ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

22.10.2024

ਭਾਰਤ ਭੁੱਖਮਰੀ ‘ਚ 127 ਦੇਸ਼ਾਂ ‘ਚੋਂ 105 ਵੇਂ ਨੰਬਰ ‘ਤੇ, ਹਾਲਾਤ ਗੰਭੀਰ।

ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।

ਦਲਜੀਤ ਸਿੰਘ ਚੀਮਾ ਨੇ ਪਾਰਟੀ ਵਲੋਂ ਜਥੇਦਾਰ ਤੋਂ ਮੰਗੀ ਮੁਆਫ਼ੀ- ਇਕ ਖ਼ਬਰ

ਨਾਨੀ ਖ਼ਸਮ ਕਰੇ, ਦੋਹਤਾ ਚੱਟੀ ਭਰੇ।

‘ਐਮਰਜੈਂਸੀ’ ਫ਼ਿਲਮ ‘ਚੋਂ ਸਿੱਖਾਂ ਸਬੰਧੀ ਸਾਰੇ ਇਤਰਾਜ਼ਯੋਗ ਸੀਨ ਕੱਟ ਦਿਤੇ ਗਏ ਹਨ- ਰਵਨੀਤ ਬਿੱਟੂ

ਖੁਆਜੇ ਦਾ ਗਵਾਹ ਡੱਡੂ।

ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਦਾ ਅਸਤੀਫ਼ਾ ਕੀਤਾ ਪ੍ਰਵਾਨ- ਇਕ ਖ਼ਬਰ

ਹੁਕਮ ਅਸਤੀਫ਼ਾ ਪ੍ਰਵਾਨ ਕਰਨ ਦਾ ਨਹੀਂ ਸਗੋਂ ਦਸ ਸਾਲ ਲਈ ਪਾਰਟੀ ‘ਚੋਂ ਬਰਖ਼ਾਸਤ ਕਰਨ ਦਾ ਸੀ।

ਵਲਟੋਹਾ ਨੇ ਜੋ ਬੀਜਿਆ ਉਹ ਹੀ ਵੱਢ ਰਿਹਾ ਹੈ- ਗੁਰਜੀਤ ਸਿੰਘ ਔਜਲਾ

ਕਿੱਥੋਂ ਭਾਲਦੈਂ ਸੰਧੂਰੀ ਅੰਬੀਆਂ, ਬੀਜ ਕੇ ਤੂੰ ਕੰਡਿਆਂ ਨੂੰ।

ਹਿਮਾਚਲ ਦੇ ਮੰਡੀ ਇਲਾਕੇ ‘ਚ ਭੂਚਾਲ ਦੇ ਝਟਕੇ- ਇਕ ਖ਼ਬਰ

ਕਿਉਂ ਬਈ ਪਹੁੰਚ ਗਈ ਝਟਕੇ ਦੇਣ ਵਾਲੀ ਉੱਥੇ ਵੀ?

 ਬੇਅਦਬੀ ਮਾਮਲੇ ‘ਚ ਸੌਦਾ ਸਾਧ ਵਿਰੁਧ ਕੇਸ ਚਲਾਉਣ ਲਈ ਰਾਹ ਪੱਧਰਾ- ਇਕ ਖ਼ਬਰ

ਸੰਭਲ ਕੇ ਬਈ, ਬਾਦਲਕੇ ਕਿਤੇ ਫੇਰ ਨਾ ਕੇਸ ਵਾਪਸ ਲੈ ਲੈਣ।

ਲੋਕ ਸਭਾ ‘ਚ ਇਕ ਸੀਟ ’ਤੇ ਸਿਮਟ ਜਾਣ ਦੇ ਬਾਵਜੂਦ ਬਾਦਲ ਪਰਵਾਰ ਦਾ ਹੰਕਾਰ ਕਾਇਮ-

ਮਲਵਿੰਦਰ ਸਿੰਘ ਕੰਗ

ਰੱਸੀ ਜਲ਼ ਗਈ, ਪਰ ਵੱਟ ਨਾ ਗਿਆ।

ਵਿਰਸਾ ਸਿੰਘ ਵਲਟੋਹਾ ਬਾਰੇ ਲਏ ਫ਼ੈਸਲੇ ਦੀ ਸਭ ਪਾਸੇ ਪ੍ਰਸ਼ੰਸਾ ਹੋ ਰਹੀ ਹੈ- ਇਕ ਖ਼ਬਰ

ਆਉ ਸਈਓ ਨੀ ਰਲ਼ ਵੇਖਣ ਚਲੀਏ, ਰਾਂਝੇ ਖੂਹਾ ਲੁਆਇਆ ਈ

ਪ੍ਰਧਾਨ ਮੰਤਰੀ ਮੋਦੀ ਦੀ ਹੱਲਾਸ਼ੇਰੀ ਬਾਅਦ ਜਾਖੜ ਨੇ ਭਾਜਪਾ ‘ਚ ਸਰਗਰਮੀ ਫੜੀ- ਇਕ ਖ਼ਬਰ

ਧੱਕਾ ਸਟਾਰਟ।

ਸ਼੍ਰੋਮਣੀ ਅਕਾਲੀ ਦਲ ਚੋਣ ਲਈ ਤਿਆਰ ਹੈ- ਡਾ. ਦਲਜੀਤ ਸਿੰਘ ਚੀਮਾ

ਜ਼ਮਾਨਤਾਂ ਹੀ ਜ਼ਬਤ ਕਰਵਾਉਣੀਆਂ, ਜਦੋਂ ਮਰਜ਼ੀ ਕਰਵਾ ਲਈਏ।

ਕਮਲਾ ਹੈਰਿਸ ਬਣੇਗੀ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ- ਮਾਹਰ ਦੀ ਭਵਿੱਖਬਾਣੀ

ਸਿਰ ਗੁੰਦ ਦੇ ਕੁਪੱਤੀਏ ਨੈਣੇ, ਉੱਤੇ ਪਾ ਦੇ ਡਾਕ ਬੰਗਲਾ।

ਸੁਖਬੀਰ ਬਾਦਲ ਦੇ ਕਹਿਣ ‘ਤੇ ਹੀ ਵਲਟੋਹਾ ਅਕਾਲ ਤਖ਼ਤ ਦੀ ਮਰਯਾਦਾ ਦਾ ਘਾਣ ਕਰ ਰਹੇ ਹਨ- ਸੁਧਾਰ ਲਹਿਰ ਕਮੇਟੀ

ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ ‘ਚ ਤੇਰਾ ਯਾਰ ਬੋਲਦਾ।

ਕਾਂਗਰਸ ਵਲੋਂ ਈ.ਵੀ.ਐਮ. ਮਸ਼ੀਨਾਂ ਉੱਤੇ ਚੁੱਕੇ ਗਏ ਸਵਾਲਾਂ ਦਾ ਚੋਣ ਕਮਿਸ਼ਨ ਜਵਾਬ ਦੇਵੇ- ਕਪਿਲ ਸਿਬਲ

ਕੁਝ ਬੋਲ ਵੇ, ਦਿਲਾਂ ਦੀ ਘੁੰਡੀ ਖੋਲ੍ਹ ਵੇ।

ਪੰਥ ਵਿਰੋਧੀ ਸ਼ਕਤੀਆਂ ਅਤੇ ਸਰਕਾਰੀ ਏਜੰਸੀਆਂ ਦੇ ਮਨਸੂਬੇ ਸਿੱਖਾਂ ਲਈ ਖ਼ਤਰਨਾਕ- ਇਕ ਖ਼ਬਰ

ਬੂਟੇ ਸੁਖਾਂ ਦੇ ਹੋਣੀ ਨੇ ਸਾੜ ਦਿੱਤੇ, ਹਰੇ ਹੋ ਗਏ ਦੁਖਾਂ ਦੇ ਰੁੱਖ ਵੀਰਾ।

=============================================================