ਪੰਥਕ ਗੁੰਡਾਗਰਦੀ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਗੁੰਡਾਗਰਦੀ ਪੰਥ ਵਿੱਚ, ਸਿਰ ਚੜ੍ਹ ਕੇ ਬੋੱਲੇ,
ਹਮਲੇ ਕਰਦੇ ਇੱਕ ਦੂਜੇ 'ਤੇ, ਬੰਨ੍ਹ ਬੰਨ੍ਹ ਟੋੱਲੇ।
ਉਂਗਲਾਂ ਮੂੰਹ ਵਿੱਚ ਪਾ, ਬੇਚਾਰਾ ਸਿੱਖ ਹੈ ਤੱਕਦਾ,
ਦੁੱਖ ਆਪਣੇ ਉਹ ਦਰਦ ਦੇ, ਕਿੱਥੇ ਜਾ ਕੇ ਫੋੱਲੇ।
ਲੀਡਰ ਅਤੇ ਜਥੇਦਾਰ, ਸਭ ਇੱਕੋ ਜਿੱਕੇ,
ਊਂਜਾਂ ਇੱਕ ਦੂਜੇ ਨੂੰ, ਲਾਉਣ ਝੂਠੇ ਬੜਬੋੱਲੇ।
ਮਰਜ਼ੀ ਨਾ ਚੱਲਦੀ ਦੇਖ, ਬੜੇ ਹੀ ਭੜਕਣ ਭੌਂਕੜ,
ਨੰਗੇ ਵਿੱਚ ਹਮਾਮ ਦੇ, ਲੁਕਣ ਇੱਕ ਦੂਜੇ ਓਹਲੇ।
ਝੂਠ ਦੇ ਮਾਹਿਰ ਪਖੰਡੀ, ਗੁਰੂ ਦੇ ਸਿੱਖ ਕਹਾਵਣ,
ਪੈਸੇ ਖਾਤਰ ਬਣ ਜਾਂਦੇ, ਸਭ ਹੁਕਮ ਦੇ ਗੋੱਲੇ।
ਖਾ ਕੇ ਪੂਜਾ ਦਾ ਧਨ, ਡਕਾਰ ਨਾ ਮਾਰਨ,
ਨਹੀਂ ਸਾਂਭੇ ਜਾਂਦੇ ਢਿੱਡ, ਜੋ ਬਣ ਗਏ ਭੜੋਲੇ।
ਜੱਟਵਾਦ ਦਾ ਫਤੂਰ, ਕਿਸੇ ਤੋਂ ਨਹੀਂ ਹੁਣ ਛੁਪਿਆ,
ਮਾੜੇ ਧੀੜੇ ਬਾਕੀ ਵਰਗ, ਇਨ੍ਹਾਂ ਨੇ ਮਿੱਟੀ ਰੋਲ਼ੇ।
ਸਭੇ ਸਾਂਝੀਵਾਲ ਸਦਾਇਣ, ਹੁਣ ਕਿਹੜੇ ਮੂੰਹੀਂ,
ਰੱਖ ਬਰਾਬਰ ਤੱਕੜੀ, ਹੁਣ ਕੋਈ ਨਾ ਤੋੱਲੇ।
ਪੈਰ ਪੈਰ 'ਤੇ ਥੁੱਕ ਕੇ, ਚੱਟਣ ਵਾਲੇ ਕੂਕਰ,
ਸਵਾਰ ਨੇ ਉਸ ਬੇੜੀ ਦੇ, ਜੋ ਖਾਏ ਡਿੱਕੋ ਡੋੱਲੇ।
ਸ਼ਾਨਾਂ ਮੱਤੇ ਇਤਿਹਾਸ ਦੀ, ਹੁਣ ਪਲੀਤ ਹੈ ਮਿੱਟੀ,
ਨਲੂਏ ਵਰਗੇ ਸੂਰਬੀਰ, ਕੋਈ ਕਿੱਥੋਂ ਟੋਹਲੇ।
ਖੰਡੇ ਦੀਆਂ ਗੱਲਾਂ ਕਰਦੇ, ਖੁਦ ਨੇ ਖੜਕੇ ਥੋਥੇ,
ਫੱਕੜ ਉਗਲਣ ਦਿਨੇ ਰਾਤ, ਅੱਤ ਅੰਨ੍ਹੇ ਬੋਲ਼ੇ।
ਸਮੱਰਪਤ ਗੁਰੂ ਨੂੰ ਕਹਿਣ, ਪਰ ਕਰਨ ਮਨ ਮੱਤੀਆਂ,
ਸਿੱਖ ਮਰਿਆਦਾ ਸਾੜ ਕੇ ਅੱਜ, ਕਰ ਦਿੱਤੀ ਕੋਲੇ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ