ਕੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ‘ਸੱਸੀ’ ਲਿਖੀ ਸੀ? 16 - ਗੁਰਚਰਨ ਸਿੰਘ ਜਿਉਣ ਵਾਲਾ

ਐ ਗੁਰੂ ਨਾਨਕ ਪਾਤਸ਼ਾਹ! ਆਪਣੇ ਪਹਿਲੇ ਸ਼ਰੀਰਕ ਜਾਮੇ ਵਿਚ ਤੁਸਾਂ ਰਾਜਿਆਂ ਨੂੰ ਸ਼ੀਹ “ਰਾਜੇ ਸੀਹ ਮੁਕਦਮ ਕੁਤੇ”  ਤੇ ਵਜੀਰਾਂ ਨੂੰ ਕੁਤੇ ਕਹਿ ਕਹਿ ਕੇ ਝਾੜਾਂ ਪਾਈਆਂ। ਬ੍ਰਾਹਮਣਾਂ ਨੂੰ “ਛੁਰੀ ਵਗਾਇਨਿ ਤਿਨ ਗਲਿ ਤਾਗ ” ਤੇ ਮੁਲਾਂ- ਮੌਲਾਣਿਆਂ ਨੂੰ “ਵੱਢੀ ਲੈ ਕੈ ਹਕੁ ਗਵਾਏ”  ਕਹਿ ਕੇ ਲਾਹਨਤਾਂ ਪਾਈਆਂ ਤੇ ਆਪ
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥ ਗੁ.ਗ੍ਰੰਥ. ਪੰਨਾ 15॥
ਬਾਬਾ ਜੀ ਤੁਹਾਨੂੰ ਕੀ ਹੋਇਆ ਕਿ ਤੁਸੀਂ ਆਪਣੇ ਦਸਮੇ ਰੂਪ ਵਿਚ ਸੱਸੀ-ਪੁਨੂੰ, ਮਿਰਜਾ ਸਾਹਿਬਾਂ, ਹੀਰ ਰਾਂਝਾ ਮਤਲਬ ਅਲਫ ਲੇਲਾਂ ਦੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ? ਤੁਸੀਂ ਐਡੇ ਵੱਡੇ ਸਮਾਜ ਸੁਧਾਰਕ ਤੇ ਦਸਮੇ ਰੂਪ ਵਿਚ ਆਹ ਕੁੱਤੀ ਜਿਹੀ ਲਿਖਤ, ਜੋ ਸਮਾਜ ਨੂੰ ਔਜੜੇ ਪਾਉਂਦੀ ਹੈ, ਸਮਾਜ ਦਾ ਸੱਤਿਆ ਨਾਸ ਕਰਨ ਲਈ ਤੁਸੀਂ ਲੋਕਾਂ ਨੂੰ ਰੋਮ ਨਾਸ ਵਰਤਣ ਦੀਆਂ ਸਕੀਮਾਂ, ਸ਼ਰਾਬ ਵਿਚੋਂ ਸੱਤਵਾਰ ਸ਼ਰਾਬ ਕੱਢ ਕੇ ਪੀਣ ਦੀਆਂ ਤਰਕੀਬਾਂ, ਕੁਹਾਰਾਂ ਦੇ ਕੰਧਿਆਂ ਤੇ ਡੋਲੀ ਵਿਚ ਬੈਠ ਕੇ ਆਪਣੇ ਪਤੀ/ਖਸਮ ਦੇ ਸਾਹਮਣੇ ਆਪਣੇ ਯਾਰ ਨਾਲ ਕਾਮ ਤ੍ਰਿਪਤੀ ਦੀਆਂ ਬਹਾਰਾਂ ਲੈਣ ਦੇ ਵੱਲ ਦੱਸਣ ਲੱਗ ਪਏ ਹੋ। ਕੀ ਇਹ ਨਿਰਮਲ ਪੰਥ ਦੀਆਂ ਨਿਸ਼ਾਨੀਆਂ ਹਨ?
ਤੁਸੀਂ ਠੀਕ ਤਾਂ ਸੀ? ਤੁਹਾਡੇ ਚਲਾਏ ‘ਨਿਰਮਲ ਪੰਥ’ ਨੂੰ ਢਾਹੁਣ ਲਈ, ਖਤਮ ਕਰਨ ਲਈ ਤਾਂ ਬ੍ਰਹਮਣ ਤੁਹਾਡੇ ਜਨਮ ਤੋਂ ਹੀ ਤਾਕ ਲਾਈ ਬੈਠਾ ਸੀ। ਗੁਰੂ ਕੇ ਜੰਡਿਆਲੇ ਦੇ ਹੰਦਾਲੀਆਂ ਨੇ ਬਾਬਾ ਜੀ ਤੁਹਾਡੇ, ਗੁਰੂ ਅੰਗਦ ਦੇਵ ਜੀ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਨੂੰ ਕਲੰਕਤ ਕੀਤਾ ਸੀ। ਰੰਘੜੀ ਉਨ੍ਹਾਂ ਨੇ ਆਪਣੇ ਘਰ ਵਸਾਈ ਹੋਈ ਸੀ ਪਰ ਇਸ ਰੀਤ ਨੂੰ ਗੁਰੂ ਘਰ ਵਿਚ ਪ੍ਰੀਵਾਨਤ ਦਿਖਾਉਣ ਲਈ ਤੁਹਾਡਾ ਰੰਘੜੀ ਨਾਲ ਵਿਆਹ ਕੀਤਾ ਤੇ ਛੇਵੇਂ ਗੁਰੂ ਜੀ ਕੋਲੋਂ ਕਉਲਾਂ, ਇਕ ਨਾਬਾਲਗ ਲੜਕੀ, ਨੂੰ ਰਾਤ ਦੇ ਹਨੇਰੇ ਵਿਚ, ਘਰ ਦਿਆਂ ਤੋਂ ਚੋਰੀ, ਆਪਣੇ ਪਿੱਛੇ ਘੋੜੇ ਦੀ ਸਵਾਰੀ ਕਰਵਾ ਕੇ (ਬਹਿ ਜਾ ਨੀ ਪਲਾਕੀ ਮਾਰ ਕੇ) ਕੱਢਵਾ ਦਿੱਤਾ। ਫਿਰ ਰਾਜ ਕਵੀ ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ ਵਰਗਿਆਂ ਤੇ 20ਵੀਂ ਸਦੀ ਦੇ ਸ਼ੁਰੂ ਵਿਚ ਸੰਤ ਕਵੀ ਭਾਈ ਵੀਰ ਸਿੰਘ, ਪਿਆਰਾ ਸਿੰਘ ਪਦਮ, ਪ੍ਰੋ. ਹਰਪਾਲ ਸਿੰਘ ਪੰਨੂੰ, ਪ੍ਰੋ. ਹਰਭਜਨ ਸਿੰਘ ਡੇਹਰਾਦੂਨ, ਐਡਵੋਕੇਟ ਗੁਰਚਰਨਜੀਤ ਸਿੰਘ ਲਾਂਬਾ ਅਤੇ ਡਾ. ਜੋਧ ਸਿੰਘ ਦੇ ਰੂਪ ਵਿਚ ਵਿਚਰ ਕੇ ਪੰਡਿਤ ਜੀ ਨੇ ਸਿੱਖੀ ਤੇ ਵਾਰ ਕੀਤਾ। ਇੱਥੇ ਹੀ ਬੱਸ ਨਹੀਂ ਅੰਗਰੇਜਾਂ ਨੇ 1906 ਈ: ‘ਚ ਪੰਜ ਅਤਰ ਸਿੰਘ (ਅਤਰ ਸਿੰਘ ਮਸਤੂਆਣਾ, ਅਤਰ ਸਿੰਘ ਰੇਰੂ ਸਾਹਿਬ ਰਾੜੇ ਵਾਲੇ ਹੋਏ, ਅਤਰ ਸਿੰਘ ਅਤਲੇ ਵਾਲਾ, ਅਤਰ ਸਿੰਘ ਘੁਣਸਾਂ ਵਾਲਾ ਤੇ ਅਤਰ ਸਿੰਘ ਜਲਾਲਾਬਾਦ ਵਿਸਟ), ਜਵਾਲਾ ਸਿੰਘ ਹਰਖੌਵਾਲੀਆ, ਕਰਤਾਰ ਸਿੰਘ ਕਲਾਸ ਵਾਲਾ ਅਤੇ ਅਨੇਕਾਂ ਹੋਰ ਸੰਤ ਰੂਪ ਵਿਚ ਸਿੱਖੀ ਦੇ ਘੋੜੇ ਤੇ ਸਵਾਰ ਕਰਕੇ ਸਿੱਖੀ ਦੇ ਬੀਜ ਨੂੰ ਕੁਚਲਣ ਲਈ ਛੱਡ ਦਿੱਤਾ, ਜਿਹੜੇ ਅੱਜ ਹਜਾਰਾਂ ਦੀ ਗਿਣਤੀ ਵਿਚ ਦੇਓ ਬਣ ਕੇ ਤੇਰੇ ਭੋਲੇ-ਭਾਲੇ ਲੋਕਾਂ ਨੂੰ ਖਾ ਰਹੇ ਹਨ। ਇਨ੍ਹਾਂ ਦੀ ਗਿਣਤੀ ਕਰਨੀ ਹੀ ਬੜੀ ਔਖੀ ਹੈ।
19ਵੀਂ ਸਦੀ ਦੇ ਸ਼ੁਰੂ ਵਿਚ ਅੰਗਰੇਜ਼ਾਂ ਨੇ ਸਿੱਖ ਸਿਧਾਂਤ ਨੂੰ ਮਲੀਆਮੇਟ ਕਰਨ ਦੀ ਸਕੀਮ ਬਣਾਈ ਤੇ ਤੇਰੇ ਦਸਮੇ ਜਾਮੇ ਦੇ ਨਾਮ ਤੇ ਇਕ ਸਿਧਾਂਤਹੀਣ, ਸਮਾਜ ਵਿਰੋਧੀ, ਵਿਭਚਾਰ ਭਰਿਆ ਕਾਮ ਦਾ ਪੋਥਾ ਸਿੱਖੀ ਸਿਧਾਂਤਾਂ ਦੇ ਬਿਲਕੁੱਲ ਵਿਪਰੀਤ ਕਵੀਆਂ, ‘ਰਾਮ, ਸ਼ਾਮ ਤੇ ਕੱਲ, ਆਤਮਾ ਰਾਮ, ਬੁੱਧ’ ਕੋਲੋਂ ਲਿਖਵਾ ਕੇ ਮੜ੍ਹ ਦਿੱਤਾ। ਤੇਰੀਆਂ ਲਾਡਲੀਆਂ ਫੌਜਾਂ ਇਸ ਗ੍ਰੰਥ ਨੂੰ ਪੜ੍ਹ ਪੜ੍ਹ ਕੇ ਸਿਧਾਂਤਹੀਣ ਤੇ ਭੰਗ ਪੀਣੀਆਂ ਬਣ ਗਈਆਂ। ਸਾਕਤ ਮੱਤੀਆਂ ਦਾ ਲਿਖਿਆ ਇਹ ਗ੍ਰੰਥ ਸਿੱਖੀ ਦੇ ਬੂਟੇ ਨੂੰ ਅੰਦਰੋਂ ਘੁਣ ਵਾਂਗ ਖਾ ਚੁੱਕਿਆ ਹੈ ਸਿਰਫ ਉਪਰਲਾ ਪੋਲ ਹੀ ਬਾਕੀ ਹੈ ਜਿਸ ਨੂੰ ਖਾਣ ਲਈ ਦਮਦਮੀ ਟਕਸਾਲ, ਰਣਧੀਰ ਸਿੰਘੀਏ, ਨਾਨਕਸਰੀਏ, ਆਸ਼ੂਤੋਸ਼ੀਏ, ਨੂਰ ਮਹਿਲੀਏ, ਭਨਿਆਰੇ ਵਾਲੇ, ਬਿਆਸਾ ਵਾਲੇ, ਆਗਰੇ ਵਾਲੇ, ਸਰਸੇ ‘ਚ ਸੱਚੇ ਸੌਦੇ ਵਾਲੇ ਤੇ ਹੋਰ ਪਤਾ ਨਹੀਂ ਕਿਨ੍ਹੇ ਕੁ ਲੱਗੇ ਹੋਏ ਹਨ। ਹਾਂ ਬੜੂ ਵਾਲੇ ਇਕਬਾਲ ਸਿੰਘ (ਬਾਬਾ) ਦਾ ਨਾਮ ਤਾਂ ਮੈਂ ਭੁੱਲ ਹੀ ਗਿਆ ਸੀ ਜਿਹੜਾ ਅੱਜ ਗੁਰੂ ਕੀ ਨਗਰੀ ਵਿਚ ਯੂਨੀਵਰਸਿਟੀ ਦੇ ਨਾਮ ਤੇ ਲੁੱਟ ਰਿਹਾ ਹੈ। ਜਿਸ ਬਾਬੇ ਨੂੰ ਇਹ ਪਤਾ ਨਹੀਂ ਕਿ ਗੁਰੂ ਸਿਧਾਂਤ ਮੁਤਾਬਕ “ਆਤਮਘਾਤੀ ਹੈ ਜਗਤ ਕਸਾਈ” ਉਹ ਆਪਣੀ ਕਿਤਾਬ ‘ਸਿੱਖ ਸਿਧਾਂਤ’ ਪੰਜਵਾਂ ਐਡੀਸ਼ਨ ਦੇ ਪੰਨਾ 200 ਉਪਰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਗੁਪਤ ਸ਼ਹੀਦੀ ਦਵਾਈ ਜਾ ਰਿਹਾ ਹੈ। ਇਸੇ ਹੀ ਕਿਤਾਬ ਦੇ ਮੁੱਖ ਪੰਨੇ ਤੇ ‘ਬਾਬਾ’ ਨਾਮ ਬਰੈਕਟ ਵਿਚ ਲਿਖਿਆ ਹੈ। ਕਿਉਂ? ਇਸ ਬਾਰੇ ਤਾਂ ਓਹੀ ਦੱਸ ਸਕਦਾ ਹੈ।
ਦਸਮ ਗ੍ਰੰਥ ਦੇ ਪੰਨਾ 954 ਤੇ ਸੱਸੀ-ਪੁਨੂੰ ਦਾ ਚਰਿਤ੍ਰ ਸ਼ੁਰੂ ਹੁੰਦਾ ਹੈ। ਗੁਰੂ ਨਾਨਕ ਪਿਤਾ ਜੀ ਤੁਸੀਂ ਫੁਰਮਾਣ ਕਰਦੇ ਹੋ ਕਿ ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ॥
ਬਿੰਬ ਬਿਨਾ ਕੈਸੇ ਕਪਰੇ ਧੋਈ॥
ਘੋਰ ਬਿਨਾ ਕੈਸੇ ਅਸਵਾਰ॥ ਗੁ.ਗ੍ਰੰ.ਪੰਨਾ 872॥
ਪਰ ਦਸਮ ਗ੍ਰੰਥ ਦੇ 108ਵੇਂ ਤਰਿਯਾ ਚਰਿਤ੍ਰ ਵਿਚ ਤੁਸੀਂ ਇਹ ਲਿਖ ਦਿੱਤਾ ਕਿ ਕਪਲ ਮੁਨੀ ਦਾ ਰੰਭਾ ਅਪਸਰ ਦੇ ਰੂਪ ਨੂੰ ਦੇਖ ਕੇ ਵੀਰਜ ਧਰਤੀ ਤੇ ਗਿਰ ਗਿਆ ਜਿਸ ਤੋਂ ਰੰਭਾ ਨਾਮੀ ਅਪਸਰਾ ਗਰਭਵਤੀ ਹੋ ਗਈ।
ਰੰਭਾ ਨਾਮ ਅਪਸਰਾ ਤਾਕੇ ਰੂਪ ਨਿਹਾਰ॥
ਮੁਨਿ ਕੋ ਗਿਰਯੋ ਤੁਰਤੁ ਹੀ ਬੀਰਜ ਭੂਮਿ ਮਝਾਰ॥2॥
ਗਿਰਯੋ ਰੇਤਿ ਮੁਨਿ ਕੋ ਜਬੈ ਰੰਭਾ ਰਹਯੋ ਅਧਾਨ॥ ਦਸਮ ਗ੍ਰੰਥ ਪੰਨਾ 954॥
ਗੁਰੂ ਨਾਨਕ ਪਿਤਾ ਜੀ ਤੁਸੀਂ ਇਹ ਕੀ ਕੀਤਾ। ਕਪਲ ਮੁਨੀ ਨਾਲ ਜੇ ਰੰਬਾ ਹਮਬਿਸਤਰ ਹੋਈ ਹੀ ਨਹੀਂ ਤੇ ਕਪਲ ਮੁਨੀ ਦਾ ਵੀਰਜ ਗਿਰਿਆ ਵੀ ਧਰਤੀ ਤੇ ਹੈ ਤਾਂ ਰੰਭਾ ਗਰਭਵਤੀ ਕਿਵੇਂ ਹੋਈ? ਵੀਰਜ ਨੂੰ ਹਵਾ ਲੱਗਣ ਨਾਲ ਉਹ ਕਿਸੇ ਨੂੰ ਜਨਮ ਦੇਣ ਯੋਗਾ ਰਹਿ ਹੀ ਨਹੀਂ ਜਾਂਦਾ। ਬਾਬਾ ਨਾਨਕ ਜੀ ਤੁਹਾਡੀ ਹਰ ਦਲੀਲ ਅੱਜ ਸਾਇੰਸ ਦੇ ਯੁੱਗ ਵਿਚ ਵੀ ਖਰੀ ਉਤਰਦੀ ਹੈ ਪਰ ਆਹ ਕੀ ਕਮਲਾਪਨ ਕਿ ਵੀਰਜ ਧਰਤੀ ਵਿਚ ਗਿਰਿਆ ਤੇ ਇੰਦਰ ਦੇ ਅਖਾੜੇ ਦੀ ਪਰੀ/ਦੇਵੀ ਗਰਭ ਧਾਰਨ ਕਰ ਗਈ। ਸਾਨੂੰ ਹੁਣ ਇਹ ਦੱਸੋ ਕਿ ਤੁਸੀਂ ਪਹਿਲੇ ਜਾਮੇ ਵਿਚ ਸੱਚ ਲਿਖਿਆ ਸੀ ਜਾਂ ਦਸਮੇ ਜਾਮੇ ਵਿਚ? ਬਾਬਾ ਜੀ ਤੁਸੀਂ ਪਹਿਲੇ ਜਾਮੇ ਵਿਚ ਨਾ ਝੂਠ ਲਿਖਿਆ, ਨਾ ਝੂਠ ਬੋਲਿਆ ਤੇ ਨਾ ਹੀ ਦਸਮੇ ਜਾਮੇ ਵਿਚ। ਤੇਰੀਆਂ ਦਿੱਤੀਆਂ ਸਿਰਦਾਰੀਆਂ ਨਾ ਅੰਗਰੇਜ਼ਾਂ ਨੂੰ ਭਾਉਂਦੀਆਂ ਸਨ ਤੇ ਨਾ ਹੀ ਬ੍ਰਾਹਮਣ ਨੂੰ। ਇਸ ਕਰਕੇ ਇਨ੍ਹਾਂ ਨੇ ਮਿਲ ਕੇ ਤੇਰੀ ਸਿੱਖੀ ਦਾ ਭੋਗ ਪਾਉਣ ਲਈ, ਆਪਣਾ ਰਾਜ-ਭਾਗ ਕਾਇਮ ਕਰਨ ਲਈ ਤੇ ਜਿਸ ਸਨਾਤਨੀ ਧਰਮ ਦਾ ਕੋਈ ਢਾਂਚਾ ਹੀ ਨਹੀਂ, ਕੋਈ ਸਿਰ-ਪੈਰ ਹੀ ਨਹੀਂ, ਚਾਹੇ ਕੋਈ ਸੱਚ ਬੋਲੇ ਚਾਹੇ ਝੂਠ, ਚਾਹੇ ਕੋਈ ਇੱਟਾਂ ਵੱਟੇ ਪੂਜੇ ਯਾ ਸ਼ਿਵ ਲਿੰਗ, ਚਾਹੇ ਕੁੱਤੇ ਬਿੱਲੇ ਜਾਂ ਚੂਹੇ, ਚਾਹੇ ਬੰਦੇ ਦੀ ਬਲੀ ਦੇਵੇ ਜਾਂ ਝੋਟੇ ਦੀ, ਜੋ ਮਰਜੀ ਕੁਕਰਮ ਕਰੇ ਓਹ ਫਿਰ ਵੀ ਹਿੰਦੂ ਹੀ ਹੈ, ਨੂੰ ਬਰਕਰਾਰ ਰੱਖਣ ਲਈ ਬ੍ਰਾਹਮਣ ਵੀ ਨਾਲ ਆ ਰਲਿਆ ਹੈ।
ਰੰਭਾ ਗਰਭਵਤੀ ਹੋਈ। ਕੁੜੀ ਪੈਦਾ ਹੋਈ। ਉਸ ਨੂੰ ਕਿਸੇ ਬਕਸੇ ਵਿਚ ਰੱਖ ਕੇ ਨਦੀ ਵਿਚ ਰੋੜ ਦਿਤਾ। ਅੱਗੇ ਸਿੰਧ ਦੇ ਰਾਜੇ ਨੇ ਉਸ ਨੂੰ ਕੱਢ ਲਿਆ,ਪਾਲਿਆ ਤੇ ਵੱਡੀ ਕੀਤਾ। ਸਿੰਧ ਦਾ ਕਿਹੜਾ ਰਾਜਾ? ਦਸਮ ਪਿਤਾ ਜੀ ਜੇਕਰ ਤੁਸੀਂ ਇਤਹਾਸ ਲਿਖਣ ਹੀ ਲੱਗੇ ਹੋ ਤਾਂ ਸਾਨੂੰ ਸੱਚੋ ਸੱਚ ਦੱਸੋ ਕਿ ਤੁਹਾਨੂੰ ਕੁੱਝ ਆਉਂਦਾ ਵੀ ਹੈ ਜਾਂ ਨਹੀਂ? ਵਰ ਲਈ ਰਾਜਾ ਪੁਨੂੰ ਚੁਣਿਆ। ਪੁਨੂੰ ਦੀਆਂ ਅੱਗੇ ਵੀ ਕਈ ਰਾਣੀਆਂ ਹਨ ਤੇ ਵੱਡੀ ਰਾਣੀ ਨੇ ਦੇਖਿਆ ਕੇ ਰਾਜਾ ਸਾਡੇ ਨਾਲ ਗੱਲਬਾਤ ਹੀ ਨਹੀਂ ਕਰਦਾ। ਵੱਡੀ ਰਾਣੀ ਨੇ ਜੰਤ੍ਰਾਂ ਮੰਤ੍ਰਾਂ ਨਾਲ ਸੱਸੀ ਦਾ ਖਾਣਾ ਪੀਣਾ ਬੰਦ ਕਰ ਦਿੱਤਾ ਤੇ ਚਿਹਰੇ ਤੇ ਉਦਾਸੀ ਛਾ ਗਈ। ਸੱਸੀ ਨੇ ਫਿਰ ਜੰਤ੍ਰਾਂ-ਮੰਤ੍ਰਾਂ ਨਾਲ ਪੁਨੂੰ ਨੂੰ ਆਪਣੇ ਵੱਸ ਵਿਚ ਕਰ ਲਿਆ ਤੇ ਦਿਨ ਰਾਤ ਕਾਮ ਦੀ ਤ੍ਰਿਪਤੀ ਕਰਨ ‘ਚ ਮਸਤ ਰਹਿੰਦੀ ਹੈ। ਬਾਬਾ ਜੀ ਇਹ ਵੀ ਦੱਸ ਦਿਓ ਕਿ ਕੀ ਤੁਸੀਂ ਜੱਤ੍ਰਾਂ, ਮੰਤਰਾਂ  ਨਾਲ ਕਿਸੇ ਨੂੰ ਵੱਸ ਕਰਨ ਦੇ ਹਾਮੀ ਹੋ? ਵੱਡੀ ਰਾਣੀ ਨੇ ਕਿਸੇ ਦੂਤ ਨੂੰ ਪੈਸੇ ਦੇ ਕੇ ਸ਼ਿਕਾਰ ਖੇਡਣ ਗਏ ਪੁਨੂੰ ਦੀ ਛਾਤੀ ਵਿਚ ਤੀਰ ਮਰਵਾ ਕੇ ਮਾਰ ਦਿੱਤਾ ਤੇ ਜੰਗਲ ਵਿਚ ਹੀ ਦਫਨਾ ਦਿੱਤਾ ਤੇ ਸੱਸੀ ਨੂੰ ਪਤਾ ਲੱਗਣ ਤੇ ਪੁਨੂੰ ਦੀ ਕਬਰ ਕੋਲ ਜਾ ਕੇ ਉਸ ਨੇ ਵੀ ਪਰਾਣ ਤਿਆਗ ਦਿੱਤੇ। ਦੋਹਾਂ ਨੂੰ ਇੰਦਰ ਦੀਆਂ ਅਪੱਸਰਾਂ ਆ ਕੇ ਬੇਬਾਨਾਂ ਵਿਚ ਬੈਠਾ ਕੇ ਸਵਰਗ ਨੂੰ ਲੈ ਗਈਆਂ। ਬਾਬਾ ਜੀ ਐਸਾ ਸਵਰਗ ਕਿੱਥੇ ਹੈ ਜਿੱਥੋਂ ਐਸੇ ਮਨਚਲਿਆਂ ਦੇ ਮਰਨ ਤੇ ਅਪੱਸਰਾਂ ਬੇਬਾਨ ਲੈ ਕੇ ਆਉਂਦੀਆਂ ਹਨ ਤੇ ਬਗੈਰ ਕਿਸੇ ਹੀਲ ਹੁਜਤ ਦੇ ਉਹ ਕਿਸੇ ਅਖੌਤੀ ਸਵਰਗ ਦੇ ਨਿਵਾਸੀ ਬਣ ਜਾਂਦੇ ਹਨ। ਪਰ ਬਾਬਾ ਜੀ ਬਾਣੀ ਤਾਂ ਸਵਰਗ ਨਰਕ ਨੂੰ ਕੱਟਦੀ ਹੈ:
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥
ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥ ਪੰਨਾ 969॥
ਚਰਿਤ੍ਰ 109 ਵਿਚ ਧਰਮਰਾਇ ਨੇ ਸਕੀਮ ਬਣਾਈ ਕਿ ਜਿਸ ਇਸਤ੍ਰੀ ਨੇ ਕ੍ਰੋਧਿਤ ਹੋ ਕਿ ਆਪਣੇ ਪਤੀ ਨੂੰ ਮਾਰਿਆ ਹੈ ਉਸ ਨੂੰ ਵੀ ਉਸੇ ਦੁੱਖ ਨਾਲ ਮਾਰਿਆ ਜਾਏ ਤੇ ਉਸ ਨੇ ਅਜਿਹਾ ਉਪਾਓ ਕੀਤਾ। ਇਕ ਉਰਵਸ਼ੀ ਨੂੰ ਮਰਦਾਵਾਂ ਭੇਸ ਧਾਰਨ ਕਰਵਾ ਕੇ ਵੱਡੀ ਰਾਣੀ ਕੋਲ ਭੇਜ ਦਿੱਤਾ। ਉਰਵਸ਼ੀ ਨੇ ਸਿਕਿਆਂ ਦਾ ਬਨਾਵੱਟੀ ਲਿੰਗ ਆਪਣੇ ਅੱਗੇ ਬੰਨ ਕੇ ਉਸ ਉਪਰ ਮੋਮ ਤੇ ਜ਼ਹਿਰ ਲਾ ਕੇ ਰਾਣੀ ਨਾਲ ਕਾਮ-ਕ੍ਰੀੜਾ ਕੀਤੀ ਤੇ ਉਹ ਵੀ ਚੱਲ ਵਸੀ। ਬਣਾਵਟੀ ਲਿੰਗ ਬਣਾਉਣ ਤੇ ਵਰਤਣ ਦਾ ਤਰੀਕਾ ਪੁਲਸ ਦੇ ਫਲੌਰ ਟਰੇਨਿੰਗ ਸੈਂਟਰ ਵਿਚ ਸਿਖਾਇਆ ਜਾਂਦਾ ਹੈ ਜੋ ਅੰਗਰੇਜ਼ਾਂ ਦਾ ਚਾਲੂ ਕੀਤਾ ਹੋਇਆ ਹੈ।
ਦਸਮ ਪਿਤਾ ਜੀ ਸੱਸੀ ਪੁਨੂੰ ਦੀ ਇਹ ਕਹਾਣੀ ਲੋਕ ਬੋਲੀ ਵਿਚ ਪ੍ਰਚੱਲਤ ਸੱਸੀ-ਪੁਨੂੰ ਦੀ ਕਹਾਣੀ ਨਾਲੋਂ ਤਾਂ ਕੁੱਝ ਹੱਟ ਕੇ ਹੈ ਹੀ। ਹਾਂ ਤੁਸੀਂ ਸਾਰੇ ਸ਼ਹਿਰ ਵਿਚ ਸ਼ਹਿਨਾਈਆਂ ਜ਼ਰੂਰ ਵਜਾ ਦਿੱਤੀਆਂ, ਹੁਸਨ ਦੀ ਤਾਰੀਫ ਜ਼ਰੂਰ ਕਰਵਾ ਦਿੱਤੀ ਤੇ ਦੋਵਾਂ ਪਿਆਰਿਆਂ ਨੂੰ ਕਾਮ ਦੀ ਝੋਲੀ ‘ਚ ਵੀ ਪਾ ਦਿੱਤਾ ਨਾਲੇ ਤੁਹਾਡੀ ਬੋਲੀ-ਸ਼ੈਲੀ ਵੀ ਕਿਸੇ ਮਾਰਕੇ ਦੀ ਨਹੀਂ ਸਗੋਂ ਅੱਗੇ ਲਿਖੀਆਂ ਕੁੱਝ ਸਤਰਾਂ ਨਾਲੋਂ ਕਮ, ਘੱਟ ਹੈ।  
ਲਓ ਸੁਣੋ ਹੁਣ ਪਾਕਸਤਾਨੀ ਲਿਖਾਰੀਆਂ ਦੀਆ ਕੁੱਝ ਸੱਤਰਾਂ।
ਪਾਣੀ ਛੰਨੇ ਵਿਚੋਂ ਕਾਂ ਪੀਤਾ। ਪੁਨੂੰ ਵਿਚੋਂ ਰੱਬ ਦੇਖਿਆ ਇਹਨੂੰ ਸਿਜਦਾ ਮੈਂ ਤਾਂ ਕੀਤਾ।
ਪਾਣੀ ਬੁੱਕ ਵਿਚੋਂ ਕਿਰ ਜਾਂਦਾ। ਜਿੱਧਰ ਪੁਨੂੰ ਮੂੰਹ ਮੋੜੇ ਉੱਧਰ ਕਾਬਾ ਵੀ ਫਿਰ ਜਾਂਦਾ।
ਮੈਂ ਨੀਲ ਘੜਾਈਆਂ ਨੀਲੀਆਂ ਮੇਰਾ ਤਨ ਮਨ ਨੀਲੋ ਨੀਲ।
ਮੈਂ ਸੌਦੇ ਕੀਤੇ ਦਿਲਾਂ ਦੇ ਵਿਚ ਧਰ ਲਏ ਨੈਣ ਵਕੀਲ।
ਜਾਗ ਸੱਸੀਏ ਕਿਸਮਤਾਂ ਜਾਗੀਆਂ ਨੀ, ਗਮ ਜਿਨ੍ਹਾ ਨੇ ਲਾਏ, ਉਹ ਆ ਗਏ ਨੀ।
ਜਿਨ੍ਹਾਂ ਵਾਸਤੇ ਡੁੱਬ ਕੇ ਤਰੀ ਸੈਂ ਤੂੰ, ਮਹਿਰਮ ਘਰ ਆਏ, ਉਹ ਆ ਗਏ ਨੀ।
ਲੱਖ ਬਾਗ ਉਜਾੜਨਾ ਜਿਨ੍ਹਾਂ ਤੇਰਾ, ਆਣ ਟੱਲ ਖੜਕਾਏ, ਉਹ ਆ ਗਏ ਨੀ।
ਉੱਠ ਵੰਡ ਸ਼ੀਰਨੀਆਂ ਫੌਤ ਦੀਆਂ, ਜਾਦੂ ਜਿਨ੍ਹਾਂ ਦੇ ਪਾਏ, ਉਹ ਆ ਗਏ ਨੀ।
ਅਜ਼ਮਤ ਇਨ੍ਹਾਂ ਦੀ ਕਰੀਂ, ਰੱਜ ਰੱਜ ਕਰੀਂ ਸੇਵਾ, ਭੁੱਖੇ ਤ੍ਰਿਹਾਏ , ਉਹ ਆ ਗਏ ਨੀ।
ਊਠਾਂ ਵਾਲੇ ਟੁਰ ਜਾਣਗੇ ਫਿਰ ਲੱਭਦੀ ਰਹੇਂਗੀ ਹਾਣੀ।
ਨੀ ਸੱਸੀਏ ਜਾਗਦੀ ਰਹੋ ਰਾਹ ਤੱਕਦੀ ਨੀਂਦ ਨੀਮਾਣੀ।
ਇਨ੍ਹਾਂ ਅਲਫ ਲੇਲਾਂ ਦੀਆਂ ਕਹਾਣੀਆਂ ਨੂੰ ਗੁਰੂ ਕ੍ਰਿਤ ਮੰਨਣ ਵਾਲਿਓ! ਤੁਹਾਨੂੰ ਰੱਬ ਦਾ ਵਾਸਤਾ, ਗੁਰੂ ਦੇ ਚਰਿਤ੍ਰ/ ਜੀਵਨ ਵੱਲ ਝਾਤ ਮਾਰੋ। ਐਸੀਆਂ ਬੇਤੁਕੀਆਂ ਤੇ ਸਮਾਜਕ ਪੱਧਰ ਤੋਂ ਗਿਰੀਆਂ ਕਹਾਣੀਆਂ ਨੂੰ ਗੁਰੂ ਦੇ ਨਾਮ ਨਾਲ ਜੋੜ ਕੇ ਗੁਰੂ ਜੀ ਦਾ ਚਰਿਤ੍ਰਘਾਣ ਨਾ ਕਰੋ। ਜੇ ਗੁਰੂ ਗੋਬਿੰਦ ਸਿੰਘ ਜੀ ਦਾ ਚਰਿਤ੍ਰ ਦੇਖਣਾ ਹੈ ਤਾਂ ਯਾਦ ਕਰੋ ਭੰਗਾਣੀ ਦੇ ਮੈਦਾਨੇ ਜੰਗ ਨੂੰ, ਇਸ ਜੰਗ ਵਿਚ ਸ਼ਹੀਦ ਹੋਏ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰਾਂ ਤੇ 500 ਮੁਰੀਦਾਂ ਨੂੰ, ਨਦੌਣ ਦੇ ਯੁੱਧ ਨੂੰ, ਅਨੰਦਪੁਰ ਦੇ ਪੰਜ ਕਿਲਿਆਂ ਨੂੰ, ਅਨੰਦਪੁਰ ਦੇ ਘੇਰੇ ਨੂੰ, ਭਾਈ ਬਚਿਤਰ ਸਿੰਘ ਦੀ ਹਾਥੀ ਨਾਲ ਲੜਾਈ ਨੂੰ, ਚਮਕੌਰ ਦੀ ਜੰਗ ਨੂੰ ਤੇ ਇੱਥੋਂ ਬੱਚ ਕੇ ਨਿਕਲਣ ਦੀ ਸਕੀਮ ਨੂੰ। ਯਾਦ ਕਰੋ ਹਜ਼ਾਰਾਂ ਦੀ ਤੈਦਾਦ ਵਿਚ ਸ਼ਹੀਦ ਹੋਏ ਸਿੱਖਾਂ ਨੂੰ, ਪਿਤਾ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ, ਚਾਰਾਂ ਲਾਲਾਂ ਦੀ ਸ਼ਹਾਦਤ ਨੂੰ, ਖਾਰਦਾਣੇ ਦੀ ਢਾਬ ਦੀ ਲੜਾਈ ਨੂੰ। ਯਾਦ ਕਰੋ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸੁੱਚਾ ਨੰਦ ਤੇ ਵਜੀਰ ਖਾਨ ਨੂੰ ਦਿੱਤੀਆਂ ਸਜਾਵਾਂ ਨੂੰ, ਫਤਿਹ ਕੀਤੀ ਸਿਰਹੰਦ ਤੇ ਗੁਰੂ ਮਾਰੀ ਸਿਰਹੰਦ ਨੂੰ। ਯਾਦ ਕਰੋ ਬਾਬਾ ਬੰਦਾ ਸਿੰਘ ਬਹਾਦਰ ਦੇ ਚਲਾਏ ਰਾਜ-ਭਾਗ ਨੂੰ, ਯਾਦ ਕਰੋ ਮੁਜ਼ਾਹਰਿਆਂ ਨੂੰ ਦਿੱਤੀਆਂ ਜਗੀਰਾਂ ਨੂੰ। ਜਿਸ ਸਿਧਾਂਤ ਨਾਲ ਬੱਝੇ ਹੋਏ ਸਿੱਖਾਂ ਨੇ ਮੁਗਲ-ਸਲਤਨੱਤ ਦਾ ਖਾਤਮਾ ਕੀਤਾ, ਹਿੰਦੋਸਤਾਨ ਅਜ਼ਾਦ ਕਰਵਾਇਆ, ਉਹ ਕੋਈ ਹੋਰ ਨਹੀਂ ਸਨ। ਓਹ ਓਹੀ ਸਿੱਖ ਸਨ ਜਿਹੜੇ ਗੁਰੂ ਨਾਨਕ ਪਿਤਾ ਦੇ ਸਿਧਾਂਤ ਨੂੰ ਪ੍ਰਣਾਏ ਹੋਏ ਸਨ ਜਿਸ ਸਿਧਾਂਤ ਨੂੰ ਗੁਰੂ ਨਾਨਕ ਪਿਤਾ ਨੇ ਸ਼ੁਰੂ ਕੀਤਾ ਤੇ ਬਾਕੀ ਨੌਂ ਗੁਰੂ ਸਹਿਬਾਨ ਨੇ ਆਪਣੇ ਆਪਣੇ ਜੀਵਨ ਕਾਲ ਵਿਚ ਸਿੰਝਿਆ। ਲੱਖਾਂ ਸਿੰਘਾਂ ਸਿਘਣੀਆਂ ਤੇ ਉਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਨੇ ਆਪਣੇ ਖੂਨ ਦਾ ਪਾਣੀ ਦੇ ਕੇ ਇਸ ਸਿੱਖੀ ਦੇ ਬੂਟੇ ਨੂੰ ਪਾਲਿਆ ਪਲੋਸਿਆ ਤਾਂ ਜਾ ਕੇ ਕਿਤੇ ਸਿੱਖ ਮਿਸਲਾਂ ਦੇ ਰੂਪ ਵਿੱਚ ਦੀ ਹੁੰਦਾ ਹੋਇਆ ਸਿੱਖ ਰਾਜ ਸਥਾਪੱਤ ਹੋਇਆ ਸੀ। ‘ਦਸਮ ਗ੍ਰੰਥ ਵਰਗੇ ਕਾਮ ਦੇ ਪੋਥੇ’ ਲਿਖਣ ਵਾਲਿਆਂ ਕਦੀ ਕਿਸੇ ਸਮਾਜ ਦਾ ਭਲਾ ਤਾਂ ਕੀ ਕਰਨਾ ਸੀ ਸਗੋਂ ਉਜਾੜਾ ਹੀ ਕੀਤਾ ਹੈ। ਇਹ ਸਾਡੇ ਸਿੱਖ ਗੁਰੂ ਸਹਿਬਾਨ ਦਾ ਜੀਵਨ ਨਹੀਂ।
ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥
ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥੩॥
ਪੰਨਾ 969, ਭਗਤ ਕਬੀਰ ਜੀਓ॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132