਨ ਅੰਦਰ ਵੀ ਨਾ ਪੜ੍ਹਨਾ ਜਾਣਦੀ।
ਭੁੱਖ ਦੀ ਭੱਜ ਦੌੜ ਬੱਚਿਆ ਨੂੰ ਜਗਾਉਂਦੀ,
ਕਦੋਂ ਕਿਸ ਵਕ਼ਤ ਮੌਤ ਨਾ ਦੱਸਣਾ ਜਾਣਦੀ।
ਮਿੱਟੀ ਹੋ ਕੇ ਭਾਵੇਂ ਤੂੰ ਖੁਰ ਜਾਣਾ ਜਿੰਦਗੀ...।

ਇਸ ਜੱਗ ਮਿੱਟ ਜਾਵਣਾ ਬੜਾ ਸੌਖਾ ਐ,
ਰੁੱਲ ਤੂੰ ਇੱਕੋ ਕਤਾਰ ਵਿੱਚ ਤਰਨਾ ਜਾਣਦੀ।
ਸਾਥੀਆਂ ਚੁੱਕ ਮੋਢੇ ਘਰ ਲੈ ਜਾਵਣਾ ਹੀ,
ਫ਼ਰਜ਼ ਪੂਰਾ ਨਿਭਾ ਘਰ ਤੱਕ ਛੱਡਣਾ ਜਾਣਦੀ।
ਮਿੱਟੀ ਹੋ ਕੇ ਭਾਵੇਂ ਤੂੰ ਖੁਰ ਜਾਣਾ ਜਿੰਦਗੀ...।

ਅੰਨ ਦੇ ਪਿੱਛੇ ਹਜ਼ਾਰਾਂ ਕਿਰਦਾਰ ਤੁਰਨ,
ਲੋਕਾਂ ਦਾ ਕੀ ਅੰਨ੍ਹੇ ਵਾਹ ਮਸਲਣਾਂ ਜਾਣਦੀ।
ਆਪ ਭਾਵੇਂ ਚੋਰੀ ਦਿਕੈਤੀ ਖ਼ਜ਼ਾਨੇ ਭਰਨ,
ਬੇਕਸੂਰਾਂ ਦੇ ਸਿਰਾਂ ਨੂੰ ਵੀ ਰਗੜਨਾ ਜਾਣਦੀ।
ਮਿੱਟੀ ਹੋ ਕੇ ਭਾਵੇਂ ਤੂੰ ਖੁਰ ਜਾਣਾ ਜਿੰਦਗੀ...।

ਜਿਹਨਾਂ ਦੇ ਸਿਰ ਤਾਜ ਨਾਲ ਸੱਜਦਾ ਦਿਖੈ,
ਮਿਹਨਤ ਦਾ ਕੁਝ ਵੀ ਨਹੀਂ ਹੜਪਣਾ ਜਾਣਦੀ।
ਅੰਨ੍ਹੀਆਂ ਹੋ ਕੇ ਵੀ ਭੁੱਖ ਦਾ ਰਾਹ ਜੋ ਲੱਭਣ,
ਕੋਸ਼ਿਸ਼ ਕਰ ਉੱਠ ਮੰਜਿਲ ਵੱਲ ਚੜ੍ਹਨਾ ਜਾਣਦੀ।
ਮਿੱਟੀ ਹੋ ਕੇ ਭਾਵੇਂ ਤੂੰ ਖੁਰ ਜਾਣਾ ਜਿੰਦਗੀ...।