ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ ਹਨ - ਉਜਾਗਰ ਸਿੰਘ
ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ ਹਨ। ਇਨ੍ਹਾਂ ਤਖ਼ਤਾਂ ਅਤੇ ਉਨ੍ਹਾਂ ‘ਤੇ ਸ਼ਸ਼ੋਭਤ ਜਥੇਦਾਰ ਸਾਹਿਬਾਨ ਬਾਰੇ ਕੋਈ ਕਿੰਤੂ ਪ੍ਰੰਤੂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿਆਣਪ ਤੋਂ ਕੰਮ ਲੈਂਦਿਆਂ ਗਿਅਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਅਸਤੀਫ਼ਾ ਰੱਦ ਕਰਕੇ ਤਖ਼ਤਾਂ ਦੇ ਜਥੇਦਾਰ/ਸਿੱਖ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ/ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਸੀ ਟਕਰਾਓ ਤੋਂ ਬਚਾ ਲਿਆ ਹੈ। ਜਿਸ ਤਰ੍ਹਾਂ ਹੁਣ ਸਿੱਖ ਧਰਮ ਦੇ ਵਕਾਰ ਨੂੰ ਸੱਟ ਮਾਰਨ ਲਈ ਹਮਲਾ ਹੋਇਆ ਹੈ, ਇਸੇ ਤਰ੍ਹਾਂ ਸਿੱਖ ਧਰਮ ਦੀ ਵੱਧਦੀ ਮਹੱਤਤਾ ਨੂੰ ਰੋਕਣ ਲਈ ਕਈ ਵਾਰ ਪਹਿਲਾਂ ਵੀ ਹਮਲੇ ਹੋਏ ਹਨ। ਅਕਾਲੀ ਫੂਲਾ ਸਿੰਘ ਤੋਂ ਬਾਅਦ ਪਹਿਲੀ ਵਾਰ ਸਿੱਖ ਪੰਥ ਦੇ ਜਥੇਦਾਰ ਸਾਹਿਬਨ ਵੱਲੋਂ ਪੰਥ ਵਿਰੋਧੀਆਂ ਦੀਆਂ ਅਵੱਗਿਆਵਾਂ ਬਾਰੇ ਦਲੇਰੀ ਵਾਲਾ ਫ਼ੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਸੀਨੀਅਰ ਅਕਾਲੀ ਨੇਤਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਸੰਬੰਧੀ ਕੀਤੇ ਗਏ ਕਿੰਤੂ ਪ੍ਰੰਤੂ ਤੋਂ ਬਾਅਦ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਅਚਾਨਕ ਅਸਤੀਫ਼ਾ ਦੇਣ ਨਾਲ ਸਿੱਖ ਪੰਥ ਹੈਰਾਨ ਅਤੇ ਪ੍ਰੇਸ਼ਾਨ ਹੋ ਗਿਆ ਸੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਸੁਲਝਿਆ ਹੋਇਆ ਸਿੱਖ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲਾ ਦਲੇਰ ਜਥੇਦਾਰ ਸਮਝਿਆ ਜਾ ਰਿਹਾ ਹੈ। ਸਿੱਖ ਪੰਥ ਵਿੱਚ ਚਿੰਤਾ ਦੀ ਸਥਿਤੀ ਪੈਦਾ ਹੋ ਗਈ ਸੀ। 30 ਅਗਸਤ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਪਾਰਟੀ ਦੇ ਭਵਿਖ ਲਈ ਘਬਰਾਹਟ ਵਿੱਚ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਸ਼ਪਸ਼ਟੀਕਰਨ ਦੇਣ ਤੋਂ ਬਾਅਦ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਤਨਖ਼ਾਹੀਆ ਪ੍ਰਧਾਨ ਸਿਆਸੀ ਕਾਰਵਾਈ ਨਹੀਂ ਕਰ ਸਕਦਾ, ਇਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ/ਕੋਟਰੀ ਬਹੁਤ ਜ਼ਿਆਦਾ ਚਿੰਤਾ ਵਿੱਚ ਹਨ। ਪ੍ਰੰਤੂ ਸੁਖਬੀਰ ਸਿੰਘ ਬਾਦਲ ਨੇ ਫਿਰ ਅਵੱਗਿਆ ਕਰਕੇ ਪੰਚਾਇਤ ਚੋਣਾਂ ਵਿੱਚ ਪ੍ਰਚਾਰ ਕੀਤਾ ਹੈ। ਦੂਜੇ ਪਾਸੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਦੀਆਂ ਉਪ ਚੋਣਾਂ ਦਾ ਐਲਾਨ ਹੋ ਗਿਆ ਹੈ। ਸਾਬਕਾ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਫ਼ੈਸਲੇ ਨੂੰ ਲਮਕਾਉਣ ਦੇ ਦੋਸ਼ ਲਗਾਏ ਅਤੇ ਮਰਿਆਦਾ ਵਿੱਚ ਨਾ ਰਹਿੰਦਿਆ ਜਥੇਦਾਰ ਸਾਹਿਬਾਨ ਬਾਰੇ ਬਿਆਨਬਾਜ਼ੀ ਕੀਤੀ ਗਈ ਸੀ। ਜਿਸ ਕਰਕੇ ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਆਪਣਾ ਪੱਖ ਸ਼ਪਸ਼ਟ ਕਰਨ ਲਈ ਬੁਲਾਇਆ ਗਿਆ ਸੀ। ਆਪਣਾ ਪੱਖ ਪੇਸ਼ ਕਰਦਿਆਂ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ‘ਤੇ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਦਾ ਏਜੰਟ ਹੋਣ ਦੇ ਦੋਸ਼ ਲਗਾ ਦਿੱਤੇ। ਜਿਹੜੇ ਨੇਤਾ ਗਿਆਨੀ ਹਰਪ੍ਰੀਤ ਸਿੰਘ ਉਪਰ ਬੀ.ਜੇ.ਪੀ.ਅਤੇ ਆਰ.ਐਸ.ਐਸ. ਨਾਲ ਮਿਲੇ ਹੋਣ ਦਾ ਇਲਜ਼ਾਮ ਲਗਾ ਰਹੇ ਹਨ, ਹਾਲਾਂ ਕਿ ਉਨ੍ਹਾਂ ਦਾ ਅਕਾਲੀ ਦਲ ਆਪ 1996 ਤੋਂ ਲਗਾਤਾਰ ਬੀ.ਜੇ.ਪੀ. ਦੇ ਭਾਈਵਾਲ ਬਣੇ ਹੋਏ ਹਨ। ਪੰਜ ਸਿੰਘ ਸਾਹਿਬਾਨ ਨੇ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਲਈ ਕੱਢਣ ਦਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੂੰ ਹੁਕਮ ਦੇ ਦਿੱਤਾ। ਇਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਸ਼ੋਸ਼ਲ ਮੀਡੀਆ ਤੇ ਫਿਰ ਆਪਣੇ ਦੋਸ਼ ਦੁਹਰਾ ਦਿੱਤੇ। ਗਿਆਨੀ ਹਰਪ੍ਰੀਤ ਸਿੰਘ ਦੇ ਕਹਿਣ ਅਨੁਸਾਰ ਉਸ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ ਅਤੇ ਉਸ ਦੀਆਂ ਪਰਵਾਸ ਵਿੱਚ ਪੜ੍ਹਾਈ ਕਰ ਰਹੀਆਂ ਧੀਆਂ ਬਾਰੇ ਅਪਸ਼ਬਦ ਕਹੇ ਗਏ ਅਤੇ ਉਨ੍ਹਾਂ ਨੂੰ ਅਗਵਾ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਇਸ ਲਈ ਉਹ ਅਸਤੀਫ਼ਾ ਦੇ ਰਹੇ ਹਨ। ਗਿਆਨੀ ਰਘਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਪ੍ਰਵਾਨ ਨਾ ਕਰਨ ਦੇ ਹੁਕਮ ਕਰ ਦਿੱਤੇ ਸਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਸਮੇਤ ਬਾਕੀ ਜਥੇਦਾਰਾਂ ਨੂੰ ਅਸਤੀਫ਼ੇ ਦੇਣ ਲਈ ਮਜ਼ਬੂਰ ਹੋਣਾ ਪਵੇਗਾ। ਗਿਆਨੀ ਰਘਬੀਰ ਸਿੰਘ ਦੇ ਬਿਆਨ ਤੋਂ ਬਾਅਦ ਸਿੱਖ ਪੰਥ ਦਾ ਸੰਕਟ ਅਤਿਅੰਤ ਗਹਿਰਾ ਹੋ ਗਿਆ ਸੀ। ਇਉਂ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤਾਕਤ ਤੋਂ ਬਿਨਾ ਰਹਿਣਾ ਮੁਸ਼ਕਲ ਹੋ ਗਿਆ ਲੱਗਦਾ ਹੈ। ਇਸ ਕਰਕੇ ਜਥੇਦਾਰ ਸਾਹਿਬਾਨ ‘ਤੇ ਦਬਾਆ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਸ੍ਰੀ ਅਕਾਲ ਤਖ਼ਤ ਸਿੱਖ ਪੰਥ ਦੀ ਸਰਵੋਤਮ ਅਧਿਆਤਮਿਕ ਸੰਸਥਾ ਹੈ। ਇਸ ਸੰਸਥਾ ‘ਤੇ ਸ਼ਸ਼ੋਭਤ ਹੋਣ ਵਾਲੇ ਵਿਅਕਤੀ ਵੀ ਨਿਯੁਕਤੀ ਤੋਂ ਬਾਅਦ ਸਰਵੋਤਮ ਹੋ ਜਾਂਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਮੀਰੀ ਪੀਰੀ ਦੇ ਸਿਧਾਂਤ ਦੀ ਸੋਚ ਦਾ ਪ੍ਰਤੀਕ ਹੈ। ਗੁਰੂ ਸਾਹਿਬ ਦਾ ਭਾਵ ਪੀਰੀ ਅਰਥਾਤ ਸਿੱਖ ਧਰਮ ਦੀ ਪ੍ਰਫੁਲਤਾ ਵਿੱਚ ਰੁਕਾਵਟ ਪਾਉਣ ਵਾਲੇ ਨੂੰ ਰੋਕਣ ਲਈ ਮੀਰੀ ਦਾ ਹੋਣਾ ਅਤਿਅੰਤ ਜ਼ਰੂਰੀ ਸੀ ਪ੍ਰੰਤੂ ਉਨ੍ਹਾਂ ਦਾ ਭਾਵ ਇਹ ਨਹੀਂ ਸੀ ਕਿ ਪੀਰੀ, ਮੀਰੀ ਅਰਥਾਤ ਧਰਮ (ਸਿਆਸੀ ਤਾਕਤ) ਦੇ ਅਧੀਨ ਹੋ ਜਾਵੇ, ਇਸ ਕਰਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਰਵਪ੍ਰਵਾਣਤ ਸਿੱਖ ਧਰਮ ਦੇ ਨੈਤਿਕ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਵਾਲੇ ਅਕਾਲੀ ਫੂਲਾ ਸਿੰਘ ਵਰਗੇ ਸਿਰਮੌਰ ਵਿਅਕਤੀ ਨਿਯੁਕਤ ਕੀਤੇ ਜਾਂਦੇ ਸਨ। ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾ ਨੂੰ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ‘ਤੇ ਕਿੰਤੂ ਪ੍ਰੰਤੂ ਹੋਣ ਲੱਗ ਪਿਆ। ਮੇਰਾ ਏਥੇ ਮਤਲਵ ਇਹ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਉਚੇ ਕਿਰਦਾਰ ਦੇ ਮਾਲਕ ਨਹੀ ਹੁੰਦੇ। ਪ੍ਰੰਤੂ ਉਨ੍ਹਾਂ ਵਿੱਚੋਂ ਨਿਰਪੱਖ ਸੋਚ ਵਾਲੇ ਵਿਦਵਾਨ ਨਿਯੁਕਤ ਹੋਣੇ ਚਾਹੀਦੇ ਹਨ। ਉਹ ਜਥੇਦਾਰ ਬਣਨ ਤੋਂ ਬਾਅਦ ਮੁਲਾਜ਼ਮ ਨਹੀਂ ਹੋਣੇ ਚਾਹੀਦੇ। ਉਨ੍ਹਾਂ ਦੀ ਮਿਆਦ ਵੀ ਨਿਸਚਤ ਹੋਣੀ ਚਾਹੀਦੀ ਹੈ। ਭਾਵ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਦੇ ਧਾਰਮਿਕ ਨਿਯਮ ਹੋਣੇ ਚਾਹੀਦੇ ਹਨ। ਫਿਰ ਉਨ੍ਹਾਂ ਨੂੰ ਬਦਲਿਆ ਨਹੀਂ ਜਾ ਸਕੇਗਾ ਤਾਂ ਜੋ ਉਹ ਆਜ਼ਾਦਾਨਾ ਤੌਰ ਤੇ ਫ਼ੈਸਲੇ ਲੈ ਸਕਣ। ਸਿੱਖ ਧਰਮ ਦੇ ਵਰਤਮਾਨ ਸੰਕਟ ਦੀ ਜੜ੍ਹ ਡੇਰਾ ਸਿਰਸਾ ਦੇ ਰਾਮ ਰਹੀਮ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਪੰਥ ਦੀ ਵਿਚਾਰਧਾਰਾ ਦੇ ਵਿਰੁੱਧ ਮੁਆਫ਼ੀ ਦੇਣ ਦੇ ਲਏ ਗਏ ਫ਼ੈਸਲੇ ਹੀ ਹਨ। ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟਂੀ ਨੂੰ ਆਪਣਾ ਇੱਕ ਵਿੰਗ ਸਮਝਣ ਲੱਗ ਪਿਆ, ਜਿਸ ਕਰਕੇ ਉਹ ਆਪਣੀ ਮਰਜ਼ੀ ਦੇ ਸਿਆਸੀ ਰੰਗਤ ਵਾਲੇ ਫ਼ੈਸਲੇ ਕਰਵਾਉਂਦਾ ਰਿਹਾ। ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਨਾਲ ਸਿੱਖ ਪੰਥ ਗਹਿਰੇ ਸੰਕਟ ਵਿੱਚ ਘਿਰ ਗਿਆ ਹੈ। ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਸਿੱਖ ਪੰਥ ‘ਤੇ ਗਹਿਰੇ ਸੰਕਟ ਆਏ ਹਨ ਪ੍ਰੰਤੂ ਉਹ ਸੰਕਟ ਬਾਹਰੀ ਹੁੰਦੇ ਸਨ। ਵਰਤਮਾਨ ਸੰਕਟ ਸਿੱਖ ਪੰਥ ਦੇ ਅੰਦਰੋਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਸੀਨਅਰ ਨੇਤਾ ਵੱਲੋਂ ਕੀਤਾ ਗਿਆ ਹੈ। ਸਿੱਖ ਪੰਥ ਦੇ ਮੁੱਦਈਆਂ ਵੱਲੋਂ ਸਿੱਖ ਸੰਸਥਾਵਾਂ ਦੀਆਂ ਮਰਿਆਦਾਵਾਂ ਦੀਆਂ ਉਲੰਘਣਾਵਾਂ ਲੰਬੇ ਸਮੇਂ ਤੋਂ ਹੋ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਕਦੀਂ ਵੀ ਅਜਿਹੀਆਂ ਘਟਨਾਵਾਂ ਨੂੰ ਸੰਜੀਦਗੀ ਨਾਲ ਨਹੀਂ ਲਿਆ, ਸਗੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ‘ਤੇ ਦਬਾਆ ਪਾ ਕੇ ਅਜਿਹੀਆਂ ਘਟਨਾਵਾਂ ਨੂੰ ਆਪਣੇ ਸਿਆਸੀ ਨਿਸ਼ਾਨੇ ਪੂਰੇ ਕਰਨ ਲਈ ਸ਼ਹਿ ਦਿੰਦੇ ਰਹੇ ਹਨ। ਜਾਣੀ ਕਿ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਆਪਣੇ ਸਿਆਸੀ ਹਿਤ ਪੂਰੇ ਕਰਦਾ ਰਿਹਾ ਹੈ। ਵਰਤਮਾਨ ਸੰਕਟ ਵੀ ਸਿਆਸੀ ਹਿਤਾਂ ਦੀ ਪੂਰਤੀ ਲਈ ਕਰਵਾਇਆ ਜਾ ਰਿਹਾ ਹੈ। ਗ਼ਲਤੀ ਕਿਸੇ ਵੀ ਵਿਅਕਤੀ ਜਾਂ ਸੰਸਥਾ ਤੋਂ ਜਾਣੇ ਅਣਜਾਣੇ ਹੋ ਸਕਦੀ ਹੈ। ਉਹ ਗ਼ਲਤੀ ਸੁਧਾਰਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਗ਼ਲਤੀ ਤੇ ਗ਼ਲਤੀ ਕਰਦਾ ਆ ਰਿਹਾ ਹੈ। ਅਜਿਹੇ ਸੰਕਟ ਅਕਾਲੀ ਦਲ ਨੂੰ ਨੁਕਸਾਨ ਤਾਂ ਪਹੁੰਚਾ ਸਕਦੇ ਹਨ ਪ੍ਰੰਤੂ ਉਸਨੂੰ ਖ਼ਤਮ ਨਹੀਂ ਕਰ ਸਕਦੇ। ਇਹ ਚੰਗੀ ਗੱਲ ਹੈ ਕਿ ਸਿੱਖ ਪੰਥ ਨੇ ਅਜਿਹੇ ਸੰਕਟਮਈ ਸਮੇਂ ਵਿੱਚ ਇੱਕਮੁਠਤਾ ਦਾ ਸਬੂਤ ਦਿੱਤਾ ਹੈ। ਇਸ ਤੋਂ ਬਾਅਦ ਭਵਿਖ ਵਿੱਚ ਇਸ ਸਰਵੋਤਮ ਸੰਸਥਾ ਦੀ ਸਿਆਸੀ ਲੋਕ ਦੁਰਵਰਤੋਂ ਨਹੀਂ ਕਰ ਸਕਣਗੇ। ਇਨ੍ਹਾਂ ਘਟਨਾਵਾਂ ਦਾ ਜ਼ਿੰਮੇਵਾਰ ਇਕੱਲਾ ਸਿੱਖ ਪੰਥ ਹੀ ਨਹੀਂ ਸਗੋਂ ਸਿੱਖ ਸੰਸਥਾਵਾਂ ਦੇ ਉਚ ਅਹੁਦਿਆਂ ਤੇ ਸ਼ਸ਼ੋਭਤ ਤਤਕਾਲੀ ਵਿਅਕਤੀ ਵੀ ਬਰਾਬਰ ਦੇ ਜ਼ਿੰਮੇਵਾਰ ਰਹੇ ਹਨ, ਕਿਉਂਕਿ ਸਿੱਖ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ/ਸ਼੍ਰੋਮਣੀ ਅਕਾਲੀ ਦਲ ਆਪਣੇ ਸਿਆਸੀ ਹਿੱਤਾਂ ਲਈ ਵਰਤਦੀਆਂ ਰਹੀਆਂ ਹਨ। ਤੱਤਕਾਲੀ ਅਹੁਦੇਦਾਰ ਚੁੱਪ ਕਰਕੇ ਸਿਆਸੀ ਆਕਾਵਾਂ ਦੇ ਹੁਕਮ ਮੰਨਦੇ ਰਹੇ ਹਨ। ਹੁਣ ਇੱਕ ਦੂਜੇ ਬਾਰੇ ਦੂਸ਼ਣਬਾਜ਼ੀ ਤੁਰੰਤ ਬੰਦ ਹੋਣੀ ਚਾਹੀਦੀ ਹੈ। ਅਜਿਹੇ ਵਰਤਾਰੇ ਵਾਲਾ ਮਾਹੌਲ ਪਹਿਲਾਂ ਬਹੁਤ ਘੱਟ ਵੇਖਣ ਨੂੰ ਮਿਲਿਆ ਹੈ। ਇਉਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਸਿੱਖ ਪੰਥ ਵਿੱਚ ਘਰੇਲੂ ਖ਼ਾਨਜੰਗੀ ਵਰਗਾ ਵਾਤਾਵਰਨ ਬਣਾ ਰਿਹਾ ਹੈ। ਸਿੱਖ ਪੰਥ/ਸਿੱਖ ਲੀਡਰਸ਼ਿਪ/ਸਿੱਖ ਸੰਸਥਾਵਾਂ ਦਾ ਜੋ ਨੁਕਸਾਨ ਪੰਥ ਵਿਰੋਧੀ ਆਗੂ ਜਾਂ ਜਥੇਬੰਦੀਆਂ ਨਹੀਂ ਕਰ ਸਕੀਆਂ, ਉਹ ਅਕਾਲੀ ਲੀਡਰਸ਼ਿਪ ਖੁਦ ਇੱਕ ਦੂਜੇ ‘ਤੇ ਚਿਕੜ ਉਛਾਲਕੇ ਕਰ ਰਹੀ ਹੈ। ਸੰਕਟ ਦੀ ਘੜੀ ਵਿੱਚ ਸਿੱਖ ਬੁੱਧੀਜੀਵੀ, ਵਿਦਵਾਨ ਅਤੇ ਹੋਰ ਸੰਪਰਦਾਵਾਂ ਦੇ ਮੁਖੀਆਂ ਨੂੰ ਮਿਲ ਬੈਠਕੇ ਕੋਈ ਫ਼ਾਰਮੂਲਾ ਬਣਾਉਣ ਦੇ ਸੁਝਾਅ ਦੇਣੇ ਚਾਹੀਦੇ ਹਨ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਦੀ ਸਰਵਉਚਤਾ ਬਰਕਰਾਰ ਰਹਿ ਸਕੇ ਅਤੇ ਸ਼੍ਰੋਮਣੀ ਅਕਾਲੀ ਦਲ/ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਖੋਇਆ ਵਕਾਰ ਮੁੜ ਬਹਾਲ ਕਰ ਸਕੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com